ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਬੀਐੱਸਐੱਨਐੱਲ ’ਚੋਂ 80 ਹਜ਼ਾਰ ਮੁਲਾਜ਼ਮ ਇਕੋ ਦਿਨ ਹੋਣਗੇ ਸੇਵਾਮੁਕਤ

Posted On January - 16 - 2020

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 15 ਜਨਵਰੀ
ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) ’ਚੋਂ 50 ਸਾਲ ਤੋਂ ਵੱਧ ਉਮਰ ਦੇ ਲਗਪਗ 80 ਹਜ਼ਾਰ ਮੁਲਾਜ਼ਮ ਇਕੋ ਸਮੇਂ ਸੇਵਾਮੁਕਤ ਹੋਣ ਜਾ ਰਹੇ ਹਨ। ਇਹ ਸਾਰੇ ਮੁਲਾਜ਼ਮ ਆਉਣ ਵਾਲੀ 31 ਜਨਵਰੀ ਨੂੰ ਆਪਣੀ ਡਿਊਟੀ ਤੋਂ ਫਾਰਗ ਹੋ ਜਾਣਗੇ। ਕੇਂਦਰ ਸਰਕਾਰ ਪਹਿਲਾਂ ਹੀ ਬੀਐੱਸਐੱਨਐੱਲ ਦੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਚੁੱਕੀ ਹੈ। ਬੀਐੱਸਐੱਨਐੱਲ ਵੱਲੋਂ ਸੇਵਾਮੁਕਤ ਹੋਣ ਵਾਲੇ ਇਨ੍ਹਾਂ ਵੱਡੀ ਉਮਰ ਦੇ ਮੁਲਾਜ਼ਮਾਂ ਦੀ ਥਾਂ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਹੈ, ਸਗੋਂ ਬਾਕੀ ਮੁਲਜ਼ਮਾਂ ਨਾਲ ਹੀ ਬੁੱਤਾ ਸਾਰਿਆ ਜਾਵੇਗਾ। ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਾਕੀ ਮੁਲਾਜ਼ਮਾਂ ਨਾਲ ਵਧੀਆ ਤਰੀਕੇ ਨਾਲ ਦਫ਼ਤਰੀ ਅਤੇ ਫੀਲਡ ਦਾ ਕੰਮ ਚਲਾਇਆ ਜਾ ਸਕੇਗਾ ਅਤੇ ਅਦਾਰੇ ਨੂੰ ਵੀ ਕਰੋੜਾਂ ਰੁਪਏ ਦਾ ਵਿੱਤੀ ਲਾਭ ਹੋਵੇਗਾ। ਜਾਣਕਾਰੀ ਅਨੁਸਾਰ ਬੀਐੱਸਐੱਨਐੱਲ ਨੇ ਪਿਛਲੇ ਸਾਲ ਅਕਤੂਬਰ ਵਿਚ 50 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਨੂੰ ਡਿਊਟੀ ਤੋਂ ਫਾਰਗ ਕਰਨ ਲਈ ਸਵੈ-ਇੱਛਾ ਸੇਵਾਮੁਕਤੀ ਲਈ ਚੰਗੇ ਪੈਕੇਜ ’ਤੇ ਵੀਆਰਐੱਸ ਸਕੀਮ ਲਾਂਚ ਕੀਤੀ ਸੀ। ਇਸ ਸਬੰਧੀ ਮੁਲਾਜ਼ਮਾਂ ਨੂੰ ਪੱਤਰ ਵੀ ਲਿਖੇ ਗਏ ਸਨ। ਅਦਾਰੇ ਵਿਚ ਇਸ ਸਮੇਂ 50 ਸਾਲ ਤੋਂ ਵੱਧ ਉਮਰ ਦੇ ਲਗਪਗ ਡੇਢ ਲੱਖ ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਦਸੰਬਰ 2019 ਤੱਕ ਕਰੀਬ 78 ਹਜ਼ਾਰ ਮੁਲਾਜ਼ਮਾਂ ਨੇ ਵੀਆਰਐੱਸ ਲੈਣ ਲਈ ਅਪਲਾਈ ਕੀਤਾ ਹੈ। ਉਂਜ ਸਰਕਾਰੀ ਨੇਮਾਂ ਅਨੁਸਾਰ ਮੁਲਾਜ਼ਮਾਂ ਦੀ ਸੇਵਾਮੁਕਤੀ ਲਈ ਉਮਰ 60 ਸਾਲ ਹੈ। ਕਈ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਮੇਂ ਸਿਰ ਤਨਖ਼ਾਹਾਂ ਵੀ ਨਹੀਂ ਮਿਲ ਰਹੀਆਂ ਅਤੇ ਬੀਐੱਸਐੱਨਐੱਲ ਨੇ ਵਿੱਤੀ ਘਾਟੇ ’ਚੋਂ ਉੱਭਰਨ ਲਈ ਮੁਲਾਜ਼ਮਾਂ ਨੂੰ ਵੀਆਰਐੱਸ ਲੈਣ ਲਈ ਪ੍ਰੇਰਿਆ ਹੈ। ਅਦਾਰੇ ਨੇ ਮੁਲਾਜ਼ਮਾਂ ਨੂੰ ਸਵੈ-ਇੱਛਾ ਸੇਵਾਮੁਕਤੀ ਬਾਬਤ ਚੰਗਾ ਪੈਕੇਜ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਸਰਕਾਰ ਅਦਾਰੇ ਨੂੰ ਬੰਦ ਹੀ ਨਾ ਕਰ ਦੇਵੇ। ਇਸ ਲਈ ਉਨ੍ਹਾਂ ਨੇ ਵੀਆਰਐੱਸ ਲੈਣ ਲਈ ਅਪਲਾਈ ਕੀਤਾ ਹੈ। ਉਂਜ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਕ ਤਰ੍ਹਾਂ ਨਾਲ ਅਦਾਰੇ ਨੇ ਉਨ੍ਹਾਂ ਨੂੰ ਨਕਾਰਾ ਕਰ ਕੇ ਘਰ ਬਿਠਾ ਦਿੱਤਾ ਹੈ।
ਬੀਐੱਸਐੱਨਐੱਲ ਦੇ ਮੁੱਖ ਦਫ਼ਤਰ ਵਿਚ ਜੀਐੱਮ (ਪਰਸਨਲ) ਅਰੁਣ ਕੁਮਾਰ ਦੇ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਮਗਰੋਂ ਡੀਜੀਐੱਮ ਓਂਕਾਰ ਨਾਥ ਤਿਵਾੜੀ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੀਏ ਨੇ ਦੱਸਿਆ ਕਿ ਸ੍ਰੀ ਤਿਵਾੜੀ ਕਿਸੇ ਜ਼ਰੂਰੀ ਮੀਟਿੰਗ ਵਿਚ ਗਏ ਹੋਏ ਹਨ। ਪ੍ਰਿੰਸੀਪਲ ਜਨਰਲ ਮੈਨੇਜਰ ਜਸਵਿੰਦਰ ਸਿੰਘ ਸਹੋਤਾ ਅਤੇ ਡਿਪਟੀ ਜੀਐੱਮ (ਐੱਚਆਰ) ਓਮ ਪ੍ਰਕਾਸ਼ ਨੇ ਸਵੈਇੱਛਾ ਵੀਆਰਐੱਸ ਸਕੀਮ ਲਾਂਚ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਦਾਰੇ ਨੇ 50 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਹੈ। ਸਾਰਾ ਡਾਟਾ ਆਨਲਾਈਨ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਸਾਰੇ ਵਿੱਤੀ ਲਾਭ ਦਿੱਤੇ ਜਾ ਰਹੇ ਹਨ।


Comments Off on ਬੀਐੱਸਐੱਨਐੱਲ ’ਚੋਂ 80 ਹਜ਼ਾਰ ਮੁਲਾਜ਼ਮ ਇਕੋ ਦਿਨ ਹੋਣਗੇ ਸੇਵਾਮੁਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.