ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

Posted On January - 18 - 2020

ਗੁਰਸ਼ਰਨ ਕੌਰ ਮੋਗਾ

ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ਗੀਤ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ। ਪੰਦਰਾਂ ਵੀਹ ਕੁੜੀਆਂ ਬੁੜ੍ਹੀਆਂ ਬੈਠੀਆਂ ਇਕ ਲੰਮੀ ਹੇਕ ਵਾਲੇ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਉਸ ਦਾ ਕਬਾੜਾ ਕਰ ਰਹੀਆਂ ਸਨ। ਕਿਤੋਂ ਗੀਤ ਦੀ ਲੱਤ ਫੜਦੀਆਂ ਕਿਤੋਂ ਬਾਂਹ, ਨਾ ਕੋਈ ਸੁਰ ਨਾ ਕੋਈ ਤਾਲ ਸਭ ਕੁਝ ਬੇਹਾਲ। ਉਂਜ ਉਹ ਸਿਰਾਂ ’ਤੇ ਸੱਗੀਆਂ ਗੁੰਦ ਕੇ, ਫੁਲਕਾਰੀਆਂ ਲੈ ਕੇ ਅਤੇ ਲਹਿੰਗੇ ਨੁਮਾ ਘੱਗਰੇ ਪਾ ਕੇ ਪੂਰੀਆਂ ਮੇਲਣਾਂ ਲੱਗਦੀਆਂ ਸਨ। ਲੋਕ ਗੀਤਾਂ ਦੀ ਇਹ ਦੁਰਦਸ਼ਾ ਦੇਖ ਕੇ ਮਨ ਉਦਾਸ ਹੋ ਗਿਆ। ਫ਼ਿਲਮ ਛੱਡ ਦਿਮਾਗ਼ ਅਤੀਤ ਵਿਚ ਜਾ ਕੇ ਲੰਮੀਆਂ ਹੇਕਾਂ ਵਾਲੇ ਗੀਤਾਂ ਨਾਲ ਜਾ ਜੁੜਿਆ। ਮੇਰੀਆਂ ਅੱਖਾਂ ਸਾਹਮਣੇ ਇਨ੍ਹਾਂ ਗੀਤਾਂ ਦੀਆਂ ਗਾਇਕਾਵਾਂ ਮੇਰੀ ਬੀਬੀ, ਚਾਚੀਆਂ, ਤਾਈਆਂ, ਮਾਸੀਆਂ ਸਭ ਇੰਨ੍ਹ ਬਿੰਨ੍ਹ ਹਾਜ਼ਰ ਹੋ ਗਈਆਂ।
ਵੱਡੇ ਭਰਾ ਦਾ ਵਿਆਹ ਸੀ। ਸਵੇਰੇ ਮੂੰਹ ਨ੍ਹੇਰੇ ਮੇਰੀ ਜਾਗ ਇਕ ਮਿੱਠੇ ਜਿਹੇ ਗੀਤ ਦੇ ਬੋਲ ਕੰਨੀਂ ਪੈਣ ਨਾਲ ਖੁੱਲ੍ਹੀ। ਮੇਰੀ ਬੀਬੀ ਅਤੇ ਮਾਮੀ ਲੰਮੀ ਹੇਕ ਵਾਲਾ ਗੀਤ ਗਾ ਰਹੀਆਂ ਸਨ :
ਉੱਪਰ ਤਾਂ ਵਾੜੇ ਤੈਨੂੰ ਸੱਦ ਹੋਈ ਸਾਲੂ ਵਾਲੀਏ ਨੀਂ ਆ ਕੇ ਤਾਂ ਸਾਹਾ ਨੀਂ ਸੁਧਾ, ਦਿਲਾਂ ਦੇ ਵਿਚ ਵਸ ਰਹੀਏ।
ਸਾਹਾ ਸੁਧਾਵਣ ਤੇਰੀਆਂ ਮਾਮੀਆਂ ਚੀਰੇ ਵਾਲਿਆ ਵੇ ਜਿਨ੍ਹਾਂ ਦੇ ਮਨ ਵਿਚ ਚਾਅ, ਦਿਲਾਂ ਦੇ ਵਿਚ ਵਸ ਰਹੀਏ।
ਲੰਮੀ ਹੇਕ ਵਾਲਾ ਗੀਤ ਗਾਉਣ ਲਈ ਕਾਫ਼ੀ ਅਭਿਆਸ ਦੀ ਜ਼ਰੂਰਤ ਹੁੰਦੀ ਹੈ। ਗਾਉਣ ਵਾਲੀਆਂ ਦਾ ਸਾਹ ਲੰਮੇਰਾ ਅਤੇ ਟਿਕਾਊ ਹੋਣਾ ਚਾਹੀਦਾ ਹੈ। ਚਿਹਰੇ ਦੇ ਹਾਵ ਭਾਵ ਅਤੇ ਆਵਾਜ਼ ਗੀਤ ਦਾ ਪ੍ਰਭਾਵ ਸਿਰਜਦੇ ਹੋਣ। ਦੋ ਦੋ ਔਰਤਾਂ ਦੀਆਂ ਜੋੜੀਆਂ ਇਹ ਗੀਤ ਰਲ ਕੇ ਗਾਉਂਦੀਆਂ ਹਨ। ਗੀਤ ਦੀਆਂ ਮਾਹਿਰ ਔਰਤਾਂ ਗੀਤ ਸ਼ੁਰੂ ਕਰਦੀਆਂ ਹਨ ਅਤੇ ਦੂਜੀ ਜੋੜੀ ਉਨ੍ਹਾਂ ਲਾਈਨਾਂ ਨੂੰ ਦੁਹਰਾਉਂਦੀ ਹੈ। ਇਸੇ ਤਰ੍ਹਾਂ ਵਾਰੀ ਸਿਰ ਗਲੇ ਦੀ ਕਸਰਤ ਨਾਲ ਗੀਤ ਪ੍ਰਵਾਨ ਚੜ੍ਹਦਾ ਹੈ। ਗਾਇਕਾਵਾਂ ਪੂਰੀ ਤਰ੍ਹਾਂ ਗੀਤ ਵਿਚ ਰਮ ਜਾਂਦੀਆਂ ਹਨ। ਕਈ ਗੀਤਾਂ ਵਿਚ ਤਾਂ ਤਿੰਨ ਜਾਂ ਚਾਰ ਸਤਰਾਂ ਹੁੰਦੀਆਂ ਹਨ :
ਕੋਈ ਮੇਰੇ ਗੂੰਗੇ ਨੂੰ ਕੁੜਤਾ ਸਵਾ ਦਿਓ ਨੀਂ, ਨੀਂ ਭੈੜਾ ਨੰਗੇ ਗਲ ਫਿਰਦਾ,
ਇਨ੍ਹਾਂ ਮਾਪਿਆਂ ਦਾ ਕੀ ਗਿਆ ਨੀਂ ਸਹੇੜ ਗੂੰਗਾ ਲਿਆ ਨੀਂ, ਨਾਈਆਂ ਡੂਮਾਂ ਦਾ ਕੀ ਗਿਆ ਨੀਂ ਚਟੱਕ
ਪੈਸਾ ਲਿਆ, ਨੀਂ ਮੈਂ ਗੂੰਗੇ ਦੇ ਨਾਲ ਨਾ ਜਾਵਾਂ ਨੀਂ ਕੁੜੀਓ, ਨੀਂ ਮੈਂ ਗੂੰਗੇ ਨੂੰ ਵੇਚਣ ਜਾਣਾ ਨੀਂ ਕੁੜੀਓ।
ਇਹੋ ਜਿਹੇ ਹਾਸਰਸ ਭਰਪੂਰ ਪਰ ਗੁੰਝਲਦਾਰ ਗੀਤ ਵਿਚ ਵੀ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਦੋਂ ਸਾਹ ਲਿਆ ਗਿਆ ਹੈ। ਅਨਪੜ੍ਹ ਹੁੰਦਿਆਂ ਹੋਇਆਂ ਅਤੇ ਬਿਨਾਂ ਕਿਸੇ ਖ਼ਾਸ ਸਿਖਲਾਈ ਤੋਂ ਉਹ ਪੂਰੀ ਸ਼ਿੱਦਤ ਨਾਲ ਕੌਮਾ, ਡੰਡੀ ਦੇ ਸਥਾਨ ’ਤੇ ਰੁਕ ਕੇ ਗੀਤ ਨੂੰ ਪੂਰਾ ਕਰਦੀਆਂ ਸਨ। ਲਾਈਨ ਦੇ ਅੰਤ ’ਤੇ ‘ਵੇ ਹੇ’ ਦੀ ਲੰਮੀ ਧੁਨੀ ਕੱਢੀ ਜਾਂਦੀ।

ਗੁਰਸ਼ਰਨ ਕੌਰ ਮੋਗਾ

ਮਾਲਵੇ ਦੇ ਦੱਖਣੀ ਇਲਾਕੇ ਵਿਚ ਪਾਣੀ ਦੀ ਡਾਢੀ ਕਿੱਲਤ ਸੀ। ਮੁਟਿਆਰਾਂ ਨੂੰ ਪਾਣੀ ਖੂਹ ਤੋਂ ਭਰਨਾ ਪੈਂਦਾ ਸੀ। ਉਹ ਪਾਣੀ ਦੇ ਭਰੇ ਹੋਏ ਦੋ ਦੋ ਘੜੇ ਚੁੱਕ ਕੇ ਮੋਰਾਂ ਦੀ ਤੋਰ ਤੁਰਦੀਆਂ ਹੋਈਆਂ ਨਿੱਤ ਨਵੇਂ ਗੀਤ ਸਿਰਜਦੀਆਂ:
ਸਿਰ ਮੇਰੇ ’ਤੇ ਸੱਗੀ ਨੀਂ ਮੈਂ ਸੱਗੀ ਭਿੱਜਣ ਤੋਂ ਡਰਦੀ ਨੀਂ, ਮੇਰੀ ਸੱਸ ਕੁਪੱਤੀ ਲੜਦੀ ਨੀਂ ਮੈਨੂੰ ਇਕੋ ਘੜਾ ਇਕੋ ਘੜਾ ਭਰ ਲੈਣ ਦਿਓ ਕੁੜੀਓ।’
ਮਾਲਵੇ ਵਿਚ ਪੁਰਾਣੇ ਸਮੇਂ ਦੇ ਵਿਆਹਾਂ ਵੇਲੇ ਸੱਤ ਦਿਨ ਪਹਿਲਾਂ ਹੀ ਗੀਤ ਬਿਠਾ ਲਏ ਜਾਂਦੇ। ਲਾਗਣ ਸਾਰੇ ਆਂਢ ਗੁਆਂਢ ਗੀਤਾਂ ਦਾ ਸੱਦਾ ਦੇ ਆਉਂਦੀ। ਗੁਆਂਢਣਾਂ ਮਿੱਥੇ ਸਮੇਂ ’ਤੇ ਵਿਆਹ ਵਾਲੇ ਘਰ ਪਹੁੰਚ ਜਾਂਦੀਆਂ। ਮੁੰਡੇ ਦਾ ਵਿਆਹ ਹੁੰਦਾ ਤਾਂ ਪਹਿਲਾਂ ਪੰਜ ਘੋੜੀਆਂ ਗਾਈਆਂ ਜਾਂਦੀਆਂ। ਜੇ ਕੁੜੀ ਦਾ ਵਿਆਹ ਹੁੰਦਾ ਤਾਂ ਪੰਜ ਸੁਹਾਗ ਗਾ ਕੇ ਫਿਰ ਲੰਮੀਆਂ ਹੇਕਾਂ ਵਾਲੇ ਗੀਤ ਸ਼ੁਰੂ ਕੀਤੇ ਜਾਂਦੇ ਸਨ। ਜਦੋਂ ਔਰਤਾਂ ਨੇ ਭਰਵੀਂ ਆਵਾਜ਼ ਵਿਚ ਗੀਤ ਗਾਉਣਾ :
ਖੂਹਾ ਵੀ ਗੇੜਿਆ ਸਿੰਘ ਜੀ ਪੱਤਣ ਵੀ ਭੇੜਿਆ ਵੇ, ਮੇਰੇ ਮਾਪਿਆਂ ਨੇ ਤੈਨੂੰ ਨਿੱਜ ਸਹੇੜਿਆ ਵੇ, ਦੂਤੀ ਤੇ ਦੁਸ਼ਮਣ ਤੇਰਾ ਵੇ ਕੋਈ ਜਾਗਦਾ ਨਾ ਹੋਵੇ ਵੇ ਹੇ।
ਵਿਆਹ ਵਾਲੇ ਘਰ ਵਿਚ ਰੌਣਕ ਲੱਗ ਜਾਂਦੀ। ਮੁੰਡੇ ਦੇ ਵਿਆਹ ਦੇ ਗੀਤ ਮਿਲਾਪ ਵਾਲੇ ਅਤੇ ਕੁੜੀ ਦੇ ਵਿਆਹ ਦੇ ਗੀਤ ਵੈਰਾਗਮਈ ਹੁੰਦੇ ਸਨ। ਗਾਇਕਾਵਾਂ ਗੀਤ ਦੇ ਸੁਭਾਅ ਅਨੁਸਾਰ ਆਪਣੇ ਹਾਵ ਭਾਵ ਬਦਲ ਲੈਂਦੀਆਂ। ਗੀਤਾਂ ਦਾ ਅਮੁੱਕ ਸਿਲਸਿਲਾ ਦੇਰ ਰਾਤ ਤਕ ਚੱਲਦਾ ਰਹਿੰਦਾ। ਨਾ ਉਹ ਥੱਕਦੀਆਂ ਅਤੇ ਨਾ ਹੀ ਅੱਕਦੀਆਂ। ਸਾਡਾ ਮਾਵਾਂ ਧੀਆਂ ਦਾ ਰਲਕੇ ਗਾਇਆ ਮਾਂ ਦੀ ਪਸੰਦ ਦਾ ਇਹ ਗੀਤ ਮੇਰੇ ਦਿਲ ਨੂੰ ਬੜਾ ਸਕੂਨ ਦਿੰਦਾ ਹੈ :
ਜੰਮੂ ਦੀ ਨੌਕਰੀ ਜਾਂਦਿਆ ਵੇ ਚੀਕੂ ਖਾਂਦਿਆਂ ਵੇ ਚੀਕੂ ਤੇਰਾ ਸੀ ਮਿੱਠਾ,
ਆਖਿਓ ਸਖੀਓ ਸਹੇਲੜੀਓ ਕਿਤੇ ਜਾਂਦੇ ਵੀ ਡਿੱਠਾ।
ਡਿੱਠਾ ਸੀ ਭੈਣੇ ਡਿੱਠਾ ਨੀਂ ਸਾਡੇ ਕੋਲ ਸੀ ਬੈਠਾ,
ਹੱਥ ਦੋਤਾਰਾ ਰੰਗਲਾ ਨੀਂ ਮੁਖੋਂ ਬੋਲਦਾ ਮਿੱਠਾ।
ਜੰਮੂ ਦੀ ਨੌਕਰੀ ਜਾਂਦਿਆ ਵੇ ਚੀਕੂ ਖਾਂਦਿਆਂ ਵੇ ਸਿਰ ਫੁੱਲਾਂ ਦੀ ਖਾਰੀ,
ਆਖਿਓ ਰਾਜ ਮਹੈਮ ਨੂੰ ਜੀ ਘਰ ਭੈਣ ਕੁਆਰੀ।
ਭੈਣ ਕੁਆਰੀ ਨਾ ਰਹੇ ਨੀਂ ਵੱਡੇ ਦਾਦੇ ਦੀ ਪੋਤੀ,
ਦਾਜ ਬਣਾਦੂੰ ਰੰਗਲਾ ਮੈਂ ਜੜੇ ਮਾਣਕ ਮੋਤੀ।
ਬਹੁਤੀਆਂ ਦੌਲਤਾਂ ਵਾਲਿਆ ਵੇ ਤੂੰ ਨਾ ਰਮਜ਼ ਪਛਾਣੇ,
ਭੈਣ ਉਡੀਕੇ ਭਾਈ ਨੂੰ ਵੇ ਕਦੋਂ ਮੁੜ ਘਰ ਆਵੇ।
ਜੰਮੂ ਦੀ ਨੌਕਰੀ ਜਾਂਦਿਆ ਵੇ ਚੀਕੂ ਖਾਂਦਿਆਂ ਵੇ ਸਿਰ ਦਹੀਆਂ ਦੀ ਚਾਟੀ,
ਆਖਿਓ ਰਾਜ ਮਹੈਮ ਨੂੰ ਜੀ ਗਲ ਚੋਲੜੀ ਪਾਟੀ।
ਚੋਲੜੀ ਪਾਟੀ ਨਾ ਰਹੇ ਨੀਂ ਚੋਲੀ ਹੋਰ ਸੰਵਾਵਾਂ,
ਸੌ ਸੱਠ ਮੇਰੇ ਮਿੱਤਰ ਨੀਂ ਚੋਲੀ ਲੈ ਗਲ ਪਾਵਾਂ।
ਮਿੱਤਰਾਂ ਦੇ ਸਿਰ ਛਿੱਤਰ ਵੇ ਜਿਹੜੇ ਤੇਰੇ ਨੇ ਭਾਈ,
ਉਠ ਜੂੰਗੀ ਸਰਵਣ ਪੇਕੜੇ ਵੇ ਚੋਲੀ ਲੈ ਗਲ ਪਾਈ।
ਜੰਮੂ ਦੀ ਨੌਕਰੀ ਜਾਂਦਿਆ ਵੇ ਚੀਕੂ ਖਾਂਦਿਆਂ ਵੇ ਤੈਨੂੰ ਸਮਝ ਨਾ ਆਈ,
ਜਿੰਦ ਅਸਾਡੀ ਰੋਲ ਕੇ ਵੇ ਲਈ ਸਾਰ ਨਾ ਕਾਈ।
ਹੁਣ ਕਿਉਂ ਝੂਰੇਂ ਗੋਰੀਏ ਨੀਂ ਰੋਗ ਆਪੇ ਸਹੇੜੇ,
ਜੋਗੀ ਫੇਰੀ ਪਾਊਗਾ ਨੀਂ ਕਦੇ ਤੇਰੇ ਵੀ ਵੇਹੜੇ।

ਸੰਪਰਕ : 98766-35262


Comments Off on ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.