ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਨਿੱਕੀ ਸਲੇਟੀ ਸੜਕ ਦੀ ਬਾਤ

Posted On January - 20 - 2020

ਸੁਖਦੇਵ ਸਿੰਘ

ਪਿੱਛੇ ਜਿਹੇ ਪੰਜਾਬੀ ਲਿਖਾਰੀ ਮਰਹੂਮ ਸੰਤੋਖ ਸਿੰਘ ਧੀਰ ਦੀ ਪ੍ਰਸਿੱਧ ਕਵਿਤਾ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਬਾਰੇ ਪੜ੍ਹਿਆ ਤਾਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ| ਗੱਲ 1955-56 ਦੀ ਹੈ| ਧੀਰ ਜੀ ਮੇਰੇ ਤਾਇਆ ਜੀ ਗਿਆਨੀ ਆਤਮਾ ਸਿੰਘ ਸ਼ਾਂਤ ਜੀ ਦੇ ਪਰਮ-ਮਿੱਤਰ ਸਨ ਜਿਹੜੇ ਸਮੇਂ ਸਮੇਂ ਉਨ੍ਹਾਂ ਨੂੰ ਮਿਲਣ ਸਾਡੇ ਪਿੰਡ ਸੰਤੇ ਮਾਜਰੇ (ਨੇੜੇ ਖਰੜ) ਆਉਂਦੇ ਹੁੰਦੇ ਸਨ| ਕਈ ਵਾਰੀ ਧੀਰ ਜੀ ਨਾਲ ਉਨ੍ਹਾਂ ਦੇ ਲੇਖਕ ਮਿੱਤਰ ਗੁਰਬਚਨ ਸਿੰਘ ਭੁੱਲਰ ਅਤੇ ਗੁਰਚਰਨ ਰਾਮਪੁਰੀ ਵੀ ਹੁੰਦੇ| ਤਾਇਆ ਜੀ ਵੀ ਕਵੀ ਅਤੇ ਲੇਖਕ ਸਨ| ਅਸੀਂ ਬੱਚੇ ਉਦੋਂ ਖਰੜ ਸਕੂਲੇ ਪੜ੍ਹਦੇ ਸਾਂ| ਸਾਡਾ ਪਿੰਡ ਖਰੜ ਤੋਂ ਲਾਂਡਰਾਂ-ਬਨੂੜ ਵੱਲ ਜਾਂਦੀ ਸੜਕ ਤੇ ਪੈਂਦਾ ਹੈ ਜਿਹੜਾ ਅੱਜਕੱਲ੍ਹ ਖਰੜ ਕਮੇਟੀ ਦੀ ਹੱਦ ਅੰਦਰ ਆਉਣ ਕਰਕੇ ਖਰੜ ਸ਼ਹਿਰ ਦਾ ਹੀ ਇਕ ਵਾਰਡ ਬਣ ਗਿਆ ਹੈ ਅਤੇ ਗਮਾਡਾ ਅਧੀਨ ਆਉਂਦੇ ਖੇਤਰ ਕਾਰਨ ਮੁਹਾਲੀ ਦਾ 115 ਸੈਕਟਰ ਵੀ ਹੈ|
ਅਸੀਂ ਬੱਚੇ ਉਦੋਂ ਇਸੇ ਸੜਕ ਉੱਤੇ ਪੈਦਲ ਖਰੜ ਸਕੂਲ ਜਾਂਦੇ ਸਾਂ| ਧੀਰ ਜੀ ਨੇ ਇਹ ਕਵਿਤਾ ਉਦੋਂ ਖਰੜ ਤੋਂ ਲਾਂਡਰਾਂ ਤੱਕ ਜਾਂਦੇ ਇਸੇ ‘ਸੜਕ ਦੇ ਟੋਟੇ’ ਬਾਰੇ ਲਿਖੀ ਸੀ ਜਿਹੜੀ ਉਸ ਵੇਲੇ ‘ਪ੍ਰੀਤ ਲੜੀ’ ਵਿਚ ਛਪੀ ਸੀ| ਉਦੋਂ ਇਹ ਸੜਕ ਇੱਕ-ਮਾਰਗੀ ਅਤੇ ਪਤਲੀ ਜਿਹੀ ਡੰਡੀ ਵਰਗੀ ਸੀ। ਇਸ ਦੇ ਬੰਨਿਆਂ ਤੇ ਤਰ੍ਹਾਂ ਤਰ੍ਹਾਂ ਦੇ ਪੁਰਾਤਨ ਛਾਂਦਾਰ ਰੁੱਖ ਹੁੰਦੇ ਸਨ। ਇਨ੍ਹਾਂ ਵਿਚ ਟਾਹਲੀ, ਕਿੱਕਰ, ਧਰੇਕ, ਅੰਬ, ਸਾਗ਼ਵਾਨ, ਜਾਮਣਾਂ, ਜਮੋਏ, ਲਸੂੜੇ ਤੇ ਹੋਰ ਵੀ ਕਿੰਨੀ ਤਰ੍ਹਾਂ ਦੇ ਰੁੱਖ ਸਨ ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਮੌਸਮੀ ਫਲ ਅਤੇ ਫੁੱਲ ਲੱਗਦੇ ਸਨ| ਗਰਮੀਆਂ ਦੇ ਦਿਨਾਂ ਵਿਚ ਆਉਣ-ਜਾਣ ਵਾਲੇ ਰਾਹੀ ਰੁੱਖਾਂ ਦੀ ਸੰਘਣੀ ਛਾਂ ਤੇ ਫਲਾਂ ਦਾ ਆਨੰਦ ਮਾਣਦੇ| ਰੁੱਖਾਂ ਦੇ ਆਲ੍ਹਣਿਆਂ ਵਿਚ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦਾ ਵਾਸਾ ਹੁੰਦਾ ਸੀ| ਉਦੋਂ ਆਬਾਦੀ ਬਹੁਤ ਘੱਟ ਸੀ| ਆਉਣ-ਜਾਣ ਦੇ ਸਾਧਨ ਵੀ ਸੀਮਤ ਸਨ; ਆਮ ਕਰਕੇ ਲੋਕੀਂ ਆਪਣੀਆਂ ਲੋੜਾਂ ਲਈ ਪੈਦਲ ਹੀ ਖਰੜ ਜਾਂਦੇ-ਆਉਂਦੇ ਸਨ| ਇਹ ਸੜਕ ਆਮ ਤੌਰ ਤੇ ਸੁੰਨੀ ਜਿਹੀ ਹੀ ਹੁੰਦੀ ਸੀ ਅਤੇ ਦੁਪਹਿਰ ਵੇਲੇ ਤੇ ਸ਼ਾਮ ਨੂੰ ਤਾਂ ਬਿਲਕੁਲ ਹੀ ਖਾਲੀ ਰਹਿੰਦੀ ਸੀ| ਅਸੀਂ ਬੱਚੇ ਵੀ ਗਰਮੀਆਂ ਦੀ ਕੜਕਦੀ ਧੁੱਪ ਵਿਚ ਸਕੂਲੋਂ ਪਰਤਦੇ ਰੁੱਖਾਂ ਦੀ ਸੰਘਣੀ-ਠੰਢੀ ਛਾਵੇਂ ਆਉਂਦੇ ਤੇ ਕੱਚੇ ਅੰਬ ਝਾੜ ਕੇ ਖਾਂਦੇ|
ਧੀਰ ਜੀ ਦੀ ਨੀਝ-ਉਡਾਰੀ ਕਮਾਲ ਦੀ ਸੀ; ਉਹ ਸੰਵੇਦਨਸ਼ੀਲ ਲੇਖਕ ਤਾਂ ਸਨ ਹੀ, ਉਨ੍ਹਾਂ ਅੰਦਰ ਚਿੱਤਰਕਾਰ ਵੀ ਵਸਦਾ ਸੀ| ਉਨ੍ਹਾਂ ਦੀਆਂ ਲਿਖੀਆਂ ਕਹਾਣੀਆਂ ਅਤੇ ਕਵਿਤਾਵਾਂ ਅਸੀਂ ਬੜੇ ਚਾਅ ਨਾਲ ਪੜ੍ਹਦੇ ਸਾਂ| ਉਨ੍ਹਾਂ ਦੀਆਂ ਲਿਖੀਆਂ ਕਹਾਣੀਆਂ ਦੀਆਂ ਪੁਸਤਕਾਂ ‘ਸਾਂਝੀ ਕੰਧ’, ‘ਸਵੇਰ ਹੋਣ ਤੱਕ’, ‘ਸਿੱਟਿਆਂ ਦੀ ਛਾਂ’ ਅਤੇ ਕਵਿਤਾਵਾਂ ਦੀਆਂ ਹੋਰ ਪੁਸਤਕਾਂ ਅਸੀਂ ਸਕੂਲ ਪੜ੍ਹਦਿਆਂ ਹੀ ਸਕੂਲ ਦੀ ਲਾਇਬ੍ਰੇਰੀ ਤੋਂ ਪੜ੍ਹ ਲਈਆਂ ਸਨ|
‘ਨਿੱਕੀ ਸਲੇਟੀ ਸੜਕ ਦਾ ਟੋਟਾ’ ਕਵਿਤਾ ਵਿਚ ਸਭ ਤੋਂ ਵੱਡੀ ਤੇ ਪ੍ਰਭਾਵਸ਼ਾਲੀ ਗੱਲ ਇਹ ਸੀ ਕਿ ਧੀਰ ਜੀ ਨੇ ਇਸ ਕਵਿਤਾ ਦੇ ਅੰਤ ਨੂੰ ਉਸ ਵੇਲੇ ਸੰਸਾਰ ਵਿਚ ਪੈਦਾ ਹੋਏ ਤੀਜੀ ਸੰਸਾਰ ਜੰਗ ਦੇ ਖਤਰੇ ਨਾਲ ਅਤੇ ਉਸ ਦੇ ਵਿਰੋਧ ਵਿਚ ਉੱਠੀ ਸੰਸਾਰ ਅਮਨ-ਲਹਿਰ ਨਾਲ ਜੋੜ ਦਿੱਤਾ ਸੀ; ਪਰ ਅੱਜ ਧੀਰ ਜੀ ਦੀ ਲਿਖੀ ‘ਨਿੱਕੀ ਸਲੇਟੀ ਸੜਕ’ ਦੀ ਤਰਾਸਦੀ ਇਹ ਹੈ ਕਿ ਮੁਹਾਲੀ ਸ਼ਹਿਰ ਦੇ ਪਸਾਰ ਨਾਲ ਇਸ ਦਾ ਅਸਲ ਸਰੂਪ ਹੀ ਬਦਲ ਗਿਆ ਹੈ| ਅਖੌਤੀ ਵਿਕਾਸ ਅਤੇ ਸਾਡੀਆਂ ਸਰਕਾਰਾਂ ਦੀਆਂ ਗਲਤ ਤੇ ਭ੍ਰਿਸ਼ਟ ਨੀਤੀਆਂ ਦੀ ਡਾਢੀ ਮਾਰ ਅੱਜ ਇਸ ਖੂਬਸੂਰਤ ਸੜਕ ਨੂੰ ਵੀ ਝੱਲਣੀ ਪਈ ਹੈ| ਇਹ ਸੜਕ ਹੁਣ ਚਹੁੰ-ਮਾਰਗੀ ਬਣ ਗਈ ਹੈ| ਇਸ ਦੇ ਕਿਨਾਰਿਆਂ ‘ਤੇ ਲੱਗੇ ਦਹਾਕਿਆਂ ਪੁਰਾਣੇ ਭਾਰੀ ਰੁੱਖ ਪੁੱਟ ਦਿੱਤੇ ਗਏ ਹਨ| ਸਾਲਾਂ ਦੇ ਸਾਲ ਬੀਤ ਜਾਣ ਮਗਰੋਂ ਵੀ ਸਰਕਾਰਾਂ ਨੇ ਨਵੇਂ ਰੁੱਖ ਲਾਉਣ ਦਾ ਨਾ ਨਹੀਂ ਲਿਆ| ਹਾਂ, ਇਨ੍ਹਾਂ ਰੁੱਖਾਂ ਦੀ ਥਾਂ ਸੜਕ ਦੇ ਆਲੇ-ਦੁਆਲੇ ਪਾਣੀ ਦੀ ਡਰੇਨੇਜ ਲਈ ਚੰਡੀਗੜ੍ਹ ਵਾਂਗ ਵੱਡੇ ਵੱਡੇ ਤੇ ਡੂੰਘੇ ਪਾਈਪ ਦੱਬਣ ਦੀ ਥਾਂ ਅਜਿਹਾ ਬੇਤਰਤੀਬਾ, ਉੱਚਾ-ਨੀਵਾਂ ਵੱਡਾ ਸਾਰਾ ਨਾਲਾ ਜ਼ਰੂਰ ਬਣਾ ਦਿੱਤਾ ਹੈ ਜਿਸ ਦੀਆਂ ਸਲੈਬਾਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ ਅਤੇ ਕਈ ਥਾਈਂ ਗਾਇਬ ਵੀ ਹਨ| ਇਸ ਨਾਲੇ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਜਗ੍ਹਾ ਜਗ੍ਹਾ ਇਸ ਵਿਚ ਕੂੜਾ-ਕਰਕਟ ਭਰਿਆ ਹੈ ਤੇ ਇਹ ਟੁੱਟੀਆਂ ਸਲੈਬਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ| ਇਸ ਸੜਕ ਦੇ ਦੁਆਲੇ ਇੱਟਾਂ ਤੇ ਸੀਮਿੰਟ ਦੇ ਉੱਚੇ ਉੱਚੇ ਫਲੈਟਨੁਮਾ ਜੰਗਲ ਜ਼ਰੂਰ ਉੱਗ ਆਏ ਹਨ|
ਇਸ ਸੜਕ ਤੇ ਦਿਨ-ਰਾਤ ਲੰਘਦੇ ਹਜ਼ਾਰਾਂ ਵਾਹਨਾਂ ਦਾ ਭੀੜ-ਭੜੱਕਾ, ਪਦੂਸ਼ਣ, ਧੂੰਆਂ ਤੇ ਹਾਰਨਾਂ ਦੇ ਸ਼ੋਰ ਦਾ ਬੋਲਬਾਲਾ ਹੈ| ਇਹ ਖੂਬਸੂਰਤ, ਸ਼ਾਂਤ ਤੇ ਠੰਢੀ ਛਾਂ ਵਾਲੀ ਸੜਕ ਜਿਸ ‘ਤੇ ਸਕੂਲ ਜਾਂਦੇ ਵਕਤ ਅਸੀਂ ਸਾਰੇ ਬੱਚੇ ਖੇਡਦੇ ਜਾਂਦੇ ਹੁੰਦੇ ਸਾਂ, ਹੁਣ ਉਹ ਨਹੀਂ ਰਹੀ| ਹੁਣ ਇਸ ਦੇ ਕਿਨਾਰਿਆਂ ਤੇ ਕਦੇ ਵੀ ਤਰ੍ਹਾਂ ਤਰ੍ਹਾਂ ਦੇ ਸੰਘਣੀ ਛਾਂ ਵਾਲੇ ਰੁੱਖ ਨਹੀਂ ਲੱਗਣੇ ਅਤੇ ਨਾ ਹੀ ਕਦੇ ਪਰਿੰਦੇ ਚਹਿਕਣਗੇ| ਹੁਣ ਇਹ ਸੜਕ ਇਤਿਹਾਸ ਬਣ ਗਈ ਹੈ|
ਸੰਪਰਕ: 99151-29064


Comments Off on ਨਿੱਕੀ ਸਲੇਟੀ ਸੜਕ ਦੀ ਬਾਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.