ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ

Posted On January - 18 - 2020

ਅਮਰਬੀਰ ਸਿੰਘ ਚੀਮਾ

ਪਿੰਡ ਚੁੱਪਕੀਤੀ, ਜ਼ਿਲ੍ਹਾ ਮੋਗਾ ਵਿਖੇ 45 ਕੁ ਸਾਲ ਪਹਿਲਾਂ ਤਾਰਾ ਸਿੰਘ ਤੇ ਭਗਵਾਨ ਕੌਰ ਦੇ ਘਰ ਇਕ ਬੱਚੇ ਦਾ ਜਨਮ ਹੋਇਆ। ਮੱਧਵਰਗੀ ਤੇ ਸਾਧਾਰਨ ਪਰਿਵਾਰ ’ਚ ਜਨਮੇ ਇਸ ਬੱਚੇ ਦਾ ਨਾਂ ਮਾਪਿਆਂ ਨੇ ਬੜੇ ਲਾਡਾਂ ਨਾਲ ਰਣਜੀਤ ਸਿੰਘ ਧਾਲੀਵਾਲ ਰੱਖਿਆ। ਗਾਇਕੀ ਦੇ ਖੇਤਰ ਵਿਚ ਉਸਨੇ ਰਣਜੀਤ ਮਣੀ ਵਜੋਂ ਪਛਾਣ ਬਣਾਈ। ਬਚਪਨ ਤੋਂ ਹੀ ਗਾਇਕੀ ਦੀ ਚਿਣਗ ਤੇ ਜਨੂੰਨ ਕਰਕੇ ਆਪਣੇ ਸੁਪਨਿਆਂ ਨੂੰ ਉਡਾਣ ਦੇਣ ਦੇ ਮੰਤਵ ਹਿੱਤ ਸਿਰਫ਼ 17 ਕੁ ਸਾਲਾਂ ਦੀ ਉਮਰ ਵਿਚ ਹੀ ਉਸਨੇ ਪਿੰਡ ਛੱਡ ਲੁਧਿਆਣਾ ਆ ਕੇ ਅਮਰ ਸਿੰਘ ਚਮਕੀਲਾ ਨੂੰ ਆਪਣਾ ਉਸਤਾਦ ਧਾਰ ਲਿਆ, ਪਰ ਬਦਕਿਸਮਤੀ ਨਾਲ ਚਮਕੀਲੇ ਦਾ ਸਾਥ ਸਾਲ ਭਰ ਹੀ ਨਸੀਬ ਹੋਇਆ। 1988 ਵਿਚ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੀ ਮੌਤ ਤੋਂ ਬਾਅਦ ਉਸਨੇ ਕੁਲਦੀਪ ਮਾਣਕ ਦੇ ਦਫ਼ਤਰ ਵਿਖੇ ਬਤੌਰ ‘ਬੁਕਿੰਗ ਕਲਰਕ’ ਵੱਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦਫ਼ਤਰ ਵਿਚ ਆਪਣੇ ਵਿਹਲੇ ਸਮੇਂ ਨੂੰ ਅਜਾਈਂ ਨਾ ਗੁਆ ਕੇ ਉਹ ਰਿਆਜ਼ ਕਰਦਾ ਰਹਿੰਦਾ। ਅੱਜ ਰਣਜੀਤ ਮਣੀ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ ਹੈ। ਲਗਪਗ ਢਾਈ ਦਹਾਕਿਆਂ ਤੋਂ ਉਹ ਪੰਜਾਬੀ ਗੀਤਾਂ ਦੇ ਸੂਝਵਾਨ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ ਤੇ ਉਸਦੀ ਆਵਾਜ਼ ਦਾ ਜਾਦੂ ਅੱਜ ਵੀ ਬਰਕਰਾਰ ਹੈ।
ਉਸਦੀ ਅਸਲੀ ਪਛਾਣ 1992 ਵਿਚ ਆਈ ਕੈਸੇਟ ‘ਚੰਨਾ ਪਾਸਪੋਰਟ ਬਣਾ ਲਿਆ’ ਨਾਲ ਬਣੀ। ਬਚਨ ਬੇਦਿਲ ਦਾ ਲਿਖਿਆ ‘ਪਾਸਪੋਰਟ’ ਗੀਤ ਅਜਿਹਾ ਗਾਇਆ ਕਿ ਲੋਕਾਂ ਨੇ ਦਿਨਾਂ ਵਿਚ ਹੀ ਰਣਜੀਤ ਮਣੀ ਨੂੰ ਸਿਰ-ਅੱਖਾਂ ’ਤੇ ਬਿਠਾਉਂਦਿਆਂ ਦੁਨੀਆਂ ਦੀ ਸੈਰ ਕਰਵਾ ਦਿੱਤੀ। ਉਸਤੋਂ ਤੁਰੰਤ ਮਗਰੋਂ ‘ਤੇਰੇ ਵਿਆਹ ਦਾ ਕਾਰਡ’ ਕੈਸੇਟ ਆਈ ਤੇ ਫੇਰ ਮਣੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ‘ਪਾਸਪੋਰਟ ਬਣਾ ਲਿਆ’ ਤੇ ‘ਰਾਂਝੇ ਦਾ ਪ੍ਰਿੰਸੀਪਲ ਜੀ’ ਗੀਤ ਤਾਂ ਅੱਜ ਵੀ ਉਸੇ ਤਰ੍ਹਾਂ ਸੁਣੇ ਜਾਂਦੇ ਹਨ। ਉਸਦੇ ਗਾਏ ਹਿੱਟ ਗੀਤਾਂ ਦੀ ਸੂਚੀ ਬਹੁਤ ਲੰਬੀ ਹੈ; ਜਿਵੇਂ ‘ਮੈਂ ਲੰਡਨ ਦੇ ਵਿਚ ਦਿਨ ਕੱਟੂੰ’, ‘ਮੇਰੇ ਸੋਹਣਿਆ ਸੱਜਣਾ ਵੇ ਮੁੜ ਵਤਨੀ ਆ’, ‘ਮੁੰਡਾ ਰੋ ਪਿਆ ਕੁੜੀ ਦੀ ਬਾਂਹ ਫੜ ਕੇ’, ‘ਤੇਰੇ ਵਿਆਹ ਦਾ ਕਾਰਡ’, ‘ਤੇਰੇ ਬਿਨਾਂ’, ‘ਕਦੇ ਵਾਅਦੇ ਚੇਤੇ ਆਉਂਦੇ’ ਆਦਿ ਪ੍ਰਮੁੱਖ ਹਨ।
ਕਰੀਬ ਪੰਜਾਹ ਕੁ ਕੈਸੇਟਾਂ ਜਾਰੀ ਕਰ ਚੁੱਕੇ ਰਣਜੀਤ ਮਣੀ ਨੇ ਕੈਨੇਡਾ, ਨਿਊਜ਼ੀਲੈਂਡ, ਇੰਗਲੈਂਡ, ਇਟਲੀ ਆਦਿ ਦੇਸ਼ਾਂ ਵਿਚ ਸਫਲਤਾ ਪੂਰਵਕ ਸ਼ੋਅ ਕੀਤੇ। ਉਸਨੇ ਲਗਪਗ ਸਾਰੇ ਚੋਟੀ ਦੇ ਗੀਤਕਾਰਾਂ ਦੇ ਲਿਖੇ ਗੀਤ ਗਾਏ ਜਿਨ੍ਹਾਂ ਵਿਚੋਂ ਬਾਬੂ ਸਿੰਘ ਮਾਨ, ਸ਼ਮਸ਼ੇਰ ਸੰਧੂ, ਕਾਲਾ ਨਿਜ਼ਾਮਪੁਰੀ ਆਦਿ ਪ੍ਰਮੁੱਖ ਹਨ। ਆਪਣੇ ਸਮੇਂ ਦੇ ਸਾਰੇ ਸਥਾਪਿਤ ਸੰਗੀਤਕਾਰਾਂ ਨੇ ਮਣੀ ਦੇ ਬੋਲਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਜਿਨ੍ਹਾਂ ਵਿਚ ਅਤੁਲ ਸ਼ਰਮਾ, ਸੁਰਿੰਦਰ ਬੱਚਨ, ਵਰਿੰਦਰ ਬੱਚਨ, ਸੁਰਿੰਦਰ ਸੋਢੀ (ਮੁੰਬਈ) ਅਤੇ ਸੁਰਿੰਦਰ ਕੋਹਲੀ (ਮੁੰਬਈ) ਦੇ ਨਾਂ ਵਰਣਨਯੋਗ ਹਨ।
ਬਚਨ ਬੇਦਿਲ ਦੀ ਕਲਮ ਤੇ ਰਣਜੀਤ ਮਣੀ ਦੀ ਆਵਾਜ਼ ਦਾ ਸੁਮੇਲ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗਿਆ। ਬਚਨ ਬੇਦਿਲ ਨੇ ਉਸਨੂੰ ਰਣਜੀਤ ਤੋਂ ਰਣਜੀਤ ਮਣੀ ਬਣਾ ਦਿੱਤਾ। ਉਸ ਦੀਆਂ ਸੋਲੋ ਦੇ ਨਾਲ-ਨਾਲ ਚਾਰ-ਪੰਜ ਡਿਊਟ ਕੈਸੇਟਾਂ ਵੀ ਮਾਰਕੀਟ ਵਿਚ ਆਈਆਂ ਜਿਨ੍ਹਾਂ ਵਿਚ ਉਸਦਾ ਸਾਥ ਪ੍ਰਵੀਨ ਭਾਰਟਾ, ਸੁਦੇਸ਼ ਕੁਮਾਰੀ ਤੇ ਮਿਸ ਪੂਜਾ ਨੇ ਦਿੱਤਾ। ਸ਼ੁਰੂੁਆਤੀ ਦਿਨਾਂ ਨੂੰ ਯਾਦ ਕਰਦਿਆਂ ਰਣਜੀਤ ਮਣੀ ਦੱਸਦਾ ਹੈ ਕਿ ਉਹ ਪਾਰਕਾਂ ਵਿਚ ਵੀ ਸੌਂਦਾ ਰਿਹਾ ਤੇ ਕਈ ਬਾਰ ਭੁੱਖਿਆਂ ਵੀ ਸੌਣਾ ਪਿਆ, ਪਰ ਉਸਨੇ ਕਦੇ ਵੀ ਮਿਹਨਤ ਤੋਂ ਹੱਥ ਪਿੱਛੇ ਨਹੀਂ ਖਿੱਚਿਆ। ਅੱਜਕੱਲ੍ਹ ਗਾਇਕੀ ਦੇ ਖੇਤਰ ਵਿਚ ਮੁਕਾਬਲੇਬਾਜ਼ੀ ਦੇ ਦੌਰ ਤੋਂ ਉਹ ਘਬਰਾਉਂਦਾ ਨਹੀਂ, ਸਗੋਂ ਹੋਰ ਮਿਹਨਤ ਤੇ ਸ਼ਿੱਦਤ ਨਾਲ ਆਪਣਾ ਕੰਮ ਕਰਦਾ ਹੈ। ਅੱਜਕੱਲ੍ਹ ਉਸਦੇ ‘ਫਾਰਮਾਂ ਦਾ ਰਾਜਾ ਬੱਸ ਗੀਤਾਂ ਜੋਗਾ ਰਹਿ ਗਿਆ’ ਅਤੇ ‘ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ’ ਯੂ-ਟਿਊਬ ’ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ‘ਵਿਆਹੀ ਨਾ ਸਮੁੰਦਰਾਂ ਤੋਂ ਪਾਰ ਬਾਬਲਾ’ ਤੇ ‘ਮਾਵਾਂ ਵਰਗਾ ਪਿਆਰ ਕੋਈ ਕਰ ਸਕਦਾ ਨਹੀਂ’ ਗੀਤ ਗਾਉਂਦਿਆਂ ਉਹ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਤੇ ਮਜਬੂਰੀ ਦੱਸਦਾ ਹੈ। ਜਲਦੀ ਹੀ ਉਸਦਾ ਨਵਾਂ ਗੀਤ ‘ਜਿੱਤਾਂ ਦੇ ਸ਼ੌਕੀ ਸਾਨੂੰ ਹਾਰਾਂ ਮਨਜ਼ੂਰ ਨਾ’ ਆਉਣ ਵਾਲਾ ਹੈ।

ਸੰਪਰਕ: 98889-40211


Comments Off on ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.