ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਬਾਦਲ ਪਰਿਵਾਰ ਦੇ ਸੂਹੀਏ ਸਾਰਾ ਦਿਨ ਨੱਪਦੇ ਰਹੇ ਛੋਟੇ ਢੀਂਡਸਾ ਦੀ ਪੈੜ

Posted On January - 16 - 2020

ਪਿੰਡ ਦਾਤੇਵਾਸ ਵਿਖੇ ਸਾਬਕਾ ਵਿਧਾਇਕ ਹਰਬੰਤ ਸਿੰਘ ਨੂੰ ਮਿਲਦੇ ਹੋਏ ਪਰਮਿੰਦਰ ਸਿੰਘ ਢੀਂਡਸਾ।

ਚਰਨਜੀਤ ਭੁੱਲਰ
ਬਠਿੰਡਾ, 15 ਜਨਵਰੀ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿਚ ਅੱਜ ਪਰਮਿੰਦਰ ਸਿੰਘ ਢੀਂਡਸਾ ਦੇ ਪਹਿਲੇ ਗੇੜੇ ਨੇ ਬਾਦਲ ਪਰਿਵਾਰ ਦੇ ਫਿਕਰ ਵਧਾ ਦਿੱਤੇ ਹਨ। ਸਾਬਕਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅੱਜ ਮਾਨਸਾ ਜ਼ਿਲ੍ਹੇ ’ਚ ਅੱਧੀ ਦਰਜਨ ਅਕਾਲੀ ਆਗੂਆਂ ਨੂੰ ਮਿਲੇ। ਛੋਟੇ ਢੀਂਡਸਾ ਦੇ ਮਾਨਸਾ ਜ਼ਿਲ੍ਹੇ ਵਿਚ ਪ੍ਰੋਗਰਾਮਾਂ ਦਾ ਜਿਉਂ ਹੀ ਬਾਦਲ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਸੂਹੀਏ ਛੱਡ ਦਿੱਤੇ। ਅੱਜ ਪੂਰਾ ਦਿਨ ਢੀਂਡਸਾ ਦੀ ਬਾਦਲ ਪਰਿਵਾਰ ਦੇ ਨੇੜਲਿਆਂ ਨੇ ਪੈੜ ਨੱਪੀ। ਅੱਜ ਸਵੇਰ ਵੇਲੇ ਹੀ ਬਾਦਲ ਪਰਿਵਾਰ ਨੇ ਮਾਨਸਾ ਜ਼ਿਲ੍ਹੇ ਦੇ ਆਪਣੇ ਨੇੜਲੇ ਅਕਾਲੀ ਆਗੂਆਂ ਨੂੰ ਚੌਕਸ ਕਰ ਦਿੱਤਾ ਸੀ ਅਤੇ ਛੋਟੇ ਢੀਂਡਸਾ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖਣ ਵਾਸਤੇ ਆਖਿਆ ਸੀ।
ਸੂਤਰਾਂ ਅਨੁਸਾਰ ਢੀਂਡਸਾ ਪਰਿਵਾਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਨੂੰ ਤਰਜੀਹ ’ਤੇ ਰੱਖਿਆ ਹੋਇਆ ਹੈ ਅਤੇ ਆਉਂਦੇ ਦਿਨਾਂ ਵਿਚ ਢੀਂਡਸਾ ਪਰਿਵਾਰ ਦੇ ਗੇੜੇ ਬਠਿੰਡਾ ਹਲਕੇ ਵਿਚ ਵਧਣਗੇ। ਪਤਾ ਲੱਗਾ ਹੈ ਕਿ ਹਲਕਾ ਲੰਬੀ ਵਿਚ ਵੀ ਕੁਝ ਦਿਨਾਂ ਮਗਰੋਂ ਢੀਂਡਸਾ ਆਪਣੇ ਪ੍ਰੋਗਰਾਮ ਰੱਖਣਗੇ। ਫਿਲਹਾਲ ਢੀਂਡਸਾ ਪਰਿਵਾਰ ਵੱਲੋਂ ਇਹ ਸੂਹ ਲਾਈ ਜਾ ਰਹੀ ਹੈ ਕਿ ਕਿਹੜੇ ਟਕਸਾਲੀ ਆਗੂ ਢਿੱਡੋਂ ਬਾਦਲ ਪਰਿਵਾਰ ’ਤੇ ਔਖੇ ਹਨ। ਅਜਿਹੇ ਟਕਸਾਲੀਆਂ ਦੇ ਘਰਾਂ ਵਿਚ ਛੋਟੇ ਢੀਂਡਸਾ ਨਿੱਜੀ ਤੌਰ ’ਤੇ ਜਾ ਰਹੇ ਹਨ।
ਸੂਤਰਾਂ ਅਨੁਸਾਰ ਸ੍ਰੀ ਢੀਂਡਸਾ ਹਲਕਾ ਸਰਦੂਲਗੜ੍ਹ ਵਿਚ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੋਂ ਨਾਰਾਜ਼ ਅਕਾਲੀਆਂ ਦੇ ਘਰਾਂ ਵਿਚ ਆਉਂਦੇ ਦਿਨਾਂ ’ਚ ਜਾਣਗੇ। ਦੂਜਾ ਪਾਸੇ ਬਾਦਲ ਪਰਿਵਾਰ ਨੇ ਵੀ ਢੀਂਡਸਾ ਦੇ ਗੇੜੇ ਨੂੰ ਬੇਅਸਰ ਕਰਨ ਲਈ ਆਉਂਦੇ ਦਿਨਾਂ ਵਿਚ ਰੁੱਸੇ ਹੋਏ ਆਗੂਆਂ ਨੂੰ ਪਲੋਸਣ ਦਾ ਪ੍ਰੋਗਰਾਮ ਬਣਾਇਆ ਹੈ। ਇਕ ਪੁਰਾਣੇ ਟਕਸਾਲੀ ਆਗੂ ਦਾ ਕਹਿਣਾ ਸੀ ਕਿ ਛੋਟੇ ਢੀਂਡਸਾ ਦੇ ਗੇੜੇ ਨੇ ਪੁਰਾਣੇ ਆਗੂਆਂ ਦੀ ਵੁੱਕਤ ਵਧਾ ਦਿੱਤੀ ਹੈ। ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਅੱਜ ਦੌਰੇ ਸਮੇਂ ਪੁਰਾਣੇ ਅਕਾਲੀ ਆਗੂਆਂ ਨੇ ਪੂਰਨ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਨਾਲ ਤੁਰਨਗੇ ਅਤੇ ਸਾਰੇ ਆਗੂ ਅਕਾਲੀ ਦਲ ਵਿਚਲੇ ਚਾਪਲੂਸੀ ਕਲਚਰ ਤੋਂ ਔਖੇ ਹਨ। ਉਨ੍ਹਾਂ ਆਖਿਆ ਕਿ ਬਹੁਤੇ ਆਗੂ ਤਾਂ ਡਰੇ ਘਰਾਂ ਵਿਚ ਬੈਠੇ ਸਨ, ਜਿਨ੍ਹਾਂ ਦੇ ਹੁਣ ਘਰਾਂ ਵਿਚੋਂ ਨਿਕਲਣ ਲਈ ਹੌਸਲੇ ਬਣੇ ਹਨ। ਉਨ੍ਹਾਂ ਦੱਸਿਆ ਕਿ ਲੰਬੀ ਹਲਕੇ ਵਿਚੋਂ ਵੀ ਅਕਾਲੀ ਆਗੂਆਂ ਦੇ ਫੋਨ ਆਉਣ ਲੱਗੇ ਹਨ ਅਤੇ ਕੁਝ ਸਮੇਂ ਮਗਰੋਂ ਹਲਕਾ ਲੰਬੀ ਦਾ ਵੀ ਗੇੜਾ ਲਾਇਆ ਜਾਵੇਗਾ।

ਮਾਨਸਾ ’ਚ ਅੱਧੀ ਦਰਜਨ ਅਕਾਲੀ ਆਗੂਆਂ ਨੂੰ ਮਿਲੇ ਢੀਂਡਸਾ
ਮਾਨਸਾ (ਜੋਗਿੰਦਰ ਸਿੰਘ ਮਾਨ): ਸੁਖਬੀਰ ਸਿੰਘ ਬਾਦਲ ਨੂੰ ਸਿੱਧੀ ਟੱਕਰ ਦੇਣ ਵਾਲੇ ਢੀਂਡਸਾ ਪਿਉ-ਪੁੱਤ ਮਾਲਵਾ ਪੱਟੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਾਤ ਦੇਣ ਲਈ ਪੱਬਾਂ ਭਾਰ ਹੋ ਗਏ ਹਨ। ਉਹ ਪਾਰਟੀ ਵੱਲੋਂ ਹਾਸ਼ੀਏ ’ਤੇ ਧੱਕੇ ਸ਼੍ਰੋਮਣੀ ਅਕਾਲੀ (ਬ) ਦੇ ਟਕਸਾਲੀ ਅਤੇ ਸਰਗਰਮ ਵਰਕਰਾਂ ਦੇ ਵਿਹੜਿਆਂ ’ਚ ਫੇਰੀਆਂ ਹੀ ਨਹੀਂ ਪਾ ਰਹੇ, ਸਗੋਂ ਭਵਿੱਖ ‘ਚ ਲਾਮਬੰਦੀ ਲਈ ਰਣਨੀਤੀ ਵੀ ਉਲੀਕ ਰਹੇ ਹਨ। ਇਸੇ ਤਹਿਤ ਅੱਜ ਪਰਮਿੰਦਰ ਸਿੰਘ ਢੀਂਡਸਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਖੇਡ ਮੇਲੇ ’ਚ ਸ਼ਿਰਕਤ ਕਰ ਕੇ ਜਿੱਥੇ ਖੇਡ ਕਲੱਬ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ, ਉੱਥੇ ਹੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਅਤੇ ਸਾਬਕਾ ਵਿਧਾਇਕ ਚਤਿੰਨ ਸਿੰਘ ਸਮਾਉਂ ਦੇ ਘਰਾਂ ’ਚ ਜਾ ਕੇ ਸਿਹਤ ਦਾ ਹਾਲ ਚਾਲ ਪੁੱਛਿਆ। ਇਹ ਦੋਵੇਂ ਟਕਸਾਲੀ ਆਗੂ ਪਿਛਲੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਹਨ। ਢੀਂਡਸਾ ਮਾਨਸਾ ਵਿਚ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਯੂਥ ਵਿੰਗ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰ ਵੀ ਗਏ, ਜਿੱਥੇ ਕਈ ਪੰਚ, ਸਰਪੰਚ ਤੇ ਵਕੀਲ ਹਾਜ਼ਰ ਸਨ, ਜਿਨ੍ਹਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਦੇ ਘਰ ਵੀ ਚਾਹ ਦਾ ਕੱਪ ਸਾਂਝਾ ਕੀਤਾ। ਇਹ ਵੀ ਪਤਾ ਲੱਗਿਆ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਮਾਤਾ ਹਰਜੀਤ ਕੌਰ ਅਤੇ ਉਨ੍ਹਾਂ ਦੀ ਪਤਨੀ ਗਗਨਦੀਪ ਕੌਰ ਵੀ ਇਸਤਰੀ ਅਕਾਲੀ ਆਗੂਆਂ ਨੂੰ ਲਾਮਬੰਦ ਕਰ ਰਹੀਆਂ ਹਨ।


Comments Off on ਬਾਦਲ ਪਰਿਵਾਰ ਦੇ ਸੂਹੀਏ ਸਾਰਾ ਦਿਨ ਨੱਪਦੇ ਰਹੇ ਛੋਟੇ ਢੀਂਡਸਾ ਦੀ ਪੈੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.