ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਮਹਾਸੰਗਰਾਮੀ, ਮਹਾਨਾਇਕ ਸੋਹਣ ਸਿੰਘ ਭਕਨਾ

Posted On January - 5 - 2020

ਪਿਛਲੀ ਸਦੀ ਦੇ ਅਨੂਠੇ ਵਿਦਵਾਨ, ਇਤਿਹਾਸਕਾਰ, ਚਿੰਤਕ ਅਤੇ ਖੱਬੇ-ਪੱਖੀ ਸਿਆਸੀ ਕਾਰਕੁਨ ਰਾਹੁਲ ਸੰਕਰਤਿਆਯਨ ਨੇ ਬਾਬਾ ਸੋਹਣ ਸਿੰਘ ਭਕਨਾ ਦੇ ਜਿਉਂਦੇ ਜੀਅ ਉਨ੍ਹਾਂ ਬਾਰੇ ਲੇਖ ਲਿਖਦਿਆਂ ਬਾਬਾ ਜੀ ਦੀ ਅਦੁੱਤੀ ਸ਼ਖ਼ਸੀਅਤ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਬਾ ਜੀ ਤੇ ਰਾਹੁਲ ਸੰਕਰਤਿਆਯਨ 1939 ਵਿਚ ਦਿਓਲੀ (ਰਾਜਸਥਾਨ) ਵਿਚ ਇਕੱਠੇ ਨਜ਼ਰਬੰਦ ਰਹੇ। ਇਹ ਲੇਖ 1943-44 ਦੇ ਆਸ-ਪਾਸ ਲਿਖਿਆ ਗਿਆ। ਇਸ ਦਾ ਪੰਜਾਬੀ ਅਨੁਵਾਦ ਉੱਘੇ ਵਿਦਵਾਨ ਡਾ. ਚਮਨ ਲਾਲ ਨੇ ਕੀਤਾ ਹੈ ਜਿਸ ਦੇ ਕੁਝ ਅੰਸ਼ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

150ਵੇਂ ਜਨਮ ਦਿਵਸ ’ਤੇ ਵਿਸ਼ੇਸ਼

ਰਾਹੁਲ ਸੰਕਰਤਿਆਯਨ
ਮਾਣਮੱਤਾ ਇਤਿਹਾਸ

ਬਾਬਾ ਸੋਹਣ ਸਿੰਘ ਭਕਨਾ ਜਿਨ੍ਹਾਂ ਦਾ ਬਜ਼ੁਰਗ ਸਰੀਰ, ਜਿਨ੍ਹਾਂ ਦੀਆਂ ਸੁੱਕੀਆਂ ਹੱਡੀਆਂ, ਜਿਨ੍ਹਾਂ ਦੇ ਸਣ ਵਰਗੇ ਸਫ਼ੈਦ ਵਾਲ, ਦੇਸ਼ ਲਈ ਘੋਰ ਤਸੀਹੇ ਸਹਿਣ ਦੇ ਪ੍ਰਤੀਕ ਹਨ। ਫਾਂਸੀ ਦਾ ਹੁਕਮ ਸੁਣ ਕੇ ਵੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰਹਿੰਦਿਆਂ ਵੀ ਜਿਨ੍ਹਾਂ ਦੇ ਮੱਥੇ ’ਤੇ ਭੈਅ ਦੀ ਹਲਕੀ ਲਕੀਰ ਤੱਕ ਨਾ ਆਈ। ਸਰੀਰ ਦੇ ਜਰ-ਜਰ ਹੋਣ ’ਤੇ ਵੀ ਜਿਨ੍ਹਾਂ ਵਿੱਚ ਅੱਜ ਵੀ ਨੌਜਵਾਨਾਂ ਵਰਗਾ ਉਤਸ਼ਾਹ ਹੈ ਅਤੇ ਦੇਸ਼ ਦੇ ਭਵਿੱਖ ਪ੍ਰਤੀ ਜਿਨ੍ਹਾਂ ਦਾ ਵਿਸ਼ਵਾਸ ਹੋਰ ਪਕੇਰਾ ਹੁੰਦਾ ਗਿਆ। ਬਾਬਾ ਸੋਹਣ ਸਿੰਘ ਭਕਨਾ ਉਨ੍ਹਾਂ ਦੇਸ਼ ਭਗਤ ਮਹਾਂਪੁਰਸ਼ਾਂ ਵਿੱਚੋਂ ਹਨ।
ਅੰਮ੍ਰਿਤਸਰ ਤੋਂ ਦਸ ਮੀਲ ਪੱਛਮ ਵੱਲ ਭਕਨਾ ਇੱਕ ਚੰਗਾ ਵੱਡਾ ਪਿੰਡ ਹੈ ਜਿਸ ਵਿੱਚ ਕਿੰਨੇ ਹੀ ਵਪਾਰੀ ਅਤੇ ਤਰ੍ਹਾਂ ਤਰ੍ਹਾਂ ਦੇ ਸ਼ਿਲਪਕਾਰ ਰਹਿੰਦੇ ਹਨ। ਉੱਥੋਂ ਦੇ ਪੰਡਿਤਾਂ ਵਿੱਚੋਂ ਕਿੰਨੇ ਹੀ ਸੰਸਕ੍ਰਿਤ ਦੇ ਵਿਦਵਾਨ ਹੁੰਦੇ ਆਏ ਹਨ, ਪਰ ਭਕਨਾ ਦੇ ਵਧੇਰੇ ਲੋਕਾਂ ਦਾ ਧੰਦਾ ਖੇਤੀ ਹੀ ਹੈ। 19ਵੀਂ ਸਦੀ ਦੇ ਸ਼ੁਰੂ ਵਿੱਚ (ਮਿਸਲਾਂ ਦੇ ਜ਼ਮਾਨੇ ਵਿੱਚ) ਸਰਦਾਰ ਚੰਦਾ ਸਿੰਘ (ਸ਼ੇਰਗਿਲ ਜੱਟ) ਕਿਸੇ ਹੋਰ ਪਿੰਡ ਤੋਂ ਆ ਕੇ ਭਕਨਾ ਵਸ ਗਏ। ਉਨ੍ਹਾਂ ਦਾ ਬੇਟਾ ਸ਼ਿਆਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦੌਰਾਨ ਰਸੂਖਦਾਰ ਆਦਮੀ ਸੀ। ਸ਼ਿਆਮ ਸਿੰਘ ਦਾ ਪੁੱਤਰ ਕਰਮ ਸਿੰਘ ਵੀ ਪਿੰਡ ਦਾ ਚੰਗਾ ਰੱਜਿਆ-ਪੁੱਜਿਆ ਆਦਮੀ ਸੀ। ਕਰਮ ਸਿੰਘ ਦੀਆਂ ਦੋ ਪਤਨੀਆਂ ਸਨ- ਹਰ ਕੌਰ ਤੇ ਰਾਮ ਕੌਰ। ਚੰਦਾ ਸਿੰਘ ਦੇ ਸਮੇਂ ਤੋਂ ਹੀ ਘਰ ਵਿੱਚ ਵੰਸ਼ ਚਲਾਉਣ ਵਾਲਾ ਸਿਰਫ਼ ਇੱਕ ਹੀ ਪੁੱਤਰ ਹੁੰਦਾ ਆਇਆ ਸੀ। ਹਰ ਕੌਰ ਦੇ ਕੋਈ ਔਲਾਦ ਨਹੀਂ ਸੀ ਤੇ ਰਾਮ ਕੌਰ ਦੇ ਇੱਕ ਪੁੱਤਰ ਸੋਹਣ ਸਿੰਘ 1870 (ਮਾਘ) ਵਿੱਚ ਪੈਦਾ ਹੋਇਆ। ਬੱਚੇ ਦੇ ਸਾਲ ਭਰ ਦੇ ਹੁੰਦੇ ਹੁੰਦੇ ਕਰਮ ਸਿੰਘ ਚੱਲ ਵੱਸਿਆ। ਘਰ ਵਿੱਚ ਬੁੱਢੀ ਦਾਦੀ ਸਮੇਤ ਤਿੰਨ ਔਰਤਾਂ ਬਚ ਰਹੀਆਂ ਜਿਨ੍ਹਾਂ ਦੀ ਸਾਰੀ ਆਸ ਇੱਕ ਸਾਲ ਦੇ ਸੋਹਣ ਸਿੰਘ ’ਤੇ ਕੇਂਦਰਿਤ ਸੀ। ਚਾਰ ਪੁਸ਼ਤਾਂ ਤੋਂ ਇੱਕ ਪੁੱਤਰ ਨਾਲ ਚੱਲਿਆ ਆ ਰਿਹਾ ਚੰਦਾ ਸਿੰਘ ਦਾ ਵੰਸ਼ ਹੁਣ ਸੋਹਣ ਸਿੰਘ ਨਾਲ ਖ਼ਤਮ ਹੋ ਰਿਹਾ ਹੈ। ਪਰ ਚੰਦਾ ਸਿੰਘ ਦੇ ਆਖ਼ਰੀ ਵੰਸ਼ਜ ਨੇ ਜੋ ਸੇਵਾਵਾਂ ਕੀਤੀਆਂ ਹਨ, ਉਸ ਨਾਲ ਇਹ ਵੰਸ਼ ਖ਼ਤਮ ਨਹੀਂ, ਅਮਰ ਵੰਸ਼ ਕਹਾਵੇਗਾ। ਉਂਜ ਜਦੋਂ ਲੋਕ ਦਾਦੇ ਦੇ ਨਾਂ ਤੋਂ ਪਿੱਛੇ ਦੇ ਨਾਂ ਨਹੀਂ ਦੱਸ ਸਕਦੇ ਤਾਂ ਪੁੱਤਰ ਦੇ ਨਾਂ ਨਾਲ ਵੰਸ਼ ਹੋਣਾ ਬਿਲਕੁਲ ਅਣਹੋਣੀ ਗੱਲ ਜਾਪਦੀ ਹੈ।
… ਬਾਲਕ ਸੋਹਣ ਦਾ ਦਿਲ ਬਚਪਨ ਤੋਂ ਹੀ ਬੜਾ ਉਦਾਰ ਸੀ। ਉਹ ਘਰੋਂ ਖਾਣ-ਪੀਣ ਦੀਆਂ ਚੀਜ਼ਾਂ ਝੋਲੀ ਭਰ ਕੇ ਲੈ ਜਾਂਦਾ ਅਤੇ ਬੱਚਿਆਂ ਨੂੰ ਵੰਡ ਦਿੰਦਾ। ਖਿਡੌਣੇ ਵੀ ਵੰਡ ਦਿੰਦਾ। … ਸੋਹਣ ਸਿੰਘ ਦਾ ਪਿਆਰ ਮਨ ਤੋਂ ਵੀ ਮਤਰੇਈ ਮਾਂ ਨਾਲ ਵੱਧ ਸੀ ਜਿਸ ਨੇ ਜ਼ਿੰਦਗੀ ਵਿੱਚ ਬੜੇ ਦੁੱਖ ਭੋਗੇ ਸਨ। …
ਸੋਹਣ ਸਿੰਘ ਦੇ ਜੀਵਨ ਦੇ 17 ਸਾਲ ਪੂਰੇ ਹੋਣ ’ਤੇ ਉਸ ਕੋਲ ਜਵਾਨੀ ਸੀ ਅਤੇ ਧਨ ਦੌਲਤ, ਪਰ ਨਾਲ ਹੀ ਬੇਸਮਝੀ ਵੀ। ਲੋਕਾਂ ਪਿੱਛੇ ਲੱਗ ਤੁਰੇ ਅਤੇ ਕਰਜ਼ਾ ਲੈ ਕੇ ਸ਼ੌਕ ਪਾਲਣੇ ਸ਼ੁਰੂ ਕੀਤੇ, ਪਰ ਸੰਤੋਖ ਨਾ ਮਿਲਿਆ। ਫਿਰ ਗੁਰੂ ਰਾਮ ਸਿੰਘ ਦੇ ਅਨੁਯਾਈ ਬਾਬਾ ਕੇਸਰ ਪਿੰਡ ਭਕਨੇ ਆਏ। 28 ਸਾਲ ਦੇ ਹੋ ਚੁੱਕੇ ਸੋਹਣ ਸਿੰਘ ’ਤੇ ਕਿਸੇ ਨੇ ਵੀ ਏਨਾ ਅਸਰ ਨਹੀਂ ਪਾਇਆ ਸੀ ਜਿੰਨਾ ਬਾਬਾ ਕੇਸਰ ਨੇ। ਬਾਬਾ ਕੇਸਰ ਨੂੰ ਸੋਹਣ ਸਿੰਘ ਦੇ ਸ਼ਰਾਬ ਤੇ ਸ਼ਿਕਾਰ ਦੇ ਸ਼ੌਕ ਦਾ ਪਤਾ ਸੀ। ਉਨ੍ਹਾਂ ਕਿਹਾ- ਕਦੀ ਕਦੀ ਮੈਨੂੰ ਮਿਲ ਲਿਆ ਕਰ, ਕਿਸੇ ਦੇ ਕਹਿਣ ’ਤੇ ਸ਼ਰਾਬ ਜਾਂ ਸ਼ਿਕਾਰ ਨਾ ਛੱਡੀਂ, ਜਦੋਂ ਤੇਰਾ ਦਿਲ ਕਹੇ, ਉਦੋਂ ਛੱਡੀਂ। ਬਾਬੇ ਦੇ ਜਾਣ ਮਗਰੋਂ ਸੋਹਣ ਸਿੰਘ ਭਗਤੀ ਦੇ ਰੰਗ ਵਿੱਚ ਰੰਗ ਗਏ। 1905 ਤੋਂ ਸੋਹਣ ਸਿੰਘ ਨੇ ਹੋਲਾ (ਭੰਡਾਰਾ) ਕਰਨਾ ਸ਼ੁਰੂ ਕੀਤਾ ਅਤੇ ਸਾਰੀ ਜਾਇਦਾਦ 1908 ਦੇ ਆਖ਼ਰੀ ਭੰਡਾਰੇ ਤੱਕ ਖ਼ਤਮ ਕਰ ਦਿੱਤੀ। ਕਰਜ਼ਾਈ ਹੋ ਕੇ ਹੱਥੀਂ ਖੇਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੋ ਨਹੀਂ ਸਕੀ। ਕਰਜ਼ਾਈ ਹੋਣ ਕਾਰਨ ਉਨ੍ਹਾਂ 1909 ਵਿੱਚ 38 ਸਾਲਾਂ ਦੀ ਉਮਰ ਵਿੱਚ ਵਧੇਰੇ ਮਜ਼ਦੂਰੀ ਦੀ ਆਸ ਵਿੱਚ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਇੱਕ ਹਜ਼ਾਰ ਰੁਪਏ ਕਰਜ਼ ਲੈ ਕੇ 3 ਫਰਵਰੀ 1909 ਨੂੰ ਉਨ੍ਹਾਂ ਅਮਰੀਕਾ ਲਈ ਭਕਨਾ ਛੱਡ ਦਿੱਤਾ। ਅਮਰੀਕਾ ਵਿੱਚ ਪੋਰਟਲੈਂਡ ਵਿੱਚ ਲੱਕੜ ਦੇ ਕਾਰਖਾਨੇ ਵਿੱਚ ਭਰਤੀ ਹੋਏ। …
ਅਮਰੀਕਾ ਵਿੱਚ 1907-08 ਦੀ ਜ਼ਬਰਦਸਤ ਮੰਦੀ ਦੌਰਾਨ ਬਹੁਤ ਸਾਰੇ ਕਾਰਖਾਨੇ ਬੰਦ ਹੋਏ ਅਤੇ ਲੱਖਾਂ ਮਜ਼ਦੂਰ ਬੇਕਾਰ ਹੋਏ। ਅਮਰੀਕੀ ਮਜ਼ਦੂਰ ਤਨਖ਼ਾਹ ਵਿੱਚ ਕਟੌਤੀ ਲਈ ਤਿਆਰ ਨਹੀਂ ਸਨ, ਪਰ ਪੂਰਬੀ ਯੂਰੋਪ ਤੇ ਏਸ਼ਿਆਈ ਮਜ਼ਦੂਰ ਘੱਟ ਉਜ਼ਰਤਾਂ ’ਤੇ ਕੰਮ ਕਰਨ ਨੂੰ ਤਿਆਰ ਸਨ। …
1912 ਵਿੱਚ ਪੋਰਟਲੈਂਡ ਵਿੱਚ ਮਜ਼ਦੂਰੀ ਕਰਦਿਆਂ ਸੋਹਣ ਸਿੰਘ ਨੂੰ ਤਿੰਨ ਸਾਲ ਹੋ ਗਏ ਸਨ। … ਬਾਬਾ ਭਕਨਾ ਤੇ ਸਾਥੀ ਔਰੇਗਨ ਵਿੱਚ ਸੰਗਠਨ ਦੀ ਲੋੜ ਮਹਿਸੂਸ ਕਰ ਰਹੇ ਸਨ ਤੇ ਕੈਲੀਫੋਰਨੀਆ ਵਿੱਚ ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਵੀ ਇਹੋ ਲੋੜ ਮਹਿਸੂਸ ਕਰ ਰਹੇ ਸਨ। ਮਾਰਚ 1913 ਵਿਚ ਹਿੰਦੋਸਤਾਨੀਆਂ ਦੀ ਵੱਡੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਲਾਲਾ ਹਰਦਿਆਲ ਅਤੇ ਭਾਈ ਪਰਮਾਨੰਦ ਵੀ ਸ਼ਾਮਿਲ ਹੋਏ। ਉਦੋਂ ਗ਼ਦਰ ਪਾਰਟੀ (ਹਿੰਦੀ ਐਸੋਸੀਏਸ਼ਨ ਆਫ ਅਮਰੀਕਾ) ਦੀ ਸਥਾਪਨਾ ਹੋਈ। ਬਾਬਾ ਭਕਨਾ ਮੁੱਢਲੇ ਪ੍ਰਧਾਨ ਚੁਣੇ ਗਏ। ਪਾਰਟੀ ਨੇ ਹਿੰਦੀ, ਉਰਦੂ, ਪੰਜਾਬੀ, ਮਰਾਠੀ ਵਿੱਚ ‘ਗ਼ਦਰ’ ਨਾਂ ਦਾ ਅਖ਼ਬਾਰ ਕੱਢਣਾ ਨਿਸ਼ਚਿਤ ਕੀਤਾ। ਪਹਿਲੀ ਨਵੰਬਰ 1913 ਨੂੰ ਗ਼ਦਰ ਦਾ ਪਹਿਲਾ ਅੰਕ ਨਿਕਲਿਆ।
ਸੋਹਣ ਸਿੰਘ ਨੇ ਸ਼ੁਰੂ ਵਿੱਚ ਘਰ ਕੁਝ ਪੈਸੇ ਭੇਜੇ ਸਨ ਜਿਨ੍ਹਾਂ ਨਾਲ ਦੋਵਾਂ ਮਾਵਾਂ ਨੇ ਪੰਜ-ਛੇ ਏਕੜ ਜ਼ਮੀਨ ਛੁਡਾ ਲਈ ਸੀ, ਪਰ ਬਾਅਦ ਵਿੱਚ ਤਾਂ ਸਭ ਪਾਰਟੀ ਲੇਖੇ ਸੀ। ਪਾਰਟੀ ਨੇ ਦੂਜੇ ਮੁਲਕਾਂ ਦੀਆਂ ਇਨਕਲਾਬੀ ਪਾਰਟੀਆਂ ਨਾਲ ਨੇੜਤਾ ਕਾਇਮ ਕੀਤੀ।

ਰਾਹੁਲ ਸੰਕਰਤਿਆਯਨ

23 ਜੁਲਾਈ ਨੂੰ ਕਾਮਾ ਗਾਟਾਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਹਿੰਦੋਸਤਾਨ ਭੇਜਣ ਦਾ ਫ਼ੈਸਲਾ ਹੋਇਆ। ਉਸੇ ਵੇਲੇ ਪਹਿਲੀ ਆਲਮੀ ਜੰਗ ਦੀਆਂ ਖ਼ਬਰਾਂ ਆਈਆਂ। ਬਾਬਾ ਭਕਨਾ ਵੀ ਹੋਰ ਜਹਾਜ਼ ਵਿੱਚ ਹਿੰਦੋਸਤਾਨ ਲਈ ਚੱਲੇ ਅਤੇ 14 ਅਕਤੂਬਰ 1914 ਨੂੰ ਕਲਕੱਤਾ ਮੁੜੇ। ਮੁੜਦਿਆਂ ਹੀ ਗ੍ਰਿਫ਼ਤਾਰ ਕਰਕੇ ਮੁਲਤਾਨ ਜੇਲ੍ਹ ਭੇਜ ਦਿੱਤੇ ਗਏ। ਪੰਜਾਬ ਵਿੱਚ 1914 ਦੇ ਅਖੀਰ ਵਿੱਚ ਇਨਕਲਾਬ ਦੀ ਜ਼ਬਰਦਸਤ ਕੋਸ਼ਿਸ਼ ਹੋਈ ਜੋ ਸਮੇਂ ਤੋਂ ਪਹਿਲਾਂ ਭੇਦ ਖੁੱਲ੍ਹਣ ਕਾਰਨ ਅਸਫ਼ਲ ਰਹੀ। ਲਾਹੌਰ ਜੇਲ੍ਹ ਵਿੱਚ 64 ਆਦਮੀਆਂ ’ਤੇ ਪਹਿਲਾਂ ਲਾਹੌਰ ਸਾਜ਼ਿਸ਼ ਕੇਸ ਚਲਿਆ ਜਿਨ੍ਹਾਂ ਵਿਚੋਂ 24 ਨੂੰ ਫਾਂਸੀ ਦੀ ਸਜ਼ਾ ਹੋਈ ਅਤੇ ਇਨ੍ਹਾਂ ਵਿੱਚ ਇੱਕ ਸੋਹਣ ਸਿੰਘ ਵੀ ਸਨ। ਫਾਂਸੀ ਵਾਲੇ ਦਿਨ 17 ਆਦਮੀਆਂ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ ਜਿਨ੍ਹਾਂ ਵਿੱਚ ਸੋਹਣ ਸਿੰਘ ਸ਼ਾਮਲ ਸਨ। 10 ਦਸੰਬਰ 1915 ਨੂੰ ਬਾਬਾ ਸੋਹਣ ਸਿੰਘ ਆਪਣੇ ਹੋਰ ਸਾਥੀਆਂ ਨਾਲ ਅੰਡੇਮਾਨ ਪਹੁੰਚੇ। ਉੱਥੇ ਸੰਘਰਸ਼ ਵਿੱਚ ਭੁੱਖ ਹੜਤਾਲਾਂ ਵਿੱਚ ਬਾਬਾ ਰਾਮ ਰੱਖਾ ਸਹਿਤ ਅੱਠ ਜਣੇ ਸ਼ਹੀਦ ਹੋਏ। ਜੁਲਾਈ 1921 ਵਿੱਚ ਬਾਬਾ ਭਕਨਾ ਤੇ ਸਾਥੀ ਮਦਰਾਸ ਜੇਲ੍ਹ ਲਿਆਂਦੇ ਗਏ। ਫਿਰ ਯਰਵਦਾ ਜੇਲ੍ਹ ਵਿੱਚ ਪੰਜ ਸਾਲ ਤੇ ਅਖੀਰ ਨੂੰ ਤਿੰਨ ਸਾਲ ਲਾਹੌਰ ਜੇਲ੍ਹ ਵਿੱਚ। ਜੁਲਾਈ 1930 ਵਿੱਚ ਉਨ੍ਹਾਂ ਨੂੰ 60 ਸਾਲ ਦੀ ਉਮਰ ਵਿੱਚ ਰਿਹਾਅ ਕੀਤਾ ਗਿਆ।
ਅੰਮ੍ਰਿਤਸਰ ਨੇ ਮਹਾਨ ਦੇਸ਼ ਭਗਤ ਦਾ ਜ਼ਬਰਦਸਤ ਸਵਾਗਤ ਕੀਤਾ। ਬਾਬਾ ਜੀ ਭਕਨਾ ਗਏ ਤਾਂ ਘਰ ਦਾ ਰਾਹ ਹੀ ਭੁੱਲ ਗਏ। 22 ਸਾਲਾਂ ਵਿੱਚ ਪਿੰਡ ਦਾ ਨਕਸ਼ਾ ਬਦਲ ਗਿਆ ਸੀ। ਪਿਓ-ਦਾਦਿਆਂ ਦੇ ਘਰ ਦੀ ਇੱਕ ਕੋਠੜੀ ਬਚ ਰਹੀ ਸੀ ਜਿੱਥੇ ਬਾਬਾ ਜੀ ਦੀ ਪਤਨੀ ਵਿਸ਼ਨੂੰ ਕੌਰ ਕਦੇ ਕਦੇ ਹੰਝੂ ਵਹਾਉਣ ਆ ਜਾਂਦੀ ਸੀ।
ਬਾਬਾ ਜੀ ਹੁਣ 73 ਸਾਲਾਂ ਦੇ ਹੋ ਚੁੱਕੇ ਸਨ ਤੇ ਉਨ੍ਹਾਂ ਦੀ ਕਮਰ ਵੀ ਹੁਣ ਟੇਢੀ ਹੋ ਚੁੱਕੀ ਹੈ। ਪਰ ਉਹ ਬੁਢਾਪੇ ਨੂੰ ਆਰਾਮ ਨਾਲ ਬਿਤਾਉਣ ਲਈ ਜੇਲ੍ਹੋਂ ਬਾਹਰ ਨਹੀਂ ਆਏ। ਪਿਛਲੇ ਤੇਰਾਂ ਸਾਲਾਂ ਵਿਚੋਂ ਉਨ੍ਹਾਂ ਦੇ ਨੌ ਸਾਲ ਜੇਲ੍ਹਾਂ ਵਿੱਚ ਹੀ ਲੰਘੇ। ਉਨ੍ਹਾਂ ਦਾ ਸਾਰਾ ਸਮਾਂ ਦੇਸ਼ ਭਗਤਾਂ ਨੂੰ ਜੇਲ੍ਹਾਂ ਵਿਚੋਂ ਛੁਡਾਉਣ ਅਤੇ ਕਿਸਾਨਾਂ ਦੀਆਂ ਤਕਲੀਫ਼ਾਂ ਦੂਰ ਕਰਨ ਵਿੱਚ ਹੀ ਲੰਘਦਾ ਹੈ। ਪੰਜ ਸਾਲ ਦੀਆਂ ਛੋਟੀਆਂ ਮੋਟੀਆਂ ਸਜ਼ਾਵਾਂ ਕੱਟਣ ਬਾਅਦ ਮਾਰਚ 1940 ਵਿੱਚ ਉਹ ਜੇਲ੍ਹੋਂ ਬਾਹਰ ਸਨ, ਜਦ ਉਨ੍ਹਾਂ ਨੂੰ ਮੇਰੀ ਗ੍ਰਿਫ਼ਤਾਰੀ ਉਪਰੰਤ ਸਰਬ ਭਾਰਤੀ ਕਿਸਾਨ ਸਭਾ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। (ਸਵਾਮੀ ਸਹਜਾਨੰਦ ਸਰਸਵਤੀ ਦੀ ਅਗਵਾਈ ਵਿੱਚ ਸਰਬ ਹਿੰਦ ਕਿਸਾਨ ਸਭਾ 1936 ਵਿੱਚ ਸਥਾਪਤ ਹੋਈ ਸੀ)
ਜੁਲਾਈ 1940 ਵਿੱਚ ਕਿਸਾਨ ਸਭਾ ਦੇ ਕੰਮ ਲਈ ਉਹ ਗਯਾ ਆਏ ਸਨ ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਰਾਜਨਪੁਰ (ਡੇਰਾ ਗਾਜ਼ੀ ਖ਼ਾਨ), ਦਿਓਲੀ ਅਤੇ ਗੁਜਰਾਤ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਰੱਖਿਆ ਗਿਆ। 1930 ਵਿੱਚ ਜਦ ਉਹ ਜੇਲ੍ਹੋਂ ਬਾਹਰ ਆਏ ਸਨ, ਉਦੋਂ ਤੋਂ ਬਾਬਾ ਜੀ ਨੇ ਜਨਤਾ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਹੋਏ ਅਧਿਐਨ ਜਾਰੀ ਰੱਖਿਆ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਮਾਰਕਸਵਾਦੀ ਬਣ ਗਿਆ। ਦਿਓਲੀ ਵਿੱਚ ਜਿਸ ਲਗਨ ਨਾਲ ਇਹ 72 ਸਾਲ ਦਾ ਬਜ਼ੁਰਗ ਕਲਾਸਾਂ ਅਤੇ ਕਿਤਾਬਾਂ ਵਿੱਚ ਲੱਗਿਆ ਰਹਿੰਦਾ ਸੀ, ਉਸ ਨਾਲ ਤਾਂ ਜਵਾਨਾਂ ਨੂੰ ਵੀ ਸ਼ਰਮ ਆ ਜਾਂਦੀ।
1913 ਵਿੱਚ ਬਾਬਾ ਜੀ ਨੇ ਆਪਣੀ ਜ਼ਿੰਦਗੀ ਨੂੰ ਦੇਸ਼ ਲਈ ਅਰਪਣ ਕੀਤਾ। ਉਸੇ ਸਮੇਂ ਤੋਂ ਉਨ੍ਹਾਂ ਦੇ ਸਰੀਰ ਦਾ ਰੋਮ ਰੋਮ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਇੱਕ ਪਲ ਦੇਸ਼ ਦਾ ਹੋ ਗਿਆ। ਦੇਸ਼ ਭਰ ਜਵਾਨ ਹੈ, ਇਸ ਲਈ ਬਾਬਾ ਜੀ ਵੀ ਆਪਣੇ ਅੰਦਰ ਉਸੇ ਭਰ ਜਵਾਨੀ ਨੂੰ ਮਹਿਸੂਸ ਕਰਦੇ ਹਨ। 1942 ਦੀ ਜੁਲਾਈ ਵਿੱਚ ਹੀ ਬਹੁਤ ਸਾਰੇ ਕਮਿਊਨਿਸਟ ਛੱਡ ਦਿੱਤੇ ਗਏ, ਪਰ ਬਾਬਾ ਗੁਰਮੁਖ ਸਿੰਘ, ਬਾਬਾ ਸੁੱਚਾ ਸਿੰਘ, ਬਾਬਾ ਕੇਸਰ ਸਿੰਘ ਤੇ ਬਾਬਾ ਰੂੜ ਸਿੰਘ ਵਰਗੇ 70 ਸਾਲ ਦੇ ਬਜ਼ੁਰਗਾਂ ਨੂੰ ਹੁਣ (ਨਵੰਬਰ 1941) ਵਿੱਚ ਵੀ ਜੇਲ੍ਹ ਵਿੱਚ ਬੰਦ ਰੱਖਣ ਵਾਲੀ ਪੰਜਾਬ ਸਰਕਾਰ ਬਾਬਾ ਸੋਹਣ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰਨ ਲਈ ਤਿਆਰ ਨਹੀਂ ਸੀ। ਪਰ ਮਾਰਚ 1943 ਵਿੱਚ ਹੀ ਗਯਾ (ਬਿਹਾਰ) ਵਿੱਚ ਸਰਬ ਭਾਰਤੀ ਕਿਸਾਨ ਸਭਾ ਦਾ ਇਜਲਾਸ ਹੋ ਰਿਹਾ ਸੀ। ਪੰਜਾਬ ਸਰਕਾਰ ਮਜਬੂਰ ਹੋਈ ਅਤੇ 1 ਮਾਰਚ 1943 ਨੂੰ ਬਾਬਾ ਸੋਹਣ ਸਿੰਘ ਜੇਲ੍ਹ ਤੋਂ ਛੁੱਟ ਕੇ ਬਾਹਰ ਆਏ।
ਅੱਜ ਵੀ ਬਾਬਾ ਸੋਹਣ ਸਿੰਘ ਦੀ ਉਹੋ ਧੁਨ ਹੈ।

ਕੁਝ ਰਾਹੁਲ ਸੰਕਰਤਿਆਯਨ ਬਾਰੇ

ਚਮਨ ਲਾਲ *

ਚਮਨ ਲਾਲ *

ਪੰਜਾਬੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਿਛਲੀ ਸਦੀ ਦੇ ਮਹਾਨ ਚਿੰਤਕ ਰਾਹੁਲ ਸੰਕਰਤਿਆਯਨ ਨੇ ਬਾਬਾ ਸੋਹਣ ਸਿੰਘ ਭਕਨਾ ਦੀ ਜ਼ਿੰਦਗੀ ਦਾ ਖ਼ਾਕਾ 22 ਸਫ਼ਿਆਂ ਵਿੱਚ ਲਿਖਿਆ। ਬਾਬਾ ਭਕਨਾ ਬਾਰੇ ਉਨ੍ਹਾਂ ਵੱਲੋਂ ਰਚੇ ਜੀਵਨ ਖ਼ਾਕੇ ਵਿਚੋਂ ਕੁਝ ਅੰਸ਼ ਸਾਂਝੇ ਕਰਨ ਦੇ ਨਾਲ ਨਾਲ ਰਾਹੁਲ ਦੀ ਸ਼ਖ਼ਸੀਅਤ ਬਾਰੇ ਜਾਣਨਾ ਵੀ ਜ਼ਰੂਰੀ ਹੈ। ਰਾਹੁਲ ਸੰਕਰਤਿਆਯਨ ਨੇ 140 ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ। ਤਰਕਸ਼ੀਲਤਾ ਨਾਲ ਇੱਕ ਮਠ ਦੇ ਮਹੰਤ ਤੋਂ ਆਰੀਆ ਸਮਾਜੀ, ਤੇ ਫਿਰ ਬੌਧ ਤੇ ਅਖੀਰ ਕਮਿਊਨਿਸਟ ਬਣ ਕੇ ਜ਼ਿੰਦਗੀ ਦੇ ਕਈ ਵਰ੍ਹੇ ਉਨ੍ਹਾਂ ਨੇ ਜੇਲ੍ਹਾਂ ਵਿਚ ਕੱਟੇ। ਉਹ ਸਰਬ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰਹੇ। 1939 ਵਿੱਚ ਬਿਹਾਰ ਦੇ ਜਾਗੀਰਦਾਰੀ ਵਿਰੋਧੀ ਘੋਲ ਵਿੱਚ ਨਾ ਸਿਰਫ਼ ਉਨ੍ਹਾਂ ਦਾ ਜਾਗੀਰਦਾਰਾਂ ਦੇ ਗੁੰਡਿਆਂ ਹੱਥੋਂ ਸਿਰ ਪਾੜਿਆ ਗਿਆ, ਨਾਲ ਹੀ ਜੇਲ੍ਹ ਵੀ ਹੋਈ। ਉਨ੍ਹਾਂ ਨੇ ਦੁਨੀਆਂ ਦੇ ਅਨੇਕਾਂ ਦੇਸ਼ਾਂ ਅਤੇ ਭਾਰਤ ਦੇ ਅਨੇਕ ਹਿੱਸਿਆਂ ਦੀ ਯਾਤਰਾ ਕੀਤੀ। ਤਿੱਬਤ ਤੋਂ ਸੈਂਕੜੇ ਬੌਧ ਖਰੜੇ ਉਹ ਖੱਚਰਾਂ ’ਤੇ ਲੱਦ ਕੇ ਭਾਰਤ ਲਿਆਏ ਅਤੇ ਬਿਨਾਂ ਕਿਸੇ ਇਵਜ਼ਾਨੇ ਤੋਂ ਪਟਨਾ ਦੇ ਸਰਕਾਰੀ ਅਜਾਇਬਘਰ ਨੂੰ ਭੇਂਟ ਕਰ ਦਿੱਤੇ। ਉਹ ਕਥਾਕਾਰ, ਗਦਕਾਰ, ਇਤਿਹਾਸਕਾਰ, ਭਾਸ਼ਾ ਵਿਗਿਆਨੀ, ਅਨੁਵਾਦਕ, ਸਿਆਸੀ ਕਾਰਕੁਨ, ਸ੍ਰੀਲੰਕਾ ਅਤੇ ਸੋਵੀਅਤ ਯੂਨੀਅਨ ਦੀਆਂ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰ ਅਤੇ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸਨ। ਉਨ੍ਹਾਂ ਦੀਆਂ ਸਭ ਤੋਂ ਵੱਧ ਚਰਚਿਤ ਕਿਤਾਬਾਂ ਵਿਚ ਵੋਲਗਾ ਸੇ ਗੰਗਾ, ਭਾਗੋ ਨਹੀਂ ਦੁਨੀਆ ਕੋ ਬਦਲੋ, ਮਾਓ, ਸਟਾਲਿਨ, ਅਕਬਰ, ਦੇਸ਼ ਭਗਤ ਫ਼ੌਜੀ ਚੰਦਰ ਸਿੰਘ ਗੜ੍ਹਵਾਲੀ ਦੀਆਂ ਜੀਵਨੀਆਂ ਆਦਿ ਸ਼ੁਮਾਰ ਹਨ। ‘ਨਏ ਭਾਰਤ ਕੇ ਨਏ ਨੇਤਾ’ ਕਿਤਾਬ ਦੇ 682 ਸਫ਼ਿਆਂ ਵਿੱਚ 42 ਜੀਵਨੀਆਂ ਜਾਂ ਰੇਖਾ-ਚਿੱਤਰ ਸ਼ਾਮਿਲ ਹਨ। ਇਨ੍ਹਾਂ ਵਿਚੋਂ ਅੱਠ ਪੰਜਾਬ ਨਾਲ ਸਬੰਧਿਤ ਹਨ- ਬਾਬਾ ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ, ਸੋਹਣ ਸਿੰਘ ਜੋਸ਼, ਅਮੀਰ ਹੈਦਰ ਖ਼ਾਨ, ਤੇਜਾ ਸਿੰਘ ਸੁਤੰਤਰ, ਫਜ਼ਲ ਇਲਾਹੀ ਕੁਰਬਾਨ, ਮੁਬਾਰਕ ਸਾਗਰ, ਬੀ.ਪੀ.ਐਲ. ਬੇਦੀ। ਇਨ੍ਹਾਂ ਵਿਚੋਂ ਕਈਆਂ ਦਾ ਸਬੰਧ ਭਗਤ ਸਿੰਘ ਤੇ ਉਸ ਦੀ ਸੰਸਥਾ ਨੌਜਵਾਨ ਭਾਰਤ ਸਭਾ ਨਾਲ ਰਿਹਾ। ਇਹ ਸਾਰੇ ਰਾਹੁਲ ਨਾਲ 1941 ਦੌਰਾਨ ਦਿਓਲੀ ਕੈਂਪ ਜੇਲ੍ਹ ਵਿੱਚ ਰਹੇ ਸਨ ਜਿਸ ਦਾ ਵਰਣਨ ਰਾਹੁਲ ਨੇ ਮੇਰੀ ਜੀਵਨ ਯਾਤਰਾ ਦੇ ਭਾਗ ਦੋ ਵਿੱਚ ਕੀਤਾ ਹੈ।

* ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਭਾਰਤੀ ਭਾਸ਼ਾ ਕੇਂਦਰ ਤੋਂ ਸੇਵਾਮੁਕਤ ਪ੍ਰੋਫ਼ੈਸਰ/ਮੁਖੀ ਅਤੇ ਭਗਤ ਸਿੰਘ ਆਰਕਾਈਵਜ਼ ਅਤੇ ਸੰਸਾਧਨ ਕੇਂਦਰ, ਦਿੱਲੀ ਦਾ ਆਨਰੇਰੀ ਸਲਾਹਕਾਰ ਹੈ।
ਈ-ਮੇਲ: Prof.chaman@gmail.com


Comments Off on ਮਹਾਸੰਗਰਾਮੀ, ਮਹਾਨਾਇਕ ਸੋਹਣ ਸਿੰਘ ਭਕਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.