ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ

Posted On January - 17 - 2020

ਡਾ. ਮਨਜੀਤ ਸਿੰਘ ਬੱਲ

ਕੁਦਰਤ ਦੁਆਰਾ ਮਨੁੱਖ ਨੂੰ ਬਖਸ਼ੀ ਹੋਈ ਸਾਹ-ਪ੍ਰਣਾਲੀ ਵਿਚ ਸਾਹ ਰੋਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ, ਜੋ ਆਖਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।
ਜਿਨ੍ਹਾਂ ਦੀ ਸਾਹ ਪ੍ਰਣਾਲੀ ਤੰਦਰੁਸਤ ਹੁੰਦੀ ਹੈ, ਉਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਕਿੰਨੀ ਵਾਰ ਸਾਹ ਅੰਦਰ ਖਿੱਚਿਆ ਹੈ ਤੇ ਕਿੰਨੀ ਵਾਰ ਬਾਹਰ ਕੱਢਿਆ ਹੈ। ਉਨ੍ਹਾਂ ਨੂੰ ਇਹ ਕਿਰਿਆ ਅਣਜਾਣੇ ਵਿਚ ਹੀ ਹੋ ਰਹੀ ਲਗਦੀ ਹੈ ਪਰ ਜਿਹੜੇ ਵਿਅਕਤੀ ਕਿਸੇ ਤਰ੍ਹਾਂ ਦੀ ਸਾਹ ਦੀ ਸਮੱਸਿਆ (ਜਿਵੇਂ ਦਮਾ, ਫੇਫੜਿਆਂ ਦੀ ਸੋਜ, ਟੀਬੀ, ਐਮਫੀਸੀਮਾ ਆਦਿ) ਝੱਲ ਰਹੇ ਹੁੰਦੇ ਹਨ, ਉਨ੍ਹਾਂ ਲਈ ਇੱਕ-ਇੱਕ ਸਾਹ ਭਾਰੂ ਹੁੰਦਾ ਹੈ। ਛਾਤੀ ਦੀਆਂ ਹੱਡੀਆਂ ਦੀਆਂ ਸੱਟਾਂ, ਦਿਲ ਦੇ ਦੌਰੇ ਅਤੇ ਸਮੇਂ ਤੋਂ ਪਹਿਲਾਂ ਨਵ-ਜੰਮੇ ਬੱਚਿਆਂ ਵਿਚ ਵੀ ਸਾਹ ਲੈਣਾ ਮੁਸ਼ਕਿਲ ਹੁੰਦਾ ਹੈ।
ਸਾਹ ਅੰਦਰ ਖਿੱਚਣ ਨਾਲ ਆਕਸੀਜਨ ਫੇਫੜਿਆਂ ਵਿਚ ਦਾਖਲ ਹੁੰਦੀ ਹੈ ਜਿੱਥੋਂ ਇਹ ਖੂਨ ਵਿਚ ਰਲ ਕੇ ਸਰੀਰ ਦੇ ਸੈੱਲਾਂ ਤੇ ਤੰਤੂਆਂ ਤੱਕ ਪੁਜਦੀ ਹੈ। ਖੂਨ ਵਿਚਲੀ ਕਾਰਬਨ-ਡਾਇਆਕਸਾਈਡ ਫੇਫੜਿਆਂ ਰਾਹੀਂ ਹੀ ਸਾਹ ਦੁਆਰਾ ਬਾਹਰ ਕੱਢੀ ਜਾਂਦੀ ਹੈ। ਗੈਸਾਂ ਦੀ ਇਸ ਅਦਲਾ-ਬਦਲੀ ਤੋਂ ਇਲਾਵਾ, ਸਾਹ ਰਾਹੀਂ ਸਰੀਰ ਦੇ ਕਈ ਹੋਰ ਫਾਲਤੂ ਪਦਾਰਥ ਬਾਹਰ ਕੱਢੇ ਜਾਂਦੇ ਹਨ। ਆਵਾਜ਼ ਪੈਦਾ ਕਰਨ ਲਈ ਹਵਾ ਵੀ ਸਾਹ ਪ੍ਰਣਾਲੀ ਹੀ ਉਪਲੱਬਧ ਕਰਵਾਉਂਦੀ ਹੈ।
ਅਸਲ ’ਚ ਸਾਹ ਪ੍ਰਣਾਲੀ ਨੱਕ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਨੱਕ ਤੋਂ ਲੈ ਕੇ ਫੇਫੜਿਆਂ ਤੱਕ, ਪੂਰੇ ਸਿਸਟਮ ਨੂੰ ਕਈ ਤਰ੍ਹਾਂ ਦੇ ਰੋਗਾਣੂਆਂ, ਵਾਇਰਸਾਂ, ਧੂੰਏ ਅਤੇ ਦੂਸ਼ਿਤ ਗੈਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਸਾਹ ਰਾਹੀਂ ਅੰਦਰ ਦਾਖਲ ਹੁੰਦੇ ਹਨ। ਸਾਹ ਦੀ ਸਮੱਸਿਆ ਪੁਰਾਣੀ ਹੋ ਜਾਵੇ ਜਾਂ ਬਲਗਮ ਵਿਚ ਖੂਨ ਆਉਣ ਲੱਗ ਪਏ ਤਾਂ ਬਿਨਾਂ ਕਿਸੇ ਦੇਰੀ ਦੇ ਮਾਹਿਰ ਡਾਕਟਰ ਕੋਲੋਂ ਜਾਂਚ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਜ਼ੁਕਾਮ: ਇਹ ਆਮ ਸਮੱਸਿਆ ਹੈ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਕਦੇ ਜ਼ੁਕਾਮ ਨਾ ਹੋਇਆ ਹੋਵੇ। ਭਾਵੇਂ ਇਸ ਨੂੰ ਕਾਮਨ ਕੋਡਲ ਕਹਿੰਦੇ ਹਨ, ਫਿਰ ਵੀ ਇਹ ਸਰਦੀਆਂ ਤੇ ਗਰਮੀਆਂ, ਦੋਵਾਂ ਮੌਸਮਾਂ ਵਿੱਚ ਹੋ ਜਾਂਦਾ ਹੈ। ਸਾਹ ਪ੍ਰਣਾਲੀ ਦੇ ਉਪਰਲੇ ਹਿੱਸੇ (ਨੱਕ ਅਤੇ ਪੈਰਾ ਨੇਜ਼ਲ ਸਾਇਨਸਜ਼) ਦੀ ਕਈ ਤਰ੍ਹਾਂ ਦੇ ਵਾਇਰਸਾਂ ਦੀ ਇਨਫੈਕਸ਼ਨ ਜਾਂ ਅਲਰਜੀ ਨਾਲ ਹੁੰਦਾ ਹੈ। ਇਸ ਨਾਲ ਨੱਕ ’ਚੋਂ ਪਾਣੀ ਵਗਦਾ ਹੈ, ਛਿੱਕਾਂ ਆਉਂਦੀਆਂ ਹਨ, ਗਲਾ (ਸੰਘ) ਦਰਦ ਕਰਦਾ ਹੈ, ਥਕਾਵਟ, ਪੱਠਿਆਂ ’ਚ ਦਰਦ, ਸਿਰ ਦਰਦ ਤੇ ਕਈ ਵਾਰ ਬੁਖਾਰ ਵੀ ਹੋ ਜਾਂਦਾ ਹੈ।
ਜੇਕਰ ਜ਼ਿਆਦਾ ਤੇਜ਼ ਬੁਖਾਰ ਚੜ੍ਹ ਜਾਵੇ ਤੇ 48 ਤੋਂ 72 ਘੰਟਿਆਂ ਵਿੱਚ ਵੀ ਨਾ ਲੱਥੇ ਤਾਂ ਅਣਗਹਿਲੀ ਨਹੀਂ ਕਰਨੀ ਚਾਹੀਦੀ।
ਸਾਹ ਨਾਲੀਆਂ ਦੀ ਸੋਜ਼: ਸਾਹ ਰੋਗ ਦੀ ਸੋਜ਼ ਨੂੰ ਟ੍ਰੈਕਾਈਟਸ ਅਤੇ ਸਾਹ ਨਾਲੀਆਂ ਦੀ ਸੋਜ਼ ਨੂੰ ਬਰੌਂਕਾਇਟਿਸ ਕਿਹਾ ਜਾਂਦਾ ਹੈ। ਇਨ੍ਹਾਂ ਦੀ ਸੋਜ਼ ਨਾਲ ਲੇਸਦਾਰ ਪਦਾਰਥ ਦੀ ਪੈਦਾਵਾਰ ਵੱਧ ਜਾਂਦੀ ਹੈ, ਜੋ ਬਲਗਮ ਬਣ ਕੇ ਖੰਘ ਨਾਲ ਬਾਹਰ ਆਉਂਦੀ ਹੈ। ਇਹ ਸੋਜ਼, ਥੋੜ੍ਹ-ਚਿਰੀ ਜਾਂ ਇਕਦਮ ਪੈਦਾ ਹੋਈ ਹੋ ਸਕਦੀ ਹੈ ਤੇ ਜਾਂ ਲੰਮੇ ਸਮੇਂ ਦੀ ਹੋ ਸਕਦੀ ਹੈ। ਥੋੜ੍ਹ-ਚਿਰੀ ਸੋਜ਼, ਜ਼ਹਿਰੀਲੀਆਂ ਗੈਸਾਂ, ਬੈਕਟੀਰੀਆ ਜਾਂ ਵਾਇਰਸ ਦੀ ਇਨਫੈਕਸ਼ਨ ਜਾਂ ਨਵੀਂ-ਨਵੀਂ ਸ਼ੁਰੂ ਕੀਤੀ ਗਈ ਸਿਗਰਟ-ਨੋਸ਼ੀ ਕਾਰਨ ਹੁੰਦੀ ਹੈ। ਜੇਕਰ ਸਾਹ ਨਾਲੀਆਂ ਦੀ ਸੋਜ਼ ਲਗਾਤਾਰ ਦੋ ਸਾਲਾਂ ਵਿੱਚ ਕਈ ਮਹੀਨੇ ਰਹੇ ਤਾਂ ਇਸ ਨੂੰ ਲੰਮੇ ਸਮੇਂ ਦੀ ਸਾਹ ਨਾਲੀਆਂ ਦੀ ਸੋਜ਼ (ਕਰੋਨਿਕ ਬਰੌਂਕਾਇਟਿਸ) ਕਿਹਾ ਜਾਂਦਾ ਹੈ। ਇਸ ਨਾਲ ਛੋਟੇ-ਛੋਟੇ ਤੇ ਤੇਜ਼ ਸਾਹ ਆਉਂਦੇ ਹਨ। ਬਿਮਾਰੀ ਕਈ ਸਾਲ ਪੁਰਾਣੀ ਹੋ ਜਾਵੇ ਤਾਂ ਪਹਿਲਾਂ ਫੇਫੜੇ ਤੇ ਬਾਅਦ ਵਿਚ ਦਿਲ ਫੇਲ੍ਹ ਹੋ ਜਾਂਦਾ ਹੈ ਕਿਉਂਕਿ ਖੂਨ ਦਾ ਦੌਰਾ, ਦਿਲ ਦੇ ਫੇਫੜਿਆਂ ਦੇ ਵਿਚੋਂ ਦੀ ਹੁੰਦਾ ਹੈ। ਸੋਜ਼ ਕਾਰਨ ਸਾਹ ਨਾਲੀਆਂ ਤੰਗ ਹੋ ਜਾਂਦੀਆਂ ਹਨ, ਸੋ ਸਾਹ ਅੰਦਰ ਖਿੱਚਣ ਵਿੱਚ ਬੜੀ ਤੰਗੀ ਹੁੰਦੀ ਹੈ ਤੇ ਸਾਹ ਨਾਲ ਸੀਟੀਆਂ ਵੱਜਦੀਆਂ ਹਨ। ਇਸ ਨਾਲ ਦਮਾ ਜਾਂ ਨਿਮੋਨੀਆ ਵੀ ਉਤਪੰਨ ਹੋ ਸਕਦਾ ਹੈ।
ਇਲਾਜ ਨਾਲੋਂ ਪਰਹੇਜ਼ ਚੰਗਾ ਹੈ। ਸਿਗਰਿਟ-ਨੋਸ਼ੀ ਤੋਂ ਦੂਰ ਹੀ ਰਿਹਾ ਜਾਵੇ ਤਾਂ ਸਭ ਤੋਂ ਬਿਹਤਰ ਹੈ। ਕਿਸੇ ਹੋਰ ਗੱਲ ਕਰ ਕੇ ਬਰੌਂਕਾਇਟਿਸ ਹੋਇਆ ਹੋਵੇ ਤਾਂ ਸਾਹ ਨਾਲੀਆਂ ਨੂੰ ਖੋਲ੍ਹਣ ਵਾਲੀਆਂ ਦਵਾਈਆਂ ਬਰਾਂਕੋ ਡਾਇਲੇਟਰ, ਸੰਘਣੇ ਲੇਸਦਾਰ ਪਦਾਰਥ ਨੂੰ ਪਤਲਾ ਕਰਨ ਵਾਲੀਆਂ (ਮਿਉਕੋਲਿਟਿਕ) ਅਤੇ ਜਰਮ ਨੂੰ ਮਾਰਨ ਵਾਲੀਆਂ (ਐਂਟੀਬਾਇਓਟਿਕਸ) ਦਵਾਈਆਂ ਦਾ ਪ੍ਰਯੋਗ ਕਰਨਾ ਪੈਂਦਾ ਹੈ। ਗਰਮ ਪਾਣੀ ਦੀ ਭਾਫ਼ ਲੈਣਾ ਵੀ ਲਾਹੇਵੰਦ ਰਹਿੰਦਾ ਹੈ।
ਨਿਮੋਨੀਆ: ਇਹ ਫੇਫੜਿਆਂ ਦੀ ਇਨਫੈਕਸ਼ਨ ਹੁੰਦੀ ਹੈ, ਜਿਸ ਨਾਲ ਖੰਘ, ਬਲਗਮ, ਤੇਜ਼ ਬੁਖਾਰ, ਕਾਂਬਾ, ਛਾਤੀ ਵਿਚ ਦਰਦ ਆਦਿ ਹੁੰਦਾ ਹੈ ਤੇ ਛੋਟੇ-ਛੋਟੇ, ਤੇਜ਼ ਸਾਹ ਆਉਂਦੇ ਹਨ। ਵੱਡਿਆਂ ਵਿਚ ਇਹ ਕਈ ਤਰ੍ਹਾਂ ਦੇ ਜਰਮ ਤੇ ਉੱਲੀਆਂ ਦੀ ਇਨਫੈਕਸ਼ਨ ਨਾਲ ਹੁੰਦਾ ਹੈ, ਜਦਕਿ ਬੱਚਿਆਂ ਵਿਚ ਆਮ ਕਰ ਕੇ ਵਾਇਰਸ ਕਾਰਨ। ਸਰੀਰ ਦੇ ਦੁਸ਼ਮਣ ਬੈਕਟੀਰੀਆ, ਫੇਫੜਿਆਂ ਦੀਆਂ ਹਵਾ ਥੈਲੀਆਂ ਵਿਚ ਬੈਠ ਜਾਂਦੇ ਹਨ, ਜਿੱਥੇ ਗੈਸਾਂ ਦੀ ਅਦਲਾ-ਬਦਲੀ ਹੁੰਦੀ ਹੈ। ਇਥੇ ਇਹ ਜਰਮ ਗਿਣਤੀ ਵਿਚ ਵਧਦੇ ਹਨ, ਇਨ੍ਹਾਂ ਨੂੰ ਰੋਕਣ ਲਈ ਖੂਨ ਦੇ ਚਿੱਟੇ ਸੈੱਲ (ਜੋ ਇਮਿਊਨ ਸਿਸਟਮ ਦਾ ਹਿੱਸਾ ਹਨ) ਤੇ ਤਰਲ ਜਮ੍ਹਾਂ ਹੋ ਜਾਂਦੇ ਹਨ ਜਿਸ ਨਾਲ ਪ੍ਰੋਟੀਨਜ਼ ਦੇ ਜੰਮ ਜਾਣ ਕਰ ਕੇ ਅਸਰ-ਅਧੀਨ ਫੇਫੜਾ ਜਾਂ ਇਸ ਦਾ ਕੁਝ ਹਿੱਸਾ, ਸਪੰਜ ਦੀ ਬਜਾਏ ਠੋਸ ਬਣ ਜਾਂਦਾ ਹੈ ਤੇ ਗੈਸਾਂ ਦੀ ਅਦਲਾ-ਬਦਲੀ ਵਿਚ ਰੁਕਾਵਟ ਆ ਜਾਂਦੀ ਹੈ। ਸੋ ਤੇਜ਼ ਬੁਖਾਰ, ਕਾਂਬਾ, ਛਾਤੀ ਵਿਚ ਦਰਦ, ਖੰਘ (ਪਹਿਲਾਂ ਸੁੱਕੀ ਤੇ ਬਾਅਦ ਵਿਚ ਬਲਗਮ ਵਾਲੀ) ਆਉਣ ਲੱਗਦੀ ਹੈ। ਟੂਟੀਆਂ (ਸਟੈਥੋਸ-ਕੋਪ) ਲਗਾ ਕੇ ਦੇਖਿਆ ਜਾਵੇ ਤਾਂ ਡਾਕਟਰ ਨੂੰ ਪਤਾ ਲੱਗ ਜਾਂਦਾ ਹੈ ਕਿ ਨਿਮੋਨੀਆ ਹੈ ਪਰ ਐਕਸ-ਰੇ, ਖੂਨ ਤੇ ਬਲਗਮ ਟੈਸਟ ਤੋਂ ਪੱਕਾ ਪਤਾ ਲੱਗਦਾ ਹੈ ਕਿ ਕਿਸ ਕਿਸਮ ਦੇ ਬੈਕਟੀਰੀਆ ਕਾਰਨ ਨਿਮੋਨੀਆ ਹੋਇਆ ਹੈ। ਪੂਰੀ ਜਾਂਚ ਤੋਂ ਬਾਅਦ, ਨਿਮੋਨੀਏ ਦਾ ਇਲਾਜ ਕਿਸੇ ਮਾਹਿਰ ਡਾਕਟਰ ਕੋਲੋਂ ਕਰਵਾਉਣਾ ਚਾਹੀਦਾ ਹੈ ਤੇ ਨੀਮ-ਹਕੀਮਾਂ ਤੋਂ ਬਚਣਾ ਚਾਹੀਦਾ ਹੈ।
ਹਵਾ ਥੈਲੀਆਂ ਦਾ ਫੁੱਲ ਜਾਣਾ: ਇਸ ਨੂੰ ਐਮਫੀਸੀਮਾ ਕਿਹਾ ਜਾਂਦਾ ਹੈ। ਲੰਮੇ ਸਮੇਂ ਦੀ ਫੇਫੜਿਆਂ ਦੀ ਬਿਮਾਰੀ ਕਾਰਨ ਹਵਾ ਥੈਲੀਆਂ, ਲੋੜ ਤੋਂ ਵੱਧ ਫੁੱਲ ਜਾਣ ਤਾਂ ਇਹ ਛੋਟੇ-ਛੋਟੇ ਗੁਬਾਰਿਆਂ ਵਾਂਗ ਲੱਗਦੀਆਂ ਹਨ। ਇਨ੍ਹਾਂ ਨੂੰ ਬੁੱਲ੍ਹੇ ਕਿਹਾ ਜਾਂਦਾ ਹੈ। ਬੈਂਡ ਵਿਚ ਵੱਡੇ ਵਾਜੇ ਅਤੇ ਲੰਮਾ ਸਮਾਂ ਜ਼ੋਰ ਨਾਲ ਅਲਗੋਜ਼ੇ ਵਜਾਉਣ ਵਾਲਿਆਂ ਵਿਚ ਵੀ ਹਵਾ ਥੈਲੀਆਂ ਲੋੜ ਤੋਂ ਵੱਧ ਫੁੱਲ ਜਾਂਦੀਆਂ ਹਨ ਤੇ ਬੁੱਲ੍ਹੇ ਬਣ ਜਾਂਦੇ ਹਨ। ਅਜਿਹੇ ਵਿਅਕਤੀਆਂ ਨੂੰ ਹਮੇਸ਼ਾ ਸਾਹ ਚੜ੍ਹਿਆ ਰਹਿੰਦਾ ਹੈ। ਆਮ ਕਰ ਕੇ ਇਹ ਬਜ਼ੁਰਗ ਉਮਰ ਦੇ ਹੁੰਦੇ ਹਨ ਜਾਂ ਕਈ ਸਾਲਾਂ ਤੋਂ ਸਿਗਰਟ-ਨੋਸ਼ੀ ਕਰ ਰਹੇ ਹੁੰਦੇ ਹਨ।
ਐਮਫੀਸੀਮਾ ਇਕ ਗੰਭੀਰ ਰੋਗ ਹੈ ਜੋ ਫੇਫੜਿਆਂ ਨੂੰ ਨਾ-ਠੀਕ ਹੋਣ ਵਾਲਾ ਨੁਕਸਾਨ ਪਹੁੰਚਾਉਂਦਾ ਹੈ ਤੇ ਬਾਅਦ ਵਿਚ ਦਿਲ ਵੀ ਫੇਲ੍ਹ ਹੋ ਜਾਂਦਾ ਹੈ।
ਟੀਬੀ ਦਾ ਪੂਰਾ ਨਾਮ ਟਿਊਬਰਕਿਊਲੋਸਿਸ ਹੈ, ਇਹ ਸਰੀਰ ਦੇ ਕਿਸੇ ਵੀ ਅੰਗ ਵਿਚ ਹੋ ਸਕਦੀ ਹੈ ਪਰ ਆਮ ਕਰ ਕੇ ਫੇਫੜਿਆਂ ਤੋਂ ਸ਼ੁਰੂ ਹੁੰਦੀ ਹੈ। ਇਹ ਇਕ ਲੰਮੇ ਸਮੇਂ ਦਾ ਰੋਗ ਹੈ, ਜੋ ਇਕ ਤੋਂ ਦੂਜੇ ਵਿਅਕਤੀ ਨੂੰ, ਛੂਤ ਰਾਹੀਂ ਹੁੰਦਾ ਹੈ। ਇਸ ਦੇ ਰੋਗਾਣੂ ਨੂੰ ਟਿਉੂਬਰਕਲ ਬੈਸੀਲਸ ਆਖਦੇ ਹਨ। ਉਂਜ ਭਾਵੇਂ ਟੀ.ਬੀ. ਕਿਸੇ ਨੂੰ ਵੀ ਹੋ ਸਕਦੀ ਹੈ ਪਰ ਕੁਝ ਲੋਕਾਂ ਨੂੰ ਇਸ ਦਾ ਵਧੇਰੇ ਖਤਰਾ ਰਹਿੰਦਾ ਹੈ- ਜਿਵੇਂ ਸ਼ੂਗਰ-ਰੋਗੀ, ਸ਼ਰਾਬੀ ਤੇ ਹੋਰ ਨਸ਼ੇ ਕਰਨ ਵਾਲੇ ਅਮਲੀ, ਕਮਜ਼ੋਰ ਵਿਅਕਤੀ ਤੇ ਐਚ.ਆਈ.ਵੀ. (ਏਡਜ਼) ਪਾਜ਼ਿਟਿਵ ਵਿਅਕਤੀ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਟੀਬੀ ਤਾਂ ਹੁੰਦੀ ਹੈ ਪਰ ਕਾਫੀ ਦੇਰ ਲੱਛਣ ਨਹੀਂ ਦਿਸਦੇ। ਫੇਫੜਿਆਂ ਦੀ ਟੀ.ਬੀ. ਹੋਵੇ ਤਾਂ ਖੰਘ, ਬਲਗਮ, ਛਾਤੀ ਵਿਚ ਦਰਦ, ਹਲਕਾ-ਹਲਕਾ ਤਾਪ (ਜੋ ਆਮ ਕਰ ਕੇ ਤਰਕਾਲਾਂ ਨੂੰ ਚੜ੍ਹਦਾ ਹੈ, ਭਾਰ ਦਾ ਘਟਣਾ, ਥਕਾਵਟ, ਰਾਤ ਨੂੰ ਤਰੇਲੀਆਂ ਆਦਿ ਲੱਛਣ ਹੁੰਦੇ ਹਨ। ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਫੇਫੜਿਆਂ ਦੇ ਕਈ ਹੋਰ ਰੋਗਾਂ ਵਿਚ ਵੀ ਹੁੰਦੀਆਂ ਹਨ। ਸਿਆਣੇ ਮਾਹਿਰ ਡਾਕਟਰ, ਵਿਸਤ੍ਰਿਤ ਮੁਆਇਨੇ ਤੇ ਵੱਖ-ਵੱਖ ਟੈਸਟ ਕਰਵਾ ਕੇ ਪੂਰਾ ਪਤਾ ਲਗਾ ਸਕਦੇ ਹਨ।
ਦਮਾ ਜਾਂ ਅਸਥਮਾ ਇਕ ਆਮ ਰੋਗ ਹੈ। ਇਹ ਇਕ ਅਲਰਜੀ ਵਾਲੀ ਸਮੱਸਿਆ ਹੈ ਜਿਸ ਵਿਚ ਸਾਹ-ਨਾਲੀਆਂ ਤੰਗ ਹੋ ਜਾਂਦੀਆਂ ਹਨ ਤੇ ਦੌਰੇ ਵੇਲੇ ਤਾਂ ਬੰਦ ਹੀ ਹੋ ਜਾਂਦੀਆਂ ਹਨ। ਇਹ ਰੁਕਾਵਟ, ਦਵਾਈ ਨਾਲ ਜਾਂ ਮਾੜੇ-ਮੋਟੇ ਦੌਰੇ ਤੋਂ ਬਾਅਦ ਖੁਦ-ਬ-ਖੁਦ ਖੁੱਲ੍ਹ ਜਾਂਦੀ ਹੈ। ਠੰਢ, ਕਣਕਾਂ ਦੀ ਗਹਾਈ, ਤੂੜੀ ਤੇ ਹੋਰ ਕੱਖ-ਕਾਨ ਵਾਲੇ ਦਿਨਾਂ, ਹਨੇਰੀਆਂ ਵਾਲੇ ਮੌਸਮ ਜਾਂ ਦੀਵਾਲੀ ਦੇ ਆਸ-ਪਾਸ ਵਾਲੇ ਪਟਾਕਿਆਂ ਦੇ ਪ੍ਰਦੂਸ਼ਣ ਦੌਰਾਨ, ਦਮੇ ਦੇ ਮਰੀਜ਼ਾਂ ਦੀ ਸ਼ਾਮਤ ਆਈ ਰਹਿੰਦੀ ਹੈ। ਸਾਹ ਦੀ ਤਕਲੀਫ ਦੌਰਿਆਂ ਵਾਂਗ ਆਉਂਦੀ ਹੈ, ਸਾਹ ਲੈਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ, ਸਾਹ ਨਾਲ ਸੀਟੀਆਂ ਵੱਜਦੀਆਂ ਹਨ, ਲੈਸਦਾਰ ਪਦਾਰਥ ਕਾਫੀ ਮਾਤਰਾ ਵਿਚ ਪੈਦਾ ਹੁੰਦਾ ਹੈ, ਜੋ ਝੱਗ ਵਾਲੀ ਬਲਗਮ ਦੇ ਰੂਪ ਵਿਚ ਨਿਕਲਦਾ ਹੈ। ਕੜਾਕੇ ਵਾਲੀ ਠੰਢ, ਮਾਹੌਲ ਦੇ ਪ੍ਰਦੂਸ਼ਣ, ਬੈਕਟੀਰੀਆ, ਵਰਜਿਸ, ਜਜ਼ਬਾਤੀ ਹੋਣਾ ਆਦਿ ਦਮੇ ਦੇ ਦੌਰੇ ਨੂੰ ਜਨਮ ਦਿੰਦੇ ਹਨ। ਦਮੇ ਦੇ ਰੋਗੀ ਬਾਲਗਾਂ ’ਚੋਂ 50% ਤੋਂ 70% ਵਿਚ ਅਲਰਜੀ ਕਾਰਨ ਦਮਾ ਹੁੰਦਾ ਹੈ।
ਇਲਾਜ ਨਾਲੋਂ ਪਰਹੇਜ਼ ਚੰਗਾ: ਸਿਗਰਟ-ਨੋਸ਼ੀ ਸ਼ੁਰੂ ਹੀ ਨਾ ਕਰੋ, ਜੇ ਕਰ ਚੁੱਕੇ ਹੋ ਤਾਂ ਛੱਡ ਦਿਓ। ਪ੍ਰਦੂਸ਼ਣ ਨਾ ਫੈਲਾਓ, ਸਰੀਰ ਦਾ ਇਮਿਊਨ ਸਿਸਟਮ ਬਣਾਉਣ ਅਤੇ ਰੱਖਣ ਲਈ ਸੰਤੁਲਤ ਤੇ ਨਰੋਆ ਭੋਜਨ ਛਕੋ।

ਸੰਪਰਕ: 98728-43491


Comments Off on ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.