ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਪਰਿਵਾਰਾਂ ਤੋਂ ਦੂਰ ਰਹਿਣ ਦੀ ਚੀਸ ਬਣੀ ਜ਼ਿੰਦਗੀ ਦਾ ਹਿੱਸਾ

Posted On January - 13 - 2020

ਗੁਰਬਖਸ਼ਪੁਰੀ
ਤਰਨ ਤਾਰਨ, 12 ਜਨਵਰੀ

ਤਰਨ ਤਾਰਨ ਦੇ ਭਾਈ ਵੀਰ ਸਿੰਘ ਬਿਰਧ ਘਰ ’ਚ ਰਹਿੰਦੇ ਬਿਰਧ ਆਪਣੀ ਵਿਥਿਆ ਸੁਣਾਉਂਦੇ ਹੋਏ।

ਇਥੋਂ ਦੇ ਭਾਈ ਵੀਰ ਸਿੰਘ ਬਿਰਧ ਘਰ ਵਿੱਚ ਰਹਿੰਦੇ ਬਿਰਧਾਂ ਦੇ ਮਨ ਅੰਦਰ ਆਪਣੇ ਪਰਿਵਾਰਾਂ ਤੋਂ ਵਰ੍ਹਿਆਂ ਤੱਕ ਲਗਾਤਾਰ ਦੂਰ ਰਹਿਣ ਦੀ ਪੀੜ ਅਤੇ ਇਸ ਅਵਸਥਾ ਦੀਆਂ ਹੋਰ ਮੁਸ਼ਕਲਾਂ ਪੱਕੀ ਥਾਂ ਬਣਾ ਕੇ ਬੈਠ ਗਈਆਂ ਹਨ| ਇਸ ਅਦਾਰੇ ਦਾ ਪ੍ਰਬੰਧ ਕਰ ਰਹੀ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਬਿਰਧ ਘਰ ਦੇ ਬਿਰਧਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਭ ਸੰਭਵ ਸਹੂਲਤਾਂ ਦਿੱਤੀਆਂ ਜਾਣ ਦੇ ਬਾਵਜੂਦ ਆਪਣੇ ਪਰਿਵਾਰਾਂ ਤੋਂ ਸਾਲਾਂ ਤੱਕ ਲਗਾਤਾਰ ਦੂਰ ਰਹਿਣ ਦਾ ਦਰਦ ਅਤੇ ਹੋਰ ਮੁਸ਼ਕਲਾਂ ਨੇ ਉਨ੍ਹਾਂ ਦੇ ਮਨਾਂ ਅੰਦਰ ਇੱਕ ਅਜਿਹੀ ਚੀਸ ਪੈਦਾ ਕਰ ਦਿੱਤੀ ਜੋ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈ ਹੈ| ਉਹ ਇਸ ਦਰਦ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ ਪਰ ਕਈ ਵਾਰ ਇਹ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ|
110 ਕਮਰਿਆਂ ਵਾਲੇ ਇਸ ਬਿਰਧ ਘਰ ’ਚ ਇਸ ਵੇਲੇ 65 ਦੇ ਕਰੀਬ ਬਿਰਧ ਬਾਬੇ ਅਤੇ ਮਾਤਾਵਾਂ ਰਹਿੰਦੇ ਹਨ ਜਿਨ੍ਹਾਂ ਵਿੱਚ ਚਾਰ ਜੋੜੇ ਪਤੀ-ਪਤਨੀਆਂ ਵੀ ਸ਼ਾਮਲ ਹਨ| ਬਹੁਤੇ ਬਿਰਧ ਅੰਮ੍ਰਿਤਸਰ ਦੇ ਹਨ| ਇੱਥੋਂ ਦੀ ਚਾਰਦੀਵਾਰੀ ਨੂੰ ਹੀ ਆਪਣਾ ਘਰ ਸਮਝੀ ਬੈਠੇ ਇਨ੍ਹਾਂ ਬਿਰਧਾਂ ਨੂੰ ਆਪਣੇ ਘਰਾਂ ਵਿੱਚ ਰਹਿੰਦਿਆਂ ਆਪਣੇ ਹੀ ਬੱਚਿਆਂ ਅਤੇ ਕਈ ਹਾਲਤਾਂ ਵਿੱਚ ਪਤਨੀਆਂ ਵਲੋਂ ਦਿੱਤੀਆਂ ਜਾਂਦੀਆਂ ਪ੍ਰੇਸ਼ਾਨੀਆਂ ਤੋਂ ਇੱਥੇ ਆ ਕੇ ਭਾਵੇਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਕਈ ਵਾਰ ਉਨ੍ਹਾਂ ਦੇ ਮਨਾਂ ਅੰਦਰ ਇਹ ਵੀ ਆਉਂਦਾ ਹੈ ਕਿ ਉਨ੍ਹਾਂ ਨੂੰ ਉਸੇ ਹਾਲਾਤ ਨਾਲ ਰਹਿਣ ਦੀ ਜਾਚ ਸਿੱਖ ਲੈਣੀ ਚਾਹੀਦੀ ਸੀ| ਉਹ ਆਪਣੇ ਮਨ ਦੀ ਗੱਲ ਕਰਨ ਲਈ ਵਿਹਲੇ ਸਮੇਂ ਵਿਚ ਪੁਰਾਣੀਆਂ ਗੱਲਾਂ ਕਰ ਕੇ ਦਿਲ ਪਰਚਾ ਲੈਂਦੇ ਹਨ ਅਤੇ ਹਰ ਬਿਰਧ ਆਪਣੇ ਦੁੱਖ ਨੂੰ ਹੀ ਹੋਰਨਾਂ ਨਾਲੋਂ ਵੱਡਾ ਦੱਸਣ ਦੀ ਕੋਸ਼ਿਸ਼ ਕਰਦਾ ਹੈ|
ਆਪਣੇ ਲੜਕੇ ਅਤੇ ਪਰਿਵਾਰ ਦੇ ਹੋਰਨਾਂ ਜੀਆਂ ਦੀਆਂ ਪ੍ਰੇਸ਼ਾਨੀਆਂ ਤੋਂ ਸਤਾਏ ਤਰਲੋਚਨ ਸਿੰਘ ਨੇ ਛੇ ਸਾਲਾਂ ਪਹਿਲਾਂ ਜਲੰਧਰ ਤੋਂ ਇੱਥੇ ਆਉਣ ਲੱਗਿਆਂ ਦੁਬਾਰਾ ਘਰ ਵੱਲ ਨਾ ਦੇਖਣ ਦਾ ਦ੍ਰਿੜ ਇਰਾਦਾ ਬਣਾ ਲਿਆ ਸੀ| ਇਸ ਦੌਰਾਨ ਉਹ ਆਪਣੇ ਲੜਕੇ ਅਤੇ ਪੋਤਰਿਆਂ ਨੂੰ ਤਾਂ ਮਿਲਣ ਨਹੀਂ ਗਿਆ ਪਰ ਉਹ ਮਨ ਦਾ ਭਾਰ ਹੌਲਾ ਕਰਨ ਲਈ ਲੜਕੀਆਂ ਦੇ ਸਹੁਰੇ ਜ਼ਰੂਰ ਜਾ ਆਉਂਦਾ ਹੈ| ਵੈਸੇ ਉਸ ਨੂੰ ਇਸ ਗੱਲ ਦਾ ਗਿਲਾ ਹੈ ਕਿ ਉਸ ਦਾ ਲੜਕਾ ਅਤੇ ਪੋਤਰੇ ਉਸ ਨੂੰ ਮਿਲਣ ਤੱਕ ਵੀ ਨਹੀਂ ਆਏ|
ਇਲਾਕੇ ਦੇ ਇੱਕ ਨਾਮੀਂ ਪਰਿਵਾਰ ਦੀ 72 ਸਾਲਾ ਔਰਤ ਬੀਬੀ ਜਾਗੀਰ ਕੌਰ ਨੂੰ ਅੱਠ ਸਾਲ ਪਹਿਲਾਂ ਇੱਥੇ ਆਉਣ ਲਈ ਮਜਬੂਰ ਕਰ ਦਿੱਤਾ ਗਿਆ ਸੀ| ਉਹ ਇੱਥੇ ਆਪਣੇ ਪਤੀ ਦੀ ਵੀ ਸਾਂਭ ਸੰਭਾਲ ਕਰਦੀ ਹੈ| ਉਹ ਸਰਕਾਰੀ ਅਦਾਰੇ ਤੋਂ ਸੇਵਾਮੁਕਤ ਹੋਈ ਹੈ| ਉਹ ਆਪਣੇ ਪਤੀ ਅਤੇ ਲੜਕੇ ਤੋਂ ਮਿਲੇ ਦੁੱਖਾਂ ਦੀ ਗੱਲ ਕਰਦਿਆਂ ਮਨ ਭਰ ਲੈਂਦੀ ਹੈ| ਉਹ ਆਪਣੇ 18 ਅਤੇ 16 ਸਾਲਾ ਪੋਤਰਿਆਂ ਦੀ ਪੜ੍ਹਾਈ ਦਾ ਖਰਚ ਵੀ ਝੱਲ ਰਹੀ ਹੈ| ਇੱਥੇ ਰਹਿੰਦਿਆਂ ਵੀ ਉਸਦੇ ਮਨ ਅੰਦਰ ਪਰਿਵਾਰ ਦਾ ਦਰਦ ਛੁਪਿਆ ਹੋਇਆ ਹੈ|
ਚਾਰ ਸਾਲ ਪਹਿਲਾਂ ਤੋਂ ਗੁਰਦਾਸਪੁਰ ਤੋਂ ਇੱਥੇ ਆਏ ਹਰਜਿੰਦਰ ਸਿੰਘ (69) ਕੋਲੋਂ ਇੱਕ ਵਾਰ ਆਪਣੇ ਜੀਆਂ ਤੋਂ ਵੱਖ ਹੋਣ ਦੀ ਪੀੜ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਉਹ ਖ਼ੁਦ ਘਰ ਗਿਆ ਸੀ ਪਰ ਉਸਨੂੰ ਇੱਥੇ ਕੋਈ ਮਿਲਣ ਨਹੀਂ ਆਇਆ| ਉਹ ਮਨ ਦਾ ਭਾਰ ਹੌਲਾ ਕਰਨ ਲਈ ਕਦੇ-ਕਦੇ ਤਰਨ ਤਾਰਨ ਦੇ ਨੇੜਲੇ ਪਿੰਡ ਦੁਬੁਰਜੀ ਆਪਣੀ ਭੈਣ ਕੋਲ ਚਲਾ ਜਾਂਦਾ ਹੈ| ਅੰਮ੍ਰਿਤਸਰ ਵਾਸੀ ਅਮਰੀਕ ਸਿੰਘ (70) ਨੂੰ ਅੱਠ ਵਰ੍ਹੇ ਪਹਿਲਾਂ ਇੱਥੇ ਆਉਣ ਲਈ ਬੱਚਿਆਂ ਦੇ ਇਲਾਵਾ ਪਤਨੀ ਨੇ ਮਜਬੂਰ ਕੀਤਾ ਸੀ| ਉਨ੍ਹਾਂ ਦਾ ਸਤਾਇਆ ਅਮਰੀਕ ਸਿੰਘ ਘਰ ਜਾਣ ਦਾ ਨਾਂ ਤੱਕ ਵੀ ਨਹੀਂ ਲੈਂਦਾ ਅਤੇ ਨਾ ਹੀ ਘਰੋਂ ਕੋਈ ਉਸ ਨੂੰ ਮਿਲਣ ਆਇਆ| ਬਿਰਧ ਰਾਜ ਕੁਮਾਰ (72) ਨੂੰ ਸ਼ਰਾਬੀ ਲੜਕੇ ਅਤੇ ਨਸ਼ਿਆਂ ਨਾਲ ਮਾਰੇ ਗਏ ਜਵਾਨ ਪੋਤਰੇ ਸਮੇਤ ਹੋਰ ਦੁੱਖਾਂ ਨੇ ਤਾਂ ਮਾਨਸਿਕ ਤੌਰ ’ਤੇ ਇੱਕ ਤਰ੍ਹਾਂ ਨਾਲ ਬਿਮਾਰ ਕਰ ਦਿੱਤਾ ਹੈ| ਉਹ ਇੱਥੇ ਆਪਣੀ ਪਤਨੀ ਸਮੇਤ ਆਇਆ ਸੀ ਜੋ ਕੁਝ ਸਮਾਂ ਪਹਿਲਾਂ ਵਿਛੋੜਾ ਦੇ ਗਈ।
ਬਿਰਧ ਘਰ ਦੇ ਸੁਪਰਡੈਂਟ ਗੁਰਬਖਸ਼ ਸਿੰਘ ਨੇ ਕਿਹਾ ਕਿ ਇਥੋਂ ਦੇ ਬਿਰਧਾਂ ਨੂੰ ਜਿੱਥੇ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਜੀਅ ਬਹੁਤ ਘੱਟ ਹੀ ਮਿਲਣ ਲਈ ਆਉਂਦੇ ਹਨ ਉੱਥੇ ਇਹ ਬਿਰਧ ਵੀ ਆਪਣੇ ਘਰਾਂ ਨੂੰ ਜਾਣ ਦੀ ਲਾਲਸਾ ਲੱਗਪਗ ਤਿਆਗ ਹੀ ਚੁੱਕੇ ਹਨ| ਇਲਾਕੇ ਦੇ ਦਾਨੀ ਸੱਜਣ ਬਿਰਧਾਂ ਦੀ ਸੇਵਾ ਆਦਿ ਕਰਨ ਲਈ ਕੰਬਲ, ਬਿਸਤਰੇ, ਵਸਤਰ ਆਦਿ ਦੇਣ ਦੀ ਸੇਵਾ ਕਰਨ ਲਈ ਆਉਦੇ ਹੀ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਇਲਾਹੀ ਸ਼ਾਂਤੀ ਮਿਲਦੀ ਹੈ|

 


Comments Off on ਪਰਿਵਾਰਾਂ ਤੋਂ ਦੂਰ ਰਹਿਣ ਦੀ ਚੀਸ ਬਣੀ ਜ਼ਿੰਦਗੀ ਦਾ ਹਿੱਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.