ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ

Posted On January - 13 - 2020

ਕੈਬਨਿਟ ਮੀਟਿੰਗ ’ਚ ਭਰਤੀ ਏਜੰਡਾ ਪਾਸ ਨਾ ਹੋਣ ’ਤੇ ਗਣਤੰਤਰ ਦਿਵਸ ਮੌਕੇ ਸੰਘਰਸ਼ ਦਾ ਐਲਾਨ

ਸਿੱਖਿਆ ਮੰਤਰੀ ਦੀ ਕੋਠੀ ਨੇੜੇ ਧਰਨਾ ਦਿੰਦੇ ਹੋਏ ਬੇਰੁਜ਼ਗਾਰ ਅਧਿਆਪਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜਨਵਰੀ
ਪੰਜਾਬ ਭਰ ਤੋਂ ਪੁੱਜੇ ਸੈਂਕੜੇ ਬੇਰੁਜ਼ਗਾਰ ਅਧਿਆਪਕਾਂ ਵਲੋਂ ਅੱਜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਨੇੜੇ ਪੁੱਜ ਕੇ ਰੁਜ਼ਗਾਰ ਦੀ ਲੋਹੜੀ ਮੰਗਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕਾਂ ਨੇ ਪੁਲੀਸ ਵਲੋਂ ਸਖ਼ਤ ਨਾਕੇਬੰਦੀ ਕਰਦਿਆਂ ਕੋਠੀ ਵੱਲ ਜਾਣ ਤੋਂ ਰੋਕਣ ’ਤੇ ਮੁੱਖ ਸੜਕ ਉਪਰ ਕਰੀਬ ਦੋ ਘੰਟੇ ਵਿਸ਼ਾਲ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਖੂਬ ਭੜਾਸ ਕੱਢੀ। ਇਸ ਮਗਰੋਂ ਅਧਿਆਪਕਾਂ ਵਲੋਂ ਦਿੱਲੀ-ਲੁਧਿਆਣਾ ਕੌਮੀ ਮਾਰਗ ਉਪਰ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 14 ਜਨਵਰੀ ਦੀ ਕੈਬਨਿਟ ਮੀਟਿੰਗ ਵਿਚ ਅਧਿਆਪਕ ਭਰਤੀ ਸਬੰਧੀ ਫੈਸਲਾ ਨਾ ਲਿਆ ਗਿਆ ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਵੱਡਾ ਐਕਸ਼ਨ ਲਿਆ ਜਾਵੇਗਾ। ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ’ਚ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰ ਅਧਿਆਪਕ ਅੱਜ ਟੈੱਟ ਪਾਸ ਬੀ.ਐਡ ਬੇਰੁਜ਼ਗਾਰ ਅਧਿਆਪਕ ਯੂਨੀਅਨ ਅਤੇ ਟੈੱਟ ਪਾਸ ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਸਥਾਨਕ ਡੀਸੀ ਕੰਪਲੈਕਸ ਅੱਗੇ ਪੱਕੇ ਮੋਰਚੇ ਦੇ ਸਥਾਨ ’ਤੇ ਪੁੱਜੇ। ਉਧਰ ਕੋਠੀ ਦੇ ਘਿਰਾਓ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਦੀ ਕੋਠੀ ਦਾ ਆਲਾ-ਦੁਆਲਾ ਅੱਜ ਸਵੇਰ ਤੋਂ ਹੀ ਪੁਲੀਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਕੋਠੀ ਨੇੜੇ ਮੁੱਖ ਸੜਕ ’ਤੇ ਹੀ ਬੈਰੀਕੇਡ ਲਾ ਕੇ ਪੁਲੀਸ ਨੇ ਸਖ਼ਤ ਨਾਕੇਬੰਦੀ ਕੀਤੀ ਹੋਈ ਸੀ। ਜਿਉਂ ਹੀ ਸੈਂਕੜੇ ਬੇਰੁਜ਼ਗਾਰ ਅਧਿਆਪਕ ਰੋਸ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਪੁੱਜੇ ਤਾਂ ਪੁਲੀਸ ਵਲੋਂ ਰੋਕ ਲਿਆ ਗਿਆ। ਬੇਰੁਜ਼ਗਾਰ ਅਧਿਆਪਕਾਂ ਵਲੋਂ ਕਰੀਬ ਦੋ ਘੰਟੇ ਧੂਰੀ-ਪਟਿਆਲਾ ਬਾਈਪਾਸ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ ਅਤੇ ਸਿੱਖਿਆ ਮੰਤਰੀ ਤੋਂ ਰੁਜ਼ਗਾਰ ਦੀ ਲੋਹੜੀ ਦੀ ਮੰਗ ਕੀਤੀ ਗਈ। ਕਰੀਬ ਦੋ ਘੰਟੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਜਾਂਦੀ ਸੜਕ ਮੁਕੰਮਲ ਤੌਰ ’ਤੇ ਬੰਦ ਰਹੀ। ਰੋਸ ਧਰਨੇ ਦੌਰਾਨ ਐੱਸਡੀਐੱਮ ਬਬਨਦੀਪ ਸਿੰਘ ਵਾਲੀਆ ਪੁੱਜੇ ਜਿਨ੍ਹਾਂ ਨੇ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਿੱਤਾ ਕਿ 14 ਜਨਵਰੀ ਦੀ ਕੈਬਨਿਟ ਮੀਟਿੰਗ ਵਿਚ ਅਧਿਆਪਕ ਭਰਤੀ ਦਾ ਏਜੰਡਾ ਲਿਆਂਦਾ ਜਾਵੇਗਾ। 18 ਜਨਵਰੀ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਜਾਵੇਗੀ। ਇਸ ਮਗਰੋਂ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 14 ਜਨਵਰੀ ਦੀ ਕੈਬਨਿਟ ਮੀਟਿੰਗ ’ਚ ਨਵੀਂ ਭਰਤੀ ਦਾ ਏਜੰਡਾ ਪਾਸ ਨਾ ਕੀਤਾ ਗਿਆ ਤਾਂ 26 ਜਨਵਰੀ ਨੂੰ ਗੁਪਤ ਐਕਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 28 ਜਨਵਰੀ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਮਾਨਸਾ ਦੌਰੇ ਦੌਰਾਨ ਘਿਰਾਓ ਕੀਤਾ ਜਾਵੇਗਾ। ਮੰਗਾਂ ਦੀ ਪ੍ਰਾਪਤੀ ਤੱਕ ਸੰਗਰੂਰ ’ਚ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਕਈ ਕਿਸਾਨ, ਮਜ਼ਦੂਰ ਤੇ ਅਧਿਆਪਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

ਬੀਐੱਡ ਲਈ 15 ਤੇ ਈਟੀਟੀ ਅਧਿਆਪਕਾਂ ਲਈ 12 ਹਜ਼ਾਰ ਅਸਾਮੀਆਂ ਦੀ ਮੰਗ

ਯੂਨੀਅਨਾਂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਦੀਪਕ ਕੰਬੋਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਸਿਰਫ਼ 2500 ਅਸਾਮੀਆਂ ਭਰਤੀ ਕਰਨ ਦਾ ਬਿਆਨ ਦੇ ਕੇ ਬੇਰੁਜ਼ਗਾਰ ਅਧਿਆਪਕਾਂ ਨਾਲ ਮਜ਼ਾਕ ਕਰ ਰਹੇ ਹਨ ਜਦਕਿ ਪੰਜਾਬ ਵਿਚ ਕਰੀਬ 30 ਹਜ਼ਾਰ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਚਾਰ ਮਹੀਨਿਆਂ ਤੋਂ ਪੱਕੇ ਮੋਰਚੇ ’ਤੇ ਬੈਠੇ ਬੇਰੁਜ਼ਗਾਰ ਅਧਿਆਪਕ ਕੜਾਕੇ ਦੀ ਠੰਢ ’ਚ ਸੜਕਾਂ ਕਿਨਾਰੇ ਰੁਲਣ ਲਈ ਮਜਬੂਰ ਹਨ ਪਰ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਬੀ.ਐੱਡ ਅਧਿਆਪਕਾਂ ਦੀ ਭਰਤੀ ਲਈ 15 ਹਜ਼ਾਰ ਅਸਾਮੀਆਂ ਅਤੇ ਈਟੀਟੀ ਅਧਿਆਪਕਾਂ ਦੀ ਭਰਤੀ ਲਈ 12 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਜਾਵੇ।


Comments Off on ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.