ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼

Posted On January - 22 - 2020

ਡਾ. ਮੁਹੰਮਦ ਇਦਰੀਸ
ਮਹਾਰਾਣਾ ਪ੍ਰਤਾਪ ਦਾ ਜਨਮ 9 ਮਈ 1540 ਈਸਵੀ ਨੂੰ ਕੁੰਬਲਗੜ੍ਹ ਕਿਲ੍ਹਾ ਵਿੱਚ ਹੋਇਆ। ਉਸ ਦੀ ਮਾਤਾ ਦਾ ਨਾਂ ਮਹਾਰਾਣੀ ਜੈਵੰਤਾ ਬਾਈ ਅਤੇ ਪਿਤਾ ਦਾ ਨਾਂ ਮਹਾਰਾਣਾ ਊਦੈ ਸਿੰਘ ਦੂਜਾ ਸੀ। ਉਸ ਦਾ ਵਿਆਹ ਅਜਾਬਦੀ ਪੰਨਵਰ, ਜੋ ਬਿਜੌਲੀਆ ਦੀ ਹੰਸਾ ਬਾਈ ਅਤੇ ਰਾਊ ਮਮਰਖ ਪੰਨਵਰ ਦੀ ਪੁੱਤਰੀ ਸੀ, ਨਾਲ ਹੋਇਆ। ਮਹਾਰਾਣਾ ਪ੍ਰਤਾਪ ਦੇ ਪੰਜ ਪੁੱਤਰ ਅਮਰ ਸਿੰਘ ਪਹਿਲਾ, ਸਾਹਸ ਮੱਲ, ਕੰਵਰ ਦੁਰਜਨ ਸਿੰਘ, ਸ਼ੇਖਾ ਸਿੰਘ ਅਤੇ ਕੰਵਰ ਪੂਰਨ ਮੱਲ ਸਨ। ਕਈ ਵਿਦਵਾਨਾਂ ਅਨੁਸਾਰ ਮਹਾਰਾਣਾ ਪ੍ਰਤਾਪ ਦੇ ਹੋਰ ਵੀ ਧੀਆਂ-ਪੁੱਤਰ ਸਨ, ਜਿਨ੍ਹਾਂ ਦੀ ਗਿਣਤੀ ਸਤਾਰਾਂ ਤੱਕ ਦੱਸੀ ਜਾਂਦੀ ਹੈ।
ਮੇਵਾੜ ਰਿਆਸਤ ਦਾ ਇਲਾਕਾ ਆਧੁਨਿਕ ਸਮੇਂ ਦੱਖਣੀ ਕੇਂਦਰੀ ਰਾਜਸਥਾਨ ਦੇ ਭੀਲਵਾੜਾ, ਚਿਤੌੜਗੜ੍ਹ, ਰਾਜਸਅਮਦ, ਊਦੈਪੁਰ, ਜੱਲਾਵਰ ਜ਼ਿਲ੍ਹੇ ਦੀ ਤਹਿਸੀਲ ਪੀਰਾਵਾ, ਮੱਧ ਪ੍ਰਦੇਸ਼ ਦੇ ਨੀਮਚ ਅਤੇ ਮੰਡਸੋਰ ਸ਼ਹਿਰਾਂ ਅਤੇ ਕੁੱਝ ਹਿੱਸਾ ਗੁਜਰਾਤ ਸੂਬੇ ਵਿੱਚ ਹੈ। ਇੱਥੇ ਬੋਲੀ ਜਾਣ ਵਾਲੀ ਭਾਸ਼ਾ ਮੇਵਾੜੀ ਹੈ। ਮੇਵਾੜ ਰਿਆਸਤ ’ਤੇ ਇਤਿਹਾਸਕ ਤੌਰ ’ਤੇ ਤਿੰਨ ਪ੍ਰਮੁੱਖ ਰਾਜਸੀ ਵੰਸ਼ਾਂ; ਪਹਿਲੇ ਮੌਰੀਜ ਨੇ 734 ਈਸਵੀ, ਦੂਸਰੇ ਗੂਹੀਲਾਜ ਨੇ (734 ਤੋਂ 1303) ਅਤੇ ਤੀਸਰੇ ਸਿਸੋਦੀਆ ਰਾਜਪੂਤਾਂ ਨੇ 1326 ਤੋਂ 1952 ਈਸਵੀ ਤੱਕ ਰਾਜ ਕੀਤਾ।
ਮਹਾਰਾਣਾ ਪ੍ਰਤਾਪ ਦੇ ਪਿਤਾ ਮਹਾਰਾਣਾ ਊਦੈ ਸਿੰਘ ਦੀ 1572 ਈਸਵੀ ਵਿੱਚ ਮੌਤ ਮਗਰੋਂ ਰਾਣੀ ਧੀਰ ਬਾਈ ਆਪਣੇ ਛੋਟੇ ਪੁੱਤਰ ਜਗਮਾਲ ਨੂੰ ਉਤਰਾਧਿਕਾਰੀ ਬਣਾਉਦਾ ਚਾਹੁੰਦੀ ਸੀ ਪਰ ਮੇਵਾੜ ਰਿਆਸਤ ਦੇ ਉੱਚ ਦਰਬਾਰੀ, ਪ੍ਰਤਾਪ ਦੀ ਯੋਗਤਾ, ਸੂਰਬੀਰਤਾ ਅਤੇ ਵੱਡਾ ਹੋਣ ਕਾਰਨ ਉਸ ਨੂੰ ਰਾਜਗੱਦੀ ’ਤੇ ਬਿਠਾਉਣਾ ਚਾਹੁੰਦੇ ਸਨ। ਸੈਨਿਕ, ਪ੍ਰਸ਼ਾਸਨਿਕ ਅਤੇ ਬੌਧਿਕ ਸਿਆਣਪ ਕਾਰਨ ਪ੍ਰਤਾਪ ਸਿੰਘਾਸਣ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਅਤੇ ਮੇਵਾੜ ਦਾ ਮਹਾਰਾਣਾ ਬਣਿਆ। ਮਹਾਰਾਣਾ ਊਦੈ ਸਿੰਘ ਦੇ ਰਾਜਕਾਲ ਦੌਰਾਨ 1568 ਈਸਵੀ ਵਿੱਚ ਮੁਗ਼ਲ ਸੈਨਾਵਾਂ ਨੇ ਚਿਤੌੜਗੜ੍ਹ ਦੀ ਜਿੱਤ ਮਗਰੋਂ ਮੇਵਾੜ ਸ਼ਾਹੀ ਰਿਆਸਤ ਦੇ ਪੂਰਬੀ ਇਲਾਕਿਆਂ ’ਤੇ ਅਧਿਕਾਰ ਸਥਾਪਤ ਕਰ ਲਿਆ ਸੀ, ਪਰ ਬਾਕੀ ਇਲਾਕੇ ਊਦੈ ਸਿੰਘ ਦੇ ਹੀ ਅਧੀਨ ਸਨ।
ਮੁਗ਼ਲ ਬਾਦਸ਼ਾਹ ਜਲਾਲਊਦਦੀਨ ਮੁਹੰਮਦ ਅਕਬਰ (1556-1606) ਦਿੱਲੀ-ਆਗਰਾ ਤੋਂ ਗੁਜਰਾਤ ਜਾਣ ਲਈ ਮੇਵਾੜ ਰਿਆਸਤ ਦੇ ਇਲਾਕਿਆਂ ਰਾਹੀਂ ਸ਼ਾਂਤ ਤੇ ਸਥਿਰ ਰਸਤੇ ਦੀ ਸਥਾਪਨਾ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। 1572 ਵਿੱਚ ਮਹਾਰਾਣਾ ਪ੍ਰਤਾਪ ਦੇ ਰਾਜਗੱਦੀ ’ਤੇ ਬੈਠਣ ਮਗਰੋਂ ਬਾਦਸ਼ਾਹ ਅਕਬਰ ਦੁਆਰਾ ਮਹਾਰਾਣਾ ਪ੍ਰਤਾਪ ਕੋਲ ਕਈ ਰਾਜਦੂਤਕ ਮਿਸ਼ਨ ਭੇਜੇ ਗਏ ਤਾਂ ਜੋ ਮੇਵਾੜ ਰਿਆਸਤ ਨੂੰ ਵੀ ਰਾਜਪੂਤਾਨਾ ਇਲਾਕੇ ਦੀਆਂ ਹੋਰ ਕਈ ਰਾਜਪੂਤ ਰਿਆਸਤਾਂ ਵਾਂਗ ਮੁਗ਼ਲਾਂ ਅਧੀਨ ਕੀਤਾ ਜਾ ਸਕੇ। ਮਹਾਰਾਣਾ ਪ੍ਰਤਾਪ ਨੇ ਕਿਸੇ ਵੀ ਤਰ੍ਹਾਂ ਦੀ ਅਧੀਨਤਾ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ, ਜਿਸ ਦੇ ਫਲਸਰੂਪ ਮੇਵਾੜ ਰਿਆਸਤ ਅਤੇ ਮੁਗ਼ਲ ਸੈਨਾਵਾਂ ਵਿਚਾਲੇ ਯੁੱਧ ਦੀ ਸਥਿਤੀ ਬਣ ਗਈ। ਮੁਗ਼ਲ ਸੈਨਾਵਾਂ ਚਿਤੌੜਗੜ੍ਹ ਦੇ ਕਬਜ਼ੇ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੀਆਂ ਸਨ। ਇਸ ਲਈ ਪਹਿਲਾ ਰਾਜਦੂਤਕ ਮਿਸ਼ਨ ਜਲਾਲ ਖ਼ਾਨ ਦੀ ਅਗਵਾਈ ਅਧੀਨ ਭੇਜਿਆ ਗਿਆ, ਜੋ ਅਸਫ਼ਲ ਰਿਹਾ। ਦੂਸਰਾ ਮਾਨ ਸਿੰਘ, ਤੀਸਰਾ ਰਾਜਾ ਭਗਵੰਤ ਸਿੰਘ ਅਤੇ ਅੰਤਿਮ ਮਿਸ਼ਨ ਰਾਜਾ ਟੋਡਰ ਮੱਲ ਦੀ ਅਗਵਾਈ ਅਧੀਨ ਭੇਜਿਆ ਗਿਆ। ਇਹ ਵੀ ਅਸਫ਼ਲ ਰਹੇ। 18 ਜੂਨ 1576 ਈਸਵੀ ਨੂੰ ਮਹਾਰਾਣਾ ਪ੍ਰਤਾਪ ਅਤੇ ਮੁਗ਼ਲ ਬਾਦਸ਼ਾਹ ਅਕਬਰ ਦੀਆਂ ਫ਼ੌਜਾਂ ਵਿਚਾਲੇ ਹਲਦੀਘਾਟੀ ਦੀ ਲੜਾਈ ਹੋਈ। ਹਲਦੀਘਾਟੀ ਪੱਛਮੀ ਰਾਜਸਥਾਨ ਦੇ ਖਾਮਨੌਰ ਅਤੇ ਬਾਗੀਚਾ ਪਿੰਡਾਂ ਵਿਚਕਾਰ ਤੰਗ ਪਹਾੜੀ ਰਸਤਾ ਹੈ, ਜੋ ਰਾਜਸਾਮੰਦ ਅਤੇ ਪਾਲੀ ਜ਼ਿਲ੍ਹਿਆਂ ਨੂੰ ਜੋੜਦਾ ਹੈ ਅਤੇ ਉਦੈਪੁਰ ਸ਼ਹਿਰ ਤੋਂ 40 ਕਿਲੋਮੀਟਰ ਦੂਰ ਹੈ।
ਅਮੇਰ ਰਿਆਸਤ ਦਾ ਰਾਜਪੂਤ ਰਾਜਾ ਮਾਨ ਸਿੰਘ (ਪਹਿਲਾ) ਮੁਗ਼ਲ ਬਾਦਸ਼ਾਹ ਅਕਬਰ ਦੀਆਂ ਫ਼ੌਜਾਂ ਦਾ ਸੈਨਾਪਤੀ ਸੀ। ਅਮੇਰ ਰਿਆਸਤ ਦਾ ਨਾਂ ਹੁਣ ਜੈਪੁਰ ਹੈ। ਰਾਜਾ ਮਾਨ ਸਿੰਘ, ਅਕਬਰ ਦੇ ਨੌ ਰਤਨਾਂ ’ਚੋਂ ਇੱਕ ਸਨਮਾਨ ਪ੍ਰਾਪਤ ਸੈਨਾਪਤੀ ਸੀ। ਉਸ ਨਾਲ ਹੋਰ ਸੱਯਦ ਅਹਿਮਦ ਖ਼ਾਨ ਬਰਾਅ, ਸੱਯਦ ਹਾਸ਼ਿਮ ਖ਼ਾਨ ਬਰਾਅ, ਜਗਨ ਨਾਥ, ਰਾਊ ਲੌਨਕਾਨ, ਮਿਨਥਾਰ ਖ਼ਾਨ, ਮਾਧੋ ਸਿੰਘ, ਮੁੱਲਾ ਕਾਜ਼ੀ ਖ਼ਾਨ ਅਤੇ ਗਿਆਸਊਦਦੀਨ ਅਲੀ ਆਸਿਫ਼ ਖ਼ਾਨ ਆਦਿ ਫ਼ੌਜੀ ਜਰਨੈਲਾਂ ਅਧੀਨ 5 ਤੋਂ 10 ਹਜ਼ਾਰ ਤੱਕ ਸੈਨਾ ਦੀ ਗਿਣਤੀ ਸੀ। ਮੁਗ਼ਲ ਹਾਥੀ ਸਵਾਰਾਂ ਦੀ ਗਿਣਤੀ ਬਾਰੇ ਜਾਣਕਾਰੀ ਨਹੀਂ ਮਿਲਦੀ। ਦੂਸਰੇ ਪਾਸੇ ਮਹਾਰਾਣਾ ਪ੍ਰਤਾਪ ਨਾਲ ਹਾਕਿਮ ਸੂਰ ਖ਼ਾਨ, ਭੀਮ ਸਿੰਘ ਦੋਦੀਆ, ਰਾਮ ਦਾਸ ਰਾਠੌਰ, ਰਾਮ ਸ਼ਾਹ ਤੋਨਵਰ, ਰਾਣਾ ਪੂੰਜਾ, ਤਾਰਾ ਚੰਦ, ਬੀਦਾ ਜੱਲਾ ਅਤੇ ਭੱਮਾ ਸਿੰਘ ਆਦਿ ਫ਼ੌਜੀ ਜਰਨੈਲਾਂ ਸਮੇਤ 3000 ਦੇ ਲਗਭਗ ਘੋੜ ਸਵਾਰ ਸੈਨਾ ਸੀ। ਰਾਜਪੂਤ ਹਾਥੀ ਸਵਾਰਾਂ ਦੀ ਰਾਜਪੂਤ ਸੈਨਾ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ। ਰਾਜਪੂਤ ਸੈਨਾ ਵਿੱਚ 400 ਦੇ ਕਰੀਬ ਭੀਲ ਤੀਰ ਅੰਦਾਜ਼ ਸੈਨਿਕ ਵੀ ਸਨ, ਜਿਨ੍ਹਾਂ ਦੀ ਮਾਰਗ ਦਰਸ਼ਕਤਾ ਮੇਰਪੁਰ ਰਿਆਸਤ ਦਾ ਮੁਖੀ ਪੂੰਜਾ ਕਰ ਰਿਹਾ ਸੀ। ਭੀਲ ਰਾਜਸਥਾਨ, ਗੁਜਰਾਤ ਅਤੇ ਮਹਾਂਰਾਸ਼ਟਰ ਆਦਿ ਸੂਬਿਆਂ ਵਿੱਚ ਰਹਿਣ ਵਾਲਾ ਇੱਕ ਕਬੀਲਾ ਹੈ। ਮੇਵਾੜ ਰਿਆਸਤ ਦੇ ਭੀਲ ਮੱਧਕਾਲ ਸਮੇਂ ਤੀਰ ਅੰਦਾਜ਼ੀ ਵਿੱਚ ਮਾਹਿਰ ਅਤੇ ਨਿਪੁੰਨਤਾ ਹਾਸਲ ਮੰਨੇ ਜਾਂਦੇ ਸਨ। ਇਸੇ ਤਰ੍ਹਾਂ ਹਾਕਿਮ ਸੂਰ ਖ਼ਾਨ, ਸ਼ੇਰ ਸ਼ਾਹ ਸੂਰੀ ਦੇ ਖ਼ਾਨਦਾਨ ਵਿਚੋਂ ਸੀ। ਉਹ ਆਪਣੇ 1500 ਅਫ਼ਗਾਨ ਮੁਸਲਿਮ ਸੈਨਿਕਾਂ ਸਮੇਤ ਮਹਾਰਾਣਾ ਪ੍ਰਤਾਪ ਦੇ ਰਾਜ ਵਿੱਚ ਸ਼ਾਮਿਲ ਹੋਇਆ ਸੀ।
ਹਲਦੀਘਾਟੀ ਦਾ ਯੁੱਧ 18 ਜੂਨ, 1576 ਈਸਵੀ ਨੂੰ ਛੇ ਘੰਟੇ ਚੱਲਦਾ ਰਿਹਾ। ਸ਼ਾਮ ਹੋਣ ਤੋਂ ਪਹਿਲਾਂ ਮਹਾਰਾਣਾ ਪ੍ਰਤਾਪ ਸਿੰਘ ਜ਼ਖ਼ਮੀ ਹਾਲਤ ਵਿੱਚ ਯੁੱਧ ਖੇਤਰ ਤੋਂ ਬਾਹਰ ਚਲਾ ਗਿਆ। ਯੁੱਧ ਦੌਰਾਨ ਗਹਿ-ਗੱਚ ਲੜਾਈ ਮਗਰੋਂ ਭਾਵੇਂ ਮੁਗ਼ਲ ਸੈਨਾ ਦੀ ਜਿੱਤ ਹੋਈ, ਪਰ ਇਸ ਜਿੱਤ ਦਾ ਕੋਈ ਮੰਤਵ ਨਾ ਰਿਹਾ, ਕਿਉਂਕਿ ਮਹਾਰਾਣਾ ਪ੍ਰਤਾਪ ਨੂੰ ਗ੍ਰਿਫਤਾਰ ਕਰਨ ਵਿੱਚ ਮੁਗ਼ਲ ਅਸਮਰਥ ਰਹੇ। ਇਤਿਹਾਸਕਾਰ ਜਾਦੂਨਾਥ ਸਰਕਾਰ ਅਨੁਸਾਰ ਰਾਜਪੂਤ ਸੈਨਾ ਦੇ 1600 ਦੇ ਲਗਭਗ ਸੈਨਿਕ ਮਾਰੇ ਗਏ ਜਾਂ ਜ਼ਖ਼ਮੀ ਹੋਏ ਸਨ। ਦੂਸਰੇ ਪਾਸੇ ਖ਼ਵਾਜਾ ਨਿਜ਼ਾਮਊਦਦੀਨ ਅਹਿਮਦ ਦੀ ਕਿਤਾਬ ‘ਤਬਕਾਤ-ਏ-ਅਕਬਰੀ’ ਅਨੁਸਾਰ ਯੁੱਧ ਖੇਤਰ ਵਿੱਚ 500 ਮੁਗ਼ਲ ਸੈਨਿਕ ਮਾਰੇ ਗਏ ਅਤੇ 300 ਗੰਭੀਰ ਜ਼ਖ਼ਮੀ ਹੋਏ ਸਨ।
ਉੱਤਰ-ਪੱਛਮੀ ਇਲਾਕਿਆਂ ਦੇ ਅਫ਼ਗਾਨੀ ਕਬੀਲਿਆਂ ਖ਼ਾਸ ਕਰਕੇ ਯੂਸਫ਼ਜਾਈ ਅਤੇ ਗੱਖੜ ਆਦਿ ਦੇ ਵਿਦਰੋਹ ਕਾਰਨ ਅਤੇ ਸਿੰਧ, ਬਲੋਚਿਸਤਾਨ, ਕਸ਼ਮੀਰ ਅਤੇ ਕੰਧਾਰ ਆਦਿ ਵੱਲ ਅਕਬਰ ਦਾ ਧਿਆਨ ਵਧੇਰੇ ਹੋ ਗਿਆ ਸੀ। ਇਸ ਸਮੇਂ ਦੌਰਾਨ ਹੀ ਮਹਾਰਾਣਾ ਪ੍ਰਤਾਪ ਨੇ ਆਪਣੀਆਂ ਫ਼ੌਜਾਂ ਨੂੰ ਮੁੜ ਸੁਰਜੀਤ ਕਰਕੇ ਮੇਵਾੜ ਰਿਆਸਤ ਦੇ ਪੱਛਮੀ ਇਲਾਕਿਆਂ ’ਤੇ ਅਧਿਕਾਰ ਸਥਾਪਤ ਕਰ ਲਿਆ। 1579 ਈਸਵੀ ਤੋਂ ਬਾਅਦ ਮੁਗ਼ਲ ਸਾਮਰਾਜ ਦਾ ਦਬਾਅ ਮੇਵਾੜ ਰਿਆਸਤ ਵੱਲ ਹੋਰ ਵੀ ਘਟਦਾ ਗਿਆ। ਇਸ ਦਾ ਕਾਰਨ ਬਿਹਾਰ ਅਤੇ ਬੰਗਾਲ ਸੂਬਿਆਂ ਵਿੱਚ ਵਿਦਰੋਹਾਂ ਦਾ ਹੋਣਾ ਅਤੇ ਮਿਰਜ਼ਾ ਹਾਕਿਮ ਖ਼ਾਨ ਦੁਆਰਾ ਪੰਜਾਬ ਵਿੱਚ ਉੱਤਰ-ਪੱਛਮ ਵੱਲੋਂ ਦਾਖ਼ਲ ਹੋਣਾ ਸੀ। ਮਿਰਜ਼ਾ ਹਾਕਮ ਖ਼ਾਨ, ਮੁਗ਼ਲ ਬਾਦਸ਼ਾਹ ਨਸ਼ੀਰਊਦਦੀਨ ਮੁਹੰਮਦ ਹੰਮਾਯੂ ਦਾ ਦੂਸਰਾ ਪੁੱਤਰ, ਭਾਵ ਬਾਦਸ਼ਾਹ ਅਕਬਰ ਦਾ ਵੱਡਾ ਭਰਾ ਸੀ। ਉਹ ਕਾਬੁਲ ਅਫ਼ਗਾਨਿਸਤਾਨ ਦਾ ਰਾਜਾ ਸੀ।
ਮਹਾਰਾਣਾ ਪ੍ਰਤਾਪ ਨੇ 1582 ਈਸਵੀ ਵਿੱਚ ਮੁਗ਼ਲਾਂ ਦੇ ਦਾਵਰ ਇਲਾਕੇ ’ਤੇ ਹਮਲੇ ਕਰ ਕੇ ਉਥੇ ਕਬਜ਼ਾ ਕਰ ਲਿਆ। 1585 ਈਸਵੀ ਵਿੱਚ ਬਾਦਸ਼ਾਹ ਅਕਬਰ ਨੇ ਲਾਹੌਰ ਵਿੱਚ ਰੁਕਣ ਦਾ ਫ਼ੈਸਲਾ ਲਿਆ ਅਤੇ ਉਹ ਉੱਤਰੀ-ਪੱਛਮੀ ਇਲਾਕਿਆਂ ਵੱਲ 12 ਸਾਲਾਂ ਤੱਕ ਰੁੱਝਿਆ ਰਿਹਾ। ਮਹਾਰਾਣਾ ਪ੍ਰਤਾਪ ਨੇ ਮੇਵਾੜ ਸ਼ਾਹੀ ਰਾਜਪੂਤ ਰਿਆਸਤ ਦੇ ਪੁਨਰ ਉਭਾਰ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਪੱਛਮੀ ਮੇਵਾੜ, ਕੁੰਬਲਗੜ੍ਹ, ਉੂਦੈਪੁਰ ਅਤੇ ਗੌਗੁੰਡਾ ਦੇ ਇਲਾਕਿਆਂ ’ਤੇ ਮੁੜ ਅਧਿਕਾਰ ਸਥਾਪਤ ਕਰ ਲਿਆ। ਮਹਾਰਾਣਾ ਪ੍ਰਤਾਪ ਨੇ ਮੇਵਾੜ ਦੀ ਰਾਜਧਾਨੀ ਆਧੁਨਿਕ ਦੁਨਗਾਰਪੁਰ ਨੇੜੇ ਚਵਾਂਦ ਨਾਂ ਦਾ ਸਥਾਨ ਬਣਾਇਆ। ਚਵਾਂਦ ਵਿੱਚ ਹੀ ਸ਼ਿਕਾਰ ਖੇਡਦੇ ਹੋਏ ਜ਼ਖ਼ਮੀ ਹੋਣ ਕਾਰਨ ਮਹਾਰਾਣਾ ਪ੍ਰਤਾਪ ਦੀ 19 ਜਨਵਰੀ 1597 ਈਸਵੀ ਨੂੰ 57 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਇਸ ਮਗਰੋਂ ਅਮਰ ਸਿੰਘ ਪਹਿਲਾ (1559-1620 ਈਸਵੀ), ਜੋ ਮਹਾਰਾਣਾ ਪ੍ਰਤਾਪ ਦਾ ਵੱਡਾ ਪੁੱਤਰ ਸੀ, ਰਾਜਗੱਦੀ ’ਤੇ ਬੈਠਿਆ।
ਮਹਾਰਾਣਾ ਪ੍ਰਤਾਪ ਇਕਲੌਤਾ ਮਹਾਰਾਜਾ ਸੀ, ਜਿਸ ਨੇ ਮੁਗ਼ਲ ਬਾਦਸ਼ਾਹ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ। ਮਹਾਰਾਣਾ ਪ੍ਰਤਾਪ ਵੱਲੋਂ ਅਪਣਾਏ ਗਏ ਯੁੱਧ ਸਬੰਧੀ ਢੰਗ ਤਰੀਕੇ ਭਾਵ ਗੁਰੀਲਾ ਯੁੱਧ, ਦੁਸ਼ਮਣ ਨੂੰ ਪ੍ਰੇਸ਼ਾਨ ਕਰਨਾ ਅਤੇ ਹਾਕਿਮ ਖ਼ਾਨ ਸੂਰ ਵਰਗੇ ਅਫ਼ਗਾਨ ਮੁਸਲਿਮ ਸੂਰਵੀਰ, ਯੋਗ ਤੇ ਸ਼ਕਤੀਸ਼ਾਲੀ ਸੈਨਾਪਤੀਆਂ ਨੂੰ ਆਪਣੇ ਰਾਜ ਵਿੱਚ ਸਨਮਾਨ ਪੂਰਵਕ ਸਥਾਨ ਦੇਣਾ, ਘੋੜਸਵਾਰ ਸੈਨਾ ਦੀ ਫੁਰਤੀ, ਭੀਲ ਤੀਰ ਅੰਦਾਜ਼ਾਂ ਦੀ ਯੋਗਤਾ ਦੀ ਅਗਵਾਈ ਆਦਿ ਕਾਰਨ ਉਹ ਮੁਗ਼ਲ ਸਾਮਰਾਜ ਵਿਰੁੱਧ ਸਥਿਰਤਾ ਨਾਲ ਲੜਨ ਵਿੱਚ ਕਾਮਯਾਬ ਹੋਇਆ ਅਤੇ ਮੇਵਾੜ ਸ਼ਾਹੀ ਰਿਆਸਤ ਦੇ ਪੁਨਰ-ਉਭਾਰ ਵਿੱਚ ਸਫ਼ਲ ਹੋ ਸਕਿਆ। ਮਹਾਰਾਣਾ ਪ੍ਰਤਾਪ ਪ੍ਰਤੀ ਹਾਕਿਮ ਖ਼ਾਨ ਸੂਰ ਦੀ ਵਫ਼ਾਦਾਰੀ ਅਤੇ ਲੜਾਈ ਦੌਰਾਨ ਯੁੱਧ ਖੇਤਰ ਵਿੱਚ ਮੌਤ ਅਤੇ ਮਹਾਰਾਣਾ ਪ੍ਰਤਾਪ ਦੇ ਘੋੜੇ ਚੇਤਕ ਦੀ ਵਫ਼ਾਦਾਰੀ ਨਾਲ ਸਬੰਧਤ ਅਨੇਕਾਂ ਕਿੱਸੇ, ਕਹਾਣੀਆਂ ਪੰਜਾਬੀ ਅਤੇ ਰਾਜਸਥਾਨੀ ਲੋਕਧਾਰਾ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਅੱਜ ਵੀ ਪ੍ਰਚੱਲਿਤ ਹਨ। ਮਹਾਰਾਣਾ ਪ੍ਰਤਾਪ ਇੱਕ ਵੀਰ ਯੋਧਾ, ਸੂਰਬੀਰ, ਸਵੈ-ਅਭਿਮਾਨ ਵਾਲਾ ਅਤੇ ਯੋਗ ਮਹਾਰਾਜਾ ਸੀ, ਜਿਸ ਨੇ ਨਾ-ਕੇਵਲ ਮੇਵਾੜ ਰਿਆਸਤ ਦੇ ਗੌਰਵਮਈ ਇਤਿਹਾਸ ਦੀ ਰੱਖਿਆ ਲਈ ਮੁਗ਼ਲ ਸੈਨਾਵਾਂ ਨਾਲ ਯੁੱਧ ਦਾ ਰਸਤਾ ਚੁਣਿਆ ਸਗੋਂ ਉਹ ਸਮੁੱਚੇ ਰਾਜਪੂਤਾਂ ਦੇ ਗੌਰਵਮਈ ਇਤਿਹਾਸ ਦਾ ਮਾਰਗ ਦਰਸ਼ਕ ਵੀ ਬਣਿਆ।

 


Comments Off on ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.