ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ

Posted On January - 25 - 2020

ਦੀਪਤੀ ਅੰਗਰੀਸ਼
ਸਿਨਮਾ ਦਾ ਸਮਾਜ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਪਿਛਲੇ ਕਈ ਸਾਲਾਂ ਤੋਂ ਸਿਨਮਾ ਬਹੁਤ ਬਦਲ ਗਿਆ ਹੈ। ਫ਼ਿਲਮਾਂ ਵਿਚ ਗੀਤ, ਕਹਾਣੀ, ਹੀਰੋ-ਹੀਰੋਇਨ, ਖ਼ਲਨਾਇਕ, ਲੋਕੇਸ਼ਨ…ਉਦੋਂ ਵੀ ਹੁੰਦੇ ਸਨ ਅਤੇ ਅੱਜ ਵੀ ਹਨ, ਪਰ ਅੱਜ ਦੀਆਂ ਫ਼ਿਲਮਾਂ ਲੀਕ ਤੋਂ ਹਟ ਕੇ ਹਨ। ਜ਼ਿਆਦਾ ਨਹੀਂ ਤਾਂ ਜੇਕਰ ਪਿਛਲੇ ਇਕ ਦਹਾਕੇ ਦੀਆਂ ਫ਼ਿਲਮਾਂ ਹੀ ਦੇਖੀਏ ਤਾਂ ਇਕ ਹੀ ਚੀਜ਼ ਦਿਖਾਈ ਦਿੰਦੀ ਹੈ, ਉਹ ਹੈ ਸਮਾਜ ਅਤੇ ਸਮਾਜ ਦੀਆਂ ਗੱਲਾਂ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਬਹੁਤ ਸਾਰੀਆਂ ਫ਼ਿਲਮਾਂ ਹਿਟ ਅਤੇ ਸੁਪਰਹਿਟ ਹੁੰਦੀਆਂ ਹਨ। ਦਰਸ਼ਕ ਅਜਿਹੀਆਂ ਫ਼ਿਲਮਾਂ ਨੂੰ ਦੇਖਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਵਿਚ ਉਨ੍ਹਾਂ ਦੀਆਂ ਹੀ ਗੱਲਾਂ ਹੁੰਦੀਆਂ ਹਨ। ਅਜਿਹੀਆਂ ਫ਼ਿਲਮਾਂ ਦਾ ਟੀਚਾ ਫ਼ਿਲਮ ਤੋਂ ਮਨੋਰੰਜਨ ਨਹੀਂ, ਬਲਕਿ ਮਜ਼ਬੂਤ ਸਮਾਜਿਕ ਸੰਦੇਸ਼ ਦੇਣਾ ਵੀ ਹੁੰਦਾ ਹੈ। ਇੱਥੇ ਅਜਿਹੀਆਂ ਉਨ੍ਹਾਂ ਬਿਹਤਰੀਨ ਫ਼ਿਲਮਾਂ ਦੀ ਗੱਲ ਕਰਾਂਗੇ ਜੋ ਸਮਾਜਿਕ ਸੰਦੇਸ਼ ਦਿੰਦੀਆਂ ਹਨ।
ਸਾਡੇ ਸਮਾਜ ਵਿਚ ਧਰਮ ਪ੍ਰਤੀ ਵਿਭਿੰਨ ਪ੍ਰਕਾਰ ਦੇ ਅਡੰਬਰ ਅਤੇ ਅੰਧਵਿਸ਼ਵਾਸ ਭਰੇ ਪਏ ਹਨ। ਆਲਮ ਇਹ ਹੈ ਕਿ ਲੋਕ ਧਰਮ ਗੁਰੂਆਂ ਅਤੇ ਕਥਾ ਵਾਚਕਾਂ ਨੂੰ ਹੀ ਭਗਵਾਨ ਸਮਝਣ ਲੱਗ ਜਾਂਦੇ ਹਨ। ਅਜਿਹੇ ਜੀਵਤ ਭਗਵਾਨ ਪ੍ਰਤੀ ਅੰਧਵਿਸ਼ਵਾਸ ਇੰਨਾ ਹੈ ਕਿ ਪੈਸਾ ਅਤੇ ਇੱਜ਼ਤ ਸਭ ਦਾਅ ’ਤੇ ਲਗਾ ਦਿੰਦੇ ਹਨ। ਇਸ ਬਿਰਤੀ ’ਤੇ ਕਰਾਰਾ ਵਾਰ ਨਿਰਦੇਸ਼ਕ ਉਮੇਸ਼ ਸ਼ੁਕਲਾ ਨੇ ਕਾਮੇਡੀ ਵਾਲੇ ਅੰਦਾਜ਼ ਵਿਚ ਫ਼ਿਲਮ ‘ਓਐੱਮਜੀ’ ਨਾਲ ਕੀਤਾ ਹੈ। ਇਸ ਵਿਚ ਵਿਸ਼ਵਾਸ ਅਤੇ ਅੰਧਵਿਸ਼ਵਾਸ ਵਿਚਕਾਰ ਸੂਖਮ ਅੰਤਰ ਨੂੰ ਬਾਰੀਕੀ ਨਾਲ ਦਿਖਾਇਆ ਹੈ।
ਨਾਰਾਇਣ ਸਿੰਘ ਵੱਲੋਂ ਨਿਰਦੇਸ਼ਿਤ 2017 ਵਿਚ ਆਈ ਫ਼ਿਲਮ ‘ਟੌਇਲਟ ਏਕ ਪ੍ਰੇਮ ਕਥਾ’ ਹਿੰਦੀ ਭਾਸ਼ਾ ਦੀ ਕਾਮੇਡੀ-ਡਰਾਮਾ ਫ਼ਿਲਮ ਹੈ। ਇਹ ਭਾਰਤ ਵਿਚ ਸਵੱਛਤਾ ਦੀ ਸਥਿਤੀ ਵਿਚ ਸੁਧਾਰ ਕਰਨ ਲਈ ਸਰਕਾਰੀ ਅਭਿਆਨਾਂ ਦੇ ਸਮਰਥਨ ਵਿਚ ਇਕ ਵਿਅੰਗਮਈ ਕਾਮੇਡੀ ਹੈ ਜਿਸ ਵਿਚ ਖੁੱਲ੍ਹੇ ਵਿਚ ਪਖਾਨਾ ਜਾਣ ਦੇ ਖਾਤਮੇ ’ਤੇ ਜ਼ੋਰ ਦਿੱਤਾ ਗਿਆ ਹੈ। ਅੱਜ ਵੀ ਭਾਰਤ ਵਿਚ ਬਹੁਤ ਸਾਰੇ ਪੇਂਡੂ ਖੇਤਰਾਂ ਵਿਚ ਪਖਾਨੇ ਨਹੀਂ ਹਨ। ਜੇਕਰ ਹਨ ਵੀ ਤਾਂ ਸਾਂਝੇ ਹਨ ਜਿੱਥੇ ਗਲੀ ਮੁਹੱਲੇ ਦੇ ਸਾਰੇ ਲੋਕ ਜਾਂਦੇ ਹਨ। ਸ਼ਰਮ ਕਾਰਨ ਕਈ ਔਰਤਾਂ ਇਨ੍ਹਾਂ ਦਾ ਉਪਯੋਗ ਨਹੀਂ ਕਰਦੀਆਂ। ਉਹ ਦੂਰ ਦੇ ਖੇਤਾਂ, ਜੰਗਲ ਜਾਂ ਸੁੰਨਸਾਨ ਇਲਾਕੇ ਵਿਚ ਜਾਂਦੀਆਂ ਹਨ ਜਿੱਥੇ ਉਨ੍ਹਾਂ ਨਾਲ ਕਈ ਵਾਰ ਦੁਰਵਿਵਹਾਰ ਵੀ ਹੋ ਜਾਂਦਾ ਹੈ। ਪਖਾਨਾ ਇਕ ਬੁਨਿਆਦੀ ਜ਼ਰੂਰਤ ਹੈ ਜਿਸਦਾ ਇਸ ਫ਼ਿਲਮ ਵਿਚ ਸੰਦੇਸ਼ ਦਿੱਤਾ ਗਿਆ।
ਰਾਜਕੁਮਾਰ ਹਿਰਾਨੀ ਵੱਲੋਂ ਨਿਰਦੇਸ਼ਿਤ ਫ਼ਿਲਮ ‘3 ਇਡੀਅਟਸ’ 2009 ਵਿਚ ਰਿਲੀਜ਼ ਕਾਮੇਡੀ ਡਰਾਮਾ ਫ਼ਿਲਮ ਹੈ। ਇਹ ਫ਼ਿਲਮ ਇਕ ਭਾਰਤੀ ਇੰਜਨੀਅਰਿੰਗ ਕਾਲਜ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਦੋਸਤੀ ਨੂੰ ਦਿਖਾਉਂਦੀ ਹੈ ਅਤੇ ਨਾਲ ਹੀ ਭਾਰਤੀ ਸਿੱਖਿਆ ਪ੍ਰਣਾਲੀ ਤਹਿਤ ਸਮਾਜਿਕ ਦਬਾਅ ’ਤੇ ਤਿੱਖਾ ਵਿਅੰਗ ਕਰਦੀ ਹੈ।
ਸਾਲ 2007 ਵਿਚ ਆਈ ਫ਼ਿਲਮ ‘ਤਾਰੇ ਜ਼ਮੀਂ ਪਰ’ 8 ਸਾਲ ਦੇ ਡਿਸਲੈਕਸੀਆ ਪੀੜਤ ਬੱਚੇ ਇਸ਼ਾਨ ਦੇ ਜੀਵਨ ਅਤੇ ਕਲਪਨਾ ਦੀ ਖੋਜ ਕਰਦੀ ਹੈ। ਉਹ ਕਲਾ ਵਿਚ ਚੰਗਾ ਹੈ, ਉਸਦੇ ਖ਼ਰਾਬ ਸਿੱਖਿਆ ਪ੍ਰਦਰਸ਼ਨ ਕਾਰਨ ਉਸਦੇ ਮਾਤਾ-ਪਿਤਾ ਉਸਨੂੰ ਬੋਰਡਿੰਗ ਸਕੂਲ ਵਿਚ ਭੇਜਦੇ ਹਨ। ਇਸ਼ਾਨ ਦੇ ਆਰਟ ਅਧਿਆਪਕ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ਼ਾਨ ਡਿਸਲੈਕਸਿਕ ਹੈ ਅਤੇ ਉਹ ਉਸਨੂੰ ਦੂਰ ਕਰਨ ਵਿਚ ਉਸਦੀ ਮਦਦ ਕਰ ਸਕਦਾ ਹੈ। ਇਹ ਫ਼ਿਲਮ ਵਿਸ਼ੇਸ਼ ਬੱਚਿਆਂ ਦੀਆਂ ਜ਼ਰੂਰਤਾਂ ਦੀ ਪੜਤਾਲ ਕਰਦੀ ਹੈ ਅਤੇ ਦੱਸਦੀ ਹੈ ਕਿ ਸਮਾਜ ਉਨ੍ਹਾਂ ਲਈ ਕੀ ਕਰ ਸਕਦਾ ਹੈ।
ਫ਼ਿਲਮ ‘ਮਰਦਾਨੀ’ ਦੀ ਕਹਾਣੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਆਸ ਪਾਸ ਘੁੰਮਦੀ ਹੈ ਜੋ ਇਕ ਪੁਲੀਸ ਮੁਲਾਜ਼ਮ ਹੈ। ਰਾਣੀ ਮੁਖਰਜੀ ਵੱਲੋਂ ਸ਼ਿਵਾਨੀ ਦਾ ਕਿਰਦਾਰ ਨਿਭਾਇਆ ਗਿਆ ਹੈ ਜੋ ਕਿਸ਼ੋਰ ਲੜਕੀ ਨੂੰ ਅਗਵਾ ਕਰਨ ਦੇ ਕੇਸ ਦੀਆਂ ਪਰਤਾਂ ਖੋਲ੍ਹਦੀ ਹੈ ਜਿੱਥੇ ਉਸਨੂੰ ਭਾਰਤੀ ਮਾਫੀਆ ਵੱਲੋਂ ਮਨੁੱਖੀ ਤਸਕਰੀ ਦੇ ਰਹੱਸਾਂ ਬਾਰੇ ਪਤਾ ਲੱਗਦਾ ਹੈ। ਇਹ ਫ਼ਿਲਮ ਔਰਤ ਦੀ ਬਹਾਦਰੀ ਦਰਸਾਉਂਦੀ ਹੈ ਅਤੇ ਮਨੁੱਖੀ ਤਸਕਰੀ ’ਤੇ ਤਿੱਖਾ ਵਿਅੰਗ ਕਰਦੀ ਹੈ।
ਕਿਸਾਨ ਆਏ ਦਿਨ ਆਤਮਹੱਤਿਆਵਾਂ ਕਰ ਰਹੇ ਹਨ। ਕਾਰਨ ਕਰਜ਼ਾ ਜਾਂ ਸੋਕਾ ਜਾਂ ਗ਼ਰੀਬੀ ਹੈ। ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਨਾ ਹੀ ਕਿਸਾਨਾਂ ਦੀ ਬਦਹਾਲੀ ’ਤੇ ਕੋਈ ਧਿਆਨ ਹੀ ਦੇ ਰਿਹਾ ਹੈ। 2010 ਵਿਚ ਰਿਲੀਜ਼ ਫ਼ਿਲਮ ‘ਪੀਪਲੀ ਲਾਈਵ’ ਨੇ ਭਾਰਤ ਦੇ ਇਸ ਸਭ ਤੋਂ ਵੱਡੇ ਸਮਾਜਿਕ ਮੁੱਦੇ ਦੀ ਗੱਲ ਕੀਤੀ ਹੈ।
ਕੰਨਿਆ ਭਰੂਣ ਹੱਤਿਆ ’ਤੇ ਆਧਾਰਿਤ ਫ਼ਿਲਮ ‘ਮਾਤਰਭੂਮੀ : ਏ ਨੇਸ਼ਨ ਵਿਦਆਊਟ ਵੀਮੈੱਨ’ ਦੇਸ਼ ਦੇ ਭਵਿੱਖ ਨੂੰ ਦਿਖਾਉਂਦੀ ਹੈ। ਜੇਕਰ ਲੜਕੀਆਂ ਨੂੰ ਮਾਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਹੀ ਨਹੀਂ ਰਹੇਗਾ। ਇਹ ਫ਼ਿਲਮ ਇਕ ਲੜਕੀ ਦੀ ਕਹਾਣੀ ਦੇ ਆਸ ਪਾਸ ਘੁੰਮਦੀ ਹੈ ਜਿਸਦਾ ਵਿਆਹ ਪੰਜ ਭਰਾਵਾਂ ਨਾਲ ਹੁੰਦਾ ਹੈ। ਫ਼ਿਲਮ ਬਦਹਾਲ ਸਮਾਜ ਦੀ ਝਲਕ ਦਿਖਾਉਂਦੀ ਹੈ ਅਤੇ ਬੱਚੀਆਂ ਨੂੰ ਬਚਾਉਣ ਦਾ ਸੰਦੇਸ਼ ਦਿੰਦੀ ਹੈ।
‘ਜੌਲੀ ਐੱਲਐੱਲਬੀ’ 2013 ਵਿਚ ਰਿਲੀਜ਼ ਕਾਮੇਡੀ ਫ਼ਿਲਮ ਹੈ। ਇਸਨੂੰ ਸੁਭਾਸ਼ ਕਪੂਰ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਹ ਫ਼ਿਲਮ ਵਕੀਲ ਜਗਦੀਸ਼ ਤਿਆਗੀ ਦੇ ਜੀਵਨ ਦੇ ਆਸ ਪਾਸ ਘੁੰਮਦੀ ਹੈ। ਇਸਦੀ ਕਹਾਣੀ 1999 ਦੇ ਸੰਜੀਵ ਨੰਦਾ ਦੇ ‘ਹਿਟ ਐਂਡ ਰਨ’ ਮਾਮਲੇ ਅਤੇ ਪ੍ਰਿਆਦਰਸ਼ਨ ਮੱਟੂ ਮਾਮਲੇ ਦੇ ਇਕ ਸੰਦਰਭ ਤੋਂ ਪ੍ਰੇਰਿਤ ਹੈ।
ਫ਼ਿਲਮ ‘ਪਿੰਕ’ ਦੇ ਸਿਰਲੇਖ ਦਾ ਲੜਕੀਆਂ ਦੇ ਪਸੰਦੀਦਾ ਰੰਗ ਗੁਲਾਬੀ ਨਾਲ ਕੋਈ ਸਬੰਧ ਨਹੀਂ ਹੈ। ਇਹ ਫ਼ਿਲਮ ਸੰਦੇਸ਼ ਦਿੰਦੀ ਹੈ ਕਿ ਔਰਤਾਂ ਨੂੰ ਖੁੱਲ੍ਹ ਕੇ ਬੋਲਣ ਅਤੇ ਰਾਤ ਮੌਕੇ ਆਜ਼ਾਦੀ ਨਾਲ ਘੁੰਮਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਨਾਲ ਹੀ ਇਹ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਪ੍ਰਤੀ ਸੋਚਣ ਲਈ ਵੀ ਮਜਬੂਰ ਕਰਦੀ ਹੈ।
ਫ਼ਿਲਮ ‘ਏ ਵੈੱਡਨੇਸਡੇਅ’ ਨੇ ਆਮ ਆਦਮੀ ਦੀ ਤਾਕਤ ਬਾਰੇ ਦੱਸਿਆ ਹੈ। ਇਸ ਵਿਚ ਦਿਖਾਇਆ ਗਿਆ ਹੈ ਕਿ ਜਦੋਂ ਇਕ ਆਮ ਆਦਮੀ ਦਾ ਦਿਮਾਗ਼ ਹਿਲ ਜਾਂਦਾ ਹੈ ਤਾਂ ਉਹ ਕਿਸ ਹੱਦ ਤਕ ਜਾ ਸਕਦਾ ਹੈ। ਅਜਿਹੇ ਵਿਸ਼ੇ ’ਤੇ ਪਹਿਲਾਂ ਕੋਈ ਫ਼ਿਲਮ ਦੇਖਣ ਨੂੰ ਨਹੀਂ ਮਿਲੀ।
ਸਾਲ 2015 ਵਿਚ ਰਿਲੀਜ਼ ਫ਼ਿਲਮ ‘ਬਜਰੰਗੀ ਭਾਈਜਾਨ’ ਵਿਚ ਸਲਮਾਨ ਖ਼ਾਨ ਨੇ ਭਗਵਾਨ ਹਨੁਮਾਨ ਦੇ ਭਗਤ ਬਜਰੰਗੀ ਦੀ ਭੂਮਿਕਾ ਨਿਭਾਈ ਹੈ ਜੋ ਛੇ ਸਾਲ ਦੀ ਪਾਕਿਸਤਾਨੀ ਮੁਸਲਿਮ ਬੱਚੀ ਨੂੰ ਉਸਦੇ ਮਾਤਾ-ਪਿਤਾ ਨੂੰ ਮਿਲਾਉਂਦਾ ਹੈ।
ਅਕਸ਼ੈ ਕੁਮਾਰ ਦੀ ਅਦਾਕਾਰੀ ਨਾਲ ਸਜੀ ਫ਼ਿਲਮ ‘ਪੈਡਮੈਨ’ ਤਾਮਿਲ ਨਾਡੂ ਦੇ ਉੱਦਮੀ ਅਰੁਣਾਚਲਮ ਮੁਰਗਨਾਂਥਮ ਦੀ ਕਹਾਣੀ ਤੋਂ ਪ੍ਰੇਰਿਤ ਹੈ ਜਿਸਨੇ ਆਪਣੇ ਪਿੰਡ ਦੀਆਂ ਔਰਤਾਂ ਲਈ ਸਸਤੇ ਸੈਨੇਟਰੀ ਨੈਪਕਿਨ ਬਣਾਏ। ਪਦਮ ਸ਼੍ਰੀ (2016) ਪ੍ਰਾਪਤਕਰਤਾ ਇਸ ਉੱਦਮੀ ਨੇ ਵੱਡੀ ਮਾਤਰਾ ਵਿਚ ਸੈਨੇਟਰੀ ਪੈਡ ਬਣਾਉਣ ਲਈ ਘੱਟ ਲਾਗਤ ਵਾਲੀ ਸੈਨੇਟਰੀ ਪੈਡ ਮਸ਼ੀਨ ਤਿਆਰ ਕੀਤੀ।
ਇਕ ਅਪਰਾਧ ਦੀ ਜਾਂਚ ਰਾਹੀਂ ਫ਼ਿਲਮ ‘ਆਰਟੀਕਲ 15’ ਛੋਟੀ ਜਾਤ ਦੀ ਦੁਰਦਸ਼ਾ ਅਤੇ ਜਾਤ ਵਿਵਸਥਾ ਦੀਆਂ ਬੁਰਾਈਆਂ ਨੂੰ ਉਜਾਗਰ ਕਰਦੀ ਹੈ। ਇਹ ਸਮੱਸਿਆ ਕਾਲਪਨਿਕ ਨਹੀਂ ਹੈ, ਬਲਕਿ ਸਾਡੇ ਸਮਾਜ ਵਿਚ ਮੌਜੂਦ ਹੈ।
ਸਾਲ 2017 ਵਿਚ ਆਈ ਫ਼ਿਲਮ ‘ਹਿੰਦੀ ਮੀਡੀਅਮ’ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀਆਂ ਘਾਟਾਂ ’ਤੇ ਰੌਸ਼ਨੀ ਪਾਈ ਹੈ। ‘ਵਿੱਕੀ ਡੋਨਰ’ ਇਕ ਅਜਿਹੀ ਫ਼ਿਲਮ ਹੈ ਜਿਸਨੇ ਭਾਰਤੀ ਸਮਾਜ ਦੇ ਨਾਲ ਨਾਲ ਸਿਨਮਾ ਦੀਆਂ ਕਈ ਧਾਰਨਾਵਾਂ ਨੂੰ ਤੋੜਿਆ ਹੈ। ਇਸ ਵਿਚ ਸ਼ੁਕਰਾਣੂ ਦਾਨ ਅਤੇ ਬਣਾਵਟੀ ਗਰਭਧਾਰਨ ਬਾਰੇ ਗੱਲ ਕੀਤੀ ਗਈ ਹੈ। ਫ਼ਿਲਮ ‘ਡੋਰ’ ਨਾਅਰੇਬਾਜ਼ੀ ਕੀਤੇ ਬਿਨਾਂ ਮਜ਼ਬੂਤ ਨਾਰੀਵਾਦੀ ਬਿਆਨ ਦਿੰਦੀ ਹੈ। ਇਹ ਦਰਸਾਉਂਦੀ ਹੈ ਕਿ ਆਧੁਨਿਕ ਭਾਰਤ ਵਿਚ ਅੱਜ ਵੀ ਵਿਧਵਾ ਔਰਤਾਂ ਨਾਲ ਕਿਵੇਂ ਦਾ ਸਲੂਕ ਕੀਤਾ ਜਾਂਦਾ ਹੈ।
ਫ਼ਿਲਮ ‘ਛਪਾਕ’ (2020) ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਹੈ। ਇਹ ਲਕਸ਼ਮੀ ਅਗਰਵਾਲ ਦੇ ਜੀਵਨ ’ਤੇ ਆਧਾਰਿਤ ਹੈ ਜਿਸ ’ਤੇ ਤੇਜ਼ਾਬੀ ਹਮਲਾ ਕਰ ਦਿੱਤਾ ਗਿਆ ਸੀ। ਇਸ ਫ਼ਿਲਮ ਵਿਚ ਦੀਪਿਕਾ ਪਾਦੁਕੋਣ ਵੱਲੋਂ ਇਕ ਤੇਜ਼ਾਬ ਪੀੜਤਾ ਦੇ ਦਰਦ ਅਤੇ ਉਸ ਪ੍ਰਤੀ ਸਮਾਜ ਦੇ ਨਜ਼ਰੀਏ ਨੂੰ ਦਿਖਾਇਆ ਗਿਆ ਹੈ।


Comments Off on ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.