ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’

Posted On January - 25 - 2020

ਗੁਰਨਾਮ ਸਿੰਘ ਅਕੀਦਾ

ਗੁਰਦੁਆਰਾ ਖਿਰਨੀ ਸਾਹਿਬ ਦਾ ਬਾਹਰੀ ਦ੍ਰਿਸ਼।

ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਪਿੰਡ ਲੰਗ ਦਾ ਇਤਿਹਾਸ ਰੌਚਕ ਹੈ। ਤਹਿਸੀਲ ਪਟਿਆਲਾ ਦਾ ਇਹ ਪਿੰਡ ਪਟਿਆਲਾ ਭਾਦਸੋਂ ਸੜਕ ’ਤੇ ਪਟਿਆਲਾ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੂਰ ਪੈਂਦਾ ਹੈ। ਕਰੀਬ 7500 ਦੀ ਆਬਾਦੀ ਅਤੇ 4215 ਵੋਟਾਂ ਦੇ ਵਾਲੇ ਇਸ ਪਿੰਡ ਦੇ ਪਿਛੋਕੜ ਬਾਰੇ ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਚਾਰੇ ਪਾਸੇ ਦੀਵਾਰ ਹੁੰਦੀ ਸੀ ਜਿਸ ਨੂੰ ਇਲਾਕੇ ਦੀ ਭਾਸ਼ਾ ਵਿਚ ‘ਲੰਗ’ ਕਿਹਾ ਜਾਂਦਾ ਹੈ। ਇਸੇ ਦੀਵਾਰ ਕਾਰਨ ਇਸ ਪਿੰਡ ਦਾ ਨਾਮ ‘ਲੰਗ’ ਪਿਆ।
ਸਰਕਾਰੀ ਰਿਕਾਰਡ ਅਨੁਸਾਰ ਇਹ ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀ, ਜਿੱਥੋਂ ਕਈ ਕਾਰਨਾਂ ਕਰ ਕੇ ਮੁਸਲਮਾਨਾਂ ਦੀ ਆਬਾਦੀ ਖ਼ਤਮ ਹੁੰਦੀ ਚਲੀ ਗਈ, ਇਸ ਉਪਰੰਤ ਇੱਥੇ ਇੱਕ ‘ਖਰੌੜ’ ਗੋਤ ਦਾ ਜੱਟ ਆ ਕੇ ਵੱਸ ਗਿਆ ਜਿਸ ਦੇ ਤਿੰਨ ਪੁੱਤਰ ਸੱਲਾ, ਪੱਲਾ ਤੇ ਲੱਖਣ ਸਨ। ਪਿੰਡ ਦੀ ਵਸੋਂ ਵਧਾਉਣ ਲਈ ਦਰਾਵਿੜ ਤੋਂ ਪੰਡਿਤ ਤੇ ਨਕੋਦਰ ਤੋਂ ਖੱਤਰੀ ਬੁਲਾ ਕੇ ਵਸਾਏ ਗਏ। ਇਸ ਪਿੰਡ ਦੀ ਸੀਮਾ ਤੇ ‘ਭੰਗੂ ਮਿਸਲ’ ਅਤੇ ਬਾਬਾ ਆਲਾ ਸਿੰਘ ਦੀਆਂ ਫ਼ੌਜਾਂ ਵਿਚ ਮਸ਼ਹੂਰ ਲੜਾਈ ਹੋਈ ਸੀ, ਜਿਸ ਥਾਂ ਲੜਾਈ ਹੋਈ ਉਸ ਨੂੰ ਹੁਣ ਖ਼ੂਨੀ ਟਿੱਬੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਲੜਾਈ ਵਿਚ ਭੰਗੂ ਮਿਸਲ ਦਾ ਸਰਦਾਰ ਹਰੀ ਸਿੰਘ ਭੰਗੂ ਸ਼ਹੀਦ ਹੋ ਗਿਆ ਸੀ ਤੇ ਸਿੱਖ ਸੰਗਤ ਨੇ ਉਸ ਸਮੇਂ ਨਵਾਬ ਕਪੂਰ ਸਿੰਘ ਨੂੰ ਸਰਦਾਰੀ ਬਖ਼ਸ਼ੀ ਸੀ।

ਸਰਪੰਚ ਬਲਵਿੰਦਰ ਸਿੰਘ

ਗਿਆਨੀ ਗਿਆਨ ਸਿੰਘ ਦੁਆਰਾ ਲਿਖਤ ‘ਤਵਾਰਿਖ ਗੁਰੂ ਖ਼ਾਲਸਾ’ ਅਨੁਸਾਰ ਘਨੌਲੀ, ਰੋਪੜ, ਨੰਦਪੁਰ ਕਲੌੜ, ਦਾਦੂਮਾਜਰਾ, ਨੌਲਖਾ ਅਤੇ ਟਹਿਲਪੁਰਾ ਤੋਂ ਧਰਮ ਉਪਦੇਸ਼ ਦਿੰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਿੰਡ ਲੰਗ ਵਿਚ ਸੰਨ 1665 ਵਿਚ ਪੁੱਜੇ, ਕ੍ਰਿਪਾਲ ਚੰਦ, ਸਾਹਿਬ ਚੰਦ, ਗੁਰਬਖਸ਼, ਮਤੀ ਦਾਸ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਨਾਲ ਉਨ੍ਹਾਂ ਦਾ ਪਰਿਵਾਰ ਅਤੇ ਹੋਰ ਕਾਫ਼ੀ ਸਿੱਖ ਸੇਵਕ ਸਨ। ਇਸ ਪਿੰਡ ਨੂੰ ਮਾਤਾ ਨਾਨਕੀ ਜੀ ਤੇ ਗੁਰੂ ਕੇ ਮਹੱਲ ਮਾਤਾ ਗੁਜਰੀ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਪਿੰਡ ਦੇ ਨਾਲ ਹੀ ਇਕ ਖਿਰਨੀ ਦਾ ਰੁੱਖ ਮੌਜੂਦ ਸੀ ਜਿਸ ਦੇ ਹੇਠਾਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਠਿਕਾਣਾ ਕੀਤਾ ਸੀ, ਇਹ ਖਿਰਨੀ ਦਾ ਰੁੱਖ ਅੱਜ ਵੀ ਮੌਜੂਦ ਹੈ, ਜਿਸ ਅਸਥਾਨ ’ਤੇ ਇਤਿਹਾਸਕ ਗੁਰਦੁਆਰਾ ਖਿਰਨੀ ਸਾਹਿਬ ਬਣਿਆ ਹੋਇਆ ਹੈ। ਡਾ. ਕ੍ਰਿਪਾਲ ਸਿੰਘ ਤੇ ਡਾ. ਹਰਿੰਦਰ ਕੌਰ ਵੱਲੋਂ ਕੀਤੀ ਖੋਜ ਅਨੁਸਾਰ ਜਦੋਂ ਗੁਰੂ ਤੇਗ਼ ਬਹਾਦਰ ਇਸ ਪਿੰਡ ਵਿਚ ਆਏ ਤਾਂ ਇਸ ਪਿੰਡ ਦੀਆਂ ਬੀਬੀਆਂ ਤੀਜੇ ਦਿਨ ਗੁਰੂ ਸਾਹਿਬ ਕੋਲ ਆਈਆਂ, ਗੁਰੂ ਜੀ ਨੇ ਪੁੱਛਿਆ, ਇਸ ਪਿੰਡ ਦਾ ਨਾਮ ਕੀ ਹੈ, ਤਾਂ ਇਕ ਮਾਈ ਨੇ ਦੱਸਿਆ ਕਿ ਇਸ ਦਾ ਨਾਮ ‘ਲੰਗ’ ਹੈ। ਗੁਰੂ ਜੀ ਨੇ ਫ਼ੌਰਨ ਕਿਹਾ ਕਿ ‘ਦੇਖ ਭਾਈ ਲੰਗ ਅੱਧਾ ਨੰਗ ਅੱਧਾ ਮੁਲੰਗ।’ ਮਾਈ ਨੇ ਇਸ ਵਾਕ ਨੂੰ ਪਿੰਡ ਲਈ ਅੱਛਾ ਨਾ ਮੰਨਿਆ ਤੇ ਪਿੰਡ ਜਾ ਕੇ ਲੰਗਰ ਤਿਆਰ ਕੀਤਾ ਤੇ ਘਰਾਂ ਦੇ ਮਰਦਾਂ ਨੂੰ ਗੁਰੂ ਜੀ ਕੋਲ ਭੇਜਿਆ ਤੇ ਲੰਗਰ ਛਕਾਉਣ ਲਈ ਬੁਲਾਇਆ। ਗੁਰੂ ਜੀ ਨੇ ਪਿੰਡ ਦੇ ਲੋਕਾਂ ’ਤੇ ਬਖ਼ਸ਼ੀਸ਼ ਕੀਤੀ। ਉਸ ਤੋਂ ਬਾਅਦ ਇਸ ਸਥਾਨ ’ਤੇ ਗੁਰਦੁਆਰਾ ਸਾਹਿਬ ਬਣਾਉਣ ਦੀ ਸੇਵਾ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਕਾਫ਼ੀ ਜ਼ਮੀਨ ਦੇ ਕੇ ਕਰਾਈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ‘ਇਸ ਗੁਰਦੁਆਰੇ ਨਾਲ ਸੰਮਤ 1940 ਤੋਂ ਪਹਿਲਾਂ ਬਹੁਤ ਜ਼ਮੀਨ ਸੀ, ਜੋ ਪੁਜਾਰੀਆਂ ਦੇ ਵਿਰੋਧ ਹੋ ਜਾਣ ’ਤੇ ਖੁੱਸ ਗਈ। ਹੁਣ ਇਹ ਗੁਰਦੁਆਰਾ ਸਾਹਿਬ ਸੈਕਸ਼ਨ-87 ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਪਿੰਡ ਵਿਚ ਬਹੁਤ ਹੀ ਪੁਰਾਣਾ ਸ਼ਿਵ ਮੰਦਰ ਵੀ ਹੈ।
ਇਸ ਪਿੰਡ ਵਿਚ ਕਰੀਬ 50 ਸਾਲਾਂ ਤੋਂ ਕਬੱਡੀ ਖੇਡ ਮੇਲਾ ਕਰਾਇਆ ਜਾਂਦਾ ਹੈ, ਹਾਲ ਹੀ ਵਿਚ 49ਵਾਂ ਕਬੱਡੀ ਖੇਡ ਮੇਲਾ ਹੋਇਆ ਹੈ। ਪਿੰਡ ਵਿਚ ਫੋਕਲ ਪੁਆਇੰਟ ਹੋਣ ਕਰ ਕੇ ਇੱਥੇ ਸਹਿਕਾਰੀ ਤੇ ਪੀ.ਐਨ. ਬੈਂਕ ਹਨ। ਹਾਇਰ ਸੈਕੰਡਰੀ ਤੱਕ ਦਾ ਸਕੂਲ, ਅਨਾਜ ਮੰਡੀ, ਸੁਸਾਇਟੀ, ਵੈਟਰਨਰੀ ਹਸਪਤਾਲ, ਸਰਕਾਰੀ ਡਿਸਪੈਂਸਰੀ ਮੌਜੂਦ ਹੈ। ਲੋਕਾਂ ਦੀ ਮੰਗ ਹੈ ਇਸ ਪਿੰਡ ਨੂੰ ਇਕ ਕਾਲਜ ਤੇ 25 ਬੈੱਡਾਂ ਦਾ ਸਰਕਾਰੀ ਹਸਪਤਾਲ ਵੀ ਚਾਹੀਦਾ ਹੈ।
ਇਸ ਪਿੰਡ ਵਿਚ ਜੱਟ (ਖਰੌੜ), ਝਿਊਰ, ਬ੍ਰਾਹਮਣ, ਨਾਈ, ਰਾਮਦਾਸੀਏ, ਬਾਜ਼ੀਗਰ, ਗਡਰੀਏ, ਪਿੰਜੇ ਸਣੇ ਮੁਸਲਮਾਨ ਭਾਈਚਾਰੇ ਦੇ ਲੋਕ ਆਪਸ ਵਿਚ ਮਿਲ ਕੇ ਰਹਿੰਦੇ ਹਨ। ਪਿੰਡ ਵਿਚ ਦੋ ਪਰਿਵਾਰ ਦਿੱਲੀ ਸਿੱਖ ਕਤਲੇਆਮ ਦੇ ਪੀੜਤ ਵੀ ਸ਼ਰਨ ਲੈ ਕੇ ਰਹਿੰਦੇ ਹਨ।

ਗੁਰਦੁਆਰਾ ਖਿਰਨੀ ਸਾਹਿਬ ਵਿਚ ਖੜ੍ਹਾ ਖਿਰਨੀ ਦਾ ਰੁੱਖ।

ਪਿੰਡ ਦੇ ਫ਼ੌਜੀ ਗੁਰਮੇਲ ਸਿੰਘ (78) ਨੇ 1965 ਤੇ 1971 ਦੀ ਲੜਾਈ ਲੜੀ ਸੀ, ਜੋ ਹੌਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਪਿੰਡ ਵਿਚ ਕਾਰਗਿਲ ਦੀ ਲੜਾਈ ਲੜਨ ਵਾਲੇ ਵੀ ਦੋ ਫ਼ੌਜੀ ਹਨ ਤੇ ਅੱਜ ਕੱਲ੍ਹ 18 ਜਵਾਨ ਫ਼ੌਜ ਵਿਚ ਸੇਵਾ ਕਰ ਰਹੇ ਹਨ।
ਖਾੜਕੂ ਲਹਿਰ ਵਿਚ ਬੱਬਰ ਅਕਾਲੀ ਲਹਿਰ ਨਾਲ ਸਬੰਧਿਤ ਗੁਰਦੀਪ ਸਿੰਘ ਤੇ ਹਰਵਿੰਦਰ ਸਿੰਘ ਵੀ ਇਸ ਪਿੰਡ ਦੇ ਹੀ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਸਨ। ਸਿਮਰਨਜੀਤ ਸਿੰਘ ਮਾਨ ਦਲ ਵੱਲੋਂ ਐਮਐਲਏ ਦੀਆਂ ਚੋਣਾਂ ਲੜਾਉਣ ਲਈ ਉਮੀਦਵਾਰ ਬਣਾਏ ਇਸੇ ਪਿੰਡ ਦੇ ਬਲਦੇਵ ਸਿੰਘ ਨੂੰ ਚੋਣਾਂ ਤੋਂ ਪਹਿਲਾਂ ਹੀ ਖਾੜਕੂਆਂ ਨੇ ਮਾਰ ਦਿੱਤਾ ਸੀ। ਇਸੇ ਪਿੰਡ ਦਾ ਬਾਬਾ ਰਚਨ ਸਿੰਘ ਵੀ ਖਾੜਕੂਆਂ ਨੇ ਮਾਰਿਆ ਸੀ। ਇਸ ਪਿੰਡ ਦਾ ਕਰਨੈਲ ਸਿੰਘ ਕਵੀਸ਼ਰ ਵੀ ਕਾਫ਼ੀ ਮਸ਼ਹੂਰ ਹੋਇਆ ਹੈ। ਅੱਜ ਕੱਲ੍ਹ ਇਸ ਪਿੰਡ ਦੇ ਲੋਕ ਬੜੇ ਹੀ ਸ਼ਾਂਤੀ ਨਾਲ ਰਹਿੰਦੇ ਹਨ ਤੇ ਪਿੰਡ ਦਾ ਸਰਪੰਚ ਬਲਵਿੰਦਰ ਸਿੰਘ ਪਿੰਡ ਦਾ ਵਿਕਾਸ ਕਰਵਾਉਣ ਲਈ ਤਿਆਰ ਹੈ।


Comments Off on ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.