ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਪੇਪਰ ਲੀਕ: ਸਹਾਇਕ ਪ੍ਰੋਫੈਸਰ ਨੇ ਲਾਈ ਪ੍ਰਸ਼ਨ ਪੱਤਰਾਂ ’ਚ ਸੰਨ੍ਹ

Posted On January - 15 - 2020

ਚਰਨਜੀਤ ਭੁੱਲਰ
ਬਠਿੰਡਾ, 14 ਜਨਵਰੀ
ਬਠਿੰਡਾ ਪੁਲੀਸ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਹੋਏ ਪੇਪਰ ਲੀਕ ਸਕੈਂਡਲ ਮਾਮਲੇ ’ਚ ਇੱਕ ਸਹਾਇਕ ਪ੍ਰੋਫੈਸਰ ਸਮੇਤ ਦੋ ਵਿਅਕਤੀਆਂ ’ਤੇ ਪੁਲੀਸ ਕੇਸ ਦਰਜ ਕਰ ਲਿਆ ਹੈ। ਲਹਿਰਾਗਾਗਾ ਦੇ ਕੇ.ਸੀ.ਟੀ ਕਾਲਜ ਆਫ ਇੰਜਨੀਅਰਿੰਗ ’ਚ ਚੱਲ ਰਹੀ ਪ੍ਰੀਖਿਆ ਦੇ ਡਿਪਟੀ ਸੁਪਰਡੈਂਟ ਕਰਮਪਾਲ ਪੁਰੀ ਜੋ ਕਿ ਸਹਾਇਕ ਪ੍ਰੋਫੈਸਰ ਵੀ ਹਨ, ਨੇ ਪੇਪਰ ਲੀਕ ਕਰਨ ਦੀ ਗੱਲ ਕਬੂਲ ਕਰ ਲਈ ਹੈ। ਲਹਿਰਾਗਾਗਾ ਦੇ ਇਸ ਕਾਲਜ ਦੀ ਮੈਨੇਜਮੈਂਟ ਨੇ ਇਸ ਸਹਾਇਕ ਪ੍ਰੋਫੈਸਰ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ, ਜਿਸ ਬਾਰੇ ਰਿਪੋਰਟ ਯੂਨੀਵਰਸਿਟੀ ਨੂੰ ਵੀ ਭੇਜ ਦਿੱਤੀ ਗਈ ਹੈ।
ਥਾਣਾ ਕੈਨਾਲ ਦੀ ਪੁਲੀਸ ਨੇ ਡਿਪਟੀ ਸੁਪਰਡੈਂਟ ਕਰਮਪਾਲ ਪੁਰੀ ਵਾਸੀ ਦਾਤੇਵਾਸ ਜ਼ਿਲ੍ਹਾ ਮਾਨਸਾ ਅਤੇ ਮਨਜੀਤ ਸਿੰਘ ਵਾਸੀ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਧਾਰਾ 409, 34 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 9 ਦਰਜ ਕਰ ਲਿਆ ਹੈ। ਟੈਕਨੀਕਲ ਯੂਨੀਵਰਸਿਟੀ ਦੇ ਕੰਟਰੋਲਰ (ਪ੍ਰੀਖਿਆਵਾਂ) ਪ੍ਰੋ. ਕਰਨਵੀਰ ਸਿੰਘ ਨੇ ਇਸ ਮਾਮਲੇ ਬਾਰੇ ਪੱਤਰ ਨੰਬਰ 2 ਮਿਤੀ 12 ਜਨਵਰੀ ਨੂੰ ਐਸ.ਐਸ.ਪੀ ਬਠਿੰਡਾ ਨੂੰ ਦੇ ਦਿੱਤਾ ਸੀ, ਜਿਸ ਮਗਰੋਂ ਇਹ ਮੁਕੱਦਮਾ ਦਰਜ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਤਰਫੋਂ 9 ਜਨਵਰੀ ਨੂੰ ਪ੍ਰਮੁਖਤਾ ਨਾਲ ‘ਪੇਪਰ ਲੀਕ ਸਕੈਂਡਲ’ ਨੂੰ ਉਭਾਰਿਆ ਗਿਆ ਸੀ। ਉਪੰਰਤ ਤਕਨੀਕੀ ਸਿੱਖਿਆ ਮੰਤਰੀ ਨੇ ਐਕਸ਼ਨ ਲਿਆ।
ਵੇਰਵਿਆਂ ਅਨੁਸਾਰ ਯੂਨੀਵਰਸਿਟੀ ਨੇ ਇਹ ਸਾਫ਼ ਕੀਤਾ ਹੈ ਕਿ ’ਵਰਸਿਟੀ ਪੱਧਰ ’ਤੇ ਪੇਪਰ ਲੀਕ ਨਹੀਂ ਹੋਇਆ ਹੈ ਅਤੇ ’ਵਰਸਿਟੀ ਤਰਫੋਂ ਆਨ ਲਾਈਨ ਪੇਪਰ ਸੁਰੱਖਿਅਤ ਪਾਸਪਾਰਡ ਸਮੇਤ ਪ੍ਰੀਖਿਆ ਕੇਂਦਰਾਂ ਵਿਚ ਭੇਜੇ ਜਾਂਦੇ ਹਨ। 8 ਜਨਵਰੀ ਨੂੰ ਬੀ.ਟੈੱਕ ਸਿਵਲ ਇੰਜਨੀਅਰਿੰਗ ਦੇ ਪੰਜਵੇਂ ਸਮੈਸਟਰ ਦਾ ਆਨ ਲਾਈਨ ਪੇਪਰ ਲੀਕ ਹੋਇਆ ਸੀ ਜੋ ਕਿ ’ਵਰਸਿਟੀ ਨੇ ਫੌਰੀ ਰੱਦ ਕਰ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਹੋਰ ਪ੍ਰਸ਼ਨ ਪੱਤਰ ਵੀ ਲੀਕ ਹੋਏ ਹਨ ਪ੍ਰੰਤੂ ਇਸ ਦੀ ਹਾਲੇ ਪੁਸ਼ਟੀ ਹੋਣੀ ਬਾਕੀ ਹੈ। ਹੋਸਟਲ ਦੇ ਕਮਰੇ ’ਚ ਮੌਕੇ ’ਤੇ ਫੜੇ ਵਿਦਿਆਰਥੀ ਬਿਰੇਂਦਰਪਾਲ ਸਿੰਘ, ਪਰਦੀਪ ਕੁਮਾਰ, ਓਸ਼ਨ, ਜੈ ਬਾਂਸਲ, ਪ੍ਰਭਜੀਤ ਸਿੰਘ, ਹਰਕੀਰਤ ਸਿੰਘ, ਲਵਿਸ਼ ਗੋਇਲ, ਗੁਰਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਹਸ਼ਨਦੀਪ ਸਿੰਘ,ਰਾਹੁਲ ਸਿੰਘ ਆਦਿ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਫ.ਆਈ.ਆਰ ਅਨੁਸਾਰ ਪਿੰਡ ਸੰਗਤਪੁਰਾ ਦੇ ਮਨਜੀਤ ਸਿੰਘ ਨੇ ਲੀਕ ਪੇਪਰ ਨੂੰ ਸੰਦੀਪ ਸਿੰਘ ਨੂੰ ਭੇਜਿਆ ਸੀ, ਜਿਸ ਨੇ ਅੱਗੇ ਵਿਦਿਆਰਥੀ ਓਸ਼ਨ ਕੋਲ ਭੇਜ ਦਿੱਤਾ। ਇਸ ਦੌਰਾਨ ਕੇਸੀਟੀ ਕਾਲਜ ਲਹਿਰਾਗਾਗਾ ਨੇ ਕਾਲਜ ਪ੍ਰਬੰਧਕਾਂ ਕੋਲ ਸਹਾਇਕ ਪ੍ਰੋਫੈਸਰ ਕਰਮਪਾਲ ਪੁਰੀ ਨੇ ਲਿਖਤੀ ਰੂਪ ਵਿਚ ਇਸ ਬਾਰੇ ਕਬੂਲ ਕਰ ਲਿਆ ਹੈ। ਟੈਕਨੀਕਲ ਯੂਨੀਵਰਸਿਟੀ ਦੇ ਪੰਜਵੇਂ ਸਮੈਸਟਰ ਦੀ ਪ੍ਰੀਖਿਆ 3 ਦਸੰਬਰ ਤੋਂ ਸ਼ੁਰੂ ਹੋਈ ਹੈ ਜੋ ਕਿ 21 ਜਨਵਰੀ ਤੱਕ ਚੱਲਣੀ ਹੈ। ’ਵਰਸਿਟੀ ਪ੍ਰਬੰਧਕਾਂ ਨੇ ਇਸ ਮਾਮਲੇ ਵਿਚ ਪੂਰੀ ਤਰ੍ਹਾਂ ’ਵਰਸਿਟੀ ਦੀ ਕੋਈ ਭੂਮਿਕਾ ਹੋਣ ਤੋਂ ਪੱਲਾ ਝਾੜ ਲਿਆ ਹੈ।
ਮਾਮਲਾ ਉਭਰਨ ਮਗਰੋਂ ’ਵਰਸਿਟੀ ਦੀਆਂ ਟੀਮਾਂ ਨੇ ਕਾਲਜਾਂ ਵਿਚ ਪ੍ਰੀਖਿਆਵਾਂ ਦੌਰਾਨ ਚੈਕਿੰਗ ਵਧਾ ਦਿੱਤੀ ਹੈ। ਦੂਸਰੀ ਤਰਫ਼ ’ਵਰਸਿਟੀ ਦੀ ਉੱਚ ਪੱਧਰੀ ਕਮੇਟੀ ਵੱਲੋਂ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਅਤੇ ਸਬੰਧਤ ਲੋਕਾਂ ਨੂੰ ਤਲਬ ਕੀਤਾ ਜਾ ਰਿਹਾ ਹੈ। ਥਾਣਾ ਕੈਨਾਲ ਦੇ ਮੁੱਖ ਥਾਣਾ ਅਫਸਰ ਨੇ ਦੱਸਿਆ ਕਿ ਹਾਲੇ ਇਸ ਮਾਮਲੇ ’ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਗੌਰਤਲਬ ਹੈ ਕਿ ਹੋਸਟਲ ਦੇ ਜਿਸ ਕਮਰੇ ’ਚ ਸਭ ਕੁਝ ਚੱਲ ਰਿਹਾ ਸੀ ਉਸ ’ਚ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ ਦਾ ਪੋਸਟਰ ਲੱਗਾ ਹੋਇਆ ਸੀ ਅਤੇ ਹੁਣ ਕਈ ਕਾਂਗਰਸੀ ਨੇਤਾ ਮਾਮਲਾ ਰਫਾ ਦਫਾ ਕਰਨ ਵਾਸਤੇ ਫੋਨ ਵੀ ਖੜਕਾ ਰਹੇ ਹਨ।

ਡੀਐੱਸਪੀ (ਡੀ) ਕਰਨਗੇ ਮਾਮਲੇ ਦੀ ਪੜਤਾਲ

ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਇਸ ਮਾਮਲੇ ਦੀ ਪੜਤਾਲ ਡੀਐੱਸਪੀ (ਡੀ) ਕੁਲਦੀਪ ਸਿੰਘ ਭੁੱਲਰ ਨੂੰ ਸੌਂਪ ਦਿੱਤੀ ਹੈ ਜੋ ਹੁਣ ਸਾਰੇ ਮਾਮਲੇ ਨੂੰ ਛਾਣਨਗੇ। ਥਾਣਾ ਕੈਨਾਲ ਇਸ ਬਾਰੇ ਰਿਕਾਰਡ ਪੜਤਾਲ ਅਥਾਰਟੀ ਕੋਲ ਭੇਜ ਦਿੱਤਾ ਹੈ। ਦੂਸਰੀ ਤਰਫ ’ਵਰਸਿਟੀ ਪ੍ਰਬੰਧਕਾਂ ਨੇ ਇਸ ਮਾਮਲੇ ਦੀ ਪੜਤਾਲ ਬਾਰੇ ਵਿਜੀਲੈਂਸ ਬਿਊਰੋਂ ਪੰਜਾਬ ਨੂੰ ਵੀ ਪੱਤਰ ਲਿਖ ਦਿੱਤਾ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਇਸ ਮਾਮਲੇ ਦੀ ਪੜਤਾਲ ਵਿਜੀਲੈਂਸ ਤੋਂ ਕਰਾਉਣਾ ਚਾਹੁੰਦੇ ਹਨ।


Comments Off on ਪੇਪਰ ਲੀਕ: ਸਹਾਇਕ ਪ੍ਰੋਫੈਸਰ ਨੇ ਲਾਈ ਪ੍ਰਸ਼ਨ ਪੱਤਰਾਂ ’ਚ ਸੰਨ੍ਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.