ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ

Posted On January - 20 - 2020

ਡਾ. ਗੁਰਿੰਦਰ ਕੌਰ

6 ਜਨਵਰੀ, 2020 ਨੂੰ ਭਾਰਤ ਦੇ ਮੌਸਮ ਵਿਭਾਗ ਦੀ ਰਿਪੋਰਟ ‘ਸਟੇਟਮੈਂਟ ਔਨ ਕਲਾਈਮੇਟ ਆਫ਼ ਇੰਡੀਆ ਡਿਊਰਿੰਗ 2019’ ਜਾਰੀ ਹੋਈ ਹੈ। ਮੌਸਮ ਵਿਭਾਗ ਦੇ ਰਿਕਾਰਡ ਅਨੁਸਾਰ 1901 ਤੋਂ ਹੁਣ ਤੱਕ, 2019 ਭਾਰਤ ਦਾ ਸੱਤਵਾਂ ਸਭ ਤੋਂ ਗਰਮ ਸਾਲ ਰਿਹਾ ਹੈ। 2019 ਵਿਚ ਮੁਲਕ ਦੇ ਔਸਤ ਤਾਪਮਾਨ ਵਿਚ 0.61 ਡਿਗਰੀ ਸੈਲਸੀਅਸ ਵਾਧਾ ਰਿਕਾਰਡ ਹੋਇਆ ਹੈ। 2016 ਵਿਚ ਇਹ ਵਾਧਾ 0.71 ਡਿਗਰੀ ਸੈਲਸੀਅਸ ਸੀ ਜੋ ਪਿਛਲੇ ਸਾਲ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ ਹੈ। 2019 ਵਿਚ ਤਾਪਮਾਨ ਦੇ ਔਸਤ ਤਾਪਮਾਨ ਵਿਚ ਵਾਧੇ ਦੇ ਨਾਲ ਨਾਲ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵੀ ਵੱਖੋ-ਵੱਖਰੇ ਤੌਰ ਉੱਤੇ ਵਾਧਾ ਰਿਕਾਰਡ ਕੀਤਾ ਗਿਆ ਹੈ। ਦਿਨ ਦੇ ਤਾਪਮਾਨ ਵਿਚ ਔਸਤਨ ਵਾਧਾ 1 ਡਿਗਰੀ ਅਤੇ ਰਾਤ ਦੇ ਤਾਪਮਾਨ ਵਿਚ 0.22 ਡਿਗਰੀ ਸੈਲਸੀਅਸ ਆਂਕਿਆ ਗਿਆ ਹੈ। ਇਸ ਰਿਪੋਰਟ ਅਨੁਸਾਰ 2011-2019 ਤੱਕ ਦਾ ਦਹਾਕਾ ਹੁਣ ਤੱਕ ਦਾ ਸਭ ਤੋਂ ਗਰਮ ਦਹਾਕਾ ਰਿਕਾਰਡ ਕੀਤਾ ਗਿਆ ਹੈ ਜੋ ਚਿੰਤਾ ਦੀ ਗੱਲ ਹੈ।
ਬੀਤੇ ਸਾਲ (2019) ਮੁਲਕ ਵਿਚ ਇਕੱਲੇ ਤਾਪਮਾਨ ਵਿਚ ਹੀ ਵਾਧਾ ਨਹੀਂ ਆਂਕਿਆ ਗਿਆ ਬਲਕਿ ਹਰ ਤਰ੍ਹਾਂ ਦੇ ਮੌਸਮ ਵਿਚ ਬਦਲਾਓ ਦੇਖਿਆ ਗਿਆ ਹੈ ਅਤੇ ਇਸ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਤੇ ਉਨ੍ਹਾਂ ਦੀ ਮਾਰ ਦੀ ਗਹਿਰਾਈ ਵਿਚ ਵੀ ਵਾਧਾ ਰਿਕਾਰਡ ਕੀਤਾ ਗਿਆ ਹੈ। ਪੰਜ ਸਾਲ ਪਹਿਲਾਂ 2014 ਵਿਚ ‘ਮੌਸਮੀ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ’ (ਆਈਪੀਸੀਸੀ) ਦੀ ਰਿਪੋਰਟ ਵਿਚ ਖ਼ੁਲਾਸਾ ਕੀਤਾ ਗਿਆ ਸੀ ਕਿ ਜੇ ਦੁਨੀਆ ਦੇ ਸਭ ਮੁਲਕਾਂ ਨੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਤੇਜ਼ੀ ਨਾਲ ਕਟੌਤੀ ਨਾ ਕੀਤੀ ਤਾਂ ਭਾਰਤ ਅਤੇ ਚੀਨ ਮੌਸਮੀ ਤਬਦੀਲੀਆਂ ਦੇ ਨਾਲ ਨਾਲ ਹੋਰ ਮੁਲਕਾਂ ਨਾਲੋਂ ਵਧ ਕੁਦਰਤੀ ਆਫ਼ਤਾਂ ਦੀ ਮਾਰ ਦੇ ਸਨਮੁੱਖ ਹੋਣਗੇ। ਇਸ ਚਿਤਾਵਨੀ ਦੇ ਬਾਵਜੂਦ ਪਿਛਲੇ ਪੰਜ ਸਾਲਾਂ ਵਿਚ ਸਾਡੇ ਮੁਲਕ ਨੇ ਕਾਰਬਨ ਨਿਕਾਸੀ ਘਟਾਉਣ ਦੇ ਸਿਰਫ਼ ਕਾਗਜ਼ੀ ਉਪਰਾਲੇ ਹੀ ਕੀਤੇ ਹਨ। ਇਸੇ ਕਾਰਨ ਸਾਡਾ ਮੁਲਕ ਹਰ ਸਾਲ ਪਿਛਲੇ ਸਾਲ ਨਾਲੋਂ ਵੱਧ ਕੁਦਰਤੀ ਆਫ਼ਤਾਂ ਦੀ ਮਾਰ ਸਹਿੰਦਾ ਹੈ।

ਡਾ. ਗੁਰਿੰਦਰ ਕੌਰ

2019 ਦੌਰਾਨ ਮੁਲਕ ਵਿਚ ਹਰ ਮੌਸਮ ਵਿਚ ਤਬਦੀਲੀ ਆਈ ਜੋ ਪ੍ਰਤੱਖ ਦਿਖਾਈ ਦਿੱਤੀ ਅਤੇ ਮਹਿਸੂਸ ਵੀ ਕੀਤੀ ਗਈ। ਪਹਿਲੀ ਤਬਦੀਲੀ ਉੱਤਰੀ ਭਾਰਤ ਦੀ ਸਰਦੀ ਦੀ ਰੁੱਤ ਵਿਚ ਰਿਕਾਰਡ ਹੋਈ। ਉੱਤਰੀ ਭਾਰਤ ਵਿਚ ਸਰਦੀ ਰੁੱਤ ਆਮ ਤੌਰ ਤੇ ਦਸੰਬਰ ਤੋਂ ਫ਼ਰਵਰੀ ਦੇ ਅੱਧ ਤੱਕ ਹੁੰਦੀ ਹੈ ਪਰ 2019 ਵਿਚ ਸਰਦੀ ਦੀ ਰੁੱਤ ਆਮ ਨਾਲੋਂ ਲੰਮੀ ਅਤੇ ਠੰਢੀ ਸੀ ਜੋ ਦਸੰਬਰ ਤੋਂ ਮਾਰਚ ਦੇ ਅੰਤ ਤੱਕ ਰਹੀ। ਅਪਰੈਲ ਸ਼ੁਰੂ ਹੁੰਦਿਆਂ ਹੀ ਤਾਪਮਾਨ ਇਕਦਮ ਵਧਣਾ ਸ਼ੁਰੂ ਹੋ ਗਿਆ ਅਤੇ ਗਰਮੀ ਦੀ ਰੁੱਤ ਸ਼ੁਰੂ ਹੋ ਗਈ; ਵਿਚੋਂ ਬਸੰਤ ਰੁੱਤ ਕਦੋਂ ਤੇ ਕਿਵੇਂ ਗਾਇਬ ਹੋ ਗਈ, ਪਤਾ ਹੀ ਨਹੀਂ ਲੱਗਿਆ।
ਬਸੰਤ ਰੁੱਤ ਆਮ ਤੌਰ ਤੇ ਫ਼ਰਵਰੀ ਦੇ ਅੱਧ ਤੋਂ ਅਪਰੈਲ ਦੇ ਪਹਿਲੇ ਹਫ਼ਤੇ ਤੱਕ ਰਹਿੰਦੀ ਹੈ। ਮਾਰਚ ਦੇ ਅੰਤ ਵਿਚ ਸਰਦੀ ਸੀ ਅਤੇ ਅਪਰੈਲ ਵਿਚ ਗਰਮੀ ਦੀ ਰੁੱਤ ਆ ਗਈ। ਬਸੰਤ ਦੀ ਰੁੱਤ ਆਏ ਬਿਨਾਂ ਚਲੀ ਗਈ, ਭਾਵ ਮੌਸਮੀ ਚੱਕਰ ਵਿਚੋਂ ਮਨਫ਼ੀ ਹੋ ਗਈ। ਫ਼ਰਵਰੀ ਅਤੇ ਮਾਰਚ ਦੇ ਮਹੀਨਿਆਂ ਵਿਚ ਜਦੋਂ ਭਾਰਤ ਦੇ ਉੱਤਰੀ ਭਾਰਤ ਦੇ ਰਾਜ ਬੇਮੌਸਮੀ ਸਰਦੀ ਦੀ ਮਾਰ ਝੱਲ ਰਹੇ ਸਨ ਤਾਂ ਦੱਖਣੀ ਭਾਰਤ ਦੇ ਕੇਰਲ, ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਿੰਲਗਾਨਾ ਵਰਗੇ ਦੱਖਣੀ ਰਾਜ ਜੋ ਸਮੁੰਦਰ ਦੇ ਤੱਟਵਰਤੀ ਇਲਾਕਿਆਂ ਵਿਚ ਹੋਣ ਕਰਕੇ ਆਪਣੇ ਚੰਗੇ ਮੌਸਮ ਕਰਕੇ ਜਾਣੇ ਜਾਂਦੇ ਸਨ, ਔਸਤ ਨਾਲੋਂ ਵੱਧ ਤਾਪਮਾਨ ਦੀ ਮਾਰ ਝੱਲ ਰਹੇ ਸਨ।
ਅਪਰੈਲ ਵਿਚ ਮੁਲਕ ਦੇ ਕਈ ਖੇਤਰਾਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਤੇ ਮਈ ਦੇ ਅਖ਼ੀਰਲੇ ਅਤੇ ਜੂਨ ਦੇ ਪਹਿਲੇ ਹਫ਼ਤੇ ਇਹ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਨਿਗਰਾਨੀ ਵੈੱਬਸਾਈਟ ਐੱਲਡੋਰਾਡੋ ਅਨੁਸਾਰ 2 ਅਤੇ 3 ਜੂਨ ਦੇ ਦਿਨਾਂ ਵਿਚ ਦੁਨੀਆਂ ਦੇ 15 ਸਭ ਤੋਂ ਗਰਮ ਸ਼ਹਿਰਾਂ ਵਿਚੋਂ 11 ਭਾਰਤ ਵਿਚ ਸਨ। ਮਈ ਮਹੀਨੇ ਉੱਤਰੀ ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ, ਊਨਾ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ ਆਦਿ ਵਰਗੇ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਸੈਲਸੀਅਸ ਨੇੜੇ ਪਹੁੰਚ ਗਿਆ।
ਗਰਮੀ ਦੀ ਰੁੱਤ ਤੋਂ ਬਾਅਦ ਭਾਰਤ ਵਿਚ ਮੀਂਹ ਰੁੱਤ ਆਉਂਦੀ ਹੈ ਅਤੇ ਗਰਮੀ ਦੇ ਝੰਬੇ ਹੋਏ ਲੋਕ ਮੌਨਸੂਨ ਪੌਣਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਕਿਉਂਕਿ ਮੁਲਕ ਵਿਚ ਮੌਨਸੂਨ ਪੌਣਾਂ ਹੀ ਮੀਂਹ ਲਿਆਉਂਦੀਆਂ ਹਨ ਪਰ ਬੀਤੇ ਸਾਲ ਮੌਨਸੂਨ ਆਉਣ ਅਤੇ ਜਾਣ ਦਾ ਸਮਾਂ ਅਤੇ ਮੀਂਹ ਪੈਣ ਦੀ ਮਾਤਰਾ ਸਭ ਕੁਝ ਹੀ ਗੜਬੜਾ ਗਿਆ। ਇਸ ਨੇ ਬਦਲਦੇ ਮੌਸਮ ਬਾਰੇ ਪੁਖਤਾ ਪੁਸ਼ਟੀ ਕਰ ਦਿੱਤੀ। ਮੌਨਸੂਨ ਪੌਣਾਂ ਆਮ ਤੌਰ ਤੇ ਮੁਲਕ ਦੇ ਦੱਖਣੀ ਰਾਜ ਕੇਰਲ ਵਿਚ ਜੂਨ ਦੇ ਪਹਿਲੇ ਹਫ਼ਤੇ ਪਹੁੰਚ ਜਾਂਦੀਆਂ ਹਨ ਪਰ ਇਹ ਇਕ ਹਫ਼ਤਾ ਪਛੜ ਕੇ ਆਈਆਂ ਅਤੇ ਜੂਨ ਵਿਚ ਔਸਤ ਨਾਲੋਂ 33 ਫ਼ੀਸਦ ਘੱਟ ਮੀਂਹ ਪਿਆ। ਨਤੀਜੇ ਵਜੋਂ ਦੱਖਣੀ ਭਾਰਤ ਦੇ ਚੇਨਈ ਸ਼ਹਿਰ ਸਮੇਤ ਬਹੁਤ ਸਾਰੇ ਇਲਾਕੇ ਪਾਣੀ ਦੀ ਥੁੜ੍ਹ ਅਤੇ ਸੋਕੇ ਦੀ ਲਪੇਟ ਵਿਚ ਆ ਗਏ। ਜੁਲਾਈ, ਅਗਸਤ ਤੇ ਸਤੰਬਰ ਵਿਚ ਮੌਨਸੂਨ ਪੌਣਾਂ ਨੇ ਔਸਤ ਨਾਲੋਂ ਵੱਧ ਮੀਂਹ ਪਾ ਕੇ ਮਹਾਂਰਾਸ਼ਟਰ, ਕਰਨਾਟਕ, ਕੇਰਲ, ਬਿਹਾਰ ਆਦਿ ਵਰਗੇ ਕਈ ਰਾਜਾਂ ਵਿਚ ਹੜ੍ਹਾਂ ਦੀ ਹਾਲਤ ਪੈਦਾ ਕਰ ਦਿੱਤੀ।
ਉੱਤਰੀ ਰਾਜਾਂ ਵਿਚ ਮੌਨਸੂਨ ਪੌਣਾਂ ਦੀ ਵਾਪਸੀ ਆਮ ਤੌਰ ਉੱਤੇ ਪਹਿਲੀ ਸਤੰਬਰ ਨੂੰ ਸ਼ੁਰੂ ਹੋ ਜਾਂਦੀ ਹੈ; 2019 ਵਿਚ ਇਨ੍ਹਾਂ ਨੇ ਨਿਸ਼ਚਤ ਸਮੇਂ ਤੋਂ 39 ਦਿਨਾਂ ਬਾਅਦ, 9 ਅਕਤੂਬਰ ਨੂੰ ਮੋੜਾ ਸ਼ੁਰੂ ਕੀਤਾ ਜੋ ਮੌਨਸੂਨ ਪੌਣਾਂ ਦੀ ਪ੍ਰਕਿਰਿਆ ਵਿਚ ਦੂਜਾ ਵੱਡਾ ਬਦਲਾਓ ਸੀ। ਤੀਜਾ ਬਦਲਾਓ ਇਨ੍ਹਾਂ ਦੇ ਮੁੜਨ ਦੇ ਸਮੇਂ ਵਿਚ ਵੀ ਆਇਆ। ਇਨ੍ਹਾਂ ਦੀ ਮੁੜਨ ਪ੍ਰਕਿਰਿਆ ਔਸਤਨ 45 ਦਿਨਾਂ ਦੀ ਹੁੰਦੀ ਹੈ। ਇਹ ਪਹਿਲੀ ਸਤੰਬਰ ਤੋਂ 15 ਅਕਤੂਬਰ ਤੱਕ ਚੱਲਦੀ ਹੈ ਪਰ 2019 ਵਿਚ ਇਨ੍ਹਾਂ ਨੇ ਆਪਣਾ ਇਹ ਸਫ਼ਰ ਨੌਂ ਦਿਨਾਂ ਵਿਚ ਹੀ ਤੈਅ ਕਰ ਲਿਆ। ਮੌਨਸੂਨ ਪੌਣਾਂ ਦੇ ਵਰਤਾਰੇ ਤੋਂ ਬਿਨਾਂ ਮੁਲਕ ਵਿਚ ਮੀਂਹ ਪੈਣ ਦੀ ਪ੍ਰਕਿਰਿਆ ਅਤੇ ਮਾਤਰਾ ਦੀ ਗੜਬੜੀ ਰਹੀ। ਥੋੜ੍ਹੇ ਸਮੇਂ ਵਿਚ ਵੱਧ ਮੀਂਹ ਪੈਣ ਦੀਆਂ ਘਟਨਾਵਾਂ ਵਿਚ ਕਾਫ਼ੀ ਵਾਧਾ ਹੋਇਆ। ਮੁਲਕ ਵਿਚ ਭਾਵੇਂ ਮੌਨਸੂਨ ਪੌਣਾਂ ਨੇ ਔਸਤ ਨਾਲੋਂ ਵੱਧ ਮੀਂਹ ਪਾਇਆ ਪਰ ਮੁਲਕ ਦੇ ਉੱਤਰੀ-ਪੂਰਬੀ ਹਿੱਸੇ, ਜੋ ਪਹਿਲਾਂ ਸਭ ਤੋਂ ਵੱਧ ਮੀਂਹ ਵਾਲੇ ਖੇਤਰ ਨਾਲ ਜਾਣਿਆ ਜਾਂਦਾ ਸੀ, ਵਿਚ ਸਿਰਫ਼ 88 ਫ਼ੀਸਦ ਮੀਂਹ ਪਿਆ। ਇਹ ਔਸਤ ਨਾਲੋਂ ਬਹੁਤ ਘੱਟ ਸੀ।
ਭਾਰਤ ਦਾ ਦੱਖਣੀ ਖੇਤਰ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਅਤੇ ਇਸ ਦੇ 13 ਰਾਜ ਅਤੇ ਕੇਂਦਰੀ ਸ਼ਾਸਤ ਰਾਜ ਤੱਟਵਰਤੀ ਖੇਤਰ ਵਿਚ ਹਨ। ਇਨ੍ਹਾਂ ਰਾਜਾਂ ਵਿਚ ਮੁਲਕ ਦੀ ਕੁੱਲ ਆਬਾਦੀ ਦਾ 40 ਫ਼ੀਸਦ ਹਿੱਸਾ ਵੱਸਦਾ ਹੈ। ਸਮੁੰਦਰੀ ਤੱਟ ਨਾਲ ਵੱਸੇ ਰਾਜਾਂ ਨੂੰ ਹਰ ਸਾਲ ਚੱਕਰਵਾਤਾਂ ਦੀ ਮਾਰ ਝੱਲਣੀ ਪੈਂਦੀ ਹੈ। ਹਿੰਦ ਮਹਾਂਸਾਗਰ ਵਿਚ ਪੈਦਾ ਹੋਣ ਵਾਲੇ ਚੱਕਰਵਾਤਾਂ ਵਿਚੋਂ ਹਰ ਸਾਲ ਔਸਤਨ 5 ਭਾਰਤ ਦੇ ਸਮੁੰਦਰੀ ਤੱਟ ਨਾਲ ਟਕਰਾਉਂਦੇ ਹਨ ਅਤੇ ਤੱਟਵਰਤੀ ਖੇਤਰਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾਉਂਦੇ ਹਨ ਪਰ 2019 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ। ਮੌਸਮੀ ਸੰਸਾਰ ਸੰਸਥਾ (ਡਬਲਿਓਐੱਮਓ) ਅਤੇ ਯੂਰੋਪੀਅਨ ਸੈਂਟਰ ਫ਼ਾਰ ਮੀਡੀਅਮ ਰੇਂਜ ਫੌਰਕਾਸਟ ਅਨੁਸਾਰ, ਚੱਕਰਵਾਤਾਂ ਦੀ ਗਿਣਤੀ ਵਿਚ ਵਾਧਾ ਵਾਤਾਵਰਨ ਵਿਚ ਤਾਪਮਾਨ ਅਤੇ ਨਮੀ ਦੇ ਵਾਧੇ ਕਾਰਨ ਹੋ ਰਿਹਾ ਹੈ। ਦੱਸਣਾ ਜ਼ਰੂਰੀ ਹੈ ਕਿ ਆਮ ਤੌਰ ਉੱਤੇ ਮੁਲਕ ਦਾ ਪੂਰਬੀ ਤੱਟ, ਭਾਵ ਬੰਗਾਲ ਦੀ ਖਾੜੀ ਵਾਲਾ ਖੇਤਰ, ਪੱਛਮੀ ਤੱਟ (ਅਰਬ ਦੀ ਖਾੜੀ) ਵਾਲੇ ਖੇਤਰ ਨਾਲੋਂ ਚੱਕਰਵਾਤਾਂ ਦੀ ਵੱਧ ਮਾਰ ਝੱਲਦਾ ਹੈ ਪਰ 2019 ਵਿਚ ਬਿਲਕੁਲ ਉਲਟ ਵਾਪਰਿਆ। 8 ਚੱਕਰਵਾਤੀ ਤੂਫ਼ਾਨਾਂ ਵਿਚੋਂ 5 ਅਰਬ ਦੀ ਖਾੜੀ ਵਿਚ ਆਏ ਜਿਹੜੇ ਔਸਤ ਨਾਲੋਂ 400 ਫ਼ੀਸਦ ਜ਼ਿਆਦਾ ਸਨ ਜਦਕਿ ਸਿਰਫ਼ 3 ਬੰਗਾਲ ਦੀ ਖਾੜੀ ਵਿਚ ਆਏ ਜੋ ਔਸਤ ਨਾਲੋਂ ਘੱਟ ਸਨ। ਮੌਸਮ ਵਿਭਾਗ ਦੇ ਰਿਕਾਰਡ ਅਨੁਸਾਰ ਅਰਬ ਸਾਗਰ ਵਿਚ ਚੱਕਰਵਾਤੀ ਤੂਫ਼ਾਨਾਂ ਦੇ ਵੱਧ ਆਮਦ ਦੀ ਘਟਨਾ 117 ਸਾਲਾਂ ਵਿਚ ਦੂਜੀ ਵਾਰੀ ਵਾਪਰੀ ਸੀ। ਇਸ ਤੋਂ ਇਲਾਵਾ ਸਾਲ ਦੇ ਅਖ਼ਰੀਲੇ ਮਹੀਨੇ ਵਿਚ ਠੰਢ ਨੇ ਪਿਛਲੇ 118 ਸਾਲਾਂ ਦਾ ਰਿਕਾਰਡ ਤੋੜ ਦਿੱਤਾ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਕੁਦਰਤੀ ਆਫ਼ਤਾਂ ਕਾਰਨ 2019 ਦੌਰਾਨ ਮੁਲਕ ਵਿਚ 1562 ਮੌਤਾਂ ਹੋ ਗਈਆਂ ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਮੌਤਾਂ (849) ਮੀਂਹ ਤੇ ਹੜ੍ਹਾਂ ਕਾਰਨ ਅਤੇ 349 ਮੌਤਾਂ ਗਰਮੀ ਤੇ ਲੂ ਲੱਗਣ ਨਾਲ ਹੋਈਆਂ। ਬੱਦਲ ਦੇ ਫਟਣ ਅਤੇ ਬਿਜਲੀ ਡਿੱਗਣ ਨਾਲ 285 ਅਤੇ ਬਰਫ਼ ਤੇ ਕੜਾਕੇ ਦੀ ਠੰਢ ਨਾਲ 79 ਜਣਿਆਂ ਦੀ ਮੌਤ ਹੋ ਗਈ। ਇਸ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਮੁਲਕ ਵਿਚ ਤਾਪਮਾਨ ਦੇ ਵਾਧੇ ਕਾਰਨ ਵੱਖ ਵੱਖ ਮੌਸਮਾਂ ਵਿਚ ਕੁਦਰਤੀ ਆਫ਼ਤਾਂ ਦੀ ਆਮਦ ਦੀ ਗਿਣਤੀ ਅਤੇ ਮਾਰ ਦੀ ਗਹਿਰਾਈ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਗਰਮੀਆਂ ਵਿਚ ਗਰਮ ਅਤੇ ਸਰਦੀਆਂ ਵਿਚ ਠੰਢੀਆਂ ਹਵਾਵਾਂ ਚੱਲਣ ਦੀਆਂ ਘਟਨਾਵਾਂ ਵਿਚ ਪਿਛਲੇ ਕਈ ਸਾਲਾਂ ਤੋਂ ਵਾਧਾ ਹੋ ਰਿਹਾ ਹੈ। 2017 ਵਿਚ 2016 ਨਾਲੋਂ ਗਰਮ ਹਵਾਵਾਂ ਵਿਚ 14 ਗੁਣਾ ਅਤੇ ਠੰਢੀਆਂ ਹਵਾਵਾਂ ਦੀਆਂ ਘਟਨਾਵਾਂ ਵਿਚ 34 ਗੁਣਾ ਵਾਧਾ ਹੋਇਆ ਹੈ। 2019 ਵਿਚ ਮੌਨਸੂਨ ਰੁੱਤ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਦੀਆਂ 560 ਘਟਨਾਵਾਂ ਸਾਹਮਣੇ ਆਈਆਂ ਜਿਹੜੀਆਂ 2018 ਨਾਲੋਂ 74 ਫ਼ੀਸਦ ਵੱਧ ਸਨ।
2019 ਵਿਚ ਸਰਦੀ ਤੋਂ ਬਾਅਦ ਬਸੰਤ ਦਾ ਗਾਇਬ ਹੋਣਾ, ਉੱਤਰੀ-ਪੂਰਬੀ ਭਾਰਤ (ਸਭ ਤੋਂ ਵਧ ਮੀਂਹ ਵਾਲੇ ਖੇਤਰ) ਵਿਚ ਸਭ ਤੋਂ ਘੱਟ ਮੀਂਹ ਪੈਣਾ, ਮੌਨਸੂਨ ਪੌਣਾਂ ਦੇ ਪੂਰੇ ਚੱਕਰ ਦਾ ਗੜਬੜਾ ਜਾਣਾ ਅਤੇ ਚੱਕਰਵਾਤ ਆਉਣ ਦੇ ਵਰਤਾਰੇ ਵਿਚ ਤਬਦੀਲੀ ਆਦਿ ਹੋਰ ਕੁਦਰਤੀ ਆਫ਼ਤਾਂ ਦਾ ਸੁਨੇਹਾ ਦੇ ਰਹੀਆਂ ਹਨ ਪਰ ਸਾਡੀ ਸਰਕਾਰ ਇਨ੍ਹਾਂ ਵਰਤਾਰਿਆਂ ਨੂੰ ਅੱਖੋਂ-ਪਰੋਖੇ ਕਰਕੇ ਸਿਰਫ਼ ਗੱਲੀਂਬਾਤੀਂ ਹੀ ਸਾਰ ਰਹੀ ਹੈ। ਪਿਛਲੇ ਸਾਲ ਮੌਸਮੀ ਤਬਦੀਲੀਆਂ ਬਾਬਤ ਹੋਈਆਂ ਦੋ ਕਾਨਫ਼ਰੰਸਾਂ (ਸਤੰਬਰ ਵਿਚ ਨਿਊ ਯਾਰਕ ਵਾਲੀ ਤੇ ਦਸੰਬਰ ਵਿਚ ਮੈਡਰਿਡ-ਸਪੇਨ ਵਾਲੀ) ਵਿਚ ਸਾਡੇ ਮੁਲਕ ਨੇ ਕੌਮਾਂਤਰੀ ਪੱਧਰ ਉੱਤੇ ਵੀ ਕਾਰਬਨ ਨਿਕਾਸੀ ਦੀ ਕਟੌਤੀ ਵਿਚ ਵਾਧਾ ਕਰਨ ਲਈ ਕੋਈ ਹਾਮੀ ਨਹੀਂ ਭਰੀ। ਮੁਲਕ ਵਿਚ ਵਾਤਾਵਰਨ ਦੇ ਮੁੱਦਿਆਂ ਵੱਲ ਕੋਈ ਧਿਆਨ ਨਾ ਦੇ ਕੇ ਅਖੌਤੀ ਵਿਕਾਸ ਦਾ ਢੰਡੋਰਾ ਪਿੱਟ ਕੇ ਸੰਘਣੇ ਜੰਗਲਾਂ ਦੀ ਅੰਧਾਧੁੰਦ ਕਟਾਈ ਕੀਤੀ ਜਾ ਰਹੀ ਹੈ।
ਮੁਲਕ ਵਿਚ ਤੇਜ਼ੀ ਨਾਲ ਬਦਲਦੇ ਮੌਸਮ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਲੋੜੀਂਦੀ ਊਰਜਾ ਕੁਦਰਤੀ ਸਰੋਤਾਂ ਤੋਂ ਪੈਦਾ ਕਰੇ। ਆਵਾਜਾਈ ਦੇ ਸਾਧਨਾਂ ਦੇ ਨਿੱਜੀਕਰਨ ਨੂੰ ਘਟਾਉਣ ਲਈ ਜਨਤਕ ਸਾਧਨਾਂ ਨੂੰ ਚੁਸਤ-ਦਰੁਸਤ ਅਤੇ ਜੰਗਲਾਂ ਦੇ ਰਕਬੇ ਵਿਚ ਸੰਜੀਦਗੀ ਨਾਲ ਵਾਧਾ ਕਰੇ। ਖਾਨਾਪੂਰਤੀ ਲਈ ਅੰਕੜਿਆਂ ਦੇ ਫੇਰਬਦਲ ਕਰਨ ਤੋਂ ਗੁਰੇਜ਼ ਅਤੇ ਤੱਟਵਰਤੀ ਇਲਾਕਿਆਂ ਵਿਚਲੀਆਂ ਕੁਦਰਤੀ ਜਲਗਾਹਾਂ ਨੂੰ ਆਰਥਿਕ ਵਿਕਾਸ ਦੇ ਬਹਾਨੇ ਨਵੇਂ ਕਾਨੂੰਨ ਬਣਾ ਕੇ ਬਰਬਾਦ ਨਾ ਕਰੇ। ਜੇ ਸਰਕਾਰ ਨੇ ਹੁਣ ਵੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਮੌਸਮੀ ਤਬਦੀਲੀਆਂ ਦੀ ਮਾਰ ਥੱਲੇ ਆ ਕੇ ਅਣਕਿਆਸੀਆਂ ਗੰਭੀਰ ਸਮੱਸਿਆਵਾਂ ਹੰਢਾਉਣ ਲਈ ਮਜਬੂਰ ਹੋਵੇਗਾ।
*ਪ੍ਰੋਫ਼ੈਸਰ, ਜਿਓਗਰਾਫ਼ੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99156-82196


Comments Off on ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.