ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਵਕਤ ਦੇ ਝੰਬੇ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਹੋਮ ਬਣਿਆ ਸਹਾਰਾ

Posted On January - 13 - 2020

ਆਤਿਸ਼ ਗੁਪਤਾ
ਚੰਡੀਗੜ੍ਹ, 12 ਜਨਵਰੀ
ਸੌ ਵਰ੍ਹਿਆਂ ਨੂੰ ਢੁੱਕੇ ਐੱਸ.ਕੇ. ਭੱਲਾ ਦਾ ਸਾਰਾ ਪਰਿਵਾਰ (4 ਬੱਚੇ) ਕੁਝ ਸਾਲ ਪਹਿਲਾਂ ਸੜਕ ਹਾਦਸੇ ਦੀ ਭੇਟ ਚੜ੍ਹ ਗਿਆ ਸੀ। ਪਤਨੀ ਵੀ ਬੱਚਿਆਂ ਦੀ ਮੌਤ ਦਾ ਸਦਮਾ ਨਾ ਸਹਾਰਦੀ ਹੋਈ ਦਿਮਾਗੀ ਤੌਰ ’ਤੇ ਬਿਮਾਰ ਹੋਣ ਮਗਰੋਂ ਵਿਛੋੜਾ ਦੇ ਗਈ ਤਾਂ ਇਸ ਬਜ਼ੁਰਗ ਨੇ ਸੀਨੀਅਰ ਸਿਟੀਜ਼ਨ ਹੋਮ ਨੂੰ ਹੀ ਆਪਣਾ ਘਰ ਅਤੇ ਹਾਣੀਆਂ ਨੂੰ ਆਪਣੇ ਪਰਿਵਾਰ ਸਮਝ ਲਿਆ।
ਪੇਸ਼ੇ ਤੋਂ ਵਕੀਲ ਰਹੇ ਸ੍ਰੀ ਭੱਲਾ 2005 ਤੋਂ ਸੀਨੀਅਰ ਸਿਟੀਜ਼ਨ ਹੋਮ ’ਚ ਰਹਿ ਰਹੇ ਹਨ, ਜੋ ਕਿ ਕੰਨਾਂ ਤੋਂ ਸੁਣ ਨਹੀਂ ਸਕਦੇ ਸਿਰਫ਼ ਇਸ਼ਾਰਿਆਂ ਨਾਲ ਹੀ ਸਮਝਦੇ ਹਨ ਜਾਂ ਲਿਖਤੀ ਸਵਾਲ ਦਾ ਜਵਾਬ ਦਿੰਦੇ ਹਨ। ਵਕਤ ਦੇ ਗੇੜ ਨੇ ਇਸ ਬਜ਼ੁਰਗ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਰਹਿੰਦੇ ਪਲ ਹੱਸ ਖੇਡ ਕੇ ਗੁਜ਼ਾਰਨਾ ਚਾਹੁੰਦੇ ਹਨ। ਸ੍ਰੀ ਭੱਲਾ ਦੇ ਪਰਿਵਾਰ ’ਚ ਹੁਣ ਸਿਰਫ਼ ਦੂਰ ਦਾ ਇੱਕ ਰਿਸ਼ਤੇਦਾਰ ਹੈ ਜੋ ਸਾਲ ’ਚ ਇੱਕ ਵਾਰ ਉਨ੍ਹਾਂ ਨੂੰ ਮਿਲਣ ਲਈ ਆ ਜਾਂਦਾ ਹੈ।
ਤਿੰਨ ਕੁ ਸਾਲਾਂ ਤੋਂ ਇੱਥੇ ਰਹਿ ਰਹੀ ਚੰਡੀਗੜ੍ਹ ਵਾਸੀ ਵੀਣਾ ਨੇ ਦੱਸਿਆ ਕਿ ਉਹ ਜ਼ਿੰਦਗੀ ਭਰ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਸਕੀ ਅਤੇ ਅੰਤ ਸਮੇਂ ’ਚ ਪ੍ਰਮਾਤਮਾ ਨੇ ਉਸ ਨੂੰ ਪਰਿਵਾਰ ਤੋਂ ਹੀ ਵੱਖ ਕਰ ਦਿੱਤਾ। ਉਨ੍ਹਾਂ ਦਾ ਪਤੀ ਪ੍ਰਾਈਵੇਟ ਨੌਕਰੀ ਅਤੇ ਉਹ ਵੀ ਬਾਲ ਨਿਕੇਤਨ ’ਚ ਕੰਮ ਕਰਦੀ ਸੀ। ਪਤੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ, ਜਿਸ ਮਗਰੋਂ ਉਨ੍ਹਾਂ ਦੇ ਪਰਿਵਾਰ ’ਚ ਦੋ ਬੇਟੇ ਅਤੇ ਇੱਕ ਬੇਟੀ ਰਹਿ ਗਈ। ਘਰ ਦਾ ਗੁਜ਼ਾਰਾ ਚਲਾਉਣ ਲਈ ਲਈ ਉਹ ਬਾਲ ਨਿਕੇਤਨ ’ਚ ਨੌਕਰੀ ਕਰਦੀ ਰਹੀ ਅਤੇ ਬੱਚਿਆਂ ਨੂੰ ਸਮਾਂ ਨਾ ਦੇ ਸਕੀ। ਬੱਚੇ ਆਪਣੀ ਮਿਹਨਤ ਸਦਕਾ ਆਪਣੇ ਪੈਰਾਂ ’ਤੇ ਖ਼ੁਦ ਖੜ੍ਹੇ ਹੋਏ। ਬੇਟੀ ਮੁੰਬਈ ’ਚ ਵਿਆਹੀ ਹੋਈ ਹੈ ਜਦਕਿ ਇੱਕ ਬੇਟਾ ਚੰਡੀਗੜ੍ਹ ’ਚ ਹੀ ਹੈ ਅਤੇ ਦੂਜਾ ਲੁਧਿਆਣਾ ਰਹਿੰਦਾ ਹੈ। ਬਾਲ ਨਿਕੇਤਨ ’ਚ ਕੰਮ ਕਰਦਿਆਂ ਸ੍ਰੀਮਤੀ ਵੀਣਾ ਦੀ ਉਮਰ ਢਲਦੀ ਵੇਖ ਕੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਹੋਮ ’ਚ ਭੇਜ ਦਿੱਤਾ। ਸ੍ਰੀਮਤੀ ਵੀਨਾ ਨੇ ਕਿਹਾ ਕਿ ਉਹ ਜ਼ਿੰਦਗੀ ’ਚ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਦੇ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਸਮਾਂ ਨਹੀਂ ਦੇ ਸਕੀ ਤਾਂ ਹੁਣ ਬੱਚੇ ਉਸ ਨੂੰ ਸਮਾਂ ਕਿਵੇਂ ਦੇ ਸਕਦੇ ਹਨ। ਉਸ ਦੇ ਦੋਵੇਂ ਲੜਕੇ ਪ੍ਰਾਈਵੇਟ ਨੌਕਰੀ ਕਰਦੇ ਹਨ ਤੇ ਬੱਚੇ ਵੀ ਕਿਰਾਏ ਦੇ ਮਕਾਨ ’ਚ ਰਹਿ ਰਹੇ ਹਨ। ਉਹ ਕਈ ਵਾਰ ਮਿਲਣ ਲਈ ਆਉਂਦੇ ਹਨ ਪਰ ਉਹ ਉਨ੍ਹਾਂ ਦੇ ਨਾਲ ਨਹੀਂ ਜਾਂਦੀ।
ਵਿਦਿਆਵਤੀ (74) ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਪਰ ਪਤੀ ਦੇ ਨਿੱਜੀ ਕੰਪਨੀ ’ਚ ਕੰਮ ਕਰਨ ਕਰ ਕੇ ਕਾਫ਼ੀ ਸਮਾਂ ਪਹਿਲਾਂ ਉਹ ਚੰਡੀਗੜ੍ਹ ਆ ਗਏ ਸਨ। ਉਨ੍ਹਾਂ ਦੇ ਪਤੀ ਨੂੰ ਕੈਂਸਰ ਦਾ ਸ਼ਿਕਾਇਤ ਹੋਣ ’ਤੇ ਇਲਾਜ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੱਕ ਡਾਕਟਰਾਂ ਕੋਲ ਪਹੁੰਚ ਕੀਤੀ ਪਰ ਕੋਈ ਫਰਕ ਨਾ ਪਿਆ। ਇਲਾਜ ਦੌਰਾਨ ਕਰਜ਼ਾ ਬਹੁਤ ਚੜ੍ਹ ਗਿਆ ਅਤੇ ਉਸ ਸਮੇਂ ਸਰਕਾਰ ਜਾਂ ਕਿਸੇ ਸੰਸਥਾ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਸਿਹਤ ਜ਼ਿਆਦਾ ਵਿਗੜਨ ਕਰ ਕੇ ਸਾਲ 2014 ’ਚ ਪਤੀ ਦੀ ਮੌਤ ਹੋ ਗਈ। ਘਰ ’ਚ ਕੋਈ ਬੱਚਾ ਨਾ ਹੋਣ ਕਰ ਕੇ ਉਹ ਸਾਲ 2014 ਦੇ ਅੰਤ ’ਚ ਸੀਨੀਅਰ ਸਿਟੀਜ਼ਨ ਹੋਮ ’ਚ ਆ ਗਈ। ਵਿਦਿਆਵਤੀ ਨੇ ਦੱਸਿਆ ਕਿ ਪੰਜ ਸਾਲਾਂ ਦੌਰਾਨ ਸਰਕਾਰ ਵੱਲੋਂ ਮਿਲਣ ਵਾਲੀ ਪੈਨਸ਼ਨ ਅਤੇ ਵਿਭਾਗ ਵੱਲੋਂ ਦਿੱਤੇ ਜਾਂਦੇ ਜੇਬ ਖਰਚ ਨੂੰ ਜੋੜ-ਜੋੜ ਕੇ ਉਸ ਨੇ ਸਾਰਾ ਕਰਜ਼ਾ ਉਤਾਰ ਦਿੱਤਾ ਹੈ। ਉਹ ਇੱਥੇ ਰਹਿ ਕੇ ਹੁਣ ਖੁਸ਼ ਹੈ।
ਪੱਥਰਾਂ ਦੇ ਸ਼ਹਿਰ ਚੰਡੀਗੜ੍ਹ ਦੇ ਲੋਕ ਬਹੁਤ ਰੁਝੇਂਵਿਆਂ ਵਾਲਾ ਜੀਵਨ ਗੁਜ਼ਾਰ ਰਹੇ ਹਨ, ਜਿਨ੍ਹਾਂ ਕੋਲ ਆਪਣੇ ਪਰਿਵਾਰ ਲਈ ਵੀ ਸਮਾਂ ਨਹੀਂ ਹੈ। ਪੁੱਤਰ ਅਤੇ ਨੂੰਹ ਦੇ ਕੰਮ ’ਤੇ ਚਲੇ ਜਾਣ ਮਗਰੋਂ ਬਜ਼ੁਰਗ ਮਾਂ-ਪਿਓ ਨੂੰ ਘਰ ਦੀ ਚਾਰਦੀਵਾਰੀ ਖਾਣ ਨੂੰ ਆਉਂਦੀ ਹੈ। ਜਿਸ ਤੋਂ ਰਾਹਤ ਪਾਉਣ ਲਈ 40-50 ਬਜ਼ੁਰਗ ਆਪਣਾ ਦਿਨ ਦਾ ਸਮਾਂ ਖੁਸ਼ੀ-ਖੁਸ਼ੀ ਗੁਜ਼ਾਰਨ ਲਈ ਸਿਟੀਜ਼ਨ ਹੋਮ ’ਚ ਆ ਜਾਂਦੇ ਹਨ। ਜਿੱਥੇ ਉਹ ਆਪਣੇ ਹਾਣੀਆਂ ਨਾਲ ਹੱਸ ਖੇਡ ਕੇ ਦਿਨ ਬਿਤਾਉਂਦਿਆਂ ਸ਼ਾਮ ਹੁੰਦੇ ਹੀ ਮੁੜ ਉਸੇ ਚਾਰਦੀਵਾਰੀ ਅੰਦਰ ਜਾ ਪਹੁੰਚਦੇ ਹਨ।
ਚੰਡੀਗੜ੍ਹ ਦੇ ਸੈਕਟਰ-15 ’ਚ ਸਥਿਤ ਸੀਨੀਅਰ ਸਿਟੀਜ਼ਨ ਹੋਮ ’ਚ 32 ਬਜ਼ੁਰਗ ਰਹਿ ਰਹੇ ਹਨ, ਜਿਨ੍ਹਾਂ ’ਚ 18 ਔਰਤਾਂ ਅਤੇ 14 ਪੁਰਸ਼ ਸ਼ਾਮਲ ਹਨ। ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਜ਼ਾਨਾ 40-50 ਬਜ਼ੁਰਗਾਂ ਵੱਲੋਂ ਉੱਥੇ ਪਹੁੰਚ ਕੀਤੀ ਜਾਂਦੀ ਹੈ। ਸੀਨੀਅਰ ਸਿਟੀਜ਼ਨ ਹੋਮ ’ਚ ਸਿਹਤ ਲਈ ਯੋਗਾ, ਪੜ੍ਹਨ ਲਈ ਲਾਇਬ੍ਰੇਰੀ, ਟੈਲੀਵਿਜ਼ਨ ਤੇ ਖੇਡਣ ਦੇ ਸਾਮਾਨ ਦਾ ਪ੍ਰਬੰਧ ਕੀਤਾ ਗਿਆ ਹੈ।

 


Comments Off on ਵਕਤ ਦੇ ਝੰਬੇ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਹੋਮ ਬਣਿਆ ਸਹਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.