ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਮਾਤਾ ਖੀਵੀ ਜੀ

Posted On January - 29 - 2020

ਜਸ਼ਨਦੀਪ ਸਿੰਘ ਸੰਘਰਕੋਟ
ਗੁਰਮਤਿ ਵਿੱਚ ਇਸਤਰੀ ਦਾ ਸਥਾਨ ਖ਼ਾਸ ਅਤੇ ਸਤਿਕਾਰਯੋਗ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਗੁਰੂ ਅੰਗਦ ਦੇਵ ਨੂੰ ਸ਼ਬਦ ਦੀ ਦਾਤ ਬਖ਼ਸ਼ੀ, ਉੱਥੇ ਮਾਤਾ ਖੀਵੀ ਜੀ ਨੂੰ ਅੰਨ-ਦੇਗ ਦਾ ਕੜਛਾ ਬਖ਼ਸ਼ਿਸ਼ ਕਰ ਕੇ ਨਿਹਾਲ ਕੀਤਾ। ਗੁਰੂ ਨਾਨਕ ਦੇਵ ਜੀ ਦੇ ਨਾਰੀ ਸ਼ਕਤੀ ਸਿਧਾਂਤ ਨੂੰ ਗੁਰੂ ਅਮਰਦਾਸ ਜੀ ਨੇ ਸਮਾਜਿਕ ਕੁਰੀਤੀਆਂ ਜਿਵੇਂ ਘੁੰਢ ਕੱਢਣਾ, ਸਤੀ ਪ੍ਰਥਾ, ਬਾਲ ਵਿਆਹ ਆਦਿ ਦਾ ਸੁਧਾਰ ਕਰ ਕੇ ਜਾਰੀ ਰੱਖਿਆ। ਮਾਤਾ ਖੀਵੀ ਦਾ ਸਮੁੱਚਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ।
ਸਿੱਖ ਇਤਿਹਾਸ ਵਿਚ ਜੇਕਰ ਪਹਿਲੀ ਸਿੱਖ ਬੀਬੀ ਹੋਣ ਦਾ ਮਾਣ ਬੇਬੇ ਨਾਨਕੀ ਜੀ ਨੂੰ ਪ੍ਰਾਪਤ ਹੈ ਤਾਂ ਉੱਥੇ ਪਹਿਲੀ ਸਿੱਖ ਸੇਵਿਕਾ ਦੇ ਰੂਪ ਵਿੱਚ ਸਨਮਾਨ ਮਾਤਾ ਖੀਵੀ ਜੀ ਨੂੰ ਪ੍ਰਾਪਤ ਹੈ। ਸਿੱਖ ਪੰਥ ਦੀ ਨੁਹਾਰ ਨਿਸ਼ਚਿਤ ਕਰਨ ਵਿੱਚ ਸਿੱਖ ਬੀਬੀਆਂ ਦਾ ਵਡਮੁੱਲਾ ਯੋਗਦਾਨ ਹੈ। ਜਿੱਥੇ ਮਾਈ ਭਾਗੋ ਕਿਰਪਾਨ ਫੜ ਕੇ ਜੰਗ-ਏ-ਮੈਦਾਨ ਵਿੱਚ ਜ਼ਾਲਮਾਂ ਨਾਲ ਲੜਦੇ ਹਨ, ਉੱਥੇ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੋਂ ਬਖ਼ਸ਼ਿਆ ਅੰਨ-ਦੇਗ ਦਾ ਕੜਛਾ ਫੜ ਕੇ ਮਾਤਾ ਖੀਵੀ ਜੀ ਲੰਗਰ ਦੀ ਅਗਵਾਈ ਕਰਦੇ ਹਨ। ਉਪਰੋਕਤ ਘਾਲ ਕਾਰਨ ਹੀ ਮਾਤਾ ਖੀਵੀ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰ ਆਈ ਹੈ। ਭਾਈ ਸੱਤਾ ਅਤੇ ਬਲਵੰਡ ‘ਰਾਮਕਲੀ ਕੀ ਵਾਰ’ ਵਿੱਚ ਮਾਤਾ ਖੀਵੀ ਨੂੰ ‘ਨੇਕ ਜਨ’ ਅਤੇ ‘ਬਹੁਤੀ ਛਾਉ ਪਤ੍ਰਾਲੀ’ ਲਕਬਾਂ ਨਾਲ ਸਨਮਾਨ ਦਿੰਦੇ ਹਨ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਇਤਿਹਾਸਿਕ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਦੀ ਸ਼ਰਧਾਲੂ ਅਤੇ ਮੱਤੇ ਦੀ ਸਰਾਂ ਦੇ ਚੌਧਰੀ ਤਖ਼ਤ ਮੱਲ ਦੀ ਬੇਟੀ ਮਾਤਾ ਵਿਰਾਈ (ਮਾਤਾ ਭਰਾਈ ਜੀ) ਨੇ ਮਾਤਾ ਖੀਵੀ ਅਤੇ ਭਾਈ ਲਹਿਣਾ ਦਾ ਰਿਸ਼ਤਾ ਪੱਕਾ ਕਰਵਾਇਆ। ਭਾਈ ਕਾਨ੍ਹ ਸਿੰਘ ਨਾਭਾ ‘ਗੁਰ ਸ਼ਬਦ ਰਤਨਾਕਰ ਮਹਾਨਕੋਸ਼’ ਵਿੱਚ ਲਿੱਖਦੇ ਹਨ ਕਿ ਸੰਮਤ 1576 ਵਿੱਚ ਲਹਿਣਾ ਜੀ ਦਾ ਦੇਵੀ ਚੰਦ ਖੱਤਰੀ ਦੀ ਸਪੁੱਤਰੀ ਖੀਵੀ ਨਾਲ ਪਿੰਡ ਸੰਘਰ ਵਿੱਚ ਵਿਆਹ ਹੋਇਆ, ਜਿਸ ਤੋਂ ਦੋ ਪੁੱਤਰ ਦਾਸੂ ਜੀ ਅਤੇ ਦਾਤੂ, ਦੋ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਣੋਖੀ ਜੀ ਜਨਮੇ।
ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੀ ਚਰਨ-ਸ਼ਰਨ ਵਿੱਚ ਕਰਤਾਰਪੁਰ ਸਾਹਿਬ ਜਾ ਬਿਰਾਜੇ ਤਾਂ ਇਹ ਸਮਾਂ ਉਨ੍ਹਾਂ ਲਈ ਕਠਿਨ ਘਾਲਣਾ ਅਤੇ ਸਬਰ ਭਰਪੂਰ ਸੀ। ਲੋਕਾਂ ਨੇ ਉਨ੍ਹਾਂ ਨੂੰ ਬਹੁਤ ਤਾਅਨੇ-ਮਿਹਣੇ ਮਾਰੇ ਪਰ ਮਾਤਾ ਜੀ ਅਡੋਲ ਰਹੇ। ਭਾਈ ਵੀਰ ਸਿੰਘ ‘ਸ੍ਰੀ ਅਸ਼ਟ ਗੁਰ ਚਮਤਕਾਰ’ ਵਿੱਚ ਲਿਖਦੇ ਹਨ, ‘‘ਉਡ ਗਈ ਖ਼ਬਰ ਸੰਘਰ ਨੂੰ ਕਿ ਲਹਿਣਾ ਸੰਗ ਦਾ ਆਗੂ ਕਰਤਾਰਪੁਰ ਨਾਨਕ ਤਪੇ ਪਾਸ ਰਹਿ ਪਿਆ ਏ। ਸੰਗ ਨੂੰ ਜਵਾਬ ਦੇ ਦਿੱਤਾ ਸੂ ਤੇ ਆਪ ਸਾਧ ਹੋ ਕੇ ਬਹਿ ਗਿਆ ਏ। ਤਪੇ ਦੇ ਦੁਆਰੇ ਧੂੰਣੀ ਰਮਾ ਕੇ। ਘੇਰੋਂ ਗਿਆ ਹੁਣ ਘਰ ਘਾਟ ਤੋਂ ਗਿਆ ਗੁਜ਼ਰਿਆ ਹੋ ਗਿਆ ਏ।’’
ਮਾਤਾ ਜੀ ਲਈ 1532-39 ਤੱਕ ਦਾ ਸਮਾਂ ਕਠਿਨ ਪ੍ਰੀਖਿਆ ਅਤੇ ਤਪ ਤਿਆਗ ਭਰਿਆ ਸੀ ਪਰ ਮਾਤਾ ਜੀ ’ਤੇ ਜੱਗ ਦੇ ਤਾਅਨ੍ਹਿਆਂ ਦਾ ਕੋਈ ਅਸਰ ਨਹੀਂ ਸੀ। ਉਹ ਸਬਰ ਤੇ ਸਿਦਕ ਦੀ ਮੂਰਤ ਸਨ, ਉਹ ਅਡੋਲ ਸਨ।
ਜਦੋਂ ਗੁਰੂ ਅੰਗਦ ਦੇਵ ਨੂੰ ਗੁਰਿਆਈ ਦੀ ਬਖ਼ਸ਼ਿਸ਼ ਹੁੰਦੀ ਹੈ ਤਾਂ ਮਾਤਾ ਜੀ ਨੇ ਗੁਰੂ ਅੰਗਦ ਦੇਵ ਨੂੰ ਪੁੱਛਿਆ, ‘‘ਦਾਤਿਆ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਦੀਆਂ ਦਾਤਾਂ ਨਾਲ ਨਿਵਾਜਿਆ, ਮੇਰੀ ਗਰੀਬਣੀ ’ਤੇ ਵੀ ਅਰਸ਼ਾਂ ਦੇ ਦਾਤੇ ਨੇ ਤਰਸ ਕੀਤਾ ਹੈ।’’ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਆਖਿਆ ‘‘ਜਦੋਂ ਮੇਰੇ ਦਾਤਾ ਨੇ ਮੈਨੂੰ ਸ਼ਬਦ ਦਾਨ ਕਰਨ ਦਾ ਕਾਰਜ ਬਖ਼ਸ਼ਿਆ ਸੀ ਤਦੋਂ ਤੇਰੇ ਹਿੱਸੇ ਅੰਨ-ਦੇਗ ਦਾ ਕੜਛਾ ਆਇਆ ਸੀ, ਵਰਤਾ।’’ ਇਸ ਤਰ੍ਹਾਂ ਮਾਤਾ ਜੀ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਪੂਰਨ ਉਤਸ਼ਾਹ ਅਤੇ ਦ੍ਰਿੜਤਾ ਪੂਰਵਕ ਲਗਨ ਨਾਲ ਗੁਰੂ ਘਰ ਦੀ ਸੇਵਾ ਵਿੱਚ ਜੁੜੇ। ਮਾਤਾ ਖੀਵੀ ਜੀ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਵਿੱਚ ਜੁੜ ਜਾਂਦੇ। ਘਰ ਦੇ ਕੰਮਾਂ-ਕਾਜਾਂ ਤੋਂ ਵਿਹਲੇ ਹੋ ਕੇ ਲੰਗਰ ਦੀ ਸੇਵਾ ਸੰਭਾਲ ਵਿੱਚ ਲੱਗ ਜਾਂਦੇ। ਮਾਤਾ ਜੀ ਖ਼ੁਦ ਸੰਗਤ ਲਈ ਲੰਗਰ ਤਿਆਰ ਕਰਦੇ ਅਤੇ ਵਰਤਾਉਂਦੇ ਵੀ। ਭਾਈ ਸੱਤਾ ਤੇ ਬਲਵੰਡ ਇਸ ਦਾ ਜ਼ਿਕਰ ਕਰਦੇ ਹਨ:
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਮਾਤਾ ਖੀਵੀ ਜੀ ਪੁੱਤਰਾਂ ਨੂੰ ਲੰਗਰ ਦੀ ਭੇਟਾ ਵਰਤਣ ਦੀ ਥਾਂ ਹੱਥੀਂ ਕਿਰਤ ਨੂੰ ਪ੍ਰੇਰਦੇ। ਜਿੱਥੇ ਮਾਤਾ ਜੀ ਨੇ ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਅਪਣਾਇਆ, ਉੱਥੇ ਕਿਰਤ ਦੇ ਸਿਧਾਂਤ ਨੂੰ ਵੀ ਉਜਾਗਰ ਕੀਤਾ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦੇ ਦੌਰ ਵਿੱਚ ਮਾਤਾ ਖੀਵੀ ਜੀ ਦਾ ਸਭ ਤੋਂ ਵੱਡਾ ਯੋਗਦਾਨ ਲੰਗਰ ਦੀ ਸੰਸਥਾ ਦਾ ਵਿਕਾਸ ਅਤੇ ਵਿਸਥਾਰ ਹੈ।
ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਜੀ ਦੇ ਪ੍ਰਲੋਕ ਗਮਨ ਵਿੱਚ 30 ਸਾਲ ਦਾ ਸਮਾਂ (1552-82) ਵੀ ਖ਼ਾਸ ਮਹੱਤਤਾ ਰੱਖਦਾ ਹੈ। ਦਾਤੂ ਜੀ ਅਤੇ ਦਾਸੂ ਜੀ ਦੁਆਰਾ ਗੁਰਿਆਈ ਦਾ ਵਿਰੋਧ ਕਰਨਾ ਅਤੇ ਮਾਤਾ ਜੀ ਦੁਆਰਾ ਆਪਣੇ ਸਪੁੱਤਰਾਂ ਨੂੰ ਵਾਰ- ਵਾਰ ਸਮਝਾਉਣਾ ਕਿ ਪੰਡ ਭਾਰੀ ਹੈ, ਤੁਸਾਂ ਤੋਂ ਚੁੱਕੀ ਨਹੀਂ ਜਾਣੀ ਸਿੱਧ ਕਰਦਾ ਹੈ ਕਿ ਪਰਿਵਾਰਿਕ ਦ੍ਰਿਸ਼ਟੀ ਤੋਂ ਭਾਵੇਂ ਉਹ ਦਾਸੂ ਜੀ ਅਤੇ ਦਾਤੂ ਜੀ ਦੀ ਮਾਂ ਸਨ ਪਰ ਉਹ ਜਾਣਦੇ ਸਨ ਕਿ ਗੁਰੂ ਮਹਿਲ ਦੇ ਰੂਪ ਵਿੱਚ ਉਨ੍ਹਾਂ ਦੀ ਜ਼ਿੰਮੇਵਾਰੀ ਕਿਤੇ ਵੱਡੀ ਹੈ। ਬੰਸਾਵਲੀਨਾਮੇ ਵਿੱਚ ਕੇਸਰ ਸਿੰਘ ਛਿੱਬਰ ਇਸ ਘਟਨਾ ਦਾ ਜ਼ਿਕਰ ਕਰਦੇ ਹਨ:
ਮਹੀਨੇ ਖਟਿ ਦਾਸੂ ਕੀਤੀ ਗੁਰਿਆਈ। ਰਲਿ ਮਿਲ ਸਿਖਾਂ ਪਗ ਦਾਸੂ ਨੂੰ ਬਨਵਾਈ।
ਚੜਦੇ ਮਹੀਨੇ ਮੁਹੁ ਦਾਸੂ ਦਾ ਫਿਰਿ ਗਇਆ। ਅਨੇਕ ਜਤਨ ਕਰਿ ਸਿਧਾ ਨ ਭਇਆ।
ਮਾਤਾ ਖੀਵੀ ਪਾਸ ਆਏ ਬਿਨਤੀ ਕੀਤੀ। ਮਾਤਾ ਕਹਿਆ ਬੇਟਾ ਤੁਸਾਂ ਭਾਰੀ ਪੰਡ ਹੈ ਚੁੱਕ ਲੀਤੀ।
ਭਾਰਿ ਲਾਹਿ ਸਟੋ ਸਿਰ ਸਿਧਾ ਹੋਇ ਜਾਸੀ।
ਜਦ ਮਾਤਾ ਜੀ ਪੁੱਤਰਾਂ ਦੀ ਕੀਤੀ ਭਾਰੀ ਭੁੱਲ ਲਈ ਗੁਰੂ ਅਮਰਦਾਸ ਜੀ ਪਾਸ ਜਾਂਦੇ ਹਨ ਤਾਂ ਗੁਰੂ ਜੀ ਆਖਦੇ ਹਨ ਕਿ ਤੁਸਾਂ ਨੇ ਕਿਉਂ ਖੇਚਲ ਕੀਤੀ ਆਉਣੇ ਦੀ। ਤਦ ਮਾਤਾ ਕਿਹਾ ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਅਤੇ ਨਿਮਰਤਾ ਹੈ। ਇਨ੍ਹਾਂ ਭੁੱਲਣਹਾਰਿਆਂ ਨੂੰ ਬਖ਼ਸ਼ ਦਿਓ। ਇਹ ਤੱਥ ਮਾਤਾ ਜੀ ਦੀ ਸ਼ਖ਼ਸੀਅਤ ਨੂੰ ਉਭਾਰਦੇ ਹਨ ਕਿ ਮਾਤਾ ਜੀ ਅਤਿ ਨਿਮਰ ਸੁਭਾਅ ਦੇ ਮਾਲਕ ਅਤੇ ਸੀਤਲਤਾ ਦੇ ਮੁਜੱਸਮੇ ਹਨ। ਜਿੱਥੇ ਮਾਤਾ ਜੀ ਨੇ ਪੁੱਤਰਾਂ ਨੂੰ ਗੁਰਮਤਿ ਤੋਂ ਜਾਣੂ ਕਰਵਾਇਆ, ਉੱਥੇ ਆਪਣੀਆਂ ਪੁੱਤਰੀਆਂ ਨੂੰ ਬਾਣੀ ਕੰਠ ਕਰਵਾਈ ਅਤੇ ਚੰਗੇ ਸਸਕਾਰ ਦਿੱਤੇ। ਮਾਤਾ ਜੀ ਨੇ ਬੀਬੀ ਅਮਰੋ ਨੂੰ ਨਾਮ ਰੂਪੀ ਦਾਜ ਦਿੱਤਾ। ਇਤਿਹਾਸਿਕ ਵੇਰਵਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਮਾਤਾ ਖੀਵੀ ਜੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜ ਗੁਰੂ ਸਾਹਿਬਾਨ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ। ਉਹ ਕੁਝ ਸਮਾਂ ਗੋਇੰਦਵਾਲ ਸਾਹਿਬ ਅਤੇ ਅੰਮ੍ਰਿਤਸਰ ਵੀ ਰਹੇ। ਉਹ ਆਪਣਾ ਸੁਮੱਚਾ ਜੀਵਨ ਸੇਵਾ-ਸਿਮਰਨ ਅਤੇ ਗੁਰੂ ਕੀਆਂ ਸੰਗਤਾਂ ਨੂੰ ਸਮਰਪਿਤ ਕਰਦਿਆਂ ਸੰਨ 1582 ਈ. ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦਾ ਸਸਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਖਡੂਰ ਸਾਹਿਬ ਵਿੱਚ ਕੀਤਾ, ਜਿਸ ਦੀ ਹਾਮੀ ਕੇਸਰ ਸਿੰਘ ਛਿੱਬਰ ਬੰਸਾਵਲੀਨਾਮੇ ਵਿੱਚ ਭਰਦੇ ਹਨ :
ਸੰਮਤ ਸੋਲਾਂ ਸੈ ਉਨਤਾਲੀ ਜਬ ਭਏ। ਮਾਤਾ ਖੀਵੀ ਜੀ ਸੁਰਪੁਰ ਨੂੰ ਗਏ।
ਗੁਰੂ ਅਰਜਨ ਜੀ ਬਾਸਰਕੀਓਂ ਆਏ ਖਡੂਰ ਮੁਕਾਣੀ। ਦਾਸੂ ਜੀ ਨੂੰ ਪਗ ਸੀ ਬੰਧਵਾਣੀ।
ਮਾਤਾ ਖੀਵੀ ਜੀ ਵੱਲੋਂ ਚਲਾਈ ਗਈ ਖੀਰ ਘਿਆਲੀ ਵਾਲੀ ਪ੍ਰੰਪਰਾ ਅੱਜ ਵੀ ਲੰਗਰ ਹਾਲ ਮਾਤਾ ਖੀਵੀ ਜੀ ਖਡੂਰ ਸਾਹਿਬ ਵਿੱਚ ਜਾਰੀ ਹੈ। ਪਿੰਡ ਸੰਘਰਕੋਟ ਵਿੱਚ ਗੁਰਦੁਆਰਾ ਮਾਤਾ ਖੀਵੀ ਜੀ ਸੁਸ਼ੋਭਿਤ ਹੈ, ਜੋ ਮਾਤਾ ਖੀਵੀ ਦੀ ਯਾਦ ਨੂੰ ਤਰੋ-ਤਾਜ਼ਾ ਕਰਵਾਉਂਦਾ ਹੈ। ਕਿਸੇ ਸਮੇਂ ਭਾਈ ਲਹਿਣਾ ਜੀ, ਮਾਤਾ ਖੀਵੀ ਜੀ ਨੂੰ ਵਿਆਹੁਣ ਖਡੂਰ ਸਾਹਿਬ ਤੋਂ ਸੰਘਰ ਆਏ ਸਨ, ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਖਡੂਰ ਸਾਹਿਬ ਤੋਂ ਸੰਘਰਕੋਟ ਪੁੱਜਦਾ ਹੈ। ਗੁਰੂ ਅੰਗਦ ਦੇਵ ਅਤੇ ਮਾਤਾ ਖੀਵੀ ਦਾ ਵਿਆਹ ਪੁਰਬ 16 ਮਾਘ (29 ਜਨਵਰੀ) ਨੂੰ ਹਰ ਸਾਲ ਪੂਰਨਮਾਸ਼ੀ ਲੰਗਰ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ।
ਸੰਪਰਕ: 70870-90905


Comments Off on ਮਾਤਾ ਖੀਵੀ ਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.