ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ

Posted On January - 25 - 2020

ਮਨਦੀਪ ਸਿੰਘ ਸਿੱਧੂ

ਸਿਨੇ ਪੰਜਾਬੀ

ਯਾਦਾਂ ਤੇ ਯਾਦਗਾਰਾਂ

ਪ੍ਰਸਿੱਧ ਚਰਿੱਤਰ ਅਦਾਕਾਰ, ਖ਼ਲਨਾਇਕ, ਫ਼ਿਲਮਸਾਜ਼ ਅਤੇ ਰੰਗਕਰਮੀ ਯਸ਼ ਸ਼ਰਮਾ ਪੰਜਾਬੀ ਫ਼ਿਲਮਾਂ ਦੀ ਉਹ ਨੁਮਾਇਆਂ ਹਸਤੀ ਸਨ, ਜਿਨ੍ਹਾਂ ਨੇ ਆਪਣੀ ਫ਼ਨ-ਏ-ਅਦਾਕਾਰੀ ਨਾਲ 4 ਦਹਾਕਿਆਂ ਤਕ ਫ਼ਿਲਮੀ ਦੁਨੀਆਂ ’ਚ ਭਰਪੂਰ ਨਾਂ ਅਤੇ ਸ਼ੋਹਰਤ ਕਮਾਈ।
ਯਸ਼ ਸ਼ਰਮਾ ਦੀ ਪੈਦਾਇਸ਼ 31 ਅਕਤੂਬਰ 1934 ਨੂੰ ਸਿਆਲਕੋਟ ਦੇ ਪੰਜਾਬੀ ਪੰਡਤ ਪਰਿਵਾਰ ਵਿਚ ਹੋਈ। ਹਾਲੇ ਯਸ਼ ਦੀ ਉਮਰ 13 ਸਾਲ ਸੀ ਜਦੋਂ ਦੇਸ਼ ਦੀ ਵੰਡ ਹੋ ਗਈ। ਇਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਦੀ ਰੇਲਵੇ ਕਾਲੋਨੀ ਵਿਚ ਆਣ ਵੱਸਿਆ। ਯਸ਼ ਨੇ ਸ਼ੁਰੂਆਤੀ ਸਿੱਖਿਆ ਸਰਕਾਰੀ ਹਾਈ ਸਕੂਲ ਅਤੇ ਬੀ. ਏ. ਖਾਲਸਾ ਕਾਲਜ, ਅੰਮ੍ਰਿਤਸਰ ਤੋਂ 1956 ਵਿਚ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਹੀ 1952-53 ਵਿਚ ਉਸਨੇ ਇੰਡੀਅਨ ਕਲਚਰਲ ਸੁਸਾਇਟੀ ਅਤੇ ਡਰਾਮੈਟਿਕ ਕਲੱਬ, ਅੰਮ੍ਰਿਤਸਰ ਵਿਚ ਬਹੁਤ ਸਟੇਜ ਨਾਟਕਾਂ ਵਿਚ ਅਦਾਕਾਰੀ ਕੀਤੀ। ਉਸਨੂੰ ਸ਼ਿਮਲੇ ਵਿਚ ਹੋਣ ਵਾਲੇ ਆਲ ਇੰਡੀਆ ਡਰਾਮਾ ਕੰਪੀਟੀਸ਼ਨ ਵਿਚ ‘ਕਣਕ ਦੀ ਬੱਲੀ’ ਨਾਟਕ ’ਚ ਬਿਹਤਰੀਨ ਅਦਾਕਾਰੀ ਸਦਕਾ ਸੁਪੋਰਟਿੰਗ ਐਕਟਰ ਐਵਾਰਡ ਅਤੇ 1959 ਵਿਚ ਖਾਲਸਾ ਕਾਲਜ ਤੋਂ ਸੱਭਿਆਚਾਰਕ ਗਤੀਵਿਧੀਆਂ ਵਿਚ ਰੋਲ ਆਫ ਆਨਰ ਪ੍ਰਾਪਤ ਹੋਇਆ। ਉਹ ਆਪਣੇ ਕਾਲਜ ਦੀ ਭੰਗੜਾ ਟੀਮ ਦਾ ਕਪਤਾਨ ਵੀ ਸੀ। 20 ਅਕਤੂਬਰ 1964 ਨੂੰ ਉਸਦਾ ਵਿਆਹ ਸਵਿੱਤਰੀ ਨਾਲ ਹੋਇਆ। ਇਨ੍ਹਾਂ ਦਾ ਇਕੋ ਪੁੱਤਰ ਰਾਜੀਵ ਸ਼ਰਮਾ ‘ਸ਼ੋਰ’ ਹੈ।
ਕਾਲਜ ਵਿਚ ਮਾਣਮੱਤੀਆਂ ਪ੍ਰਾਪਤੀਆਂ ਨੇ ਯਸ਼ ਲਈ ਫ਼ਿਲਮੀ ਦੁਨੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਜਦੋਂ ਚੱਠਾ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਫ਼ਿਲਮਸਾਜ਼ ਮਿੱਤਰ ਜੋਗਿੰਦਰ ਸਿੰਘ ਸਮਰਾ ਨੇ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਪੰਜਾਬੀ ਫ਼ਿਲਮ ‘ਖੇਡ ਪ੍ਰੀਤਾਂ ਦੀ’ (1967) ਬਣਾਈ ਤਾਂ ਯਸ਼ ਸ਼ਰਮਾ ਨੂੰ ਨਵੇਂ ਅਦਾਕਾਰ ਵਜੋਂ ਪੇਸ਼ ਕੀਤਾ। ਇਸ ਫ਼ਿਲਮ ਵਿਚ ਉਸਨੇ ਫ਼ੌਜੀ ‘ਸ਼ੇਰਾ’ ਦਾ ਕਿਰਦਾਰ ਅਦਾ ਕੀਤਾ। ਕਹਾਣੀ ਜੋਗਿੰਦਰ ਸਮਰਾ, ਗੀਤ ਵਰਮਾ ਮਲਿਕ ਤੇ ਚਮਨ ਲਾਲ ‘ਸ਼ੁਗਲ’ ਅਤੇ ਸੰਗੀਤ ਐੱਸ. ਮਦਨ ਨੇ ਮੁਰੱਤਿਬ ਕੀਤਾ। ਫ਼ਿਲਮ ’ਚ ਯਸ਼ ਤੇ ਬੇਲਾ ਬੋਸ ’ਤੇ ਫ਼ਿਲਮਾਇਆ ਭੰਗੜਾ ਗੀਤ ‘ਕੰਘੀ ਫੇਰਦੀ ਨੂੰ ਮਾਹੀ ਯਾਦ ਆਇਆ ਜੱਟੀ ਨੂੰ ਹਨੇਰ ਚੜ੍ਹਿਆ’ (ਮਹਿੰਦਰ ਕਪੂਰ, ਸ਼ਮਸ਼ਾਦ ਬੇਗ਼ਮ) ਵੀ ਬੜਾ ਮਕਬੂਲ ਹੋਇਆ।

ਮਨਦੀਪ ਸਿੰਘ ਸਿੱਧੂ

ਰੂਪ ਕਿਰਨ ਪਿਕਚਰਜ਼, ਅੰਮ੍ਰਿਤਸਰ ਦੀ ਜੋਗਿੰਦਰ ਸਮਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੇਲੇ ਮਿੱਤਰਾਂ ਦੇ’ (1973) ’ਚ ਉਸਨੇ ਇਕ ਵਾਰ ਫਿਰ ‘ਸ਼ੇਰਾ’ ਦਾ ਖ਼ਲ ਪਾਤਰ ਨਿਭਾਇਆ। ਇਸ ਫ਼ਿਲਮ ਲਈ ਉਸਨੂੰ ਬੈਸਟ ਵਿਲੇਨ ਦਾ ਸਟੇਟ ਐਵਾਰਡ ਮਿਲਿਆ। ਉਸਦੀ ਤੀਜੀ ਪੰਜਾਬੀ ਫ਼ਿਲਮ ਮਿਹਰ ਮਿੱਤਲ ਦੇ ਜ਼ਾਤੀ ਬੈਨਰ ਐੱਮ. ਐੱਮ. ਫ਼ਿਲਮਜ਼, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ (1973) ਸੀ। ਉਸਦੀ ਚੌਥੀ ਪੰਜਾਬੀ ਫ਼ਿਲਮ ਆਪਣੀ ਨਿਰਮਤ ਨਾਗੀ ਇੰਟਰਨੈਸ਼ਨਲ, ਬੰਬੇ ਦੀ ਪੁਸ਼ਪ ਰਾਜ ਨਿਰਦੇਸ਼ਿਤ ‘ਤੇਰੇ ਰੰਗ ਨਿਆਰੇ’ (1973) ਸੀ। ਉਸ ’ਤੇ ਫ਼ਿਲਮਾਇਆ ਭੰਗੜਾ ਗੀਤ ‘ਕਿ ਤੂੰਬਾਂ ਤੁਣਕ ਤੁਣਕ ਕਰਦਾ’ (ਮਹਿੰਦਰ ਕਪੂਰ, ਊਸ਼ਾ ਮੰਗੇਸ਼ਕਰ) ਵੀ ਖ਼ੂਬ ਚੱਲਿਆ। ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਬੂਟਾ ਸਿੰਘ ਸ਼ਾਦ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਮਿੱਤਰ ਪਿਆਰੇ ਨੂੰ’ (1975) ’ਚ ਉਸਨੇ ਪੁਲੀਸ ਇੰਸਪੈਕਟਰ ਦਾ ਰੋਲ ਕੀਤਾ। ਆਸ਼ੂਰਾਜ ਫ਼ਿਲਮਜ਼, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਧਾਰਮਿਕ ਫ਼ਿਲਮ ‘ਮੈਂ ਪਾਪੀ ਤੁਮ ਬਖ਼ਸ਼ਣਹਾਰ’ (1976) ਮੁੱਖ ਹੀਰੋ ਵਜੋਂ ਉਸਦੀ ਪਹਿਲੀ ਫ਼ਿਲਮ ਸੀ। ਹੀਰੋਇਨ ਵਜੋਂ ਨਵੀਂ ਅਦਾਕਾਰਾ ਰੀਤੂ ਕਮਲ ਮੌਜੂਦ ਸੀ। ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਬੂਟਾ ਸਿੰਘ ਸ਼ਾਦ ਤੇ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਸੱਚਾ ਮੇਰਾ ਰੂਪ ਹੈ’ (1976) ’ਚ ਉਸਨੇ ‘ਸ਼ੇਰਾ ਲੰਗੜਾ’ ਦਾ ਖ਼ਲ ਪਾਤਰ ਨਿਭਾਇਆ। ਦਾਰਾ ਪ੍ਰੋਡਕਸ਼ਨਜ਼, ਬੰਬੇ ਦੀ ਦਾਰਾ ਸਿੰਘ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਸਵਾ ਲਾਖ ਸੇ ਏਕ ਲੜਾਊਂ’ (1976), ਪੀ. ਐੱਲ. ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਲੱਛੀ’ (1977), ਜਸਵੰਤ ਫ਼ਿਲਮਜ਼, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸ਼ੇਰ ਪੁੱਤਰ’ (1977), ਦਾਰਾ ਪ੍ਰੋਡਕਸ਼ਨਜ਼ ਦੀ ਦਾਰਾ ਸਿੰਘ ਨਿਰਦੇਸ਼ਿਤ ਧਾਰਮਿਕ ਫ਼ਿਲਮ ‘ਧਿਆਨੂੰ ਭਗਤ’ (1978), ਭਾਖੜੀ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜੱਟ ਪੰਜਾਬੀ’ (1979), ਜੁਗਨੂੰ ਫ਼ਿਲਮਜ਼, ਬਠਿੰਡਾ ਦੀ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਮੁਟਿਆਰ’ (1979), ਨਾਨਕ ਮੂਵੀਜ਼, ਅੰਮ੍ਰਿਤਸਰ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਂਝਾ ਇਕ ਤੇ ਹੀਰਾਂ ਦੋ’ (1979), ਪਰਨੀਤ ਇੰਟਰਨੈਸ਼ਨਲ, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ’ਤੇ ਆਧਾਰਿਤ ਫ਼ਿਲਮ ‘ਸਰਦਾਰ-ਏ-ਆਜ਼ਮ’ (1979) ’ਚ ਉਸਨੇ ਅਹਿਮ ਭੂਮਿਕਾਵਾਂ ਨਿਭਾਈਆਂ।
ਜਿਸ ਪੰਜਾਬੀ ਫ਼ਿਲਮ ਨੇ ਯਸ਼ ਸ਼ਰਮਾ ਨੂੰ ਸ਼ੋਹਰਤ ਦੀਆਂ ਬੁਲੰਦੀਆ ’ਤੇ ਪਹੁੰਚਾਇਆ ਉਹ ਸੀ ਜਿਓਤੀ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਵਰਿੰਦਰ ਨਿਰਦੇਸ਼ਿਤ ‘ਸਰਪੰਚ’ (1981)। ਫ਼ਿਲਮ ’ਚ ਯਸ਼ ਨੇ ਪਿੰਡ ਵਿਚ ਨਸ਼ਿਆਂ ਵਰਗੀ ਅਲਾਮਤ ਨੂੰ ਖ਼ਤਮ ਕਰਨ ਵਾਲੇ ਸੁਲਝੇ ‘ਸਰਪੰਚ ਧਰਮਦਾਸ’ ਦਾ ਸ਼ਾਨਦਾਰ ਕਿਰਦਾਰ ਅਦਾ ਕੀਤਾ। ਇਸ ਫ਼ਿਲਮ ਤੋਂ ਉਸਨੂੰ ਪੁਖ਼ਤਾ ਪਛਾਣ ਮਿਲੀ ਤੇ ਉਹ ‘ਸਰਪੰਚ ਸਾਹਬ’ ਦੇ ਨਾਮ ਨਾਲ ਮਸ਼ਹੂਰ ਹੋ ਗਏ। ਇਸਤੋਂ ਇਲਾਵਾ ਉਸਨੇ ਸ਼ਿਵਾਲਕ ਫ਼ਿਲਮਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਵਲਾਇਤੀ ਬਾਬੂ’ (1981), ਸਨਰਾਈਜ਼ ਇੰਟਰਪ੍ਰਾਈਸਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਣੋ’ (1982), ਫ਼ਿਲਮਜ਼ ਯੁੱਗ ਪ੍ਰਾਈਵੇਟ ਲਿਮਟਿਡ, ਬੰਬੇ ਦੀ ਫ਼ਿਲਮ ਜੇ. ਓਮ ਪ੍ਰਕਾਸ਼ ਨਿਰਦੇਸ਼ਿਤ ਫ਼ਿਲਮ ‘ਆਸਰਾ ਪਿਆਰ ਦਾ’ (1983), ਪੰਮੀ ਪਿਕਚਰਜ਼, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਫ਼ਿਲਮ ‘ਬਟਵਾਰਾ’ (1983), ਜੋੜਾ ਫ਼ਿਲਮਜ਼, ਬੰਬੇ ਦੀ ਚੰਦੂ ਨਿਰਦੇਸ਼ਿਤ ਫ਼ਿਲਮ ‘ਭੁਲੇਖਾ’ (1983), ਪੂਜਾ ਇੰਟਰਨੈਸ਼ਨਲ, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਫ਼ਿਲਮ ‘ਲਾਜੋ’ (1983), ਫਰੈਂਡ ਐਂਡ ਫਰੈਂਡਜ਼ ਫ਼ਿਲਮਜ਼, ਚੰਡੀਗੜ੍ਹ ਦੀ ਹਰੀ ਦੱਤ ਨਿਰਦੇਸ਼ਿਤ ਫ਼ਿਲਮ ‘ਮਾਮਲਾ ਗੜਬੜ ਹੈ’ (1983) ਆਦਿ ਵਿਚ ਅਹਿਮ ਕਿਰਦਾਰ ਨਿਭਾਏ। ਦਾਰਾ ਪਿਕਚਰਜ਼, ਬੰਬੇ ਦੀ ਫ਼ਿਲਮ ‘ਅਣਖੀਲੀ ਮੁਟਿਆਰ’ (1983) ’ਚ ਉਸਨੇ ਅਦਾਕਾਰਾ ਗੀਤਾ ਗੈਂਬੀ ਦੇ ਪਿਤਾ ‘ਬਾਬਾ ਬਚਨੀਏ’ ਦਾ ਰੋਲ ਕੀਤਾ। ਐੱਮ. ਕੇ. ਬੀ. ਫ਼ਿਲਮਜ਼, ਬੰਬੇ ਦੀ ਮੋਹਨ ਭਾਖੜੀ ਨਿਰਦੇਸ਼ਿਤ ਫ਼ਿਲਮ ‘ਵੋਹੁਟੀ ਹੱਥ ਸੋਟੀ’ (1983) ’ਚ ਯਸ਼ ਸ਼ਰਮਾ ਨੇ ਨਵੀਂ ਅਦਾਕਾਰਾ ਰਿੱਤੂ ਦੇ ਪਿਓ ‘ਗਰੀਬਦਾਸ’ ਦਾ ਕਿਰਦਾਰ ਅਦਾ ਕੀਤਾ। ਨਵਯੁੱਗ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸੁਭਾਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਲਾਲ ਚੂੜਾ’ (1984) ਵਿਚ ਇੰਸਪੈਕਟਰ ਪ੍ਰੇਮ ਸਿੰਘ ਦਾ ਰੋਲ ਕੀਤਾ। ਸੋਹਲ ਪ੍ਰੋਡਕਸ਼ਨਜ਼, ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਫ਼ਿਲਮ ‘ਮਾਵਾਂ ਠੰਢੀਆਂ ਛਾਵਾਂ’ (1984) ’ਚ ਉਸਨੇ ਪਿੰਡ ਦੇ ਚੌਧਰੀ ‘ਰਣਜੀਤ ਸਿੰਘ’ ਦਾ ਪਾਰਟ ਅਦਾ ਕੀਤਾ। ਅਰਾਧਨਾ ਪ੍ਰੋਡਕਸ਼ਨਜ਼, ਬੰਬੇ ਦੀ ਵਰਿੰਦਰ ਨਿਰਦੇਸ਼ਿਤ ਫ਼ਿਲਮ ‘ਨਿੰਮੋ’ (1984) ’ਚ ਉਸਨੇ ਮਿਹਰ ਮਿੱਤਲ ਦੇ ਪਿਓ ‘ਜ਼ੈਲਦਾਰ ਸੁੱਚਾ ਸਿੰਘ’ ਦਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਯਸ਼ ਸ਼ਰਮਾ ਨੇ ਫ਼ਿਲਮ ‘ਕੀ ਬਣੂੰ ਦੁਨੀਆ ਦਾ’ (1986), ‘ਪੀਂਘਾਂ ਪਿਆਰ ਦੀਆਂ (1986), ‘ਚੰਨ ਮੇਰਾ ਮਾਹੀ’ (1987), ‘ਉੱਚਾ ਦਰ ਬਾਬੇ ਨਾਨਕ ਦਾ’ (1987), ‘ਯਾਰੀ ਜੱਟ ਦੀ’ (1987), ‘ਜੱਟ ਸੂਰਮੇ’ (1988) ’ਚ ਸ਼ਾਨਦਾਰ ਚਰਿੱਤਰ ਕਿਰਦਾਰ ਨਿਭਾਏ।
ਮੂਨਲਾਈਟ ਮੂਵੀਜ਼ ਦੀ ਫ਼ਿਲਮ ‘ਸ਼ੇਰਾਂ ਦੇ ਪੁੱਤ ਸ਼ੇਰ’ (1990) ’ਚ ‘ਬਿਸ਼ਨੇ’ ਦਾ ਖ਼ਲ ਪਾਤਰ ਅਦਾ ਕੀਤਾ। ਇਸਤੋਂ ਬਾਅਦ ਆਈਆਂ ‘ਜੱਟ ਪੰਜਾਬ ਦਾ’ (1992), ‘ਅਣਖੀਲਾ ਸੂਰਮਾ’ (1993), ‘ਜੰਗ ਦਾ ਮੈਦਾਨ’ (1996), ‘ਪੁਰਜਾ ਪੁਰਜਾ ਕਟ ਮਰੇ’ (1998), ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ (2004) ਆਦਿ ਪੰਜਾਬੀ ਫ਼ਿਲਮਾਂ ਵਿਚ ਉਸਨੇ ਆਪਣੀ ਅਦਾਕਾਰੀ ਦੀ ਅਮਿੱਟ ਛਾਪ ਛੱਡੀ।
ਉਸਨੇ ਪੰਜਾਬੀ ਦੇ ਨਾਲ-ਨਾਲ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ। ਨਵਰਤਨ ਫ਼ਿਲਮਜ਼, ਬੰਬਈ ਦੀ ‘ਨਾਦਾਨ’ (1971), ਦਾਰਾ ਪਿਕਚਰਜ਼, ਬੰਬਈ ਦੀ ‘ਮੇਰਾ ਦੇਸ਼ ਮੇਰਾ ਧਰਮ’ (1973), ਦਿ ਰੂਪ ਐਂਟਰਪ੍ਰਾਈਸਜ਼, ਬੰਬਈ ਦੀ ‘ਨਫ਼ਰਤ’ (1973), ਬਰਾੜ ਪ੍ਰੋਡਕਸ਼ਨਜ਼, ਬੰਬਈ ਦੀ ‘ਕੋਰਾ ਬਦਨ’ (1974), ‘ਨਮਕੀਨ’ (1982), ‘ਅਪਰਾਧੀ ਕੌਨ’ (1982), ‘ਚੀਖ’, ‘ਸੰਦਲੀ’ (1985) ਆਦਿ। ਪੰਜਾਬੀ ਫ਼ਿਲਮਾਂ ਦਾ ਅਜ਼ੀਮ ਅਦਾਕਾਰ ਯਸ਼ ਸ਼ਰਮਾ 29 ਦਸੰਬਰ 2005 ਨੂੰ 71 ਸਾਲਾਂ ਦੀ ਉਮਰੇ ਅੰਮ੍ਰਿਤਸਰ ਵਿਖੇ ਜਹਾਨੋਂ ਰੁਖ਼ਸਤ ਹੋ ਗਿਆ। ਉਸਦੀ ਵਫ਼ਾਤ ਦੇ 10 ਸਾਲ ਬਾਅਦ ਗੁਲਸ਼ਾਨ ਫ਼ਿਲਮਜ਼ ਦੀ ਰਾਜਵੰਤ ਸਿੰਘ ਰੰਗੀਲਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਅਮਰੀਕਾ’ (2015) ਉਸਦੀ ਆਖਰੀ ਫ਼ਿਲਮ ਸੀ।
ਸੰਪਰਕ : 97805-09545


Comments Off on ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.