ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਸ਼ਹੀਦ ਬਾਬਾ ਦੀਪ ਸਿੰਘ

Posted On January - 22 - 2020

ਰਮੇਸ਼ ਬੱਗਾ ਚੋਹਲਾ
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਹ ਕੌਮਾਂ ਵੀ ਧੰਨਤਾ ਦੇ ਯੋਗ ਹੁੰਦੀਆਂ ਹਨ, ਜਿਹੜੀਆਂ ਆਪਣੇ ਪੁਰਖਿਆਂ ਦੀਆਂ ਘਾਲਣਾਵਾਂ ਨੂੰ ਅਕਸਰ ਚਿੱਤਵਦੀਆਂ ਰਹਿੰਦੀਆਂ ਹਨ। ਕਿਸੇ ਸ਼ਾਇਰ ਦਾ ਕਥਨ ਹੈ: ਉਸ ਕੌਮ ਨੂੰ ਸਮਾਂ ਨਹੀਂ ਮੁਆਫ ਕਰਦਾ, ਜਿਹੜੀ ਮੁੱਲ ਨਾ ਉਤਾਰੇ ਕੁਰਬਾਨੀਆਂ ਦਾ।
ਸ਼ਹੀਦ ਅਤੇ ਸ਼ਹਾਦਤ ‘ਅਰਬੀ’ ਭਾਸ਼ਾ ਦੇ ਸ਼ਬਦ ਹਨ। ਸ਼ਹਾਦਤ ਦਾ ਸ਼ਬਦੀ ਅਰਥ ‘ਗਵਾਹੀ ਦੇਣੀ’ ਜਾਂ ‘ਸਾਖੀ ਭਰਨੀ’ ਹੁੰਦਾ ਹੈ। ਇਸ ਤਰ੍ਹਾਂ ਸ਼ਹੀਦ ਕਿਸੇ ਕੌਮ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਸਦੀਵੀ ਅਤੇ ਸੱਚੇ ਗਵਾਹ ਹੁੰਦੇ ਹਨ।
ਅਜਿਹੇ ਹੀ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ (ਹੁਣ ਤਰਨ ਤਾਰਨ) ਦੀ ਤਹਿਸੀਲ ਪੱਟੀ ਦੇ ਪਿੰਡ ਪਹੂਵਿੰਡ ਵਿੱਚ ਰਹਿਣ ਵਾਲੇ ਭਾਈ ਭਗਤੂ ਅਤੇ ਮਾਤਾ ਜਿਊਣੀ ਦੇ ਘਰ ਹੋਇਆ। ਆਮ ਬਾਲਕਾਂ ਵਾਂਗ ਬਾਬਾ ਜੀ ਦੇ ਬਚਪਨ ਦਾ ਨਾਂ ਵੀ ਦੀਪਾ ਰੱਖਿਆ ਗਿਆ। ਜਦੋਂ ਦੀਪੇ ਦੀ ਉਮਰ 18 ਸਾਲ ਹੋਈ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਗਿਆ। ਕੁੱਝ ਦਿਨ ਰਹਿ ਕੇ ਦੀਪੇ ਦੇ ਮਾਤਾ-ਪਿਤਾ ਤਾਂ ਵਾਪਸ ਪਿੰਡ ਪਹੂਵਿੰਡ ਆ ਗਏ ਪਰ ਦੀਪਾ ਇੱਥੇ ਹੀ ਰਹਿ ਪਿਆ। ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਦੀਪੇ ਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆ ਗਿਆ ਤੇ ਉਹ ਦੀਪੇ ਤੋਂ ਦੀਪ ਸਿੰਘ ਬਣ ਗਿਆ।
ਆਨੰਦਪੁਰ ਸਾਹਿਬ ਰਹਿ ਕੇ ਦੀਪ ਸਿੰਘ ਨੇ ਸ਼ਸਤਰ ਤੇ ਸ਼ਾਸਤਰ ਵਿਦਿਆ ਵਿਚ ਬਰਾਬਰੀ ਨਾਲ ਮੁਹਾਰਤ ਹਾਸਲ ਕੀਤੀ। 20-22 ਸਾਲ ਦੀ ਉਮਰ ਤੱਕ ਦੀਪ ਸਿੰਘ ਨੇ ਜਿੱਥੇ ਭਾਈ ਮਨੀ ਸਿੰਘ ਵਰਗੇ ਉਸਤਾਦ ਕੋਲੋਂ ਗੁਰਬਾਣੀ ਦਾ ਚੋਖਾ ਗਿਆਨ ਹਾਸਲ ਕੀਤਾ ਉੱਥੇ ਹੀ ਉਹ ਨਿਪੁੰਨ ਸਿਪਾਹੀ ਵੀ ਬਣ ਗਿਆ। ਕੁੱਝ ਸਮੇਂ ਮਗਰੋਂ ਦੀਪ ਸਿੰਘ ਆਪਣੇ ਪਿੰਡ ਪਹੂਵਿੰਡ ਆ ਗਿਆ। ਪਿੰਡ ਆ ਕੇ ਉਸ ਨੇ ਆਸ-ਪਾਸ ਦੇ ਇਲਾਕੇ ਵਿਚ ਧਰਮ ਪ੍ਰਚਾਰ ਦੇ ਕਾਰਜ ਨੂੰ ਬੜੀ ਲਗਨ ਅਤੇ ਸ਼ਰਧਾ-ਭਾਵਨਾ ਨਾਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਨੌਜਵਾਨ ਤਬਕੇ ’ਤੇ ਸਾਰਥਿਕ ਅਤੇ ਸੁਚੱਜਾ ਪ੍ਰਭਾਵ ਪੈਣ ਲੱਗਾ।
ਜਦੋਂ ਦਸਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਦੇ ਨਾਲ-ਨਾਲ ਬਾਬਾ ਦੀਪ ਸਿੰਘ ਦਾ ਵੀ ਸਹਿਯੋਗ ਲਿਆ। ਬਾਬਾ ਜੀ ਤੋਂ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਵਾਉਣ ਦੀ ਸੇਵਾ ਲਈ ਗਈ। ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਕਰ ਕੇ ਚਾਰੇ ਤਖਤਾਂ ਨੂੰ ਭੇਜੇ। ਦੱਖਣ ਵੱਲ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਪੂਰਨ ਰੂਪ ਵਿੱਚ ਬਾਬਾ ਜੀ ਨੂੰ ਸੌਂਪ ਦਿੱਤੀ। ਇਹ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਨੇ ਬੜੀ ਤਨਦੇਹੀ ਅਤੇ ਸਿਦਕਦਿਲੀ ਨਾਲ ਨਿਭਾਈ।
1709 ਵਿੱਚ ਜਦੋਂ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਮਾਂ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦਾ ਹਿਸਾਬ ਚੁੱਕਤਾ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਮਰਜੀਵੜਿਆਂ ਦੀ ਫੌਜ ਨਾਲ ਲੈ ਕੇ ਉਨ੍ਹਾਂ ਦਾ ਡੱਟਵਾਂ ਸਾਥ ਦਿੱਤਾ। ਇਸ ਸਾਥ ਸਦਕਾ ਹੀ ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਬਾਬਾ ਦੀਪ ਸਿੰਘ ਸ਼ਹੀਦੀ ਮਿਸਲ ਦੇ ਜਥੇਦਾਰ ਵੀ ਸਨ। ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ’ਤੇ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਉਸ ਦੀਆਂ ਫੌਜਾਂ ਦਾ ਰਾਹ ਰੋਕਣ ਵਾਲੇ ਸਿੱਖਾਂ ਤੋਂ ਉਹ ਬਹੁਤ ਪ੍ਰੇਸ਼ਾਨ ਸੀ। ਆਪਣੀ ਪ੍ਰੇਸ਼ਾਨੀ ਅਤੇ ਦੁੱਖ ਨੂੰ ਘੱਟ ਕਰਨ ਭਾਵ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਉਸ ਨੇ ਆਪਣੇ ਪੁੱਤਰ ਤੈਮੁਰ ਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ ਅਤੇ ਉਸ ਦੇ ਸਹਿਯੋਗ ਲਈ ਇੱਕ ਜਾਲਮ ਸੁਭਾਅ ਤੇ ਸੈਨਾਪਤੀ ਜਹਾਨ ਖਾਂ ਦੀ ਨਿਯੁਕਤੀ ਕਰ ਦਿੱਤੀ।
ਜਹਾਨ ਖਾਂ ਨੂੰ ਕਿਸੇ ਨੇ ਦੱਸਿਆ ਕਿ ਜਦ ਤੱਕ ਅੰਮ੍ਰਿਤਸਰ ਵਿੱਚ ਪਵਿੱਤਰ ਸਰੋਵਰ ਅਤੇ ਦਰਬਾਰ ਸਾਹਿਬ ਦੀ ਹੋਂਦ ਕਾਇਮ ਹੈ, ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਨ੍ਹਾਂ ਦੋਹਾਂ ਸੋਮਿਆ ਤੋਂ ਉਨ੍ਹਾਂ ਨੂੰ ਨਵਾਂ ਜੀਵਨ ਅਤੇ ਉਤਸ਼ਾਹ ਮਿਲਦਾ ਹੈ। 1760 ਵਿੱਚ ਜਹਾਨ ਖਾਂ ਨੇ ਅੰਮ੍ਰਿਤਸਰ ਨੂੰ ਸਦਰ ਮੁਕਾਮ ਬਣਾ ਲਿਆ। ਇਸ ਮੁਕਾਮ ਦੌਰਾਨ ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ।
ਜਦੋਂ ਜਹਾਨ ਖਾਂ ਦੀ ਇਸ ਵਧੀਕੀ ਦੀ ਖ਼ਬਰ ਜਥੇਦਾਰ ਭਾਗ ਸਿੰਘ ਨੇ ਤਲਵੰਡੀ ਸਾਬੋ ਆ ਕੇ ਬਾਬਾ ਦੀਪ ਸਿੰਘ ਨੂੰ ਦਿੱਤੀ ਤਾਂ ਉਨ੍ਹਾਂ ਦਾ ਖ਼ੂਨ ਉਬਾਲੇ ਖਾਣ ਲੱਗਾ। ਅਰਦਾਸਾ ਸੋਧ ਕੇ ਬਾਬਾ ਜੀ ਨੇ 18 ਸੇਰ ਦਾ ਖੰਡਾ ਚੁੱਕ ਲਿਆ ਤੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ।
ਦਮਦਮਾ ਸਾਹਿਬ ਤੋਂ ਚੱਲਣ ਸਮੇਂ ਉਨ੍ਹਾਂ ਨਾਲ ਕੁਝ ਗਿਣਤੀ ਦੇ ਹੀ ਸਿੰਘ ਸਨ ਪਰ ਰਸਤੇ ਵਿੱਚ ਜਥੇਦਾਰ ਗੁਰਬਖਸ਼ ਸਿੰਘ ਆਨੰਦਪੁਰੀ ਵੀ ਆ ਰਲਿਆ। ਚੱਲਦਿਆਂ-ਚਲਦਿਆਂ ਕਾਫ਼ਲਾ ਵੱਧਦਾ ਗਿਆ। ਬਾਬਾ ਜੀ ਨੇ ਇਸ ਢੰਗ ਨਾਲ ਵੰਗਾਰਿਆ ਕਿ ਤਰਨਤਾਰਨ ਤੱਕ ਪਹੁੰਚ ਕੇ ਲਾੜੀ ਮੌਤ ਨੂੰ ਵਿਆਹੁਣ ਜਾ ਰਹੇ ਸਿੰਘਾਂ ਦੀ ਗਿਣਤੀ ਸੈਕੜਿਆਂ ਤੋਂ ਹਜ਼ਾਰਾਂ ਤੱਕ ਪਹੁੰਚ ਗਈ। ਇੱਥੇ ਆ ਕੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਇੱਕ ਲਕੀਰ ਵਾਹੀ ਤੇ ਕਿਹਾ, ‘‘ਜਿਸ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ ਉਹ ਟੱਪ ਜਾਵੇ ਅਤੇ ਜਿਸ ਨੂੰ ਮੌਤ ਤੋਂ ਡਰ ਲੱਗਦਾ ਹੈ ਉਹ ਪਿਛਾਂਹ ਹੱਟ ਜਾਵੇ।’’ ਪਰ ਜਿਹੜਾ ਵੀ ਕਾਫ਼ਲਾ ਹੁਣ ਤੱਕ ਬਾਬਾ ਜੀ ਨਾਲ ਜੁੜ ਚੁੱਕਿਆ ਸੀ ਉਹ ਸਾਰਾ ਹੀ ਸ਼ਹੀਦੀਆਂ ਦਾ ਚਾਅ ਲੈ ਕੇ ਆਇਆ ਸੀ, ਇਸ ਕਰਕੇ ਸਾਰਾ ਕਾਫ਼ਲਾ ਹੀ ਲਕੀਰ ਪਾਰ ਕਰ ਗਿਆ ਤੇ ਬਾਬਾ ਜੀ ਨੇ ਖ਼ੁਸ਼ੀ ਵਿੱਚ ਜੈਕਾਰਾ ਛੱਡ ਦਿੱਤਾ।
ਦੂਜੇ ਪਾਸੇ ਜਹਾਨ ਖਾਂ ਨੂੰ ਜਦੋਂ ਬਾਬਾ ਜੀ ਦੇ ਕਾਫ਼ਲੇ ਦੀ ਅੰਮ੍ਰਿਤਸਰ ਵੱਲ ਆਉਣ ਦੀ ਖ਼ਬਰ ਮਿਲੀ ਤਾਂ ਸਿੰਘਾਂ ਦਾ ਰਾਹ ਰੋਕਣ ਲਈ ਉਸ ਨੇ ਆਪਣੇ ਜਰਨੈਲ ਅਤਈ ਖਾਂ ਦੀ ਅਗਵਾਈ ਵਿੱਚ ਫ਼ੌਜ ਭੇਜ ਦਿੱਤੀ। ਗੋਹਲਵੜ ਦੇ ਸਥਾਨ ’ਤੇ ਜੰਗ ਹੋਈ। ਸਿੰਘਾਂ ਦੇ ਜੈਕਾਰਿਆਂ ਅਤੇ ਲਲਕਾਰਿਆਂ ਨਾਲ ਅਫ਼ਗਾਨੀ ਫ਼ੌਜਾਂ ਦੇ ਹੌਸਲੇ ਪਸਤ ਹੋਣ ਲੱਗੇ। ਇਸ ਸਮੇਂ ਦੌਰਾਨ ਯਾਕੂਬ ਖਾਂ ਤੇ ਸਾਬਕ ਅਲੀ ਖਾਂ ਵੀ ਬਾਬਾ ਦੀਪ ਸਿੰਘ ਨਾਲ ਮੁਕਾਬਲੇ ’ਤੇ ਆ ਗਏ। ਯਾਕੂਬ ਖਾਂ ਤੇ ਬਾਬਾ ਜੀ ਵਿਚਾਲੇ ਫਸਵੀਂ ਟੱਕਰ ਹੋਈ ਪਰ ਯਾਕੂਬ ਖਾਂ ਬਾਬਾ ਜੀ ਦੇ ਵਾਰ ਦੀ ਤਾਬ ਨਾ ਝੱਲ ਸਕਿਆ। ਯਕੂਬ ਖਾਂ ਨੂੰ ਢੇਰੀ ਹੁੰਦਿਆਂ ਦੇਖ ਕੇ ਇੱਕ ਹੋਰ ਅਫ਼ਗਾਨੀ ਜਵਾਨ ਅਸਮਾਨ ਖਾਂ ਵੀ ਮੈਦਾਨ-ਏ-ਜੰਗ ’ਚ ਆ ਨਿੱਤਰਿਆ। ਦੋਹਾਂ ਦੇ ਸਾਂਝੇ ਵਾਰ ਨਾਲ ਬਾਬਾ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਆਪਣੇ ਕੀਤੇ ਪ੍ਰਣ ਨੂੰ ਨਿਭਾਅ ਕੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਭੇਟ ਕਰ ਦਿੱਤਾ ਅਤੇ 11 ਨਵੰਬਰ 1760 ਨੂੰ ਸ਼ਹਾਦਤ ਦਾ ਜਾਮ ਪੀ ਗਏ।
ਸੰਪਰਕ: 9463132719


Comments Off on ਸ਼ਹੀਦ ਬਾਬਾ ਦੀਪ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.