ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਬੁੱਤ ਢਾਹੁਣ ਵਾਲਿਆਂ ਦੇ ਸਮਰਥਨ ’ਚ ਆਈਆਂ ਸਿੱਖ ਜਥੇਬੰਦੀਆਂ

Posted On January - 17 - 2020

ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਜਨਵਰੀ
ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਵਿਚ ਭੰਗੜਾ ਪਾਉਂਦੇ ਮੁੰਡੇ-ਕੁੜੀਆਂ ਦੇ ਬੁੱਤਾਂ ਦੀ ਭੰਨ-ਤੋੜ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ 8 ਸਿੱਖ ਵਿਅਕਤੀਆਂ ਦੀ ਰਿਹਾਈ ਦੀ ਮੰਗ ਸਬੰਧੀ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜ਼ਿਲ੍ਹਾ ਅਧਿਕਾਰੀਆਂ ਨੇ ਸਿੱਖ ਕਾਰਕੁਨਾਂ ਨੂੰ ਪੰਜਾਬ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨਾਲ ਇਸ ਮਾਮਲੇ ਸਬੰਧੀ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਇਕ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਗਿਆ ਹੈ।
ਇੱਥੇ ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਕੁਝ ਸਿੱਖ ਕਾਰਕੁਨਾਂ ਨੇ ਹੈਰੀਟੇਜ ਸਟਰੀਟ ਵਿਚ ਲੱਗੇ ਬੁੱਤਾਂ ਦੀ ਭੰਨ- ਤੋੜ ਕਰਨ ਦਾ ਯਤਨ ਕੀਤਾ ਸੀ। ਪੁਲੀਸ ਨੇ ਇਸ ਸਬੰਧੀ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ। ਅੱਜ ਇਸ ਮਾਮਲੇ ਸਬੰਧੀ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਰੋਸ ਵਿਖਾਵਾ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸੰਤੋਖਸਰ ਵਿਖੇ ਇਕੱਠੇ ਹੋਏ। ਇਨ੍ਹਾਂ ਵਿਚ ਮੁਤਵਾਜ਼ੀ ਜਥੇਦਾਰਾਂ ਵਿਚ ਭਾਈ ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ, ਤਰਲੋਚਨ ਸਿੰਘ, ਸਿਰਲੱਥ ਖਾਲਸਾ, ਅਕਾਲ ਖਾਲਸਾ ਦਲ ਤੇ ਹੋਰ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਸਨ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ।
ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਸਿੱਖ ਕਾਰਕੁਨਾਂ ਨੇ ਪੁਲੀਸ ਕਮਿਸ਼ਨਰ ਨੂੰ ਪੱਤਰ ਦੇ ਕੇ ਗ੍ਰਿਫ਼ਤਾਰ ਸਿੱਖ ਵਿਅਕਤੀਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਕਰਾਉਣ ਦਾ ਭਰੋਸਾ ਦਿੱਤਾ ਹੈ। ਵਧੀਕ ਡਿਪਟੀ ਕਮਿਸ਼ਨਰ ਨਾਲ ਵੀ ਮੁਲਾਕਾਤ ਕਰਾਈ ਗਈ ਹੈ, ਜਿਨ੍ਹਾਂ ਨੇ ਪੰਜਾਬ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਹੈ। ਅੱਜ ਡਾਇਰੈਕਟਰ ਨਾਲ ਸੰਪਰਕ ਨਹੀਂ ਹੋ ਸਕਿਆ, ਇਸ ਲਈ ਸਿੱਖ ਜਥੇਬੰਦੀਆਂ ਦੇ ਕਾਰਕੁਨ ਭਲਕੇ ਮੁੜ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਣਗੇ। ਇਸ ਦੌਰਾਨ ਗੱਲਬਾਤ ਕਰਨ ਲਈ ਸਿੱਖ ਕਾਰਕੁਨਾਂ ਦੀ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।
ਅੱਜ ਇੱਥੇ ਇਕੱਠੇ ਹੋਏ ਸਿੱਖ ਕਾਰਕੁਨਾਂ ਨੇ ਆਖਿਆ ਕਿ ਹੈਰੀਟੇਜ ਸਟਰੀਟ ਵਿਚ ਇਹ ਗ਼ਲਤ ਬੁੱਤ ਸਥਾਪਤ ਕੀਤੇ ਗਏ ਹਨ, ਜੋ ਧਾਰਮਿਕ ਅਸਥਾਨ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਨੂੰ ਠੇਸ ਪਹੁੰਚਾਉਂਦੇ ਹਨ। ਇਸ ਲਈ ਇਨ੍ਹਾਂ ਬੁੱਤਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਬੁੱਤਾਂ ਨੂੰ ਹਟਾਉਣ ਦੀ ਕੀਤੀ ਕੋਸ਼ਿਸ਼ ਸਬੰਧੀ ਪੁਲੀਸ ਨੇ ਗ਼ਲਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ, ਜਿਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਫਿਲਹਾਲ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਦੂਰੀ ਬਣਾ ਕੇ ਰੱਖੀ ਹੋਈ ਹੈ ਅਤੇ ਚੁੱਪ ਧਾਰੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਨੇ ਆਖਿਆ ਕਿ ਜੇ ਪ੍ਰਸ਼ਾਸਨ ਨੂੰ ਪਤਾ ਸੀ ਕਿ ਇਨ੍ਹਾਂ ਬੁੱਤਾਂ ਨੂੰ ਢਾਹਿਆ ਜਾ ਸਕਦਾ ਹੈ ਤਾਂ ਇਸ ਸਬੰਧੀ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਸਨ।


Comments Off on ਬੁੱਤ ਢਾਹੁਣ ਵਾਲਿਆਂ ਦੇ ਸਮਰਥਨ ’ਚ ਆਈਆਂ ਸਿੱਖ ਜਥੇਬੰਦੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.