ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਲੋਕ ਸੰਗੀਤ ਦਾ ਮਾਣ ਈਦੂ ਸ਼ਰੀਫ਼

Posted On January - 15 - 2020

ਅੱਜ ਅੰਤਿਮ ਅਰਦਾਸ ਮੌਕੇ

ਚੰਡੀਗੜ੍ਹ: ਰਵਾਇਤੀ ਲੋਕ ਸੰਗੀਤ ਦੇ ਮਾਣ ਈਦੂ ਸ਼ਰੀਫ਼ ਪਿਛਲੇ ਦਿਨੀਂ ਅਲਵਿਦਾ ਕਹਿ ਗਏ। ਗਾਇਕੀ ਦੇ ਸਫ਼ਰ ਦੌਰਾਨ ਉਨ੍ਹਾਂ ਕੇਵਲ ਸਾਫ-ਸੁਥਰੇ ਤੇ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਗਾਏ ਅਤੇ ਹੱਕ ਸੱਚ ਦੀ ਰੋਟੀ ਖਾਧੀ। ਉਨ੍ਹਾਂ ਨੂੰ ਭਾਵੇਂ ਤੰਗੀਆਂ-ਤੁਰਸ਼ੀਆਂ ’ਚੋਂ ਲੰਘਣਾ ਪਿਆ ਪਰ ਉਨ੍ਹਾਂ ਸਮਾਜ ਵਿਰੋਧੀ ਗਾਣੇ ਨਹੀਂ ਗਾਏ। ਉਨ੍ਹਾਂ ਆਪਣੇ ਦੋਹਾਂ ਪੁੱਤਰਾਂ ਦੇ ਹੱਥ ਸਾਰੰਗੀ ਫੜਾ ਕੇ ਕਿਹਾ ਸੀ, ‘‘ਪੁੱਤਰੋ, ਇਹ ਸਾਰੰਗੀ ਵਜਾ ਕੇ ਪੰਜਾਬੀਅਤ ਦੇ ਵਿਹੜੇ ਵਿਚ ਗਾਉਣਾ ਹੈ ਅਤੇ ਹੱਕ, ਸੱਚ ਤੇ ਇਮਾਨਦਾਰੀ ਦੀ ਰੋਟੀ ਖਾਣੀ ਹੈ’’।
ਪਟਿਆਲਾ ਜ਼ਿਲ੍ਹੇ ਦੇ ਪਿੰਡ ਲਲੋਢਾ ਵਿਚ ਜੰਮੇ ਈਦੂ ਸ਼ਰੀਫ਼ ਚੰਡੀਗੜ੍ਹ ਨੇੜੇ ਮਨੀਮਾਜਰਾ ਵਿਚ ਆਖਰੀ ਸਾਹ ਲਏ ਪਰ ਉਨ੍ਹਾਂ ਦੀ ਸਾਰੰਗੀ ਦੀਆਂ ਤਾਰਾਂ ਦੀ ਆਵਾਜ਼ ਅਤੇ ਉਨ੍ਹਾਂ ਦਾ ਦਿਲ ਸਦਾ ਪੰਜਾਬ ਲਈ ਹੀ ਧੜਕਦਾ ਰਿਹਾ। ਦੇਸ਼-ਵਿਦੇਸ਼ ਵਿੱਚ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸੁਣਦੇ ਅਤੇ ਬਹੁਤ ਪਸੰਦ ਕਰਦੇ ਸਨ। ਉਨ੍ਹਾਂ ਦਾ ਮਕਬੂਲ ਗਾਣਾ ‘ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਕੱਲ੍ਹ ਨੂੰ ਹੋਰ’ ਤਾਂ ਹੁਣ ਵੀ ਸੁਣਿਆ ਜਾਂਦਾ ਹੈ ਅਤੇ ਅਗਾਂਹ ਵੀ ਸੁਣਿਆ ਜਾਂਦਾ ਰਹੇਗਾ ਪਰ ਕੁਝ ਸਮੇਂ ਬਾਅਦ ਈਦੂ ਸ਼ਰੀਫ਼ ਦੇ ਇਸ ਗੀਤ ਵਾਂਗ ਉਨ੍ਹਾਂ ਦੀ ਜ਼ਿੰਦਗੀ ਨੇ ਵੀ ਐਸਾ ਰੰਗ ਬਦਲਿਆ ਕਿ ਉਹ ਅਧਰੰਗ ਦੀ ਬਿਮਾਰੀ ਕਰਕੇ ਆਪਣੀ ਸੁਰੀਲੀ ਆਵਾਜ਼ ਵੀ ਗਵਾ ਬੈਠੇ। ਅਧਰੰਗ ਨਾਲ ਪੀੜਤ ਈਦੂ ਸ਼ਰੀਫ਼ ਮੰਜੇ ’ਤੇ ਪੈ ਗਏ। ਮਨੀਮਾਜਰਾ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਹੋਣ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਪੰਜਾਬ ਸਰਕਾਰ ਵੱਲੋਂ ਨਾ ਕੋਈ ਖਾਸ ਮਾਲੀ ਮਦਦ ਨਹੀਂ ਕੀਤੀ ਗਈ। ਕੁਝ ਅਹਿਮ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ, ਗੁਰਦਾਸ ਮਾਨ, ਹਰਭਜਨ ਮਾਨ, ਫਿਰੋਜ਼ ਖਾਨ, ਪੰਮੀ ਬਾਈ, ਰਣਜੀਤ ਬਾਵਾ, ਪਵਨ ਬਾਂਸਲ, ਹਰਦੀਪ ਗਿੱਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੁਝ ਹੋਰਨਾਂ ਨੇ ਆਪਣੇ ਕੋਲੋਂ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ। ਅਜਿਹੀ ਮਾਲੀ ਸਹਾਇਤਾ ਨਾਲ ਕੁਝ ਦਿਨਾਂ ਤੱਕ ਤਾਂ ਘਰ ਦਾ ਗੁਜ਼ਾਰਾ ਚੱਲਿਆ ਪਰ ਇਨ੍ਹਾਂ ਦੀ ਕੋਈ ਪੱਕੀ ਮਾਲੀ ਮਦਦ ਸਰਕਾਰ ਜਾਂ ਕਿਸੇ ਸੰਸਥਾ ਨੇ ਨਹੀਂ ਕੀਤੀ। ਈਦੂ ਸ਼ਰੀਫ ਦੀ ਮਾੜੀ ਹਾਲਤ ਦਾ ਕਾਰਨ ਸਰਕਾਰ ਕੋਲ ਕੋਈ ਠੋਸ ਅਤੇ ਢੁੱਕਵੀਂ ਨੀਤੀ ਦਾ ਨਾ ਹੋਣਾ ਹੈ। ਸਮਾਜ ਦੀਆਂ ਸਾਰੀਆਂ ਸਰਕਾਰੀ ਤੇ ਅਰਧ-ਸਰਕਾਰੀ ਸੰਸਥਾਵਾਂ ਲਈ ਕੋਈ ਨਾ ਕੋਈ ਪੈਨਸ਼ਨ ਜਾਂ ਬੀਮੇ ਦੀ ਸਹੂਲਤ ਹੈ ਪਰ ਅਜਿਹੇ ਦਰਵੇਸ਼ ਗਾਇਕਾਂ ਲਈ ਅਜਿਹੀ ਕੋਈ ਸਹੂਲਤ ਨਹੀਂ ਹੈ। ਜੇਕਰ ਈਦੂ ਸ਼ਰੀਫ਼ ਵਰਗੇ ਕਲਾਕਾਰਾਂ ਅਤੇ ਇਨ੍ਹਾਂ ਦੀ ਕਲਾ ਨੂੰ ਜਿਉਂਦਾ ਰੱਖਣਾ ਹੈ ਤਾਂ ਸਰਕਾਰ ਨੂੰ ਇਨ੍ਹਾਂ ਦੀ ਮਦਦ ਲਈ ਕੋਈ ਨਾ ਕੋਈ ਨੀਤੀ ਬਣਾਉਣੀ ਪਵੇਗੀ। ਜੇਕਰ ਅਜਿਹੇ ਕਲਾਕਾਰਾਂ ਦਾ ਵਜੂਦ ਖ਼ਤਮ ਹੋਵੇਗਾ ਤਾਂ ਲੋਕਾਈ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਕਰਨਾਟਕ ਸੰਗੀਤ ਅੱਜ ਦੁਨੀਆਂ ਭਰ ਵਿਚ ਸਿਰਫ਼ ਇਸ ਲਈ ਪ੍ਰਸਿੱਧ ਹੈ ਕਿਉਂਕਿ ਕਰਨਾਟਕ ਦੇ ਲੋਕ ਆਪਣੇ ਕਲਾਕਾਰਾਂ ਨੂੰ ਰੱਬ ਵਾਂਗ ਪੂਜਦੇ ਹਨ। ਕਰਨਾਟਕ ਦੀ ਕੰਨੜ ਭਾਸ਼ਾ ਨੂੰ 8 ਗਿਆਨਪੀਠ ਪੁਰਸਕਾਰ ਇਸ ਲਈ ਮਿਲ ਚੁੱਕੇ ਹਨ ਕਿਉਂਕਿ ਉਥੋਂ ਦੇ ਲੋਕ ਲੇਖਕ ਦਾ ਬਹੁਤ ਸਨਮਾਨ ਕਰਦੇ ਹਨ, ਉਨ੍ਹਾਂ ਦੀਆਂ ਰਚਨਾਵਾਂ ਖਰੀਦ ਕੇ ਪੜ੍ਹਦੇ ਹਨ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਲੱਚਰਵਾਦ, ਹਥਿਆਰਾਂ ਅਤੇ ਨਸ਼ਿਆਂ ਬਾਰੇ ਗਾਉਣ ਵਾਲੇ ਕਲਾਕਾਰਾਂ ਦਾ ਮੁਕੰਮਲ ਬਾਈਕਾਟ ਕਰਕੇ ਈਦੂ ਸ਼ਰੀਫ਼ ਵਰਗੇ ਪੰਜਾਬੀਅਤ ਦੇ ਪੱਕੇ ਸੇਵਾਦਾਰ ਨੂੰ ਗਲਵੱਕੜੀ ਵਿਚ ਲੈਣ।
ਈਦੂ ਸ਼ਰੀਫ਼ ਨਮਿਤ ਅੰਤਿਮ ਅਰਦਾਸ 15 ਜਨਵਰੀ ਨੂੰ ਮਨੀਮਾਜਰਾ ਦੀ ਖਟੀਕ ਧਰਮਸ਼ਾਲਾ ਵਿੱਚ ਹੋ ਰਹੀ ਹੈ। ਇਸ ਅਰਦਾਸ ਸਮਾਗਮ ਵਿੱਚ ਕੋਈ ਸਰਕਾਰੀ ਨੁਮਾਇੰਦਾ ਭਾਵੇਂ ਪੁੱਜੇ ਜਾਂ ਨਾ ਪਰ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਇਸ ਦਰਵੇਸ਼ ਗਾਇਕ ਨੂੰ ਪਿਆਰ ਕਰਨ ਵਾਲੇ ਜ਼ਰੂਰ ਪੁੱਜਣਗੇ।

-ਪੰਡਿਤਰਾਓ ਧਰੇਨਵਰ
ਸੰਪਰਕ: 99883-51695


Comments Off on ਲੋਕ ਸੰਗੀਤ ਦਾ ਮਾਣ ਈਦੂ ਸ਼ਰੀਫ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.