ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਬਿਰਹਾ ਦਾ ਸੁਲਤਾਨ

Posted On January - 19 - 2020

ਡਾ. ਸਤਨਾਮ ਸਿੰਘ ਜੱਸਲ
ਪੁਸਤਕ ਚਰਚਾ

ਪੁਸਤਕ ‘ਉਦਾਸ ਸੂਰਜ ਸ਼ਿਵ ਕੁਮਾਰ’ (ਲੇਖਕ: ਭੂਸ਼ਨ; ਸੰਪਾਦਕ: ਸੁਭਾਸ਼ ਪਰਿਹਾਰ; ਕੀਮਤ: 150 ਰੁਪਏ; ਪੀਪਲਜ਼ ਫ਼ੋਰਮ ਬਰਗਾੜੀ, ਪੰਜਾਬ) ਦੀ ਸੰਪਾਦਨਾ ਦਾ ਇਕ ਵਿਲੱਖਣ ਇਤਿਹਾਸ ਅਤੇ ਉੱਦਮ ਹੈ। ਇਸ ਪੁਸਤਕ ਵਿਚ ਭੂਸ਼ਨ ਵੱਲੋਂ ਸ਼ਿਵ ਕੁਮਾਰ ਬਾਰੇ ਲਿਖੇ ਸ਼ਾਮਿਲ ਹਨ। ਭੂਸ਼ਨ ਅਤੇ ਸ਼ਿਵ ਕੁਮਾਰ ਇਕ-ਦੂਜੇ ਦੇ ਬਹੁਤ ਨੇੜੇ ਸਨ ਅਤੇ ਭੂਸ਼ਨ ਨੇ 1980 ਦੇ ਆਸਪਾਸ ਸ਼ਿਵ ਕੁਮਾਰ ਬਾਰੇ ਪੂਰੀ ਕਿਤਾਬ ਦੀ ਵਿਉਂਤ ਵੀ ਬਣਾਈ ਸੀ, ਪਰ ਕਈ ਕਾਰਨਾਂ ਕਰਕੇ ਇਹ ਕਾਰਜ ਸੰਪੰਨ ਨਾ ਹੋ ਸਕਿਆ ਅਤੇ 2009 ਵਿਚ ਭੂਸ਼ਨ ਦੇ ਦੇਹਾਂਤ ਉਪਰੰਤ ਉਸ ਦੀ ਪਤਨੀ ਅਤੇ ਉਸ ਦੇ ਦੋਸਤਾਂ ਨੇ ਉਸ ਦੇ ਅੱਖਰ ਅੱਖਰ ਨੂੰ ਸੰਭਾਲਣ ਦਾ ਯਤਨ ਕੀਤਾ। ਇਨ੍ਹਾਂ ਵਿਚ ਸ਼ਿਵ ਬਾਰੇ ਭੂਸ਼ਨ ਵੱਲੋਂ ਵਿਉਂਤੀ ਤੇ ਲਿਖੀ ਗਈ ਕਿਤਾਬ ਦੀ ਭੂਮਿਕਾ, ਪਹਿਲੇ ਦੋ ਅਧਿਆਇ ਅਤੇ ਸਮੇਂ ਸਮੇਂ ’ਤੇ ਟਾਈਪ ਜਾਂ ਛਪੇ ਲੇਖ ਸਨ ਜਿਸ ਨੇ ਪ੍ਰਕਾਸ਼ਨ ਵਿਚ ਸਾਰਥਕ ਭੂਮਿਕਾ ਨਿਭਾਈ।
ਸੁਭਾਸ਼ ਪਰਿਹਾਰ ਭੂਸ਼ਨ ਦੀ ਹਰ ਲਿਖਤ ਨੂੰ ਲੱਭ ਕੇ ਪੜ੍ਹਦਾ ਸੀ। ਇਸ ਕਰਕੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਰਾਹੀਂ ਉਸ ਨੂੰ ਹੱਥਲੇ ਕਾਰਜ ਨੂੰ ਸੰਪੂਰਨ ਕਰਨ ਦੀ ਜ਼ਿੰਮੇਵਾਰ ਦਿੱਤੀ ਗਈ। ਸੰਪਾਦਕ ਨੇ ਮਹਿਸੂਸ ਕੀਤਾ ਕਿ ਇਸ ਦੇ ਪ੍ਰਕਾਸ਼ਨ ਤੋਂ ਪਹਿਲਾਂ ਇਸ ਵਿਚਲੀਆਂ ਗ਼ਲਤੀਆਂ ਤੇ ਦੁਹਰਾਉ ਦੀਆਂ ਖ਼ਾਮੀਆਂ ਨੂੰ ਦੂਰ ਕੀਤਾ ਜਾਵੇ। ਇਸ ਵਿਚ 1969 ਤੋਂ ਲੈ ਕੇ 2007 ਤੱਕ ਦੇ ਭਾਵ ਲਗਭਗ ਚਾਰ ਦਹਾਕਿਆਂ ਵਿਚ ਭੂਸ਼ਨ ਦੇ ਲਿਖੇ ਲੇਖ ਸ਼ਾਮਿਲ ਹਨ। ਇਸ ਪੁਸਤਕ ਵਿਚ ਸੰਪਾਦਕੀ ਸਹਿਤ 23 ਲੇਖ ਸ਼ਾਮਿਲ ਹਨ। ਇਸ ਪੁਸਤਕ ਵਿਚਲੇ ਲੇਖ ‘ਹਾਲ ਦੀ ਘੜੀ’ (ਭੂਮਿਕਾ) ਵਿਚ ਭੂਸ਼ਨ ਲਿਖਦਾ ਹੈ: ‘ਇਸ ਵੇਲੇ ਮੇਰੇ ਦਿਮਾਗ਼ ’ਤੇ ਸ਼ਿਵ ਕੁਮਾਰ ਭਾਰੂ ਹੈ। ਪਿਛਲੇ ਕਈ ਵਰ੍ਹਿਆਂ ਤੋਂ ਮੈਂ ਉਸ ਬਾਰੇ ਪੂਰੀ ਸ਼ਿੱਦਤ ਨਾਲ ਸੋਚ ਰਿਹਾ ਹਾਂ। ਉਸ ਨਾਲ ਬਿਤਾਏ ਦਿਨਾਂ ਦੀ ਦੁਹਰਾਈ ਕਰ ਰਿਹਾ ਹਾਂ। ਉਸ ਦੇ ਕਹੇ ਸ਼ਬਦਾਂ ਦਾ ਹਰ ਪੱਖ ਤੋਂ ਜਾਇਜ਼ਾ ਲੈ ਰਿਹਾ ਹਾਂ। ਉਸ ਦੀਆਂ ਕਿਤਾਬਾਂ ਪੜ੍ਹ ਰਿਹਾ ਹਾਂ। ਦੋਸਤਾਂ ਮਿੱਤਰਾਂ ਨਾਲ ਉਸ ਬਾਰੇ ਗੱਲਬਾਤ ਕਰ ਰਿਹਾ ਹਾਂ। ਮੇਰਾ ਯਕੀਨ ਹੈ ਕਿ ਲੇਖਕ ਦੀ ਅਸਲ ਜ਼ਿੰਦਗੀ ਉਸ ਦੀ ਸਰੀਰਕ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਹੈ। ਉਸ ਅਸਲ ਜ਼ਿੰਦਗੀ ਨਾਲ ਹਰ ਹੀਲੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਸ ਬਾਰੇ ਆਪਣੇ ਲਿਖੇ ਆਰਟੀਕਲ ਦੁਬਾਰਾ, ਤਿਬਾਰਾ ਪੜ੍ਹ ਰਿਹਾਂ, ਵਾਚ ਰਿਹਾ ਹਾਂ।’ ਭੂਸ਼ਨ ਲਿਖਤਾਂ ਵਿਚ ਸ਼ਿਵ ਦੀ ਸਿਰਜਨ ਪ੍ਰਕਿਰਿਆ ਨੂੰ ਤਲਾਸ਼ਦਿਆਂ, ਉਸ ਦੀ ਕਵਿਤਾ ਨੂੰ ਪਛਾਣਦਿਆਂ ਸਮਕਾਲੀ ਸਾਹਿਤਕਾਰਾਂ ਅਤੇ ਆਲੋਚਕਾਂ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਵੀ ਸਾਂਝਾ ਕਰਦਾ ਹੈ। ‘ਅੰਮ੍ਰਿਤਾ ਪ੍ਰੀਤਮ ਅਤੇ ਬਲਵੰਤ ਗਾਰਗੀ ਨੇ ਸ਼ਿਵ ਬਾਰੇ ਕਈ ਗੱਲਾਂ ਲਿਖੀਆਂ ਜਿਨ੍ਹਾਂ ਵਿਚ ਉਸ ਦੀ ਸ਼ਖ਼ਸੀਅਤ ਜਿਉਂਦੀ ਜਾਗਦੀ ਪ੍ਰਤੀਤ ਹੁੰਦੀ ਹੈ। ਇਨ੍ਹਾਂ ਲਿਖਤਾਂ ਦਾ ਸ਼ਿਵ ਨੂੰ ਲਡਿਆਉਣ ਅਤੇ ਵਡਿਆਉਣ ਵਿਚ ਕਾਫ਼ੀ ਹੱਥ ਰਿਹਾ ਹੈ। ਸ਼ਾਇਦ ਇਨ੍ਹਾਂ ਦੋ ਮੌਲਿਕ ਹਸਤੀਆਂ ਦਾ ਨਿੱਘ ਅਤੇ ਨੇੜਤਾ ਪ੍ਰਾਪਤ ਹੋਣ ਕਰਕੇ ਹੀ ਉਸ ਨੇ ਆਲੋਚਕਾਂ ਦੀ ਪ੍ਰਵਾਹ ਨਹੀਂ ਸੀ ਕੀਤੀ। ਆਲੋਚਕਾਂ ਤੋਂ ਸਗੋਂ ਉਸ ਨੂੰ ਚਿੜ ਸੀ। ਉਹ ਆਲੋਚਕਾਂ ਨੂੰ ਬੰਦਿਆਂ ਵਾਂਗੂੰ ਮਿਲਦਾ ਸੀ ਅਤੇ ਚਾਹੁੰਦਾ ਸੀ ਕਿ ਆਲੋਚਕ ਵੀ ਉਸ ਨੂੰ ਬੰਦਿਆਂ ਵਾਂਗੂ ਮਿਲਣ। ਉਹਨੇ ਕਦੇ ਕਿਸੇ ਦੀ ਆਲੋਚਨਾ ਨਹੀਂ ਸੀ ਕੀਤੀ। ਇਸ ਲਈ ਮੈਂ ਵੀ ਉਸ ਦਾ ਆਲੋਚਕ ਨਹੀਂ ਬਣਨਾ ਚਾਹੁੰਦਾ। ਚਾਹੁੰਦਾ ਹਾਂ ਕਿ ਤੁਹਾਡੇ ਨਾਲ ਰਲਕੇ ਉਸ ਦੀ ਕਵਿਤਾ ਤੇ ਸ਼ਖ਼ਸੀਅਤ ਨੂੰ ਸਮਝਣ ਦਾ ਯਤਨ ਕਰਾਂ।’ ਭੂਸ਼ਨ ਦਾ ਇਸ ਕਾਰਜ ਬਾਰੇ ਭਾਵੇਂ ਇਹ ਦਾਅਵਾ ਰਿਹਾ ਕਿ ਉਹ ਕੋਈ ਨਵੀਆਂ ਗੱਲਾਂ ਨਹੀਂ ਕਰੇਗਾ, ਪਰ ਉਹ ਸ਼ਿਵ ਕੁਮਾਰ ਬਹੁਤ ਸਾਰੇ ਅਜਿਹੇ ਤੱਥ ਅਤੇ ਬਿਆਨ ਸਾਂਝੇ ਕਰਦਾ ਹੈ ਜਿਹੜੇ ਆਮ ਪਾਠਕ ਦੀ ਨਜ਼ਰ ਵਿਚ ਪਹਿਲਾਂ ਸਾਹਮਣੇ ਨਹੀਂ ਆਏ। ਨਾਲੋ ਨਾਲ ਭੂਸ਼ਨ ਆਪਣੀਆਂ ਟਿੱਪਣੀਆਂ ਵੀ ਕਰਦਾ ਹੈ ਜਿਵੇਂ ਉਹ ਸ਼ਿਵ ਨੂੰ ਕਵੀ ਦੇ ਨਾਲ ਨਾਲ ਇਹ ਵੀ ਮੰਨਦਾ ਰਿਹਾ ਹੈ ਕਿ ਉਸ ਦਾ ਪੋਟਾ ਪੋਟਾ ਕਵੀ ਸੀ। ਕਵੀ ਦੀ ਕਵਿਤਾ ਵਿਚ ਇਕ ‘ਚੀਖ’ ਹੁੰਦੀ ਹੈ ਇਹੋ ਉਸ ਦੀ ਸ਼ਿੱਦਤ ਹੈ ਅਤੇ ਇਹੋ ਉਸ ਦੀ ਸ਼ਕਤੀ ਹੁੰਦੀ ਹੈ। ਸ਼ਿਵ ਕੁਮਾਰ ਦੇ ਤੁਰ ਜਾਣ ਪਿੱਛੋਂ ਵੱਖ ਵੱਖ ਅਦਾਰਿਆਂ ਨੇ, ਖੋਜੀਆਂ ਨੇ ਉਸ ਨੂੰ ਅਤੇ ਉਸ ਦੀ ਕਵਿਤਾ ਨੂੰ ਸਮਝਣ ਦਾ ਯਤਨ ਕੀਤਾ। ਉਸ ਦੇ ਵਿਰੋਧੀਆਂ ਨੇ ਵੀ ਸ਼ਰਧਾਂਜਲੀ ਵਾਲੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਸੀ। ਭੂਸ਼ਨ ਇਹ ਵੀ ਮੰਨਦਾ ਸੀ ਕਿ ਸ਼ਿਵ ਨੇ ਸਟੇਜ ਅਤੇ ਕਵਿਤਾ, ਪਰੰਪਰਾ ਅਤੇ ਆਧੁਨਿਕਤਾ ਨੂੰ ਜੋੜਿਆ ਹੋਇਆ ਸੀ। ਸ਼ਿਵ ਦੀ ਸ਼ਾਇਰੀ ਵਾਦ-ਮੁਕਤ ਹੋਣ ਦੇ ਬਾਵਜੂਦ ਵਿਵਾਦ-ਗ੍ਰਸਤ ਰਹੀ, ਪਰ ਉਹ ਗੁੱਟਬੰਦੀ ਦਾ ਸ਼ਿਕਾਰ ਨਹੀਂ ਹੋਇਆ। ਉਹ ਇਕੱਲਾ ਰਿਹਾ, ਨਾਅਰੇ ਲਾਉਣ ਵਾਲਿਆਂ ਦੀ ਭੀੜ ਵਿਚ ਸ਼ਾਮਿਲ ਨਹੀਂ ਹੋਇਆ। ਉਹ ਵੱਖਰਾ ਰਿਹਾ, ਕਿਸੇ ਵਰਗਾ ਨਹੀਂ ਬਣਿਆ ਅਤੇ ਜਿਨ੍ਹਾਂ ਨੇ ਉਸ ਵਰਗਾ ਬਣਨ ਦੀ ਕੋਸ਼ਿਸ਼ ਕੀਤੀ ਖ਼ਤਮ ਹੋ ਗਏ। ਭੂਸ਼ਨ ਦੀਆਂ ਸ਼ਿਵ ਬਾਰੇ ਕੀਤੀਆਂ ਬਹੁਤ ਸਾਰੀਆਂ ਕੀਤੀਆਂ ਟਿੱਪਣੀਆਂ ਅਤੇ ਗੱਲਾਂ ਲਿਖੀਆਂ ਜਾ ਸਕਦੀਆਂ ਹਨ, ਪਰ ਇਸ ਕਾਰਜ ਦੀ ਸੀਮਾ ਹੈ। ਭੂਸ਼ਨ ਨੇ ਸ਼ਿਵ ਕੁਮਾਰ ਦੀਆਂ ਗੱਲਾਂ ਇਸ ਪੁਸਤਕ ਵਿਚ ਪ੍ਰਗਟਾਈਆਂ ਅਤੇ ਸੁਭਾਸ਼ ਪਰਿਹਾਰ ਨੇ ਸੁਯੋਗ ਵਿਧੀ ਰਾਹੀਂ ਸਮਝਾਈਆਂ ਅਤੇ ਹੋਰ ਜਾਣਨ ਲਈ ਸੁਝਾਈਆਂ, ਇਹ ਸਭ ਇਸ ਦੀ ਪ੍ਰਾਪਤੀ ਹੈ। ਇਸ ਪੁਸਤਕ ਰਾਹੀਂ ਪਾਠਕ ਸ਼ਿਵ ਕਮਾਰ ਨੂੰ ਹੋਰ ਨੇੜਿਉਂ ਚੰਗੀ ਤਰ੍ਹਾਂ ਜਾਣ ਸਕਦਾ ਹੈ।


Comments Off on ਬਿਰਹਾ ਦਾ ਸੁਲਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.