ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਗੀਰ ਨਹੀਂ: ਪਰਮਿੰਦਰ ਢੀਂਡਸਾ

Posted On January - 13 - 2020

ਇਕੋ ਜਿਹੀ ਸੋਚ ਵਾਲੇ ਅਕਾਲੀ ਆਗੂਆਂ ਨੂੰ ਇਕ ਮੰਚ ’ਤੇ ਇਕੱਠੇ ਕਰਨ ਦਾ ਐਲਾਨ

ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਜਨਵਰੀ
ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਬਾਦਲ ਜਾਂ ਕਿਸੇ ਹੋਰ ਦੀ ਨਿੱਜੀ ਮਲਕੀਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕ ਸੋਚ ਹੈ ਅਤੇ ਉਸ ਸੋਚ ’ਤੇ ਪਹਿਰਾ ਦੇਣ ਵਾਲਿਆਂ ਨੂੰ ਹੀ ਅਕਾਲੀ ਮੰਨਿਆ ਜਾਂਦਾ ਹੈ, ਪਾਰਟੀ ’ਚ ਰਹਿਣ ਵਾਲਾ ਹਰ ਇਕ ਅਕਾਲੀ ਨਹੀਂ ਕਹਾ ਸਕਦਾ। ਢੀਂਡਸਾ ਨੇ ਕਿਹਾ ਕਿ ਪਰਿਵਾਰ ਨੂੰ ਅਕਾਲੀ ਹੋਣ ’ਤੇ ਮਾਣ ਹੈ ਤੇ ਪੂਰੇ ਮਸਲੇ ਬਾਰੇ ਸਾਰਿਆਂ ਨੂੰ ਜਾਣੂ ਕਰਵਾਉਣਗੇ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇਕੋ ਜਿਹੀ ਸੋਚ ਵਾਲੇ ਸਮੁੱਚੇ ਅਕਾਲੀ ਆਗੂਆਂ ਨੂੰ ਇੱਕ ਮੰਚ ’ਤੇ ਇਕੱਠੇ ਕੀਤਾ ਜਾਵੇਗਾ ਅਤੇ ਇਸ ਬਾਰੇ ਫ਼ੈਸਲਾ ਆਉਣ ਵਾਲੇ ਦਿਨਾਂ ’ਚ ਲਿਆ ਜਾਵੇਗਾ। ਅੱਜ ਇੱਥੇ ਵੱਖ-ਵੱਖ ਸਮਾਜਿਕ ਸਮਾਰੋਹਾਂ ’ਚ ਸ਼ਾਮਲ ਹੋਣ ਮਗਰੋਂ ਪਰਮਿੰਦਰ ਢੀਂਡਸਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ’ਚ ਚਾਪਲੂਸ ਹਾਵੀ ਹੋ ਚੁੱਕੇ ਹਨ। ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਆਪਣੇ ਫਾਇਦੇ ਲਈ ਚਾਪਲੂਸੀ ਕਰ ਰਹੇ ਹਨ। ਢੀਂਡਸਾ ਨੇ ਕਿਹਾ ਕਿ ਬਾਦਲਾਂ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕੱਢਣ ਲਈ ਜ਼ਿਲ੍ਹੇ ’ਚ ਮਤਾ ਪਾਸ ਕਰਵਾਇਆ ਹੈ ਪਰ ਇਸ ਨਾਲ ਢੀਂਡਸਾ ਪਰਿਵਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸੱਤਾ ਜਾਂ ਅਹੁਦਿਆਂ ਦੀ ਉਹ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਵਰਕਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਲਏ ਫ਼ੈਸਲੇ ਤੋਂ ਖੁਸ਼ ਹਨ ਪਾਰਟੀ ਵਿਚ ਘੁਟਣ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਵੱਡੀ ਗਿਣਤੀ ਅਕਾਲੀ ਵਰਕਰ ਬਾਦਲਾਂ ਨੂੰ ਛੱਡ ਕੇ ਉਨ੍ਹਾਂ ਨਾਲ ਆਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੁਖਦੇਵ ਢੀਂਡਸਾ ਨੇ ਪਾਰਟੀ ’ਚ ਜਮਹੂਰੀਅਤ ਬਹਾਲ ਕਰਨ ਦਾ ਮਸਲਾ ਉਠਾਇਆ ਸੀ ਪਰ ਉਨ੍ਹਾਂ ਦੀ ਗੱਲ ’ਤੇ ਕੋਈ ਅਸਰ ਨਹੀਂ ਕੀਤਾ ਗਿਆ ਤੇ ਹੁਣ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬ੍ਰਹਮਪੁਰਾ, ਅਜਨਾਲਾ, ਸੇਖਵਾਂ ਨੂੰ ਬਾਹਰ ਕੱਢਿਆ ਗਿਆ ਸੀ। ਪਰਮਿੰਦਰ ਨੇ ਕਿਹਾ ਕਿ ਨੋਟਿਸ ਦਾ ਉਹ ਜਵਾਬ ਤਸੱਲੀ ਨਾਲ ਦੇਣਗੇ। ਵਿਧਾਇਕ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਢੰਗ ਠੀਕ ਨਹੀਂ ਸੀ। ਪਰਮਿੰਦਰ ਨੇ ਕਿਹਾ ਕਿ ਸੁਖਦੇਵ ਢੀਂਡਸਾ ਨੇ ਪਾਰਟੀ ’ਚ ਰਹਿੰਦੇ ਹੋਏ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਸੁਧਾਰ ਕਰਨ ਦਾ ਕੰਮ ਕੀਤਾ ਹੈ।

‘ਸੁਖਦੇਵ ਢੀਂਡਸਾ ਦੀ ਪਾਰਟੀ ਨੂੰ ਦੇਣ ਪ੍ਰਕਾਸ਼ ਬਾਦਲ ਦੇ ਬਰਾਬਰ’

ਸੰਗਰੂਰ (ਪੱਤਰ ਪ੍ਰੇਰਕ): ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਹਰਜੀਤ ਕੌਰ ਢੀਂਡਸਾ ਨੇ ਪਤੀ ਤੇ ਪੁੱਤਰ ਨੂੰ ਅਕਾਲੀ ਦਲ ਵਿਚੋਂ ਮੁਅੱਤਲ ਕਰਨ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਕਾਰਵਾਈ ਅਮਲ ਵਿਚ ਲਿਆਉਣ ਵਾਲੇ ਦੱਸਣ ਕਿ ਉਨ੍ਹਾਂ ਦੀ ਪਾਰਟੀ ਨੂੰ ਕੀ ਦੇਣ ਹੈ ਤੇ ਕਿਹੜੀ ਕੁਰਬਾਨੀ ਕੀਤੀ ਹੈ? ਬੀਬੀ ਢੀਂਡਸਾ ਨੇ ਕਿਹਾ ਕਿ ਸੁਖਦੇਵ ਢੀਂਡਸਾ ਦਾ ਪਾਰਟੀ ਲਈ ਯੋਗਦਾਨ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਹੈ। ਉਨ੍ਹਾਂ ਮੌਜੂਦਾ ਲੀਡਰਸ਼ਿਪ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਅੱਜ ਢੀਂਡਸਾ ਪਰਿਵਾਰ ਨੂੰ ਮੁਅੱਤਲ ਕਰਨ ਦੀ ਗੱਲ ਕਰ ਰਹੇ ਹਨ, ਅਸਲ ਵਿਚ ਜਨਤਾ ਨੇ ਉਨ੍ਹਾਂ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੈ। ਹਰਜੀਤ ਢੀਂਡਸਾ ਨੇ ਕਿਹਾ ਕਿ ਸੁਖਦੇਵ ਢੀਂਡਸਾ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਜੇਲ੍ਹ ਕੱਟੀ ਹੈ। ਜਦ ਉਹ ਪਹਿਲੀ ਵਾਰ ਜੇਲ੍ਹ ਗਏ ਤਾਂ ਬੇਟੇ ਦਾ ਜਨਮ ਵੀ ਨਹੀਂ ਹੋਇਆ ਸੀ, ਦੂਜੀ ਵਾਰ ਜਦ ਜੇਲ੍ਹ ਗਏ ਤਾਂ ਪਰਮਿੰਦਰ ਸਿਰਫ਼ ਦੋ ਸਾਲ ਦਾ ਸੀ ਅਤੇ ਤਾਏ ਦੇ ਮੋਢੇ ਬੈਠ ਪਿਤਾ ਨੂੰ ਮਿਲਣ ਗਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਪੰਥ ਦੇ ਭਲੇ ਲਈ ਲੜੇ ਜਾ ਰਹੇ ਸੰਘਰਸ਼ ਤੋਂ ਲਾਂਭੇ ਕਰਨ ਲਈ ਸਮੇਂ ਦੀ ਹਕੂਮਤ ਨੇ ਕਾਲ ਕੋਠੜੀ ਵਿਚ ਰੱਖਿਆ। ਪਰਿਵਾਰ ਨੇ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ। ਬੀਬੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਮੁੱਢ ਤੋਂ ਅਕਾਲੀ ਸੀ, ਅਕਾਲੀ ਹੈ ਤੇ ਅਕਾਲੀ ਹੀ ਰਹੇਗਾ ਅਤੇ ਅਖੌਤੀ ਲੀਡਰਸ਼ਿਪ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ। ਬੀਬੀ ਢੀਂਡਸਾ ਨੇ ਕਿਹਾ ਕਿ ਪਾਰਟੀ ਨੂੰ ‘ਤਾਨਾਸ਼ਾਹੀ’ ਵਾਂਗ ਚਲਾਇਆ ਜਾ ਰਿਹਾ ਹੈ ਤੇ ਚਾਪਲੂਸੀ ਭਾਰੂ ਹੈ।


Comments Off on ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜਾਗੀਰ ਨਹੀਂ: ਪਰਮਿੰਦਰ ਢੀਂਡਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.