ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਬਾਬਾ ਭਕਨਾ ਦੀ ਡਾਇਰੀ ਦੇ ਪੰਨੇ

Posted On January - 5 - 2020

ਅਮੋਲਕ ਸਿੰਘ
ਦਸਤਾਵੇਜ਼

ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਡਾਇਰੀ ਦੇ ਪੰਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੇ ਸੰਗਰਾਮੀ ਜੀਵਨ ਬਾਰੇ ਦੱਸਦੇ ਹਨ। 16 ਨਵੰਬਰ 1915 ਦਾ ਦਿਹਾੜਾ ਗ਼ਦਰੀ ਬਾਬੇ ਦੀਆਂ ਅੱਖਾਂ ਸਾਹਮਣੇ ਹਰ ਪਲ ਆਜ਼ਾਦੀ ਦੀ ਜੋਤ ਜਗਾਈ ਰੱਖਦਾ ਜਿਸ ਦਿਨ ਉਸ ਦੇ ਸੱਤ ਸਾਥੀਆਂ ਨੂੰ ਕੇਂਦਰੀ ਜੇਲ੍ਹ, ਲਾਹੌਰ ਵਿੱਚ ਫ਼ਾਂਸੀ ਦੇ ਤਖ਼ਤੇ ’ਤੇ ਲਟਕਾਇਆ ਗਿਆ।
ਬਾਬਾ ਸੋਹਣ ਸਿੰਘ ਭਕਨਾ ਦੇ ਕੰਨਾਂ ’ਚ ਉਹ ਬੋਲ 98 ਵਰ੍ਹਿਆਂ ਦੇ ਸੰਗਰਾਮੀ ਜੀਵਨ ਦੇ ਆਖ਼ਰੀ ਦਮ ਤੱਕ ਗੂੰਜਦੇ ਰਹੇ ਜਿਹੜੇ ਕਰਤਾਰ ਸਿੰਘ ਸਰਾਭਾ, ਭਾਈ ਬਖਸ਼ੀਸ ਸਿੰਘ ਗਿੱਲ ਵਾਲੀ, ਭਾਈ ਸੁਰੈਣ ਸਿੰਘ ਸਪੁੱਤਰ ਬੂੜ ਸਿੰਘ, ਭਾਈ ਸੁਰੈਣ ਸਿੰਘ ਸਪੁੱਤਰ ਈਸ਼ਰ ਸਿੰਘ, ਭਾਈ ਹਰਨਾਮ ਸਿੰਘ, ਸ੍ਰੀ ਵਿਸ਼ਨੂੰ ਗਣੇਸ਼ ਪਿੰਗਲੇ ਅਤੇ ਭਾਈ ਜਗਤ ਸਿੰਘ ਨੇ ਫ਼ਾਂਸੀ ਦੇ ਤਖ਼ਤੇ ਤੋਂ ਗਰਜਵੀਂ ਆਵਾਜ਼ ’ਚ ਕਹੇ:
‘‘ਐ ਭਾਰਤ ਮਾਤਾ! ਅਸੀਂ ਤੇਰੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਨਹੀਂ ਤੋੜ ਸਕੇ। ਸਾਡਾ ਹਰ ਇੱਕ ਸਾਥੀ ਇਹ ਜ਼ੰਜੀਰਾਂ ਤੋੜਨ ਲਈ ਆਖ਼ਰੀ ਦਮ ਤੱਕ ਜੂਝਦਾ ਰਹੇਗਾ। ਮਾਂ ਭੂਮੀ, ਜਨਤਾ ਦੀ ਆਜ਼ਾਦੀ ਅਤੇ ਬਰਾਬਰੀ ਲਈ ਲੜਦਾ ਰਹੇਗਾ। ਹਰ ਤਰ੍ਹਾਂ ਦੀ ਗ਼ੁਲਾਮੀ, ਕੀ ਆਰਥਿਕ, ਕੀ ਰਾਜਨੀਤਕ ਅਤੇ ਕੀ ਸਮਾਜਿਕ ਨੂੰ ਦੇਸ਼ ਅਤੇ ਮਨੁੱਖੀ ਸਮਾਜ ਤੋਂ ਮਿਟਾਉਣ ਦੀ ਕੋਸ਼ਿਸ਼ ਕਰੇਗਾ।’’
ਬਾਬਾ ਸੋਹਣ ਸਿੰਘ ਭਕਨਾ ਦੀ ਡਾਇਰੀ ਦੇ ਪੰਨੇ ਅੱਖੀਂ ਡਿੱਠਾ ਹਾਲ ਬਿਆਨਦੇ ਹਨ ਕਿ ਅਜਿਹੇ ਸਦਾ ਅਮਰ ਰਹਿਣ ਵਾਲੇ ਬੋਲ ਪੌਣਾਂ ’ਚ ਉਕੇਰਨ ਵਾਲੇ ਸੂਰਮੇ ਸ਼ਹੀਦਾਂ ਦਾ ਮੁਕੱਦਮਾ ਕੇਂਦਰੀ ਜੇਲ੍ਹ, ਲਾਹੌਰ ਅੰਦਰ 16 ਨੰਬਰ ਪਾਰਕ ਵਿੱਚ 1915 ’ਚ ਚੱਲਿਆ। ਵਿਸ਼ੇਸ਼ ਅਦਾਲਤ ਅੱਗੇ ਇਸ ਮੁਕੱਦਮੇ ਦੇ ਚੱਲੇ ਨਾਟਕ ਦੀ ਨਾ ਕੋਈ ਅਪੀਲ ਸੀ ਨਾ ਦਲੀਲ।
ਜਦੋਂ ਜੇਲ੍ਹ ਸੁਪਰਡੈਂਟ ਨੇ ਫ਼ਾਂਸੀ ’ਤੇ ਚੜ੍ਹਨ ਵਾਲੇ ਇਨ੍ਹਾਂ ਇਨਕਲਾਬੀਆਂ ਨੂੰ ਜੇਲ੍ਹ ਨਿਯਮਾਂ ਦੀ ਫਰਜ਼ੀ ਰਸਮ ਅਦਾ ਕਰਦਿਆਂ ਕਿਹਾ ਕਿ, ‘‘ਤੁਹਾਨੂੰ ਪਤੈ ਕਿ ਵਿਸ਼ੇਸ਼ ਅਦਾਲਤ ਦਾ ਫ਼ੈਸਲਾ ਆਖ਼ਰੀ ਹੁੰਦੈ?’’ ਉਸ ਵੇਲੇ ਕਰਤਾਰ ਸਿੰਘ ਸਰਾਭਾ ਨੇ ਮਜ਼ਾਹੀਆ ਅੰਦਾਜ਼ ਵਿੱਚ ਕਿਹਾ, ‘‘ਦੇਰ ਕਾਹਦੀ ਹੈ, ਜਿੰਨੀ ਜਲਦੀ ਹੋ ਸਕਦਾ ਫ਼ਾਂਸੀ ਦਿਓ। ਮੇਰੀ ਇਹੋ ਅਪੀਲ ਹੈ।’’
ਬਾਬਾ ਸੋਹਣ ਸਿੰਘ ਭਕਨਾ ਹੋਰੀਂ ਪਾਰਕ ਨੰਬਰ 12 ਅਤੇ 24 ਕੋਠੀਆਂ ਦੀ ਕਤਾਰ ਵਿੱਚ ਬੰਦ ਸੀ। ਸ਼ਾਮ ਨੂੰ ਅੱਧਾ ਘੰਟਾ ਟਹਿਲਣ ਲਈ ਛੱਡਿਆ ਜਾਂਦਾ ਸੀ। ਬਾਬਾ ਜੀ ਆਪਣੀਆਂ ਯਾਦਾਂ ਦੇ ਝਰੋਖ਼ੇ ਉਪਰ ਮੁੜ ਝਾਤ ਮਾਰਦਿਆਂ ਲਿਖਦੇ ਹਨ:
ਇੱਕ ਦਿਨ ਜਦੋਂ ਮੌਕਾ ਲੱਗਾ ਮੈਂ ਕਰਤਾਰ ਸਿੰਘ ਸਰਾਭਾ ਦੀ ਕੋਠੀ ਵਿੱਚ ਝਾਤ ਮਾਰੀ। ਉਹਨੇ ਕੰਧ ਉਪਰ ਕੋਲੇ ਨਾਲ ਮੋਟੇ ਅੱਖਰਾਂ ਵਿੱਚ ਲਿਖਿਆ ਸੀ: ‘‘ਸ਼ਹੀਦੋਂ ਕਾ ਖ਼ੂਨ ਕਭੀ ਅਜਾਈਂ ਨਹੀਂ ਜਾਤਾ।’’
ਇਹ ਸਤਰਾਂ ਪੜ੍ਹ ਕੇ ਮੈਂ ਕਿਹਾ, ‘‘ਕਰਤਾਰ! ਏਥੇ ਤਾਂ ਹੱਡੀਆਂ ਵੀ ਜੇਲ੍ਹ ਦੇ ਵਿੱਚ ਹੀ ਸਾੜ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਬਾਹਰ ਕਿਸੇ ਨੂੰ ਪਤਾ ਨਾ ਲੱਗੇ। ਤੂੰ ਲਿਖਿਐ ਕਿ ਸ਼ਹੀਦੋਂ ਕਾ ਖ਼ੂਨ ਕਭੀ ਅਜਾਈਂ ਨਹੀਂ ਜਾਤਾ।’’ ਸਰਾਭੇ ਦਾ ਬਹੁਤ ਹੀ ਮਾਣ ਅਤੇ ਵਿਸ਼ਵਾਸ ਨਾਲ ਜਵਾਬ ਸੀ, ‘‘ਹਾਂ ਜੀ, ਠੀਕ ਹੀ ਤਾਂ ਲਿਖਿਆ ਹੈ।’’

ਅਮੋਲਕ ਸਿੰਘ

ਬਾਬਾ ਭਕਨਾ ਦੀ ਕਲਮ ਗਵਾਹੀ ਭਰਦੀ ਹੈ ਕਿ ਲਾਲਾ ਹਰਦਿਆਲ ਨੂੰ ਬੌਧਿਕ ਖੇਤਰ ਵਿੱਚੋਂ ਗ਼ਦਰ ਪਾਰਟੀ ਵਾਲੇ ਪਾਸੇ ਇਨਕਲਾਬੀ ਮਾਰਗ ’ਤੇ ਲਿਆਉਣ ਵਾਲਾ ਵੀ ਕਰਤਾਰ ਸਿੰਘ ਸਰਾਭਾ ਹੀ ਸੀ। ‘ਗ਼ਦਰ’ ਅਖ਼ਬਾਰ ਦਾ ਪਹਿਲਾ ਪਰਚਾ ਉਰਦੂ ’ਚ ਕੱਢਿਆ ਤਾਂ ਉਸ ਦਾ ਪੰਜਾਬੀ ਤਰਜਮਾ ਵੀ ਕਰਤਾਰ ਸਿੰਘ ਸਰਾਭਾ ਨੇ ਹੀ ਕੀਤਾ ਸੀ। ਮੁੱਢਲੇ ਦੌਰ ’ਚ ਅਮਰੀਕਾ ਵਿੱਚ ਸਾਂ ਫਰਾਂਸਿਸਕੋ ਵਿਖੇ ਬਣੇ ਯੁਗਾਂਤਰ ਆਸ਼ਰਮ ਵਿੱਚ ਬਹੁਤੇ ਕੰਮ ਦਾ ਬੋਝ ਸਰਾਭੇ ਦੇ ਸਿਰ ਹੀ ਰਿਹਾ। ਬਾਬਾ ਭਕਨਾ ਲਿਖਦੇ ਨੇ, ‘‘ਉਹ ਦੋਸਤਾਂ ਦਾ ਦੋਸਤ ਸੀ। ਖ਼ਤਰਿਆਂ ਭਰੇ ਕੰਮ ’ਚ ਸਭ ਤੋਂ ਅੱਗੇ ਹੋ ਕੇ ਕੰਮ ਕਰਨ ਵਾਲਾ ਸੀ।’’
ਉਰਦੂ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦਾ ਮਾਹਿਰ, ਬੇਹੱਦ ਫੁਰਤੀਲਾ ਅਤੇ 18-19 ਵਰ੍ਹਿਆਂ ਦੀ ਉਮਰੇ ਹੀ ਲਾਸਾਨੀ ਕੁਰਬਾਨੀ ਕਰਨ ਵਾਲਾ ਸਰਾਭਾ ਅੱਜ ਅਤੇ ਆਉਣ ਵਾਲੇ ਕੱਲ੍ਹ ਦੀ ਜਵਾਨੀ ਦਾ ਮਾਰਗਦਰਸ਼ਕ ਹੈ।
ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ 1915 ’ਚ ਬਾਬਾ ਭਕਨਾ ਨੇ ਅਮੁੱਲੀਆਂ ਬਾਤਾਂ ਕੀਤੀਆਂ। ਕੋਈ 15-16 ਸਾਲ ਬਾਅਦ ਬਾਬਾ ਭਕਨਾ ਨੇ ਭਗਤ ਸਿੰਘ ਨੂੰ ਆਪਣੀ ਬੁੱਕਲ ਦਾ ਨਿੱਘਾ ਦਿੱਤਾ। ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਮੁਕੱਦਮਾ ਵੀ 1930 ਦੇ ਦੌਰ ’ਚ ਕੇਂਦਰੀ ਜੇਲ੍ਹ, ਲਾਹੌਰ ਦੇ ਇਸੇ 16 ਨੰਬਰ ਪਾਰਕ ਵਿੱਚ ਚੱਲਿਆ। ਭਗਤ ਸਿੰਘ ਆਖਦਾ ਹੁੰਦਾ ਸੀ:
‘‘ਸਰਾਭਾ, ਮੇਰਾ ਗੁਰੂ
ਸਰਾਭਾ, ਮੇਰਾ ਭਰਾ
ਸਰਾਭਾ, ਮੇਰਾ ਸਾਥੀ।’’
ਆਜ਼ਾਦੀ ਅਤੇ ਇਨਕਲਾਬ ਦੇ ਅੰਬਰ ’ਤੇ ਟਹਿਕਦੇ ਸੂਹੇ ਤਾਰੇ ਭਗਤ ਸਿੰਘ ਬਾਰੇ ਬਾਬਾ ਭਕਨਾ ਨੇ ਆਪਣੀ ਡਾਇਰੀ ’ਚ ਲਿਖਿਆ:
ਜਿਹੜੀ ਕੇਂਦਰੀ ਜੇਲ੍ਹ, ਲਾਹੌਰ ਵਿੱਚ ਭਗਤ ਸਿੰਘ ਨੂੰ ਲਿਆਂਦਾ ਗਿਆ ਉਸ ਜੇਲ੍ਹ ਵਿੱਚ ਮੈਂ ਅਤੇ ਭਾਈ ਕੇਸਰ ਸਿੰਘ ਠੱਠਗੜ੍ਹ ਪਹਿਲਾਂ ਹੀ ਸੀ। ਦੋ ਤਿੰਨ ਦਿਨ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਮੈਂ ਅਤੇ ਭਗਤ ਸਿੰਘ ਜ਼ਰੂਰ ਮਿਲਦੇ ਅਤੇ ਗੰਭੀਰ ਵਿਚਾਰ-ਵਟਾਂਦਰਾ ਕਰਦੇ। ਇੱਕ ਦਿਨ ਮੈਂ ਮਖ਼ੌਲ ਨਾਲ ਭਗਤ ਸਿੰਘ ਨੂੰ ਪੁੱਛਿਆ: ‘‘ਤੂੰ ਅਜੇ ਨੌਜਵਾਨ ਸੀ। ਪੜ੍ਹਿਆ ਲਿਖਿਆ ਵੀ ਸੀ। ਤੇਰੀ ਉਮਰ ਅਜੇ ਖਾਣ-ਪੀਣ ਅਤੇ ਐਸ਼ ਕਰਨ ਦੀ ਸੀ। ਤੂੰ ਇਧਰ ਕਿਵੇਂ ਫਸ ਗਿਆ?’’
ਭਗਤ ਸਿੰਘ ਨੇ ਹੱਸ ਕੇ ਜਵਾਬ ਦਿੱਤਾ: ‘‘ਇਹ ਮੇਰਾ ਕਸੂਰ ਨਹੀਂ, ਤੁਹਾਡਾ ਅਤੇ ਤੁਹਾਡੇ ਸਾਥੀਆਂ ਦਾ ਹੈ।’’ ਮੈਂ ਕਿਹਾ, ‘‘ਸਾਡਾ ਕਿਸ ਤਰ੍ਹਾਂ ਹੈ?’’ ਭਗਤ ਸਿੰਘ ਦਾ ਜਵਾਬ ਸੀ: ‘‘ਜੇ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀ ਹੱਸ ਕੇ ਫ਼ਾਂਸੀ ਨਾ ਚੜ੍ਹੇ ਹੁੰਦੇ, ਤੁਹਾਡੇ ਵਰਗੇ ਅੰਡੇਮਾਨ ਦੇ ਕੁੰਭੀ ਨਰਕ ਵਿੱਚੋਂ ਸਾਬਤ ਨਾ ਨਿਕਲਦੇ ਤਾਂ ਸ਼ਾਇਦ ਮੈਂ ਇਧਰ ਨਾ ਆਉਂਦਾ।’’
ਬਾਬਾ ਭਕਨਾ ਦੀ ਇੱਕ ਸਤਰ ਹੀ ਭਗਤ ਸਿੰਘ ਦੇ ਸਿਆਸੀ ਜੀਵਨ ਦੀ ਕਹਾਣੀ ਸੁਣਾ ਜਾਂਦੀ ਹੈ। ਉਹ ਲਿਖਦੇ ਨੇ: ‘‘ਭਗਤ ਸਿੰਘ ਆਪਣੇ ਮੁਲਕ ਦੀ ਆਜ਼ਾਦੀ ਲਈ ਹੀ ਜੂਝਣ ਵਾਲਾ ਇਨਕਲਾਬੀ ਨਹੀਂ ਸੀ ਸਗੋਂ ਉਸ ਦੇ ਖ਼ਿਆਲਾਂ ਦੀ ਬਿਜਲੀ ’ਚ ਦੁਨੀਆਂ ਭਰ ਦੇ ਕਿਰਤੀਆਂ ਦੀ ਆਜ਼ਾਦੀ ਅਤੇ ਮੁਕਤੀ ਦੀ ਰੌਸ਼ਨੀ ਸੀ। ਭਗਤ ਸਿੰਘ 6 ਫੁੱਟ ਲੰਮਾ ਖ਼ੂਬਸੂਰਤ ਮੁੱਛ ਫੁੱਟ ਗੱਭਰੂ ਸੀ ਜਿਸ ਦੇ ਖ਼ਿਆਲ ਉਸ ਦੇ ਤੁਰ ਜਾਣ ਤੋਂ ਬਾਅਦ ਵੀ ਸਦਾ ਜੁਆਨ ਰਹਿਣਗੇ।’’
‘‘ਮੈਂ ਜਦ ਵੀ ਭਗਤ ਸਿੰਘ ਨੂੰ ਮਿਲਦਾ ਤਾਂ ਮੈਨੂੰ ਇੰਜ ਲੱਗਦਾ ਕਿ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀਆਂ ਕੇਵਲ ਮੂਰਤੀਆਂ ਹੀ ਦੋ ਹਨ, ਪਰ ਉਨ੍ਹਾਂ ਦੇ ਗੁਣ ਅਤੇ ਕੰਮ ਇੱਕੋ ਹੀ ਹਨ। ‘ਏਕ ਜੋਤ ਦੋਏ ਮੂਰਤਿ’ ਵਾਲੀ ਮਿਸਾਲ ਇਨ੍ਹਾਂ ’ਤੇ ਢੁੱਕਦੀ ਹੈ।’’
ਬਾਬਾ ਜੀ ਲਿਖਦੇ ਹਨ ਕਿ ਇੱਕ ਦਿਨ ਮੈਂ ਭਗਤ ਸਿੰਘ ਨੂੰ ਇਹ ਵੀ ਪੁੱਛਿਆ, ‘‘ਤੁਸੀਂ ਜੋ ਸਾਂਡਰਸ ਨੂੰ ਮਾਰਿਆ, ਕੀ ਉਹ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਮਾਰਿਆ?’’
ਭਗਤ ਸਿੰਘ ਦਾ ਜਵਾਬ ਸੀ: ‘‘ਸਾਡੀ ਪਾਰਟੀ ਦਾ ਉਦੇਸ਼ ਦਹਿਸ਼ਤਗਰਦੀ ਨਹੀਂ। ਅਸੀਂ ਤਾਂ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਜਿਵੇਂ 1914-15 ਦੇ ਗ਼ਦਰ ਪਾਰਟੀ ਦੇ ਇਨਕਲਾਬੀ ਆਜ਼ਾਦੀ, ਜਮਹੂਰੀਅਤ ਅਤੇ ਬਰਾਬਰੀ ਲਈ ਗ਼ਦਰ ਪਾਰਟੀ ਦਾ ਝੰਡਾ ਲੈ ਕੇ ਮੈਦਾਨ ’ਚ ਨਿੱਤਰੇ, ਉਸੇ ਤਰ੍ਹਾਂ ਪਾਰਲੀਮੈਂਟ ਵਿੱਚ ਧਮਾਕਾ ਕਰਕੇ ਅਸੀਂ ਦੁਸ਼ਮਣਾਂ ਨੂੰ ਇਹ ਸੁਣਾਉਣੀ ਕਰਨਾ ਚਾਹੁੰਦੇ ਸੀ ਕਿ ਹਿੰਦੋਸਤਾਨ ਦੇ ਨੌਜਵਾਨ ਹੁਣ ਤੁਹਾਡੀ ਗ਼ੁਲਾਮੀ ਬਰਦਾਸ਼ਤ ਨਹੀਂ ਕਰਨਗੇ।’’ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਕਰਕੇ ਮੰਗ ਕੀਤੀ ਕਿ ਕੈਦੀਆਂ ਨਾਲ ਵਿਤਕਰਾ ਬੰਦ ਕੀਤਾ ਜਾਵੇ। ਜਦੋਂ ਬਾਬਾ ਸੋਹਣ ਸਿੰਘ ਭਕਨਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੀ ਭੁੱਖ ਹੜਤਾਲ ਕਰ ਦਿੱਤੀ। ਭਗਤ ਸਿੰਘ ਨੇ ਬਾਬਾ ਜੀ ਨੂੰ ਕਿਹਾ, ‘‘ਤੁਸੀਂ ਪਹਿਲਾਂ ਹੀ ਬਹੁਤ ਕਸ਼ਟ ਝੱਲ ਚੁੱਕੇ ਹੋ। ਤੁਸੀਂ ਭੁੱਖ ਹੜਤਾਲ ਨਾ ਕਰੋ।’’ ਬਾਬਾ ਜੀ ਦਾ ਮਾਣ ਮੱਤਾ ਜਵਾਬ ਸੀ, ‘‘ਜਦ ਮੇਰੇ ਜੁਆਨ ਪੁੱਤ ਭੁੱਖ ਹੜਤਾਲ ’ਤੇ ਨੇ, ਮੈਂ ਉਨ੍ਹਾਂ ਨਾਲ ਸ਼ਾਮਲ ਕਿਵੇਂ ਨਹੀਂ ਹੋਵਾਂਗਾ।’’
ਆਜ਼ਾਦੀ ਤਵਾਰੀਖ਼ ’ਚ ਵਿਲੱਖਣ ਇਨਕਲਾਬੀ ਮੁਕਾਮ ਸਿਰਜਣ ਵਾਲੀ ਗ਼ਦਰ ਪਾਰਟੀ ਦੀ ਨੀਂਹ ਅਮਰੀਕਾ ’ਚ ਰੱਖੀ ਗਈ। ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ ਅਤੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ (1870-2020) ਰਵਾਇਤੀ ਨਾ ਹੋ ਕੇ, ਮਹਾਨ ਦੇਸ਼ਭਗਤਾਂ ਦੇ ਉਦੇਸ਼ਾਂ ਨੂੰ ਪ੍ਰਣਾਈ ਵਿਚਾਰਧਾਰਾ, ਰਾਜਨੀਤੀ ਤੇ ਸਾਹਿਤ ਦੀ ਮਹੱਤਤਾ ਅਤੇ ਅਜੋਕੇ ਸਮੇਂ ਵਿਚ ਪ੍ਰਸੰਗਕਤਾ ਨੂੰ ਸਮਝਣਾ ਜ਼ਰੂਰੀ ਹੈ। ਬਾਬਾ ਸੋਹਣ ਸਿੰਘ ਭਕਨਾ 98ਵੇਂ ਵਰ੍ਹੇ ’ਚ ਜਾ ਕੇ 20 ਦਸੰਬਰ 1968 ਨੂੰ ਸਦੀਵੀ ਵਿਛੋੜਾ ਦੇ ਗਏ, ਪਰ ਉਨ੍ਹਾਂ ਦੇ ਇਹ ਬੋਲ ਜਿਹੜੇ ਉਹ ਆਪਣੇ ਪਿੰਡ ਭਕਨਾ ਵਿਖੇ ਬਣਾਈ ਗ਼ਦਰੀ ਦੇਸ਼ਭਗਤਾਂ ਦੀ ਯਾਦਗਾਰ ਦੇ ਸ਼ਿਲਾਲੇਖ ’ਤੇ ਉੱਕਰ ਗਏ ਉਨ੍ਹਾਂ ਨੂੰ ਮਨਾਂ ’ਚ ਵਸਾ ਕੇ ਅਮਲੀ ਜਾਮਾ ਪਹਿਨਾਉਣ ਲਈ ਗੰਭੀਰ ਯਤਨ ਕਰਨ ਦੀ ਲੋੜ ਹੈ:
ਨੌਜਵਾਨੋ! ਉੱਠੋ!!
ਯੁੱਗ ਪਲਟ ਰਿਹਾ ਹੈ
ਆਪਣੇ ਕਰਤੱਵ ਨੂੰ ਪੂਰਾ ਕਰੋ
ਹਰ ਪ੍ਰਕਾਰ ਦੀ ਦਾਸਤਾ ਕੀ ਆਰਥਿਕ, ਕੀ ਰਾਜਨੀਤਿਕ ਤੇ ਕੀ ਸਮਾਜਿਕ ਜੜ੍ਹ ਤੋਂ ਉਖਾੜ ਸੁੱਟੋ
ਮਨੁੱਖਤਾ ਹੀ ਸੱਚਾ ਧਰਮ ਹੈ
ਜੈ ਜਨਤਾ!

ਸੰਪਰਕ: 94170-76735


Comments Off on ਬਾਬਾ ਭਕਨਾ ਦੀ ਡਾਇਰੀ ਦੇ ਪੰਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.