ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਪੰਜਾਬੀ ਅਭਿਨੇਤਰੀਆਂ ਦੀ ਮੜਕ

Posted On January - 18 - 2020

ਰਾਸ ਰੰਗ

ਡਾ. ਸਾਹਿਬ ਸਿੰਘ

ਉਮਾ ਜੀ ਸਿੰਘ

ਪੰਜਾਬੀ ਰੰਗਮੰਚ ਵਿਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਦਾ ਅੰਦਾਜ਼ਾ ਤਾਂ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਅਣਵੰਡੇ ਪੰਜਾਬ ਦੇ ਸ਼ਹਿਰ ਲਾਹੌਰ ਅੰਦਰ ਇਕ ਔਰਤ ਨੇ ਹੀ ਆਈ.ਸੀ. ਨੰਦਾ ਵਰਗੇ ਨਾਟਕਕਾਰਾਂ ਨੂੰ ਆਪਣੀ ਬੋਲੀ ’ਚ ਨਾਟਕ ਲਿਖਣ ਲਈ ਪ੍ਰੇਰਿਆ, ਪਰ ਉਦੋਂ ਵੀ ਅਜੇ ਮੰਚ ’ਤੇ ਇਸਤਰੀ ਪਾਤਰਾਂ ਨੂੰ ਮੁੰਡੇ ਹੀ ਨਿਭਾਉਂਦੇ ਸਨ। ਆਈ.ਸੀ. ਨੰਦਾ ਨੇ ਖ਼ੁਦ ਨੋਰਾ ਰਿਚਰਡ’ਜ਼ ਵੱਲੋਂ ਨਿਰਦੇਸ਼ਤ ਨਾਟਕ ‘ਸਪਰੈਡਿੰਗ ਦਿ ਨਿਊਜ਼’ ਵਿਚ ਇਸਤਰੀ ਪਾਤਰ ਨਿਭਾਇਆ, ਪਰ 7 ਜੂਨ 1939 ਨੂੰ ਪ੍ਰੀਤਨਗਰ ਦੀ ਧਰਤੀ ’ਤੇ ਇਕ ਇਨਕਲਾਬ ਹੋਇਆ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਧੀ ਉਮਾ ਨੂੰ ‘ਰਾਜਕੁਮਾਰੀ ਲਤਿਕਾ’ ਨਾਟਕ ਵਿਚ ਹੀਰੋਇਨ ਬਣਾਇਆ। ਇਸਤੋਂ ਵੀ ਵੱਡੀ ਬਾਗੀਆਨਾ ਗੱਲ ਇਹ ਵਾਪਰੀ ਕਿ ਨਾਟਕ ਵਿਚ ਹੀਰੋ ਦਾ ਕਿਰਦਾਰ ਉਮਾ ਦਾ ਭਰਾ ਨਵਤੇਜ ਕਰ ਰਿਹਾ ਸੀ। 7 ਜੂਨ 1939 ਦੀ ਉਸ ਸ਼ਾਮ ਪਹਿਲੀ ਵਾਰ ਪੰਜਾਬੀ ਮੰਚ ਤੋਂ ਕਿਸੇ ਕੁੜੀ ਦੀ ਆਵਾਜ਼ ਗੂੰਜੀ। ਉਮਾ ਗੁਰਬਖਸ਼ ਸਿੰਘ ਦਾ ਸਟੇਜ ’ਤੇ ਆਉਣਾ ਉਵੇਂ ਹੀ ਸੀ ਜਿਵੇਂ ਕਿਸੇ ਨੇ ਧੱਕਾ ਮਾਰਕੇ ਸਦੀਆਂ ਤੋਂ ਲੱਗਾ ਤਾਲਾ ਤੋੜ ਦਿੱਤਾ ਹੋਵੇ ਤੇ ਫੇਰ ਕਿੰਨੇ ਸਾਰੇ ਹੋਰ ਜੀਅ ਉਸਦੇ ਮਗਰ ਮਗਰ ਉਸ ਸੋਹਣੇ ਘਰ ’ਚ ਪ੍ਰਵੇਸ਼ ਕਰ ਗਏ ਹੋਣ। ਆਗਿਆ ਕੌਰ ਤੇ ਸੰਪੂਰਨ ਕੌਰ ਦੋ ਭੈਣਾਂ ਵੀ ਉਮਾ ਦੇ ਨਾਲ ਨਾਲ ਰੰਗਮੰਚ ਦੇ ਰਾਹ ਤੁਰ ਪਈਆਂ। ਰਜਿੰਦਰ ਕੌਰ ਨੇ ਵੀ ਹਿੰਮਤ ਕੀਤੀ ਤੇ ਮੰਚ ’ਤੇ ਜਾ ਚੜ੍ਹੀ। ਇਹੀ ਰਜਿੰਦਰ ਕੌਰ ਬਾਅਦ ’ਚ ਅਚਲਾ ਸਚਦੇਵ ਬਣ ਕੇ ਹਿੰਦੀ ਫ਼ਿਲਮਾਂ ਦੀ ਜਾਣੀ ਪਛਾਣੀ ਹਸਤੀ ਬਣ ਗਈ। ਸ਼ੀਲਾ ਭਾਟੀਆ, ਪੈਰਿਨ ਰਮੇਸ਼ ਚੰਦ, ਸੁਤੰਤਰਤਾ ਭਗਤ, ਸਨੇਹ ਲਤਾ ਸਾਨਿਆਲ, ਸ਼ੀਲਾ ਸੰਧੂ, ਸੁਰਜੀਤ ਕੌਰ, ਲਿਟੋ ਘੋਸ਼, ਸਵੀਰਾ ਮਾਨ, ਪੂਰਨ ਜਿਹੀਆਂ ਕੁੜੀਆਂ ਨੇ ਇਕ ਦੂਜੇ ਦਾ ਹੱਥ ਫੜ ਰੰਗਮੰਚ ਦੀ ਕਿਕਲੀ ਪਾਉਣੀ ਸ਼ੁਰੂ ਕਰ ਦਿੱਤੀ। 1940-41 ਵਿਚ ਹੀ ਡਾ. ਹਰਚਰਨ ਸਿੰਘ ਦੀ ਜੀਵਨ ਸਾਥਣ ਧਰਮ ਕੌਰ ਨੇ ਉਨ੍ਹਾਂ ਦੀ ਪ੍ਰੇਰਨਾ ਨਾਲ ਨਾਟਕਾਂ ਵਿਚ ਅਦਾਕਾਰੀ ਆਰੰਭੀ।
ਫਿਰ 1945 ਵਿਚ ਦੇਸ਼ ਆਜ਼ਾਦੀ ਸੰਗਰਾਮ ਵਿਚ ਕੁੱਦ ਪਿਆ ਤੇ ਰੰਗਮੰਚ ਆਪਣੀ ਭੂਮਿਕਾ ਨਿਭਾ ਰਿਹਾ ਸੀ। ਸਰਹੱਦ ਲਾਗੇ ਪੈਂਦੇ ਪਿੰਡ ਚੁਗਾਵਾਂ ਵਿਖੇ ਨਾਟਕ ਖੇਡਿਆ ਗਿਆ ‘ਹੁੱਲੇ ਹੁਲਾਰੇ’। ਇਸ ਵਿਚ ਬੋਲ ਸਨ,‘ਕੱਢ ਦਿਓ ਬਾਹਰ ਫਰੰਗੀ ਨੂੰ, ਕਰ ਦਿਓ ਪਾਰ ਫਰੰਗੀ ਨੂੰ।’ ਨਾਟਕ ਗੋਰੇ ਦੀਆਂ ਅੱਖਾਂ ਵਿਚ ਰੜਕਿਆ ਤੇ ਨਾਟਕ ਵਿਚ ਅਦਾਕਾਰੀ ਕਰਦੀਆਂ ਸੱਤ ਕੁੜੀਆਂ ਨੂੰ ਫੜਕੇ ਸਲਾਖਾਂ ਪਿੱਛੇ ਡੱਕ ਦਿੱਤਾ। ਇਨ੍ਹਾਂ ਵਿਚ ਉਮਾ ਦੀਆਂ ਦੋ ਭੈਣਾਂ ਉਰਮਿਲਾ ਤੇ ਪ੍ਰਤਿਮਾ ਵੀ ਸਨ ਅਤੇ ਨਾਲ ਸਨ ਸ਼ਕੁੰਤਲਾ, ਸ਼ੀਲਾ ਸੰਧੂ, ਸੁਰਜੀਤ ਕੌਰ ਤੇ ਇਕ ਸਾਰਿਆਂ ਦੀ ਚਾਚੀ। ਜੇਲ੍ਹ ਵਿਚ ਆਮ ਜਨਾਨਾ ਵਾਰਡ ਅਜੇ ਬਣਿਆ ਨਹੀਂ ਸੀ, ਇਨ੍ਹਾਂ ਨੂੰ ਜਰਾਇਮ ਪੇਸ਼ਾ ਔਰਤਾਂ ਵਾਲੇ ਵਾਰਡ ’ਚ ਰੱਖਿਆ ਗਿਆ। ਇਹ ਸੱਤ ਕੁੜੀਆਂ ਉੱਥੇ ਵੀ ਆਜ਼ਾਦੀ ਦੇ ਤਰਾਨੇ ਗਾਉਂਦੀਆਂ ਰਹੀਆਂ। ਅੰਮ੍ਰਿਤਸਰ ਦੀ ਜੇਲ੍ਹ ਵਿਚ ਗੂੰਜੇ ਉਹ ਤਰਾਨੇ ਅਜ ਤਕ ਪੰਜਾਬੀ ਅਭਿਨੇਤਰੀਆਂ ਨੂੰ ਮੜਕ ਨਾਲ ਤੁਰਨਾ ਸਿਖਾ ਰਹੇ ਹਨ, ਇਸੇ ਲਈ ਹੁਣ ਉਹ ਨਾ ਡਰਦੀਆਂ ਤੇ ਨਾ ਹੀ ਝੁਕਦੀਆਂ ਹਨ। ਇਹ ਸਿਲਸਿਲਾ ਫੇਰ ਰੁਕਿਆ ਨਹੀਂ। ਭਾਅ ਜੀ ਗੁਰਸ਼ਰਨ ਸਿੰਘ ਰੰਗਮੰਚ ਦੇ ਰਾਹ ਪਏ ਤਾਂ ਪਤਨੀ ਕੈਲਾਸ਼ ਕੌਰ ਵੀ ਪਿੱਛੇ ਨਾ ਰਹੀ ਤੇ ਅਨੇਕਾਂ ਪੰਜਾਬੀ ਨਾਟਕਾਂ ਵਿਚ ਆਪਣੀ ਦਮਦਾਰ ਅਦਾਕਾਰੀ ਨਾਲ ਭਰਪੂਰ ਹਾਜ਼ਰੀ ਲਗਵਾਈ। ਬਾਅਦ ਵਿਚ ਉਨ੍ਹਾਂ ਦੀਆਂ ਧੀਆਂ ਨਵਸ਼ਰਨ ਅਤੇ ਅਰੀਤ ਵੀ ਇਸ ਕਾਫਲੇ ਦਾ ਹਿੱਸਾ ਬਣੀਆਂ। ਨੀਨਾ ਟਿਵਾਣਾ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬੀ ਅਦਾਕਾਰ ਬਣੀ ਤੇ ਹਰਪਾਲ ਟਿਵਾਣਾ ਦੀ ਨਿਰਦੇਸ਼ਨਾਂ ਹੇਠ ਅਨੇਕਾਂ ਕਲਾਸਿਕ ਨਾਟਕਾਂ ਵਿਚ ਆਪਣੀ ਅਦਾਕਾਰੀ ਦੀ ਛਾਪ ਛੱਡੀ। ਨਿਰਮਲ ਰਿਸ਼ੀ ਨੇ ਉਨ੍ਹਾਂ ਦੇ ਰੰਗਮੰਚ ਦਾ ਹਿੱਸਾ ਬਣ ਕੇ ਗੂੜ੍ਹੀ ਪਛਾਣ ਬਣਾਈ।

ਡਾ. ਸਾਹਿਬ ਸਿੰਘ

ਇਪਟਾ ਲਹਿਰ ਦੇ ਨਾਟਕਾਂ ਤੇ ਓਪੇਰਿਆਂ ’ਚ ਮਸ਼ਹੂਰ ਗਾਇਕਾ ਸੁਰਿੰਦਰ ਕੌਰ ਅਦਾਕਾਰੀ ਵੀ ਕਰਦੀ ਤੇ ਗੀਤ ਵੀ ਗਾਉਂਦੀ। ਕਮਲਾ ਭਾਗ ਸਿੰਘ, ਲਾਜ ਬੇਦੀ, ਰਾਜਵੰਤ ਕੌਰ ਮਾਨ, ਸਤਿੰਦਰ ਕੌਰ, ਦਿਲਜੀਤ ਕੌਰ ਦਾ ਯੋਗਦਾਨ ਯਾਦਗਾਰੀ ਹੈ। ਅੰਮ੍ਰਿਤਸਰ ਦੀ ਉੱਘੀ ਅਦਾਕਾਰ ਜਤਿੰਦਰ ਕੌਰ ਨੇ ਜਦੋਂ ਆਪਣਾ ਰੰਗਮੰਚ ਸਫਰ ਆਰੰਭ ਕੀਤਾ ਤਾਂ ਸ਼ਾਇਦ ਉਸਨੇ ਵੀ ਨਹੀਂ ਸੋਚਿਆ ਹੋਵੇਗਾ ਕਿ ਆਉਣ ਵਾਲੀਆਂ ਚਾਰ ਪੀੜ੍ਹੀਆਂ ਉਸਦੀ ਸੰਗਤ ਮਾਨਣਗੀਆਂ ਤੇ ਉਹ ਅੱਜ ਦੀਆਂ ਅਭਿਨੇਤਰੀਆਂ ਲਈ ਰਾਹ ਦਸੇਰਾ ਬਣ ਜਾਵੇਗੀ। ਅੰਮ੍ਰਿਤਸਰ ਦੇ ਰੰਗਮੰਚ ਨੇ ਨੀਤਾ ਮਹਿੰਦਰਾ ਜਿਹੀ ਸੂਖਮ ਤੇ ਸੰਵੇਦਨਸ਼ੀਲ ਅਦਾਕਾਰ ਪੈਦਾ ਕੀਤੀ। ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਦਾਕਾਰ ਅਨੀਤਾ ਦੇਵਗਨ, ਸੁਰਜੀਤ ਕੌਰ, ਰਮਾ ਅਟਵਾਲ, ਰੇਣੂ ਸਿੰਘ, ਮੋਰਾਕੀਨ, ਮੰਨਤ ਸਿੰਘ, ਰੂਪੀ ਕੰਬੋਜ, ਹਰਮੀਤ ਸਾਂਘੀ, ਸੁਖਵਿੰਦਰ ਸਿੱਧੂ, ਪ੍ਰੀਤੀ ਸਿੰਘ, ਅਮਨਪ੍ਰੀਤ ਬੱਲ, ਡੌਲੀ ਸੱਡਲ, ਸੁਖਵਿੰਦਰ ਵਿਰਕ, ਭਾਰਤੀ ਸਿੰਘ, ਰਾਜਵੀਰ ਕੌਰ ਜਿਹੀਆਂ ਪਰਿਪੱਕ ਅਦਾਕਾਰ ਅੰਮ੍ਰਿਤਸਰ ਦੇ ਰੰਗਮੰਚ ਦਾ ਹਿੱਸਾ ਰਹੀਆਂ। ਹੁਣ ਨਵੇਂ ਚਿਹਰਿਆਂ ’ਚ ਵੀ ਗਜ਼ਲ ਜੱਟੂ, ਮਿਸ ਘਈ, ਵੀਰਪਾਲ ਕੌਰ, ਸੁਵਿਧਾ ਦੁੱਗਲ ਦਮਖਮ ਦਿਖਾ ਰਹੀਆਂ ਹਨ।
ਚੰਡੀਗੜ੍ਹ ਦੇ ਰੰਗਮੰਚ ਅੰਦਰ ਰਾਣੀ ਬਲਬੀਰ ਕੌਰ ਤੇ ਜਸਵੰਤ ਦਮਨ ਦੇ ਰੂਪ ਵਿਚ ਦੋ ਵੱਡੀ ਦੇਣ ਵਾਲੀਆਂ ਅਦਾਕਾਰ ਹਨ। ਦੋਵੇਂ ਉੱਚ ਪੱਧਰ ਦੀਆਂ ਕਲਾਕਾਰ ਹਨ ਤੇ ਜਵਾਨੀ ਪਹਿਰੇ ਤੋਂ ਲੈ ਕੇ ਹੁਣ ਪ੍ਰੌੜ ਉਮਰ ਤਕ ਵੀ ਮੰਚ ’ਤੇ ਆਉਂਦੀਆਂ ਹਨ ਤਾਂ ਮੰਚ ਖਿੜ ਉਠਦਾ ਹੈ। ਨੀਲਮ ਮਾਨ ਸਿੰਘ ਚੌਧਰੀ ਅੱਜ ਚਾਹੇ ਉੱਘੀ ਨਿਰਦੇਸ਼ਕ ਹੈ, ਪਰ ਸ਼ੁਰੂਆਤੀ ਦੌਰ ਵਿਚ ਗਾਰਗੀ ਦੇ ਨਾਟਕਾਂ ’ਚ ਅਦਾਕਾਰੀ ਕਰਦੀ ਰਹੀ ਹੈ। ਕੁਲਵੰਤ ਭਾਟੀਆ, ਕਮਲਜੀਤ ਢਿੱਲੋਂ, ਗਿਕ ਗਰੇਵਾਲ, ਨਿੰਮੀ, ਸੰਗੀਤਾ ਮਹਿਤਾ, ਏਕਤਾ ਸਿੰਘ ਚੰਡੀਗੜ੍ਹ ਦੀਆਂ ਪ੍ਰਮੁੱਖ ਅਦਾਕਾਰ ਰਹੀਆਂ ਹਨ। ਜਦੋਂ ਗੁਰਸ਼ਰਨ ਸਿੰਘ ਅੰਮ੍ਰਿਤਸਰ ਤੋਂ ਚੰਡੀਗੜ੍ਹ ਆਏ ਤਾਂ ਰਜਿੰਦਰ ਰੋਜ਼ੀ ਉਨ੍ਹਾਂ ਨਾਲ ਜੁੜਨ ਵਾਲੀ ਚੰਡੀਗੜ੍ਹ ਦੀ ਪਹਿਲੀ ਅਭਿਨੇਤਰੀ ਬਣੀ ਤੇ ਸੰਗੀਤ ਨਾਟਕ ਅਕਾਦਮੀ ਦਾ ਪਹਿਲਾ ਬਿਸਮਿਲਾ ਖਾਨ ਰਾਸ਼ਟਰੀ ਯੁਵਾ ਪੁਰਸਕਾਰ ਹਾਸਲ ਕਰਨ ਦਾ ਮਾਣ ਉਸਨੂੰ ਪ੍ਰਾਪਤ ਹੋਇਆ। ਇਸੇ ਕੜੀ ਵਿਚ ਅਨੀਤਾ ਸ਼ਬਦੀਸ਼, ਰਮਨਦੀਪ ਕੌਰ ਢਿੱਲੋਂ, ਸਤਵਿੰਦਰ ਕੌਰ ਅੱਜ ਤਕ ਚੰਡੀਗੜ੍ਹ ਦੇ ਰੰਗਮੰਚ ਦੀ ਸ਼ਾਨ ਬਣੀਆਂ ਹੋਈਆਂ ਹਨ। ਸੰਗੀਤਾ ਗੁਪਤਾ ਭਾਵੇਂ ਪਟਿਆਲਾ ਤੋਂ ਰੰਗਮੰਚ ਆਰੰਭ ਕਰਦੀ ਹੈ, ਪਰ ਹੁਣ ਚੰਡੀਗੜ੍ਹ ਦੇ ਰੰਗਮੰਚ ਦੀ ਸਰਗਰਮ ਅਭਿਨੇਤਰੀ ਹੈ।
ਮਾਨਸਾ ਦੀ ਧਰਤੀ ਕੋਲ ਮਨਜੀਤ ਔਲਖ ਜਿਹੀ ਸੁਘੜ ਅਦਾਕਾਰ ਮੌਜੂਦ ਹੈ। ਸ਼ੁੱਧ ਮਲਵਈ ਬੋਲੀ ’ਚ ਸਹਿਜ ਅਦਾਕਾਰੀ ਦੇ ਖੇਤਰ ਵਿਚ ਉਸਦਾ ਆਪਣਾ ਮੁਕਾਮ ਹੈ। ਅੱਗੋਂ ਉਨ੍ਹਾਂ ਦੀਆਂ ਧੀਆਂ ਸੁਪਨ, ਅਜ਼ਮੀਤ, ਸੁਹਜ ਨੇ ਰੰਗਮੰਚ ਦੀ ਮਸ਼ਾਲ ਮਘਾਈ ਰੱਖੀ ਹੈ। ਰਜਿੰਦਰ ਕੌਰ ਦਾਨੀ ਦੀ ਭੂਮਿਕਾ ਸਲਾਹੁਣਯੋਗ ਹੈ। ਪਟਿਆਲਾ ਕਿਸੇ ਵੇਲੇ ਪੰਜਾਬੀ ਰੰਗਮੰਚ ਦਾ ਗੜ੍ਹ ਰਿਹਾ ਹੈ। ਨਵਨਿੰਦਰਾ ਬਹਿਲ, ਸੁਨੀਤਾ ਧੀਰ, ਪਰਮਿੰਦਰ ਪਾਲ ਕੌਰ ਸੁਨੀਤਾ ਸਭਰਵਾਲ, ਕਰਮਜੀਤ ਕੌਰ, ਜਸਜੀਤ ਜੀਤ ਦਾ ਲੰਬਾ ਸਫ਼ਰ ਇਸਦੀ ਗਵਾਹੀ ਭਰਦਾ ਹੈ। ਨਵਨਿੰਦਰਾ ਬਹਿਲ ਅਦਾਕਾਰੀ ਦੀ ਤੁਰੀ ਫਿਰਦੀ ਵਰਕਸ਼ਾਪ ਹੈ। ਇੰਦਰਜੀਤ ਗੋਲਡੀ, ਕਵਿਤਾ ਸ਼ਰਮਾ, ਪਿੰਕੀ ਸੱਗੂ, ਕਮਲਪ੍ਰੀਤ ਨਜ਼ਮ, ਇੰਦੂ, ਪੂਜਾ, ਕੁਲਵਿੰਦਰ, ਅਰਵਿੰਦਰ ਸਫ਼ਰ ਜਾਰੀ ਰੱਖ ਰਹੀਆਂ ਹਨ।
ਦਿੱਲੀ ਦੇ ਪੰਜਾਬੀ ਰੰਗਮੰਚ ਵਿਚ ਗਿਆਨ ਕੌਰ, ਵੀਨਾ ਸਿੱਧੂ ਤਨੇਜਾ, ਸਲੋਨੀ ਤਨੇਜਾ ਨੇ ਲਗਾਤਾਰ ਸਰਗਰਮੀਆਂ ਕੀਤੀਆਂ। ਹਰਵਿੰਦਰ ਬਬਲੀ ਸਰਗਰਮ ਰਹੀ ਹੈ। ਬਠਿੰਡਾ ਬਰਨਾਲਾ ਖੇਤਰ ’ਚ ਅਮਨਦੀਪ ਕੌਰ, ਜਿਓਤੀ, ਕਮਲਪ੍ਰੀਤ, ਕੁਲਦੀਪ, ਸਿਮਰਨਜੀਤ, ਸਰਵੀਰ, ਅਸ਼ਮਿਤਾ ਬਜਾਜ, ਪ੍ਰਭਜੋਤ, ਜਸ਼ਨਪ੍ਰੀਤ, ਸਿਮਰਨ ਅਕਸ ਸਰਗਰਮ ਹਨ। ਜਲੰਧਰ ਦੇ ਰੰਗਮੰਚ ਨੂੰ ਗਗਨਦੀਪ ਕੌਰ, ਰੇਖਾ ਭਾਰਦਵਾਜ, ਗੌਰਿਕਾ, ਹਿਨਾ ਸ਼ਰਮਾ, ਸ਼ਾਇਨਾ, ਗਰਿਮਾ, ਗੌਰੀ ਸ਼ਰਮਾ, ਅੰਜਲੀ ਜਿਹੀਆਂ ਅਭਿਨੇਤਰੀਆਂ ਜ਼ਿੰਦਾ ਰੱਖ ਰਹੀਆਂ ਹਨ।
ਇਹ ਕਤਾਰ ਹੋਰ ਵੀ ਲੰਬੀ ਹੈ, ਮਨ ਨੂੰ ਸਕੂਨ ਦੇਣ ਵਾਲੀ ਹੈ। ਰੰਗਮੰਚ ਨੂੰ ਸੰਪੂਰਨਤਾ ਔਰਤ ਮਰਦ ਕਲਾਕਾਰ ਮਿਲਕੇ ਹੀ ਬਖ਼ਸ਼ ਸਕਦੇ ਹਨ। ਇਹ ਅਭਿਨੇਤਰੀਆਂ ਬਿਖੜੇ ਪੈਂਡੇ ਸਰ ਕਰਕੇ ਇੱਥੇ ਪਹੁੰਚੀਆਂ ਹਨ। ਕਿਸੇ ਵੇਲੇ ਸਮਾਜਿਕ ਤਾਹਨੇ ਮਿਹਣੇ ਵੀ ਸੁਣੇ, ਵਹਿਸ਼ਕਾਰ ਵੀ ਹੋਇਆ, ਘਰ ਪਰਿਵਾਰ ਵੀ ਟੁੱਟੇ, ਕੁਝ ਹਾਰ ਮੰਨ ਕੇ ਸਿਰ ਸੁੱਟ ਵੀ ਬੈਠੀਆਂ, ਕੁਝ ਬਗਾਵਤਾਂ ਵੀ ਸਾਹਮਣੇ ਆਈਆਂ, ਪਰ ਇਹ ਨਿਰੰਤਰ ਤੁਰੀਆਂ ਰਹੀਆਂ। ਅੱਜ ਰੰਗਮੰਚ ਖੇਤਰ ਪਹਿਲਾਂ ਨਾਲੋਂ ਮੋਕਲਾ ਹੋਇਆ ਹੈ, ਅਭਿਨੇਤਰੀਆਂ ਦਾ ਵਿਸ਼ਵਾਸ ਵੀ ਵਧਿਆ ਹੈ। ਉਹ ਸਮਝ ਗਈਆਂ ਹਨ ਕਿ ਰੰਗਮੰਚ ਦਾ ਅੰਬਰ ਉਨ੍ਹਾਂ ਦੀ ਉਡਾਣ ਲਈ ਸਾਜ਼ਗਾਰ ਹੈ। ਹੁਣ ਔਖੇ ਵਿਸ਼ਿਆਂ ’ਤੇ ਆਧਾਰਿਤ ਨਾਟਕਾਂ ਵਿਚ ਅਦਾਕਾਰੀ ਕਰਦਿਆਂ ਵੀ ਉਹ ਝਿਜਕਦੀਆਂ ਨਹੀਂ। ਅੱਜ 18 ਜਨਵਰੀ ਨੂੰ ਜਦੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਯੁਵਾ ਅਭਿਨੇਤਰੀ ਮੱਲਿਕਾ ਸਿੰਘ ‘ਵੈਜਾਈਨਾ ਟਾਕਸ’ ਦੀ ਪੇਸ਼ਕਾਰੀ ਦੇ ਰਹੀ ਹੋਵੇਗੀ ਤਾਂ ਉਮਾ ਗੁਰਬਖਸ਼ ਸਿੰਘ ਤੋਂ ਲੈ ਕੇ ਹੁਣ ਤਕ ਦੀਆਂ ਸਾਰੀਆਂ ਅਭਿਨੇਤਰੀਆਂ ਦੀ ਅਸੀਸ ਉਸਦੇ ਅੰਗ ਸੰਗ ਹੋਵੇਗੀ।

ਸੰਪਰਕ: 98880-11096


Comments Off on ਪੰਜਾਬੀ ਅਭਿਨੇਤਰੀਆਂ ਦੀ ਮੜਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.