ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ

Posted On January - 19 - 2020

ਸੁਖਵਿੰਦਰ ਸਿੰਘ
ਇਕ ਪੁਸਤਕ – ਇਕ ਨਜ਼ਰ

ਪੁਸਤਕ ‘ਅਮਰਜੀਤ ਸਿੰਘ ਕਾਂਗ ਰਚਨਾਵਲੀ’ (ਸੰਪਾਦਕ: ਡਾ. ਜਸਪਾਲ ਕੌਰ ਕਾਂਗ ਅਤੇ ਡਾ. ਸਤੀਸ਼ ਕੁਮਾਰ ਵਰਮਾ; ਪੰਜਾਬੀ ਯੂਨੀਵਰਸਿਟੀ, ਪਟਿਆਲਾ) ਇਕ ਉਤਕ੍ਰਿਸ਼ਟ ਰਚਨਾ ਹੈ। ਪੰਜਾਬੀ ਆਲੋਚਨਾ ਦੇ ਖੇਤਰ ਵਿਚ ਡਾ. ਅਮਰਜੀਤ ਸਿੰਘ ਕਾਂਗ ਇਕ ਅਧਿਕਾਰਤ ਹਸਤਾਖ਼ਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੀ ਆਲੋਚਨਾਤਮਕ ਪ੍ਰਤਿਭਾ ਦਾ ਪ੍ਰਗਟਾਵਾ ਮੁੱਖ ਰੂਪ ਨਾਲ ਮੱਧਕਾਲੀ ਸਾਹਿਤ ਸਬੰਧੀ ਪ੍ਰਦਾਨ ਕੀਤੀਆਂ ਨਵੀਆਂ ਸਥਾਪਨਾਵਾਂ ਰਾਹੀਂ ਹੋਇਆ। ਉਸ ਦਾ ਪਰਿਭਾਸ਼ਕ ਖੇਤਰ ਕਿੱਸਾ ਸਾਹਿਤ ਵਜੋਂ ਸਾਡੇ ਸਾਹਮਣੇ ਆਉਂਦਾ ਹੈ। ਇਸ ਦੇ ਨਾਲ-ਨਾਲ ਉਸ ਨੇ ਪੰਜਾਬੀ ਗਲਪ ਸ਼ਾਸਤਰ ਦੀ ਭੂਮਿਕਾ ਨੂੰ ਨਿਰਧਾਰਿਤ ਕਰਨ ਵਿਚ ਵੀ ਯੋਗਦਾਨ ਪਾਇਆ ਹੈ। ਉਸ ਨੇ ਪੰਜਾਬੀ ਸਾਹਿਤ ਆਲੋਚਨਾ ਤੇ ਖ਼ਾਸਕਰ ਮੱਧਕਾਲੀ ਸਾਹਿਤ ਚਿੰਤਨ ਵਿਚ ਨਵੀਆਂ ਤੇ ਨਿੱਗਰ ਧਾਰਨਾਵਾਂ ਸਥਾਪਤ ਕੀਤੀਆਂ।
ਅਮਰਜੀਤ ਸਿੰਘ ਕਾਂਗ ਦੁਆਰਾ ਕੀਤੇ ਖੋਜ ਕਾਰਜ ਦੇ ਮਹੱਤਵ ਅਤੇ ਮੌਲਿਕਤਾ ਦੇ ਮੱਦੇਨਜ਼ਰ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪਹਿਲਾਂ ਡਾ. ਅਮਰਜੀਤ ਸਿੰਘ ਕਾਂਗ ਸਿਮਰਤੀ ਗ੍ਰੰਥ (2014) ਪ੍ਰਕਾਸ਼ਿਤ ਕੀਤਾ ਗਿਆ ਅਤੇ ਉਸੇ ਲੜੀ ਵਿਚ ਦੂਸਰੀ ਪ੍ਰਕਾਸ਼ਨਾ ਅਮਰਜੀਤ ਸਿੰਘ ਕਾਂਗ ਰਚਨਾਵਲੀ (2019) ਦੇ ਸਿਰਲੇਖ ਤਹਿਤ ਹੁਣ ਪੰਜਾਬੀ ਆਲੋਚਨਾ ਦੇ ਪਾਠਕਾਂ ਲਈ ਪੇਸ਼ ਕੀਤੀ ਗਈ ਹੈ। ਇਸ ਦੀ ਸੰਪਾਦਨਾ ਡਾ. ਜਸਪਾਲ ਕੌਰ ਕਾਂਗ ਅਤੇ ਡਾ. ਸਤੀਸ਼ ਕੁਮਾਰ ਵਰਮਾ ਨੇ ਕੀਤੀ ਹੈ। ਇਸ ਰਚਨਾਵਲੀ ਵਿਚ ਉਸ ਦੀਆਂ ਸਮੁੱਚੀਆਂ ਸਾਹਿਤਕ ਕਿਰਤਾਂ ਜਿਨ੍ਹਾਂ ਵਿਚ ਉਸ ਦੁਆਰਾ ਲਿਖੇ ਖੋਜ ਪੱਤਰਾਂ, ਲੇਖਾਂ, ਸੰਪਾਦਕੀਆਂ, ਭੂਮਿਕਾਵਾਂ, ਮੁਲਾਕਾਤਾਂ, ਨਿਗਰਾਨ ਵਜੋਂ ਕਰਵਾਏ ਖੋਜ ਪ੍ਰਬੰਧਾਂ/ਨਿਬੰਧਾਂ ਤੋਂ ਇਲਾਵਾ ਛੇ ਮੌਲਿਕ ਪੁਸਤਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਲੇਖਕ ਦੀ ਆਲੋਚਨਾ ਦ੍ਰਿਸ਼ਟੀ ਦੇ ਵਿਭਿੰਨ ਸੂਤਰਾਂ ਨਾਲ ਜਾਣ-ਪਛਾਣ ਕਰਵਾਉਂਦੀ ਇਕ ਸੰਪਾਦਕੀ ਵੀ ਹੈ ਜੋ ਆਰੰਭ ਵਿਚ ਦਰਜ ਕੀਤੀ ਗਈ ਹੈ।
ਪੰਜਾਬੀ ਆਲੋਚਨਾ ਦੇ ਖੇਤਰ ਵਿਚ ਇਹ ਰਚਨਾਵਲੀ ਅਰਥਪੂਰਨ ਵਾਧਾ ਹੈ ਜੋ ਪੰਜਾਬੀ ਪਾਠਕ ਨੂੰ ਡਾ. ਕਾਂਗ ਦੀ ਆਲੋਚਨਾ ਦ੍ਰਿਸ਼ਟੀ ਦੇ ਰੂਬਰੂ ਕਰਦਿਆਂ ਉਸ ਦੁਆਰਾ ਕੀਤੇ ਗਏ ਸਮੁੱਚੇ ਖੋਜ ਕਾਰਜ ਸਬੰਧੀ ਸਮੱਗਰੀ ਪ੍ਰਦਾਨ ਕਰਦੀ ਹੈ। ਡਾ. ਕਾਂਗ ਦੀ ਬੌਧਿਕ ਚੇਤਨਾ ਦੇ ਸਨਮੁੱਖ ਹੋਇਆਂ ਉਨ੍ਹਾਂ ਦੀ ਸਾਹਿਤਕ ਚੇਤਨਾ ਦੇ ਕੁਝ ਪ੍ਰਮੁੱਖ ਇਸ਼ਾਰੇ ਉਜਾਗਰ ਹੁੰਦੇ ਹਨ। ਉਸ ਦੀ ਸਾਹਿਤਕ ਚੇਤਨਾ ਦਾ ਵਿਸ਼ੇਸ਼ ਪੱਖ ਇਹ ਹੈ ਕਿ ਉਹ ਕਿਸੇ ਵਿਸ਼ੇਸ਼ ਵਿਚਾਰਧਾਰਾ ਜਾਂ ਸਿਧਾਂਤਕ ਸੰਰਚਨਾ ਦੇ ਮੋਹ ਤੋਂ ਮੁਕਤ ਹੈ। ਉਸ ਦਾ ਸਮਕਾਲ ਅਨੇਕਾਂ ਸਾਹਿਤਕ ਪ੍ਰਵਿਤੀਆਂ, ਰੁਝਾਨਾਂ ਜਾਂ ਰਾਜਨੀਤਿਕ-ਸਮਾਜਿਕ ਉਤਰਾਵਾਂ-ਚੜਾਵਾਂ ਪ੍ਰਤੀ ਉਲਾਰੂ ਰਿਹਾ ਹੈ ਜਿਸ ਕਰਕੇ ਪੰਜਾਬੀ ਆਲੋਚਨਾ ਅਸੰਤੁਲਨ ਵਿਚ ਵਿਚਰਦੀ ਰਹੀ ਹੈ। ਡਾ. ਕਾਂਗ ਨੇ ਕਿਸੇ ਵੀ ਤਰ੍ਹਾਂ ਦੇ ਵਿਚਾਰਧਾਰਕ ਜਾਂ ਸਿਧਾਂਤਕ ਪ੍ਰਭਾਵਾਂ ਦੇ ਉਲਾਰ ਤੋਂ ਮੁਕਤ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਰਚਨਾ ਦੇ ਅੰਤਰੀਵੀ ਸੂਤਰਾਂ ਨਾਲ ਸਾਂਝ ਬਣਾਉਣ ਦੇ ਯਤਨ ਕੀਤੇ ਹਨ। ਕਿੱਸਾ ਕਾਵਿ ਖੇਤਰ ਵਿਚ ਉਸ ਦੁਆਰਾ ਕੀਤਾ ਗਿਆ ਕਾਰਜ ਇਸੇ ਗੁਣ ਸਦਕਾ ਵਧੇਰੇ ਅਰਥਪੂਰਨ ਪਛਾਣ ਸਥਾਪਿਤ ਕਰਨ ਵਿਚ ਸਫ਼ਲ ਹੋਇਆ ਹੈ।
ਉਸ ਨੇ ਕਿੱਸਾ ਸਾਹਿਤ ਨੂੰ ਪਰਾਭੌਤਿਕ (ਇਸ਼ਕ ਹਕੀਕੀ) ਅਤੇ ਭੌਤਿਕ (ਇਸ਼ਕ ਮਜ਼ਾਜੀ) ਦੇ ਸੁਮੇਲ ਤੋਂ ਬਾਹਰ ਸਮਾਜਿਕ-ਸਭਿਆਚਾਰਕ ਤੱਤਾਂ ਦੀ ਅੰਤਰਕ੍ਰਿਆ ਦੇ ਸਿੱਟੇ ਵਜੋਂ ਪੈਦਾ ਹੋਈ ਸੁਤੰਤਰ ਵਿਧਾ ਪ੍ਰਵਾਨ ਕੀਤਾ ਹੈ। ਇਸ ਨਜ਼ਰੀਏ ਤੋਂ ਡਾ. ਕਾਂਗ ਦੀ ਕਿੱਸਾ ਸਾਹਿਤ ਸਬੰਧੀ ਇਹ ਧਾਰਨਾ ਮਾਨਵੀ ਜੀਵਨ ਦੇ ਅਸਤਿਤਵੀ ਅਰਥਾਂ ਨੂੰ ਜਾਨਣ ਦੀ ਜੁਸਤਜੂ ਤੋਂ ਪ੍ਰੇਰਿਤ ਜਾਪਦੀ ਹੈ। ਸੋ ਕਿੱਸਾ ਸਾਹਿਤ ਵਿਚ ਪੇਸ਼ ਜੀਵਨ ਜਾਂ ਪਾਤਰ ਪੰਜਾਬ ਦੇ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਵਿਭਿੰਨਤਾਵਾਂ ਦੀ ਨੁਮਾਇੰਦਗੀ ਨੂੰ ਪੇਸ਼ ਕਰਦਾ ਹੈ ਜਿਸ ਵਿਚੋਂ ਇਕ ਸਾਂਝੀ ‘ਸਭਿਆਚਾਰਕ ਸਿਮਰਤੀ’ ਰੂਪ ਧਾਰਦੀ ਹੈ। ਪੰਜਾਬੀ ਆਲੋਚਨਾ ਜਗਤ ਨੇ ਡਾ. ਕਾਂਗ ਦੀ ਇਸ ਧਾਰਨਾ ਨੂੰ ਪੰਜਾਬੀਅਤ ਵੀ ਕਿਹਾ ਹੈ। ਸਮਾਜਿਕ-ਸਭਿਆਚਾਰਕ ਸਮਨਵੈ ਉੱਪਰ ਆਧਾਰਿਤ ਇਹ ਪਛਾਣ ਕਿਸੇ ਵਿਸ਼ੇਸ਼ ਕਾਲ ਬਿੰਦੂ ਦੀ ਖੜੋਤ ਨਹੀਂ ਸਗੋਂ ਪੰਜਾਬੀ ਜੀਵਨ ਦਾ ਸਮੁੱਚਾ ਅਤੀਤ ਦੇ ਅੰਤਰਗਤ ਆਉਂਦਾ ਹੈ। ਇਸ ਪਛਾਣ ਦਾ ਫੈਲਾਅ ਸਿਰਫ਼ ਕਾਲ ਬਿੰਦੂਆਂ ਦੇ ਆਰ-ਪਾਰ ਹੀ ਨਹੀਂ ਫੈਲਿਆ ਸਗੋਂ ਉਹ ਸਥਾਨਕ ਜਾਂ ਭੂਗੋਲਿਕ ਸੀਮਾਵਾਂ ਨੂੰ ਵੀ ਅਪ੍ਰਵਾਨ ਕਰ ਭਾਰਤੀ ਮਾਨਵ ਵਿਗਿਆਨ ਦੇ ਧਰਾਤਲ ਨਾਲ ਆਪਣੀ ਸਾਂਝ ਬਣਾਉਂਦਾ ਹੈ। ਡਾ. ਕਾਂਗ ਦੀ ਇਸ ਧਾਰਨਾ ਦੇ ਪਿਛੋਕੜ ਵਿਚ ਸਮੇਂ-ਸਥਾਨ ਦੀਆਂ ਸੀਮਾਵਾਂ ਤੋਂ ਮੁਕਤ ਪੰਜਾਬੀ ਮਨ ਦੁਆਰਾ ਹੰਢਾਈਆਂ ਸਮੂਹਿਕ ਵਿਭਿੰਨਤਾਵਾਂ ਕਾਰਜਸ਼ੀਲ ਹਨ। ਇਸ ਦ੍ਰਿਸ਼ਟੀਕੋਣ ਤੋਂ ਡਾ. ਅਮਰਜੀਤ ਸਿੰਘ ਕਾਂਗ ਪੰਜਾਬੀ ਕਿੱਸਾ ਕਾਵਿ ਦੀ ਪਾਰਦਰਸ਼ੀ ਸਥਾਨਕਤਾ ਪੈਦਾ ਕਰਨ ਵਾਲਾ ਆਲੋਚਕ ਹੈ। ਇਨ੍ਹਾਂ ਸਮਾਜਿਕ-ਸਭਿਆਚਾਰਕ ਵਿਭਿੰਨਤਾਵਾਂ ਦੀ ਯਾਤਰਾ ਅੰਤਰ-ਸਬੰਧਿਤ ਕਾਰਜਸ਼ੀਲਤਾ ਕਾਰਨ ਵਧੇਰੇ ਪੇਚੀਦਾ ਹੈ। ਇਸ ਲਈ ਇਸ ਨੂੰ ਸਾਧਾਰਨ ਲੜੀਵਾਰ ਸਿਲਸਿਲੇ ਜਾਂ ਮਾਪਦੰਡਾਂ ਰਾਹੀਂ ਸਮਝਣਾ ਕਠਿਨ ਹੈ। ਉਹ ਲਿਖਦਾ ਹੈ ਕਿ ‘‘…ਹਰ ਨਵਾਂ ਚਿੰਤਨ ਆਪਣੀ ਪੂਰਵ ਪਰੰਪਰਾ ਨੂੰ ਧਿਆਉਂਦਾ ਵੀ ਹੈ ਅਤੇ ਉਸ ਨੂੰ ਨਵਾਂ ਵਿਸਥਾਰ ਵੀ ਦਿੰਦਾ ਹੈ। ਇਸ ਲਈ ਮੱਧਕਾਲੀ ਪੰਜਾਬੀ ਸਾਹਿਤ ਚਿੰਤਨ ਦੇ ਦੀਰਘ ਪਸਾਰੇ ਨੂੰ ਵਿਭਿੰਨ ਸੰਸਕ੍ਰਿਤੀਆਂ ਦੇ ਪਰਸਪਰ ਸੰਸਲੇਸ਼ਣ ਦੇ ਅੰਤਰਗਤ ਜਾਨਣਾ ਹੀ ਸਹੀ ਪ੍ਰਕਰਣ ਹੈ। ਇਸ ਮਸਲੇ ਨੂੰ ਅਣਗੌਲਿਆਂ ਸਿੱਟੇ ਪ੍ਰਮਾਣਕ ਨਹੀਂ ਹੋਣਗੇ। …ਮੱਧਕਾਲ ਦੇ ਰਚਨਾਕਾਰ ਨਿਰੰਤਰ ਸੰਵਾਦ ਭਾਵਨਾ ਨਾਲ ਜੁੜੇ ਰਹੇ ਸਨ। ਇਸ ਸੰਵਾਦ ਨੇ ਹੀ ਵਿਭਿੰਨ ਸੱਚਾਂ ਨੂੰ ਇਕ ਦੂਜੇ ਦੇ ਸੰਪਰਕ ਵਿਚ ਲਿਆਂਦਾ ਹੈ।
ਅਮਰਜੀਤ ਸਿੰਘ ਕਾਂਗ ਦੀ ਆਲੋਚਨਾ ਦ੍ਰਿਸ਼ਟੀ ਦਾ ਇਕ ਹੋਰ ਵਿਸ਼ੇਸ਼ ਪੱਖ ਪੰਜਾਬੀ ਦੇ ਮੌਲਿਕ ਕਾਵਿ ਸ਼ਾਸਤਰੀ ਨੇਮ ਪ੍ਰਬੰਧ ਦੀ ਅਣਹੋਂਦ ਪ੍ਰਤੀ ਸੁਚੇਤ ਹੋਣਾ ਵੀ ਹੈ। ਉਸ ਨੇ ਆਪਣੇ ਆਲੋਚਨਾਤਮਕ ਅਨੁਭਵ ਵਿਚੋਂ ਕਈ ਅੰਤਰ-ਦ੍ਰਿਸ਼ਟੀਆਂ ਪੰਜਾਬੀ ਸਾਹਿਤ ਚਿੰਤਨ ਨੂੰ ਦਿੱਤੀਆਂ। ਦਰਅਸਲ ਇਹ ਪ੍ਰਸ਼ਨ ਪੰਜਾਬੀ ਸਾਹਿਤ ਵਿਚ ਪ੍ਰਸਤੁਤ ਹੋਏ ਜੀਵਨ ਦੀ ਸਿਧਾਂਤਕ ਪ੍ਰਕਿਰਿਆ ਨਾਲ ਸਬੰਧਿਤ ਹੈ ਅਤੇ ਪੰਜਾਬੀ ਸਾਹਿਤ ਚਿੰਤਕ ਤੋਂ ਇਕਾਗਰ ਅਤੇ ਨਿਯਮਿਤ ਅਭਿਆਸ ਦੀ ਮੰਗ ਕਰਦਾ ਹੈ ਜੋ ਆਲੋਚਕ ਹੋਣ ਦੇ ਨਾਲ ਦਾਰਸ਼ਨਿਕ ਸਮੱਸਿਅਕਾਂ ਤੋਂ ਜਾਣੂ ਹੋਵੇ। ਪੰਜਾਬੀ ਆਲੋਚਨਾ ਵਿਚ ਇਸ ਔਖੇ ਪਰ ਅਤਿ ਜ਼ਰੂਰੀ ਪ੍ਰਸ਼ਨ ਵੱਲ ਸਭ ਤੋਂ ਪਹਿਲਾਂ ਧਿਆਨ ‘ਦਿੱਲੀ ਸਕੂਲ’ ਨੇ ਦਿਵਾਇਆ ਜਿਸ ਵਿਚ ਡਾ. ਹਰਿਭਜਨ ਸਿੰਘ, ਡਾ. ਸਤਿੰਦਰ ਸਿੰਘ ਨੂਰ ਤੇ ਡਾ. ਜਗਬੀਰ ਸਿੰਘ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ ‘ਕਾਵਿ ਸ਼ਾਸਤ੍ਰ’ ਨਾਂ ਦੀ ਇਕ ਤਿਮਾਹੀ ਖੋਜ ਪੱਤ੍ਰਿਕਾ ਇਸੇ ਦਿਸ਼ਾ ਵੱਲ ਕਾਰਜਸ਼ੀਲ ਜਾਪਦੀ ਹੈ। ਡਾ. ਕਾਂਗ ਦਾ ਇਸ ਬਾਬਤ ਸੁਚੇਤ ਹੋਣਾ ਉਸ ਦੀ ਆਲੋਚਨਾ ਦ੍ਰਿਸ਼ਟੀ ਨੂੰ ਹੋਰ ਗੰਭੀਰਤਾ ਪ੍ਰਦਾਨ ਕਰਦਾ ਹੈ। ਇਸ ਰਚਨਾਵਲੀ ਵਿਚ ਦਰਜ ਕੁਝ ਭੂਮਿਕਾਵਾਂ ਤੇ ਮੁਲਾਕਾਤਾਂ ਇਸ ਦੇ ਪ੍ਰਤੱਖ ਸੰਕੇਤ ਹਨ।
ਜਦੋਂ ਉਹ ਕਵਿਤਾ ਨੂੰ ਸ਼ੁੱਧ ਭਾਵਾਂ ਜਾਂ ਜਜ਼ਬਿਆਂ ਦੀ ਤੁਲਨਾ ਵਿਚ ਇਸ ਦੇ ਅੰਤਰੀਵੀ ‘ਰਚਨਾਤਮਕ ਵਿਵੇਕ’ ਨਾਲ ਜੋੜਦਾ ਹੈ ਤਾਂ ਉਹ ਪੰਜਾਬੀ ਕਵਿਤਾ ਦੇ ਗਿਆਨਮਈ ਪ੍ਰਸੰਗ ਨੂੰ ਉਭਾਰਨ ਦਾ ਇੱਛੁਕ ਹੈ। ਉਹ ਕਵਿਤਾ ਨੂੰ ਨਾੜੀ ਤੰਤਰ ਨੂੰ ਉਤੇਜਿਤ ਕਰਨ ਦੇ ਸਾਧਨ ਤੋਂ ਵੱਧ ਸਿਰਜਨਾਤਮਕ ਕਲਪਨਾ ਦੇ ਮੰਡਲ ਵਿਚ ਰੱਖ ਕੇ ਦੇਖ ਰਿਹਾ ਹੈ। ਉਸ ਅਨੁਸਾਰ ‘‘ਸ਼ਿਵ ਭਾਵਨਾ ਵਾਲੀ ਸ਼ਾਇਰੀ ਹੀ ਜਾਗਰਿਤ ਚੇਤਨਾ ਦੀ ਪ੍ਰਤੀਕ ਹੁੰਦੀ ਹੈ’’। ਜਿਹੜੇ ਪਾਠਕ ਭਾਰਤੀ ਮਿੱਥ ਵਿਚ ਸ਼ਿਵ ਦੇ ਦਾਰਸ਼ਨਿਕ ਅਰਥਾਂ ਤੋਂ ਜਾਣੂ ਹੋਣਗੇ, ਉਹ ਨਿਸ਼ਚੈ ਹੀ ਡਾ. ਕਾਂਗ ਦੀ ਇਸ ਅੰਤਰ-ਦ੍ਰਿਸ਼ਟੀ ਦੀ ਨਿਰਖ ਪਾ ਸਕਦੇ ਹਨ। ਇਸੇ ਪ੍ਰਸੰਗ ਵਿਚ ਉਹ ਇਕ ਹੋਰ ਭੂਮਿਕਾ ਵਿਚ ਲਿਖਦਾ ਹੈ ਕਿ ‘‘…ਜਦੋਂ ਕੋਈ ਸਮੀਖਿਆਕਾਰ ਕਾਵਿ ਰਚਨਾ ਦੇ ਮਾਰਗ ਉੱਪਰ ਤੁਰਦਾ ਹੈ ਤਾਂ ਮਨੁੱਖੀ ਵੇਦਨਾ ਨੂੰ ਇਕ ਦੀਰਘ ਵਿਵੇਕ ਪ੍ਰਾਪਤ ਹੁੰਦਾ ਹੈ। ਇਕ ਪਾਸੇ ਸਥਿਤੀਆਂ ਪ੍ਰਸਥਿਤੀਆਂ ਦੇ ਰਹੱਸ ਉਘੜਦੇ ਹਨ ਅਤੇ ਦੂਜੇ ਪਾਸੇ ਇਸ ਰਹੱਸ ਦਾ ਵਿਵੇਕ ਅਤੇ ਵੇਦਨਾ ਦੀਆਂ ਅੰਤਰ-ਧੁਨੀਆਂ ਨੂੰ ਅਰਥ ਭਰਪੂਰ ਪ੍ਰਗਟਾਵਾ ਮਿਲਦਾ ਹੈ।’’ ਉਸ ਦੀਆਂ ਇਨ੍ਹਾਂ ਟਿੱਪਣੀਆਂ ਦਾ ਉਦੇਸ਼ ਕਵੀਆਂ, ਲੇਖਕਾਂ ਅਤੇ ਆਲੋਚਕਾਂ ਨੂੰ ਪ੍ਰਤਿਬੱਧਤਾ ਨਾਲੋਂ ਪ੍ਰਤਿਭਾ ਉਪਰ ਵਧੇਰੇ ਨਿਰਭਰ ਹੋਣ ਦੀ ਤਾਕੀਦ ਕਰਨਾ ਹੈ। ਪ੍ਰਤਿਭਾ ਹੀ ਲੇਖਕ/ਆਲੋਚਕ ਦਾ ਸਾਧਾਰਨ ਟਿੱਪਣੀਆਂ ਤੋਂ ਖਹਿੜਾ ਛੁਡਾ ਅਨੁਭਵ ਦੀ ਪ੍ਰਮਾਣਿਕਤਾ ਪੈਦਾ ਕਰਨ ਲਈ ਪ੍ਰੇਰਿਤ ਕਰਦੀ ਹੈ। ਮਾਨਵੀ ਸ੍ਵੈ ਦੇ ਅਜਿਹੇ ਅੰਦਰੂਨੀ ਤਣਾਵਾਂ ਵਿਚੋਂ ਹੀ ਕੋਈ ਦ੍ਰਿਸ਼ਟੀ ਮਹਾਂ-ਦ੍ਰਿਸ਼ਟੀ ਵਿਚ ਪਲਟਣ ਦੀ ਸੰਭਾਵਨਾ ਪੈਦਾ ਕਰ ਸਕਦੀ ਹੈ। ਪੰਜਾਬੀ ਸਾਹਿਤ ਵਿਚ ਗੰਭੀਰਤਾ ਅਤੇ ਮੌਲਿਕਤਾ ਦੀ ਘਾਟ ਲਈ ਉਹ ਲੇਖਕ ਅਤੇ ਆਲੋਚਕ ਦੋਵਾਂ ਦੀ ਜ਼ਿੰਮੇਵਾਰੀ ਨਿਰਧਾਰਿਤ ਕਰਦਾ ਹੈ। ਉਹ ਕਵੀਆਂ ਕੋਲੋਂ ਸਪੱਸ਼ਟ ਟਿੱਪਣੀਆਂ ਦੀ ਆਸ ਨਹੀਂ ਕਰਦਾ ਸਗੋਂ ‘ਕਾਵਿ ਓਹਲੇ’ ਦੀ ਮੰਗ ਕਰਦਾ ਹੈ। ਅਜਿਹੀ ਕਵਿਤਾ ਕਲਾਤਮਕ ਹੁਨਰ ਤੋਂ ਰਹਿਤ ਤੇ ਵਾਰਤਕ ਨਹੀਂ ਹੁੰਦੀ।
ਇਸ ਤਰ੍ਹਾਂ ਅਮਰਜੀਤ ਸਿੰਘ ਕਾਂਗ ਰਚਨਾਵਲੀ ਪੰਜਾਬੀ ਸਾਹਿਤ ਚਿੰਤਨ ਅਤੇ ਆਲੋਚਨਾ ਨਾਲ ਜੁੜੀਆਂ ਮੂਲ ਸਮੱਸਿਆਵਾਂ ਦੇ ਪੁਨਰ ਮੁਲਾਂਕਣ ਦਾ ਮੌਕਾ ਪ੍ਰਦਾਨ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਮੁੱਲਵਾਨ ਰਚਨਾ ਡਾ. ਕਾਂਗ ਨੂੰ ਉਸ ਦੀ ਨੌਵੀਂ ਬਰਸੀ ਉਪਰ ਸੱਚੀ ਸੁੱਚੀ ਅਕੀਦਤ ਪੇਸ਼ ਕਰਦੀ ਹੈ।

ਸੰਪਰਕ: 098728-13433


Comments Off on ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.