ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ

Posted On January - 25 - 2020

ਹਰਦਿਆਲ ਸਿੰਘ ਥੂਹੀ

ਪੰਜਾਬੀ ਲੋਕ ਢਾਡੀ ਪਰੰਪਰਾ ਦਾ ਵਾਰਸ, ਲੋਕ ਸੰਗੀਤ ਦੇ ਖੇਤਰ ਵਿਚ ਭਾਰਤੀ ਸੰਗੀਤ ਨਾਟਕ ਅਕਾਦਮੀ, ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਕੇ ਲੋਕ ਢਾਡੀ ਕਲਾ ਨੂੰ ਰਾਸ਼ਟਰੀ ਪੱਧਰ ਤਕ ਸਨਮਾਨ ਦਿਵਾਉਣ ਵਾਲਾ ਲੋਕ ਢਾਡੀ ਮੁਹੰਮਦ ਸ਼ਰੀਫ ਈਦੂ ਪਿਛਲੇ ਕਈ ਸਾਲਾਂ ਤੋਂ ਗ਼ਰੀਬੀ ਅਤੇ ਬਿਮਾਰੀ ਨਾਲ ਜੂਝਦਾ ਹੋਇਆ ਆਖ਼ਰ ਹਾਰ ਗਿਆ।
ਭਾਵੇਂ ਇਸ ਔਖੇ ਸਮੇਂ ਦੌਰਾਨ ਪੰਜਾਬ ਸਰਕਾਰ, ਕੁਝ ਸੰਸਥਾਵਾਂ ਤੇ ਕੁਝ ਸੰਗੀਤ ਪ੍ਰੇਮੀਆਂ ਨੇ ਨਿੱਜੀ ਰੂਪ ਵਿਚ ਉਸਦੀ ਕੁਝ ਆਰਥਿਕ ਮਦਦ ਕੀਤੀ, ਪਰ ਅਜਿਹੀ ਸਥਿਤੀ ਵਿਚ ਇਹ ਨਾਕਾਫ਼ੀ ਸੀ। ਆਰਥਿਕ ਮੰਦਹਾਲੀ ਕਾਰਨ ਉਸਦਾ ਸਹੀ ਇਲਾਜ ਨਾ ਹੋ ਸਕਿਆ। ਸਰਕਾਰ ਦੇ ਸੱਭਿਆਚਾਰਕ ਵਿਭਾਗ ਵੱਲੋਂ ਅਜਿਹੇ ਮੰਦਹਾਲੀ ਦੇ ਝੰਬੇ ਹੋਏ ਲੋੜਵੰਦ ਕਲਾਕਾਰਾਂ ਜੋ ਤਾਉਮਰ ਆਪਣੀ ਬੋਲੀ, ਵਿਰਸੇ ਤੇ ਸੱਭਿਆਚਾਰ ਦੀ ਸੇਵਾ ਕਰਦੇ ਹਨ, ਦੀ ਸਹਾਇਤਾ ਲਈ ਕੋਈ ਸਥਾਈ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਇਕੱਲੇ ਈਦੂ ਦੀ ਗੱਲ ਨਹੀਂ, ਹੋਰ ਵੀ ਬਹੁਤ ਸਾਰੇ ਅਜਿਹੇ ਕਲਾਕਾਰ ਹਨ, ਜੋ ਗੁਰਬਤ ਦੀ ਜ਼ਿੰਦਗੀ ਹੰਢਾ ਰਹੇ ਹਨ ਜਾਂ ਗੁਰਬਤ ਹੰਢਾਉਂਦੇ ਗੁੰਮਨਾਮ ਹੀ ਇਸ ਦੁਨੀਆਂ ਤੋਂ ਤੁਰ ਗਏ।
ਲੋਕ ਢਾਡੀ ਕਲਾ ਦੇ ਇਸ ਹੀਰੇ ਦਾ ਜਨਮ ਜ਼ਿਲ੍ਹਾ ਪਟਿਆਲਾ ਦੀ ਨਾਭਾ ਤਹਿਸੀਲ ਦੇ ਪਿੰਡ ਲਲੌਢੇ ਵਿਖੇ ਪੰਜਾਬ ਵੰਡ ਦੇ ਦਿਨੀਂ ਮੀਰ ਆਲਮ ਪਰਿਵਾਰ ਵਿਚ ਪਿਤਾ ਈਦੂ ਖ਼ਾਨ ਤੇ ਮਾਤਾ ਜੀਵੀ ਦੇ ਘਰ ਹੋਇਆ। ਉਸਦੀ ਪਹਿਲੀ ਕਿਲਕਾਰੀ ਹੀ ਸਾਰੰਗੀ ਦੀ ਸੁਰ ਅਤੇ ਢੱਡ ਦੀ ਤਾਲ ਨਾਲ ਮਿਲ ਕੇ ਵੱਜੀ। ਪਿਤਾ ਈਦੂ ਖਾਂ ਇਲਾਕੇ ਦੇ ਮੰਨੇ ਪ੍ਰਮੰਨੇ ਲੋਕ ਗਾਇਕ ਸਨ। ਜਿਵੇਂ ਆਮ ਪ੍ਰਚੱਲਤ ਕਹਾਵਤ ਹੈ ਕਿ ਜੇ ਮੀਰਾਂ (ਮਰਾਸੀਆਂ) ਦਾ ਬੱਚਾ ਰੋਊਗਾ, ਤਾਂ ਉਹ ਵੀ ਸੁਰ ਵਿਚ। ਇਹੀ ਹਾਲ ਸ਼ਰੀਫ਼ ਦਾ ਸੀ ਜਿਸਨੂੰ ਲੋਰੀਆਂ ਵੀ ਸੰਗੀਤ ਨਾਲ ਪਰੁੱਚੀਆਂ ਮਿਲੀਆਂ। ਸੋ ਸ਼ਰੀਫ਼ ਨੂੰ ਗਾਇਕੀ ਵਿਰਾਸਤ ਵਿਚ ਹੀ ਮਿਲੀ। ਸ਼ਰੀਫ਼ ਦੇ ਪਿਤਾ ਈਦੂ ਖ਼ਾਨ ਨੂੰ ਗਾਇਕੀ ਦੀ ਚੇਟਕ ਆਪਣੀ ਮਾਤਾ ਸੱਬੀ ਪਾਸੋਂ ਲੱਗੀ ਕਿਉਂਕਿ ਮਾਤਾ ਘੋੜੀਆਂ, ਸੁਹਾਗ, ਸਿੱਠਣੀਆਂ, ਟੱਪਿਆਂ ਅਤੇ ਲੋਕ ਸੰਗੀਤ ਦੇ ਹੋਰ ਰੂਪਾਂ ਵਿਚ ਪੂਰੀ ਮਾਹਿਰ ਸੀ। ਈਦੂ ਖ਼ਾਨ ਆਪਣੇ ਸਮੇਂ ਦੀਆਂ ਚਾਰ ਜਮਾਤਾਂ ਵੀ ਪੜ੍ਹਿਆ ਹੋਇਆ ਸੀ। ਕੁਝ ਸਮਾਂ ਉਹ ਪਟਵਾਰੀ ਵੀ ਲੱਗਿਆ ਰਿਹਾ, ਪਰ ਗਾਉਣ ਦੀ ਚੇਟਕ ਨੇ ਉਸਦੀ ਨੌਕਰੀ ਛੁਡਵਾ ਦਿੱਤੀ। ਸ਼ਰੀਫ ਹੁਰੀਂ ਸੱਤ ਭਰਾ ਸਨ। ਈਦੂ ਖ਼ਾਨ ਨੇ ਆਪਣੇ ਸਾਰੇ ਪੁੱਤਰਾਂ ਨੂੰ ਹੀ ਸੰਗੀਤ ਦੀ ਸਿੱਖਿਆ ਦਿੱਤੀ।

ਹਰਦਿਆਲ ਸਿੰਘ ਥੂਹੀ

ਭਾਵੇਂ ਸ਼ਰੀਫ ਸੁਰਤ ਸੰਭਲਣ ਤੋਂ ਹੀ ਆਪਣੇ ਜੱਦੀ ਪੁਸ਼ਤੀ ਪੇਸ਼ੇ ਵੱਲ ਤੁਰ ਪਿਆ ਸੀ, ਪਰ ਉਸਨੂੰ ਆਪਣੇ ਗਾਇਕ ਹੋਣ ਦਾ ਯਕੀਨ ਫ਼ਿਲਮੀ ਕਲਾਕਾਰ ਤੇ ਫ਼ਿਲਮੀ ਭੰਗੜੇ ਤੇ ਮੋਢੀ ਮਨੋਹਰ ਦੀਪਕ ਦੇ ਘਰ ਇਕ ਵਿਆਹ ਸਮੇਂ ਗਾਉਣ ਤੋਂ ਬਾਅਦ ਹੀ ਹੋਇਆ। ਸੁਣਨ ਵਾਲਿਆਂ ਨੇ ਭਰਪੂਰ ਪ੍ਰਸੰਸਾ ਕੀਤੀ। ਇੱਥੋਂ ਹੀ ਸ਼ੁਰੂ ਹੋਇਆ ਸ਼ਰੀਫ਼ ਦੀ ਗਾਇਕੀ ਦਾ ਸਫ਼ਰ। ਫਿਰ ਉਹ ਆਪਣੇ ਪਿਤਾ ਦੇ ਨਾਂ ਨੂੰ ਆਪਣੇ ਨਾਂ ਨਾਲ ਜੋੜ ਕੇ ਸ਼ਰੀਫ਼ ਈਦੂ ਬਣ ਗਿਆ।
ਸ਼ਰੀਫ਼ ਆਪ ਸਾਰੰਗੀ ਵਜਾਉਂਦਾ ਸੀ। ਉਸਨੇ ਆਪਣੇ ਭਤੀਜੇ ਮੁਰਲੀ ਖ਼ਾਨ ਅਤੇ ਮੋਤੀ ਖ਼ਾਨ ਨੂੰ ਢੱਡ ’ਤੇ ਲਾ ਕੇ ਆਪਣਾ ਢਾਡੀ ਜਥਾ ਬਣਾ ਲਿਆ। ਬਾਅਦ ਵਿਚ ਲੰਮੇ ਸਮੇਂ ਤੋਂ ਉਹ ਆਪਣੇ ਮੁੰਡਿਆਂ ਨੁਸਰਤ ਅਲੀ ਉਰਫ਼ ਸੁੱਖੀ ਖਾਂ, ਵਿੱਕੀ ਅਤੇ ਗੁਲਜ਼ਾਰ ਨਾਲ ਗਾਉਂਦਾ ਰਿਹਾ।
1986 ਵਿਚ ਜਦੋਂ ਭਾਰਤ ਵਿਚ ਸੱਭਿਆਚਾਰਕ ਇਨਕਲਾਬ ਆਇਆ ਤਾਂ ਸ਼ਰੀਫ਼ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ ਦੇ ਪ੍ਰਬੰਧਕਾਂ ਦੇ ਨਜ਼ਰੀਂ ਚੜ੍ਹ ਗਿਆ। ਉਦੋਂ ਉਹ ਚੰਡੀਗੜ੍ਹ ਦੇ ਨੇੜਲੇ ਕਸਬੇ ਮਨੀਮਾਜਰਾ ਵਿਖੇ ਖੱਚਰ ਰੇਹੜਾ ਚਲਾ ਕੇ ਆਪਣੀ ਪਰਿਵਾਰਕ ਗੱਡੀ ਰੇੜ੍ਹ ਰਿਹਾ ਸੀ। ਸੱਭਿਆਚਾਰਕ ਕੇਂਦਰ ਰਾਹੀਂ ਉਹ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਆਪਣੀ ਲੋਕ ਕਲਾ ਦਾ ਮੁਜ਼ਾਹਰਾ ਕਰਦਾ ਹੋਇਆ ‘ਆਪਣਾ ਉਤਸਵ’ ਰਾਸ਼ਟਰੀ ਮੇਲੇ ਵਿਚ ਦਿੱਲੀ ਪਹੁੰਚ ਗਿਆ। ਇਸ ਪ੍ਰੋਗਰਾਮ ਵਿਚ ਜਦੋਂ ਉਸਨੇ ਅਲਾਪ ਲਿਆ ਤਾਂ ਹੇਕ ਏਨੀ ਲੰਮੀ ਸੀ ਕਿ ਸਰੋਤੇ ਵਾਹ ਵਾਹ ਕਰ ਉੱਠੇ। ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸ਼ਰੀਫ਼ ਈਦੂ ਦੀ ਵਿਸ਼ੇਸ਼ ਸਰਾਹਨਾ ਕੀਤੀ ਸੀ।
ਦੁੱਲਾ ਭੱਟੀ ਨੂੰ ਗਾਉਣ ਲੱਗਿਆਂ ਉਹ ਭਰਪੂਰ ਜੋਸ਼ ਵਿਚ ਆ ਜਾਂਦਾ ਸੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਦੁੱਲਾ ਖੁਦ ਮੰਚ ’ਤੇ ਆ ਗਿਆ ਹੋਵੇ। ਏਸੇ ਤਰ੍ਹਾਂ ਸ਼ਰੀਫ਼ ‘ਹੀਰ’ ਨੂੰ ਬਹੁਤ ਖੁਭ ਕੇ ਗਾਉਂਦਾ ਸੀ। ਉਸਦੀ ਤਿੱਖੀ ਅਤੇ ਜੋਸ਼ ਭਰੀ ਆਵਾਜ਼ ਵਿਸ਼ੇ ਵਿਚ ਰੂਹ ਭਰ ਦਿੰਦੀ ਸੀ। ‘ਹੀਰ’ ਤੋਂ ਇਲਾਵਾ ਉਹ ਸੱਸੀ, ਮਿਰਜ਼ਾ, ਪੂਰਨ ਭਗਤ, ਕੌਲਾਂ ਭਗਤਣੀ ਆਦਿ ਲੋਕ ਗਥਾਵਾਂ ਵਿਚੋਂ ਪ੍ਰਚੱਲਤ ਤੇ ਪ੍ਰਸਿੱਧ ਕਲੀਆਂ ਅਤੇ ਵਾਰਾਂ ਵੀ ਗਾਉਂਦਾ ਸੀ। ਇਹ ਸਭ ਪੁਰਾਣੇ ਕਵੀਆਂ ਦੀਆਂ ਲਿਖੀਆਂ ਹੋਈਆਂ ਹਨ। ‘ਹੀਰ’ ਉਹ ਵੀ ਹਜ਼ੂਰਾ ਸਿੰਘ ਬੁਟਾਹਰੀ ਵਾਲੇ ਦੀ ਹੀ ਗਾਉਂਦਾ ਸੀ। ਕੁਝ ਬੰਦ ਇਸ ਤਰ੍ਹਾਂ ਹਨ:
ਘੜੇ ਛੱਡ ਕੇ ਆਣ ਉਦਾਲੇ ਹੋਈਆਂ ਜੋਗੀ ਦੇ,
ਕੁੜੀਆਂ ਜਾਣ ਕੇ ਹਮਾਣੀ ਕਰਨ ਠਠੋਲੀਆਂ।
ਮੁਖਤ ਨਖ਼ਾਰਾ ਲੈ ਵੇ ਇਕ ਤੇ ਇਕ ਚੜ੍ਹੇਂਦੀ ਦਾ,
ਕੁੜੀਆਂ ਖੇੜਿਆਂ ਦੀਆਂ ਵੇ ਪਰੀਆਂ ਸੁਬਕ ਮਮੋਲੀਆਂ।
ਛੱਡੋ ਖਿਆਲ ਮੇਰਾ ਤੁਸੀਂ ਜਾਵੋ ਆਪਣੇ ਘਰਾਂ ਨੂੰ,
ਤੁਸੀਂ ਲੈਣਾ ਕੀ ਨੀਂ ਸੰਤਾਂ ਨੂੰ ਸਤਾ ਕੇ।
ਰੰਗਪੁਰ ਮੁੰਡੇ ਬਥੇਰੇ ਮੈਥੋਂ ਸੋਹਣੇ ਹੱਸਣੇ ਨੂੰ,
ਅਸਾਂ ਤਾਂ ਰੂਪ ਆਪਣਾ ਖੋ ਲਿਆ ਕੰਨ ਪੜਵਾ ਕੇ।
ਲੋਕ ਢਾਡੀ ਗਾਇਕੀ ਦੇ ਖੇਤਰ ਵਿਚ ਪਾਏ ਉਸਦੇ ਯੋਗਦਾਨ ਸਦਕਾ ਉਸਨੂੰ ਬਹੁਤ ਸਾਰੇ ਪੁਰਸਕਾਰ ਮਿਲੇ। ਸੰਗੀਤ ਦੇ ਖੇਤਰ ਵਿਚ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ ਵੀ ਉਸਨੂੰ ਮਿਲਿਆ ਜੋ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ। ਇਸਤੋਂ ਇਲਾਵਾ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਢਾਡੀ ਐਵਾਰਡ, ਪ੍ਰੋ. ਮੋਹਣ ਸਿੰਘ ਯਾਦਗਾਰੀ ਐਵਾਰਡ ਅਤੇ ਹੋਰ ਵੀ ਬਹੁਤ ਸਾਰੇ ਮਾਨ-ਸਨਮਾਨ ਸਮੇਂ-ਸਮੇਂ ਉਸ ਨੂੰ ਮਿਲੇ।
ਸ਼ਰੀਫ਼ ਦਾ ਪੂਰਾ ਖਾਨਦਾਨ ਹੀ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ। ਉਸਦੇ ਭਤੀਜੇ ਅਤੇ ਪੋਤਰੇ ਕਿਸੇ ਨਾ ਕਿਸੇ ਰੂਪ ਵਿਚ ਸੰਗੀਤ ਨਾਲ ਜੁੜੇ ਹੋਏ ਹਨ। ਉਸਦਾ ਵੱਡਾ ਪੁੱਤਰ ਨੁਸਰਤ ਅਲੀ ਉਰਫ਼ ਸੁੱਖੀ ਖ਼ਾਨ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰ ਰਿਹਾ ਹੈ। ਪੰਜਾਬੀ ਲੋਕ ਢਾਡੀ ਕਲਾ ਦੇ ਇਤਿਹਾਸ ਵਿਚ ਸ਼ਰੀਫ ਈਦੂ ਦਾ ਨਾਂ ਹਮੇਸ਼ਾਂ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ।
ਸੰਪਰਕ: 84271-00341


Comments Off on ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.