ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ

Posted On January - 20 - 2020

ਗਗਨਦੀਪ ਅਰੋੜਾ
ਲੁਧਿਆਣਾ, 19 ਜਨਵਰੀ
ਸੂਬੇ ਦੀ ਆਰਥਿਕ ਰਾਜਧਾਨੀ ਲੁਧਿਆਣਾ ’ਚ ਮਜ਼ੂਦਰਾਂ ਦਾ ਇੱਕ ਹਿੱਸਾ ਅਜਿਹਾ ਵੀ ਹੈ ਜੋ ਰੱਬ ਆਸਰੇ ਹੀ ਆਪਣੀ ਜ਼ਿੰਦਗੀ ਕੱਟ ਰਿਹਾ ਹੈ। ਇਹ ਦਿਹਾੜੀਦਾਰ ਮਜ਼ਦੂਰ ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਦਿਹਾੜੀ ਮਿਲਣ ਦੀ ਅਰਦਾਸ ਕਰ ਕੇ ਨਿਕਲਦੇ ਹਨ ਤਾਂ ਕਿ ਰੋਜ਼ਾਨਾ ਖਾਣ ਨੂੰ ਰੋਟੀ ਮਿਲਦੀ ਰਹੇ। ਮੰਡੀਆਂ ਵਿਚ ਉਡੀਕ ਤੋਂ ਬਾਅਦ ਕਈ ਮਜ਼ਦੂਰਾਂ ਨੂੰ ਤਾਂ ਦਿਹਾੜੀ ਕਰਨ ਲਈ ਕੰਮ ਮਿਲ ਜਾਂਦਾ ਹੈ ਪਰ ਕਈ ਖਾਲੀ ਹੱਥ ਘਰ ਪਰਤ ਆਉਂਦੇ ਹਨ। ਅਜਿਹਾ ਹਾਲ ਪੂਰੇ ਗੈਰ ਸੰਗਠਿਤ ਖੇਤਰ ਦਾ ਹੈ ਜਿਸ ਵਿੱਚ ਦਿਹਾੜੀਦਾਰ ਮਜ਼ਦੂਰ, ਪਲੰਬਰ, ਲੱਕੜ ਦਾ ਕੰਮ ਕਰਨ ਵਾਲੇ, ਘਰਾਂ ’ਚ ਕੰਮ ਕਰਨ ਵਾਲੇ ਮਜ਼ਦੂਰ ਸ਼ਾਮਲ ਹਨ। ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ ਕਾਰਨ ਇਨ੍ਹਾਂ ਮਜ਼ਦੂਰਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੁੰਦੀ। ਸਨਅਤੀ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਹਜ਼ਾਰਾਂ ਦੀ ਗਿਣਤੀ ਮਜ਼ਦੂਰ ਅਜਿਹੇ ਹਨ, ਜੋ ਦਿਹਾੜੀ ਕਰਕੇ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਰੋਜ਼ਾਨਾ ਰੁਜ਼ਗਾਰ ਦੀ ਭਾਲ ਲਈ ਇਹ ਦਿਹਾੜੀਦਾਰ ਮਜ਼ਦੂਰ ਮੰਡੀਆਂ ਵਿੱਚ ਖੜ੍ਹੇ ਹੁੰਦੇ ਹਨ, ਜਿੱਥੋਂ ਲੋਕ ਆਪਣੇ ਘਰਾਂ ਵਿੱਚ ਰਾਜ ਮਿਸਤਰੀਆਂ ਦੀ ਮਦਦ ਤੇ ਘਰ ਦੇ ਕੰਮ-ਕਾਜ ਲਈ ਇਨ੍ਹਾਂ ਨੂੰ ਲੈ ਕੇ ਜਾਂਦੇ ਹਨ। ਸ਼ਹਿਰ ਵਿੱਚ ਹਰ ਇਲਾਕੇ ਵਿੱਚ ਇਨ੍ਹਾਂ ਦੀ ਵੱਖ ਵੱਖ ਮੰਡੀ ਹੈ ਜਿੱਥੇ ਰਾਜ ਮਿਸਤਰੀ ਨੂੰ 600 ਰੁਪਏ ਦੇ ਕਰੀਬ ਅਤੇ ਮਿਸਤਰੀ ਦੇ ਨਾਲ ਕੰਮ ਕਰਨ ਵਾਲੇ ਮਜ਼ਦੂਰ ਨੂੰ 450 ਰੁਪਏ ਦੇ ਕਰੀਬ ਦਿਹਾੜੀ ਦਿੱਤੀ ਜਾਂਦੀ ਹੈ। ਪਲੰਬਰ ਆਪਣੇ ਕੰਮ ਮੁਤਾਬਕ ਪੈਸੇ ਲੈਂਦਾ ਹੈ। ਲੱਕੜ ਦਾ ਕੰਮ ਕਰਨ ਵਾਲਾ ਮਿਸਤਰੀ ਵੀ 500 ਤੋਂ 600 ਰੁਪਏ ਦਿਹਾੜੀ ਲੈਂਦਾ ਹੈ। ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ 1500 ਤੋਂ 2000 ਰੁਪਏ ਮਹੀਨਾ ਹਰ ਘਰ ਵਿੱਚੋਂ ਮਿਲਦਾ ਹੈ, ਜਿੱਥੇ ਉਹ ਸਾਫ਼ ਸਫ਼ਾਈ, ਭਾਂਡੇ ਮਾਂਝਣ ਦਾ ਕੰਮ ਕਰਦੀਆਂ ਹਨ। ਲੁਧਿਆਣਾ ’ਚ ਪਿਛਲੇ 20 ਸਾਲਾਂ ਤੋਂ ਦਿਹਾੜੀਆਂ ਕਰਕੇ ਆਪਣੇ ਪਰਿਵਾਰ ਨੂੰ ਚਲਾਉਣ ਵਾਲੇ ਸ਼ਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਰੱਬ ਆਸਰੇ ਹੀ ਚੱਲਦੀ ਹੈ। ਜੇ ਰੱਬ ਮਿਹਰਬਾਨ ਹੈ ਤਾਂ ਮੰਡੀ ’ਚ ਆਉਂਦੇ ਹੀ ਕੰਮ ਮਿਲ ਜਾਂਦਾ ਹੈ ਜੇ ਕਿਸੇ ਦਿਨ ਰੱਬ ਨੇ ਸਾਥ ਨਹੀਂ ਦਿੱਤਾ ਤਾਂ ਪੂਰਾ ਦਿਨ ਮੰਡੀ ਵਿੱਚ ਖਾਲੀ ਖੜ੍ਹੇ ਹੋ ਕੇ ਘਰ ਵਾਪਸ ਜਾਣਾ ਪੈਂਦਾ ਹੈ। ਮਹੀਨੇ ਵਿੱਚ 20 ਦਿਨ ਤੋਂ ਵੱਧ ਕੰਮ ਨਹੀਂ ਮਿਲਦਾ। ਯੂਪੀ ਤੋਂ ਆ ਕੇ ਲੁਧਿਆਣਾ ਵਿੱਚ ਵਸਿਆ ਕਮਲੇਸ਼ ਵੀ ਪਿਛਲੇ 7-8 ਸਾਲਾਂ ਤੋਂ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਿਹਾ ਹੈ। ਸ਼ਿਵਪੁਰੀ ਸਥਿਤ ਮੰਡੀ ਵਿੱਚ ਉਸ ਨੇ ਦੱਸਿਆ ਕਿ ਉਹ 400 ਤੋਂ 500 ਰੁਪਏ ਦਿਹਾੜੀ ਲੈਂਦਾ ਹੈ, ਕਈ ਵਾਰ ਕੰਮ ਕਰਵਾਉਣ ਵਾਲਾ 500 ਦੇ ਦਿੰਦਾ ਹੈ ਪਰ ਜ਼ਿਆਦਾਤਰ ਲੋਕ ਘੱਟ ਭਾਅ ਹੀ ਦਿੰਦੇ ਹਨ। ਜੇ ਉਹ ਠੇਕੇਦਾਰ ਨਾਲ ਕੰਮ ਕਰਦਾ ਹੈ ਤਾਂ ਕਈ ਵਾਰ ਠੇਕੇਦਾਰ ਉਨ੍ਹਾਂ ਦੇ ਪੈਸੇ ਮਾਰ ਲੈਂਦੇ ਹਨ, ਇਸ ਕਾਰਨ ਉਹ ਮੰਡੀ ਵਿੱਚ ਆ ਕੇ ਰੋਜ਼ਾਨਾ ਦਿਹਾੜੀ ਲਗਾਉਣ ਦੇ ਕੰਮ ਨੂੰ ਹੀ ਸਹੀ ਮੰਨਦਾ ਹੈ। ਘਰਾਂ ਵਿੱਚ ਜਾ ਕੇ ਕੰਮ ਕਰਨ ਵਾਲੀ ਗੀਤਾ ਰਾਣੀ ਦਾ ਕਹਿਣਾ ਹੈ ਕਿ ਉਹ ਪਿਛਲੇ 10-12 ਸਾਲਾਂ ਤੋਂ ਆਪਣੇ ਪਰਿਵਾਰ ਸਣੇ ਯੂਪੀ ਤੋਂ ਆ ਕੇ ਲੁਧਿਆਣਾ ਵਿੱਚ ਰਹਿ ਰਹੀ ਹੈ। ਉਹ ਗੁਰਦੇਵ ਨਗਰ ਇਲਾਕੇ ਵਿੱਚ ਦੋ ਤੋਂ ਤਿੰਨ ਘਰਾਂ ਤੇ ਦਫ਼ਤਰਾਂ ਵਿੱਚ ਝਾੜੂ ਪੋਚੇ ਦਾ ਕੰਮ ਕਰਦੀ ਹੈ ਜਿੱਥੇ 800 ਤੋਂ ਲੈ ਕੇ 1500 ਰੁਪਏ ਉਸ ਨੂੰ ਮਿਲਦਾ ਹੈ। ਉਸ ਦਾ ਪਤੀ ਵੀ ਇੱਕ ਫੈਕਟਰੀ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਹੈ। ਦੋਵੇਂ ਕਮਾਉਂਦੇ ਹਨ, ਫਿਰ ਵੀ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ। ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੁੰਦੇ ਹਨ, ਇਸ ਕਰਕੇ ਉਨ੍ਹਾਂ ਨੇ ਬੱਚੇ ਪ੍ਰਾਈਵੇਟ ਸਕੂਲ ਵਿਚ ਪਾਏ ਹਨ ਪਰ ਸਕੂਲ ਦੀ ਫੀਸ ਹੀ ਉਨ੍ਹਾਂ ਦੀ ਅੱਧੀ ਕਮਾਈ ਲੈ ਜਾਂਦੀ ਹੈ। ਗੀਤਾ ਮੁਤਾਬਕ ਸਭ ਤੋਂ ਵੱਧ ਮੁਸ਼ਕਲ ਉਦੋਂ ਆਉਂਦੀ ਹੈ, ਜਦੋਂ ਘਰ ਵਿੱਚ ਕੋਈ ਬਿਮਾਰ ਹੋਵੇ। ਡਾਕਟਰਾਂ ਕੋਲ ਜਾਂਦੇ ਹੀ, ਉਨ੍ਹਾਂ ਦੀ ਸਾਰੀ ਕਮਾਈ ਦਵਾਈਆਂ ਵਿੱਚ ਚਲੀ ਜਾਂਦੀ ਹੈ।


Comments Off on ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.