ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’

Posted On January - 20 - 2020

ਐੱਸ ਪੀ ਸਿੰਘ*

ਸਿਆਸਤ ਖਲਾਅ ਬਰਦਾਸ਼ਤ ਨਹੀਂ ਕਰਦੀ। ਰਾਜਨੀਤੀ ਇੱਕ ਭਖੀ ਹੋਈ ਖੇਡ ਹੈ ਜਿੱਥੇ ਮੈਦਾਨ ਦਾ ਚੱਪਾ-ਚੱਪਾ ਵਾਚਿਆ ਜਾਂਦਾ ਹੈ, ਨਵੇਂ ਖਿਡਾਰੀ ਦਾ ਮੈਦਾਨ ਵਿਚ ਆਉਣਾ ਮੁਸ਼ਕਿਲ ਹੁੰਦਾ ਹੈ। ਪੁਰਾਣੇ ਹੀ ਆਪੋ ਵਿੱਚ ਬਾਰ੍ਹਾਂ ਮਹੀਨੇ ਤੀਹ ਦਿਨ ਖਹਿੰਦੇ ਹਨ। ਹਰ ਦੋਸਤੀ ਆਰਜ਼ੀ ਖੇਮੇਬੰਦੀ ਹੁੰਦੀ ਹੈ, ਹਰ ਦੁਸ਼ਮਣੀ ਸਾਂਝੀ ਸਮਝ ਦੇ ਆਧਾਰ ’ਤੇ ਪਾਲੀ ਜਾਂਦੀ ਹੈ।
ਫਿਰ ਇਸ ਗਹਿਗੱਚ ਖੇਡ ਵਿੱਚ ਏਡੀ ਸਾਰੀ ਜਗ੍ਹਾ ਕਿੱਥੋਂ ਨਿਕਲ ਆਈ ਜਿਸ ਨੂੰ ਅਚਾਨਕ ਵਿਦਿਆਰਥੀਆਂ ਨੇ ਆਣ ਮੱਲਿਆ ਹੈ? ਮੁੱਦੇ, ਸੁਰਖ਼ੀਆਂ, ਘਟਨਾਵਾਂ ਅਤੇ ਇੱਥੋਂ ਤੱਕ ਕਿ ਬਿਆਨੀਏ ਵੀ ਹੁਣ ਅੰਦੋਲਨਕਾਰੀ ਵਿਦਿਆਰਥੀਆਂ ਦੁਆਲੇ ਘੁੰਮ ਰਹੇ ਹਨ। ਚਿਰਾਂ ਬਾਅਦ ਭਾਰਤੀ ਰਾਜਨੀਤੀ ਵਿਦਿਆਰਥੀ ਘੋਲ਼ ਦੁਆਲੇ ਹੋ ਰਹੀ ਬਹਿਸ ਨੂੰ ਸੰਬੋਧਿਤ ਹੋ ਰਹੀ ਹੈ, ਬਲਕਿ ਵਿਦਿਆਰਥੀ ਘੋਲ ਨੇ ਰਾਜਨੀਤਕ ਬਿਆਨੀਏ ਨੂੰ ਕੰਨੋਂ ਫੜ ਕੇ ਕੁਝ ਇਤਿਹਾਸਕ ਸਵਾਲਾਂ ਅਤੇ ਅਜੋਕੇ ਕਾਲ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਮਜਬੂਰ ਕਰ ਦਿੱਤਾ ਹੈ।
ਦੇਸ਼ ਭਰ ਵਿੱਚ ਸੜਕਾਂ-ਚੌਕਾਂ-ਪਾਰਕਾਂ ਜਾਂ ਕਾਲਜਾਂ-ਯੂਨੀਵਰਸਿਟੀਆਂ ਦੇ ਕੈਂਪਸ ਵਿੱਚ ਕੁਝ ਘੰਟਿਆਂ ਲਈ ਸਜਾਏ ਜਾ ਰਹੇ ‘ਸ਼ਾਹੀਨ ਬਾਗ਼’ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਨਵੀਂ ਨਸਲ ਪੁਰਾਣੇ ਸਵਾਲਾਂ ਨਾਲ ਦਸਤਪੰਜਾ ਲੈਣ ਲਈ ਬਾਹਰ ਨਿਕਲੀ ਹੈ।
ਅੰਦੋਲਨ ਦੀ ਰੂਹ ਪ੍ਰਮੁੱਖ ਤੌਰ ਉੱਤੇ ਵਿਦਿਆਰਥੀ ਹਨ ਜਾਂ ਫਿਰ ਮੁਸਲਮਾਨ ਭਾਈਚਾਰਾ ਹੈ। ਮੁਸਲਮਾਨ ਭਾਈਚਾਰੇ ਦੀ ਵਡੇਰੀ ਸ਼ਮੂਲੀਅਤ ਦੇ ਕਾਰਨ ਸਮਝ ਆਉਂਦੇ ਹਨ – ਉਨ੍ਹਾਂ ਉੱਤੇ ਐਲਾਨੀਆ ਹਕੂਮਤੀ ਹਮਲਾ ਹੋ ਰਿਹਾ ਹੈ। ਰਵਾਇਤੀ ਤੌਰ ਉੱਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਉਨ੍ਹਾਂ ਦੀ ਆਦਰਸ਼ਵਾਦੀ ਹੋਣ ਵਾਲੀ ਉਮਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਫਿਰ ਵਰ੍ਹਿਆਂ ਨਾਲ ਉਮਰ ਦੇ ਪਾਸੇ ਖੇਡਦਿਆਂ ਆਦਰਸ਼ਾਂ ਦੇ ਸੰਦਲੀ ਨਰਦ ਹਾਰਨਾ ਕੁਦਰਤ ਦਾ ਕੋਈ ਨੇਮ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਦੇਸ਼ ਭਰ ਵਿੱਚ ਚੰਦ ਘੰਟਿਆਂ, ਦਿਨਾਂ ਜਾਂ ਹਫ਼ਤਿਆਂ ਲਈ ਸਜ ਰਹੇ ਇਨ੍ਹਾਂ ‘ਸ਼ਾਹੀਨ ਬਾਗ਼ਾਂ’ ਵਿੱਚ ਖ਼ਲਕਤ ਦੇ ਬਾਕੀ ਹਿੱਸੇ ਅਜੇ ਧਾਅ ਕੇ ਨਹੀਂ ਬਹੁੜ ਰਹੇ।

ਐੱਸ ਪੀ ਸਿੰਘ*

ਜੇ ਵਿਦਿਆਰਥੀਆਂ ਦਾ ਡਟੇ ਰਹਿਣਾ ਸਫਲਤਾ ਹੈ ਤਾਂ ਧਰਨਿਆਂ-ਪ੍ਰਦਰਸ਼ਨਾਂ ਦਾ ਖ਼ਲਕਤੀ ਨਾ ਹੋ ਜਾਣਾ ਅਸਫਲਤਾ ਵੀ ਹੈ। ਇਸ ਸਫਲਤਾ-ਅਸਫਲਤਾ ਦੇ ਕਾਰਨ ਨਿਸ਼ਚਿਤ ਹੀ ਬਹੁਤੇਰੇ (multiple) ਵੀ ਹਨ ਤੇ ਬਹੁਪਰਤੀ (multi-layered) ਵੀ, ਅਤੇ ਅਰਥ ਵਿਗਿਆਨ, ਸਮਾਜ ਸ਼ਾਸਤਰ, ਮਨੋਵਿਗਿਆਨ ਅਤੇ ਕੰਪਿਊਟੇਸ਼ਨਲ ਸਾਇੰਸਜ਼ ਦੇ ਇੰਟਰ-ਡਿਸਿਪਲਨਰੀ ਮਾਹਿਰ ਇਸ ਵਰਤਾਰੇ ਦੀ ਪਰਤ-ਦਰ-ਪਰਤ ਪੜ੍ਹਤ ਸਾਨੂੰ ਜ਼ਰੂਰ ਸਮਝਾਉਣਗੇ, ਪਰ ਫਿਲਹਾਲ ਅਸੀਂ ਇੱਕ ਅਜੀਬ ਦੁਬਿਧਾ ਦੇ ਮੁਹਾਣੇ ’ਤੇ ਖੜ੍ਹੇ ਹਾਂ।
ਕੁਝ ਦਹਾਕਿਆਂ ਤੋਂ ਅਸੀਂ ਵਿਅਕਤੀਵਾਦ (individualism), ਨਿੱਜੀ ਅਧਿਕਾਰਾਂ (individual rights), ਨਿੱਜਤਾ ਦੀ ਪ੍ਰਮੁੱਖਤਾ, ਵਿਅਕਤੀ ਦੀ ਆਪਣੀਆਂ ਤਮਾਮ ਸੰਭਾਵਨਾਵਾਂ ਨੂੰ ਉਜਾਗਰ ਤੇ ਸਾਕਾਰ ਕਰਨ ਦੀ ਮਹੱਤਤਾ ਉੱਤੇ ਭਰਪੂਰ ਅਤੇ ਤੀਬਰ ਜ਼ੋਰ ਦਿੰਦੇ ਆ ਰਹੇ ਹਾਂ। ਇਨ੍ਹਾਂ ਹੀ ਦਹਾਕਿਆਂ ਵਿੱਚ ਅਸੀਂ ਇੱਕ ਮੁਨਾਫ਼ੇ-ਪੱਖੀ ਸਮਾਜ ਦੀ ਪਕੇਰੀ ਉਸਾਰੀ ਹੁੰਦੀ ਵੇਖੀ ਹੈ ਜਿਸ ਦੇ ਕੇਂਦਰ ’ਤੇ ਪੂੰਜੀ ਹੈ ਅਤੇ ਜਿਸ ਦੀ ਆਪਣੀ ਅੰਤਰੀਵ ਨੈਤਿਕਤਾ ‘ਨਿੱਜ ਦੀ ਤਰੱਕੀ’ ਹੈ।
ਹਰ ਕਿਸਮ ਦੇ ਗਿਆਨ ਤੋਂ ਸੱਖਣਾ ਵੀ ਇਸ ਗੁੰਝਲਦਾਰ ਵਿਸ਼ਾ-ਵਸਤੂ ਨੂੰ ਸੁਖਾਲੇ ਵਾਕ ਵਿੱਚ ਨਿਤਾਰ ਦਿੰਦਾ ਹੈ – ‘‘ਓ ਜੀ, ਅੱਜਕੱਲ੍ਹ ਹਰ ਕਿਸੇ ਨੂੰ ਆਪਣੀ ਪਈ ਹੈ।’’
ਓਧਰ ਸਾਡੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਥੀਸਿਸ ਨੂੰ ਨਕਾਰ, ਨਵਾਂ ਫਲਸਫ਼ਾ ਘੜਣ ਦਾ ਤਹੱਈਆ ਕਰ ਲਿਆ ਹੈ। ਉਨ੍ਹਾਂ ਨੇ ਇੱਕ-ਦੂਜੇ ਨਾਲ, ਦੇਸ਼ ਨਾਲ, ਪੀੜਤ ਨਾਲ ਫ਼ਿਕਰਮੰਦੀ ਦਾ ਪੱਲਾ ਫੜ ਲਿਆ ਹੈ। ਇਹ ਕੈਸਾ ਰਿਸ਼ਤਾ ਘੜ ਲਿਆ ਹੈ? ਜੇਐੱਨਯੂ, ਜਾਮੀਆ, ਅਲੀਗੜ੍ਹ, ਹੈਦਰਾਬਾਦ, ਮੁੰਬਈ ਅਤੇ ਹੋਰਨਾਂ ਸ਼ਹਿਰਾਂ ਤੋਂ ਉੱਠੀ ਵਿਦਿਆਰਥੀਆਂ ਦੀ ਗਰਜ ਵਿੱਚ ਰੋਹਲੀ ਤੀਬਰਤਾ ਦਾ ਕਾਰਨ ਹੀ ਇਹ ਹੈ ਕਿ ਉਸ ਵਿੱਚ ਹਿੰਦੂ-ਮੁਸਲਿਮ-ਸਿੱਖ-ਇਸਾਈ-ਆਦਿਵਾਸੀ-ਆਸਤਕ-ਨਾਸਤਕ ਸਭ ਆਵਾਜ਼ਾਂ ਇਕੱਠੀਆਂ ਹਨ। ਨਿਡਰ, ਨਿਧੜਕ, ਅੱਖਾਂ ਵਿੱਚ ਅੱਖਾਂ ਪਾ ਤਿਲਮਿਲਾਉਂਦੇ ਚਿਹਰਿਆਂ ਨੂੰ ਹਕੂਮਤ ਵੱਲ ਉਂਗਲ ਕਰ ਸਵਾਲ ਪੁੱਛਦਿਆਂ ਵੇਖ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਪਛਾਣ ਫ਼ਿਕਰਮੰਦ ਦੇ ਰੂਪ ਵਿੱਚ ਸਮਝਦੇ ਹਨ।
ਇੱਕ ਪਾਸੇ ਅਤਿ-ਨਿੱਜਤਾਵਾਦ ਅਤੇ ਪੂੰਜੀਵਾਦੀ ਜਾਂ ਮੁਨਾਫ਼ੇ-ਪੱਖੀ ਸਮਾਜ ਅਤੇ ਦੂਜੇ ਪਾਸੇ ਫ਼ਿਕਰ ਦੀ ਭਾਈਵਾਲੀ ਦੀਆਂ ਨੀਹਾਂ ਉੱਤੇ ਉਸਰ ਰਿਹਾ ਏਕਾ ਅਤੇ ਬਿਆਨੀਆ – ਇਨ੍ਹਾਂ ਦੋਹਾਂ ਵਿੱਚ ਬੁਨਿਆਦੀ ਕਸ਼ਮਕਸ਼ ਹੀ ਨਹੀਂ ਬਲਕਿ ਤਾਸੀਰੀ ਵਿਰੋਧ ਹੈ।
ਕੀ ਅਸੀਂ ਹੁਣ ਦੇਸ਼ ਵਿੱਚ ਭਖੇ ਵਿਦਿਆਰਥੀ ਅੰਦੋਲਨ ਦੀ ਇੰਤਹਾ ਦੇਖ ਰਹੇ ਹਾਂ ਜਾਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਅਤੇ ਹਿੰਦੂ-ਮੁਸਲਮਾਨ ਭਾਈਚਾਰੇ ਦੀ ਦਲੀਲ ਦੇ ਕੇ ਵਿਗਸਿਆ ਇਹ ਅੰਦੋਲਨ ਕੁਝ ਅੱਗੇ ਚੱਲ ਕੇ ਇੰਨਾ ਪ੍ਰੋੜ ਵੀ ਹੋ ਜਾਵੇਗਾ ਕਿ ਇਹ ਕੁੱਲ ਸਮਾਜ ਦੀ ਪੁਨਰ-ਸਿਰਜਨਾ ਦੀ ਗਵਾਹੀ ਭਰੇਗਾ? ਹਰ ਕਿਸੇ ਨੂੰ ਹਰ ਕਿਸੇ ਦੇ ਫ਼ਿਕਰ ਵਾਲੀ ਕੋਈ ਨਵੀਂ ਨੈਤਿਕਤਾ ਘੜੇਗਾ?
ਸਭਨਾਂ ਧਰਮਾਂ ਕੋਲ ਸਰਬੱਤ ਪ੍ਰਤੀ ਫ਼ਿਕਰਮੰਦੀ ਬਾਰੇ ਢੁਕਵੀਆਂ ਟੂਕਾਂ ਅਤੇ ਉਨ੍ਹਾਂ ਦੀ ਘੋਰ ਉਲੰਘਣਾ ਕਰਕੇ ਫ਼ਿਰਕੇਦਾਰਾਨਾ ਹਿੱਤਾਂ ਹਿੱਤ ਕੀਤੇ ਕਾਰਿਆਂ ਨੂੰ ਜਾਇਜ਼ ਠਹਿਰਾਉਂਦੀਆਂ ਮੰਤਕੀ ਦਲੀਲਾਂ ਹਮੇਸ਼ਾਂ ਅਤੇ ਨਾਲੋ ਨਾਲੋ ਫ਼ਰਹਾਮ ਰਹਿੰਦੀਆਂ ਹਨ।
ਫ਼ਿਕਰ ਦੇ ਰਾਸ਼ਟਰਵਿਆਪੀ ਸਵਾਲ ਗੁੰਝਲਦਾਰ ਹਨ। ਇੱਕ ਪਾਸੇ ਇਨ੍ਹਾਂ ਦੀਆਂ ਤੰਦਾਂ ਕੌਮਾਂ ਅਤੇ ਕੌਮੀਅਤਾਂ ਬਾਰੇ ਸਮਝ ਨਾਲ ਜੁੜੀਆਂ ਹਨ, ਦੂਜੇ ਪਾਸੇ ਵਰਣ-ਵੰਡ ਦੇ ਢਾਂਚੇ ਨਾਲ। ਆਜ਼ਾਦੀ ਸੰਗਰਾਮ ਦੇ ਨਾਲ-ਨਾਲ ਚਿਰਾਂ ਤੋਂ ਪੈਂਡਾ ਘੱਤਦੇ ਆ ਰਹੇ ਹਿੰਦੂ-ਮੁਸਲਿਮ ਰਿਸ਼ਤਿਆਂ ਦੇ ਸਵਾਲ ਨਾਲ ਵੀ ਦੋ ਚਾਰ ਹੋਣਾ ਅਜੇ ਬਾਕੀ ਹੈ, ਅਤੇ ਰਾਸ਼ਟਰ ਦੀ ਬੁਨਿਆਦੀ ਤਾਸੀਰ ਉੱਤੇ ਲੱਗੇ ਕੁਝ ਖ਼ੂਨੀ ਪ੍ਰਸ਼ਨ ਚਿੰਨ੍ਹ ਵੀ ਅਜਿਹੀ ਕਿਸੇ ਵੀ ਬਹਿਸ ਤੋਂ ਜਵਾਬ ਦੀ ਤਲਬ ਰੱਖਦੇ ਹਨ।
ਇਨ੍ਹਾਂ ਸਵਾਲਾਂ ਦੇ ਤਾਂ ਹੁਣ ਪੈਰੀਂ ਵੀ ਛਾਲੇ ਪੈ ਗਏ ਹਨ। ਉਧਰ ਨਵੇਂ ਸਵਾਲ ਮੂੰਹ ਚੁੱਕੀ ਆਣ ਢੁੱਕੇ ਹਨ। ਰਾਸ਼ਟਰਵਾਦ ਅਤੇ ਕੌਮੀਅਤ ਦੇ ਸਵਾਲਾਂ ਨੇ ਪੂੰਜੀ ਦੇ ਸਵਾਲਾਂ ਨਾਲ ਜੁੜਨਾ ਹੈ, ਜਵਾਬਾਂ ਤੋਂ ਪਹਿਲਾਂ ਖ਼ਲਕਤ ਦੀ ਸੱਥ ਨੇ ਅਜੇ ਬੜੀ ਉਲਝਣ ਵੇਖਣੀ ਹੈ।
ਸਿਆਸੀ ਮੰਚ ਉੱਤੇ ਵਿਦਿਆਰਥੀ ਇਹ ‘ਸ਼ਾਹੀਨ ਬਾਗ਼’ ਇਸੇ ਲਈ ਉਸਾਰ ਸਕੇ ਹਨ ਕਿਉਂਕਿ ਸਿਆਸੀ ਪਾਰਟੀਆਂ ਨੇ ਬੜੀ ਦੇਰ ਤੋਂ ਸਿਆਸਤ ਤੋਂ ਕਿਨਾਰਾ ਕੀਤਾ ਹੋਇਆ ਹੈ। ਉਹ ਸੱਤਾ ਅਤੇ ਚੋਣਾਂ ਦੇ ਸਮੀਕਰਣਾਂ ਵਿੱਚ ਫਸੀਆਂ ਹਨ, ਲੋਟੂ ਟੋਲੇ ਹੱਥ ਆਈਆਂ ਹਲਕਿਆਂ-ਉਮੀਦਵਾਰਾਂ-ਧੜਿਆਂ-ਗੱਠਜੋੜਾਂ ਵਿੱਚ ਗ਼ਲੀਜ਼ ਆਪਣੇ ਤੋਂ ਕਿਤੇ ਵਡੇਰੀਆਂ ਤਾਕਤਾਂ ਹੱਥੋਂ ਮਾਤ ਖਾ ਰਹੀਆਂ ਹਨ, ਉਨ੍ਹਾਂ ਦੀਆਂ ਕਠਪੁਤਲੀਆਂ ਬਣ ਵਿਚਰ ਰਹੀਆਂ ਹਨ।
ਵਿਦਿਆਰਥੀ ਸ਼ਕਤੀ ਦੇ ਹਾਲੀਆ ਮੁਜ਼ਾਹਰੇ ਨੇ ਕੁਝ ਹੋਰ ਬੰਨ੍ਹ ਵੀ ਤੋੜੇ ਹਨ। ਸਿੱਖਿਆ ਦੇ ਨਿੱਜੀਕਰਨ ਕਾਰਨ ਵੀ ਅਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਪੰਜਾਬ ਸਮੇਤ ਕਈ ਪੂਰੇ ਸੂਬਿਆਂ ਵਿੱਚ ਹੀ ਵਿਦਿਆਰਥੀ ਚੋਣਾਂ ਨਾ ਹੋਣ ਕਾਰਨ ਰਾਜਨੀਤੀ ਪ੍ਰਤੀ ਸਮਝ, ਵਿੱਦਿਆ ਦੇ ਮੰਦਿਰਾਂ ਦੀ ਦਹਿਲੀਜ਼ ’ਤੇ ਰੋਕ ਦਿੱਤੀ ਗਈ ਸੀ। ਹੁਣ ਉਹ ਵਿਦਿਆਰਥੀ ਵੀ ਇਸ ਵਰਤਾਰੇ ਨੂੰ ਵੇਖ ਸਵਾਲ ਪੁੱਛ ਰਹੇ ਹਨ, ਰਾਜਨੀਤੀ ਨਾਲ ਜੁੜ ਰਹੇ ਹਨ। ਇਹੋ ਸਮਾਂ ਹੈ ਜਦੋਂ ਵਿਦਿਆਰਥੀ ਰਾਜਨੀਤੀ ਨੇ ਉਨ੍ਹਾਂ ਵਿਰਵੇ ਰਹਿ ਗਏ ਪਾੜ੍ਹਿਆਂ ਤੱਕ ਪਹੁੰਚ ਕਰਨੀ ਹੈ, ਰਾਜਨੀਤਕ ਹੋਣਾ ਸਾਹ ਲੈਣ ਵਾਂਗ ਜ਼ਰੂਰੀ ਹੈ, ਇਹ ਪਾਠ ਪੜ੍ਹਾਉਣਾ ਹੈ।
ਫ਼ਿਕਰਮੰਦੀ ਦੇ ਰਿਸ਼ਤਿਆਂ ਦੇ ਮੁੱਦਈ ਬੜੇ ਬਿਖੜੇ ਪੈਂਡੇ ਟੁਰੇ ਹਨ। ਵਕਤ ਅਤੇ ਘਟਨਾਕ੍ਰਮ ਨੇ ਉਨ੍ਹਾਂ ਨੂੰ ਸਿੱਧੀ ਦਖਲਅੰਦਾਜ਼ੀ ਕਰਨ ਲਈ ਰਾਜਨੀਤੀ ਵਿੱਚ ਝੀਥ ਜਿੰਨ੍ਹੀ ਜਗ੍ਹਾ ਦਿੱਤੀ ਹੈ। ਅੱਗੇ ਵਧ, ਧੁੰਦਲਕੇ ਨੂੰ ਪਾਸੇ ਕਰ, ਸਵਾਲਾਂ ਨੂੰ ਵਡੇਰਿਆਂ ਕਰ, ਖ਼ਲਕਤ ਦੇ ਘੇਰੇ ਨੂੰ ਵਸੀਹ ਕਰਨ ਦਾ ਭਾਰ ਹੁਣ ਉਨ੍ਹਾਂ ਦੇ ਮੋਢਿਆਂ ’ਤੇ ਹੈ। ਪੁਰਾਣੇ ਖੁੰਡ ਖਿਡਾਰੀਆਂ ਨੇ ਉੱਕਾ ਹੀ ਮੋਢਾ ਨਹੀਂ ਦੇਣਾ, ਗੋਡਾ ਭਾਵੇਂ ਵਿੱਚ ਅੜਾ ਦੇਣ।
ਵੱਡੀ ਜੰਗ ਦੇ ਮੁਹਾਜ਼ ’ਤੇ ਨਿਕਲੀ ਜੋਸ਼ੀਲੀ ਪਰ ਹਾਲੇ ਕਮਜ਼ੋਰ ਫ਼ੌਜ ਹਕੂਮਤੀ ਲੱਠ ਦੇ ਨਿਸ਼ਾਨੇ ’ਤੇ ਵੀ ਹੈ। ਇਹ ਅੱਗੇ ਵਧ ਬੁਲੰਦ ਹੌਸਲੇ ਨਾਲ ਅਗਵਾਈ ਵੀ ਦੇ ਸਕਦੀ ਹੈ ਅਤੇ ਤਾਦਾਦ ਬਾਰੇ ਮੁਹੰਦਸੀ ਸਮੀਕਰਨਾਂ ਕਾਰਨ ਪਸਤ ਵੀ ਹੋ ਸਕਦੀ ਹੈ। ਇਸ ਨੌਜਵਾਨ ਸੈਨਾ ਵਿੱਚ ਯਕਰੰਗੀ ਫੁੱਲਾਂ ਵਾਲਾ ਕੋਈ ਬਿਆਨੀਆ ਨਹੀਂ ਚਲਣਾ। ‘‘ਨਾ ਹਾਰੇਂਗੇ, ਨਾ ਮਾਰੇਂਗੇ, ਵੋਹ ਤੋੜੇਂਗੇ, ਹਮ ਜੋੜੇਂਗੇ” ਵਾਲੇ ਅਤੇ ‘‘ਇੱਕੀ-ਦੁੱਕੀ ਚੱਕ ਦਿਆਂਗੇ, ਧੌਣ ’ਤੇ ਗੋਡਾ ਰੱਖ ਦਿਆਂਗੇ’’ ਵਾਲਿਆਂ ਨੂੰ ਇੱਕ ਦੂਜੇ ਨਾਲ ਰਲ ਕੇ ਚੱਲਣਾ ਸਿੱਖਣਾ ਪਵੇਗਾ। ਆਪਣੇ ਅੰਦਰਲੇ ਮਨੁੱਖ ਨੂੰ, ਧੁਰ ਅੰਦਰ ਦੀ ਕਰੁਣਾ ਨੂੰ, ਗਵਾਂਢੀ ਨੂੰ ਤੇ ਜਿਸਨੂੰ ਉਹ ‘ਦੂਜਾ’ ਦੱਸਦੇ ਹਨ, ਉਸ ਨੂੰ ਬਚਾਉਣ ਵਾਲੇ ਅਤੇ ਜ਼ਾਲਮ ਸਾਹਵੇਂ ਪਿੰਡੇ ’ਤੇ ਲਾਠੀਆਂ ਝੱਲਣ ਵਾਲੇ ਜੇ ਆਪਸੀ ਸਾਂਝਾਂ ਤਾਮੀਰ ਕਰਨ ਤੋਂ ਉੱਕ ਗਏ ਤਾਂ ‘ਸ਼ਾਹੀਨ ਬਾਗ਼’ ਵਿੱਚ ਏਨੇ ਵੱਡੇ ਸੁਫ਼ਨਿਆਂ ਦੀ ਕਬਰ ਬਣੇਗੀ ਕਿ ਸਾਥੋਂ-ਤੁਹਾਥੋਂ ਹੋਣ ਵਾਲੀਆਂ ਇਤਿਹਾਸਕ ਭੁੱਲਾਂ ਬਖਸ਼ਾਉਣ ਦੀ ਅਰਦਾਸ ਕਿਤੇ ਪ੍ਰਵਾਨ ਨਾ ਹੋਸੀ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਇੱਕੋ ਮੁਹਾਜ਼ ’ਤੇ ਮੁੱਠੀ-ਵੱਟ ਕਸੇ ਜਾ ਰਹੇ ਨਾਹਰਿਆਂ ਵਿੱਚ ਵੰਡੀਆਂ ਭੀੜਾਂ ਨੂੰ ਵੇਖ, ਕਦੀ-ਕਦੀ ਹਕੂਮਤੀ ਯਕਰੰਗੀ ਤੋਂ ਹੀ ਈਰਖ਼ਾ ਕਰਦਾ, ਝੂਰਦਾ ਵੇਖਿਆ ਗਿਆ ਹੈ।)


Comments Off on ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.