ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਨਾਮਵਰ ਸਾਹਿਤਕਾਰ ਤੇ ਇਤਿਹਾਸਕਾਰ ਸੁਰਜੀਤ ਹਾਂਸ ਦਾ ਦੇਹਾਂਤ

Posted On January - 18 - 2020

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜਨਵਰੀ
ਪ੍ਰਸਿੱਧ ਇਤਿਹਾਸਕਾਰ, ਨਾਟਕਕਾਰ, ਕਵੀ ਅਤੇ ਚਿੰਤਕ ਪ੍ਰੋ. ਸੁਰਜੀਤ ਹਾਂਸ ਦਾ ਅੱਜ ਦੇਹਾਂਤ ਹੋ ਗਿਆ। ਉਹ 89 ਵਰ੍ਹਿਆਂ ਦੇ ਸਨ ਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਹ ਮੂਲ ਰੂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੁਰਜਾਪੁਰ ਹਾਂਸ ਦੇ ਰਹਿਣ ਵਾਲੇ ਸਨ ਪਰ ਪਿਛਲੇ ਲੰਮੇ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ ਅਧਿਆਪਕ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਤੋਂ ਕੀਤੀ ਸੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਵਜੋਂ ਅਤੇ ਸੇਵਾਮੁਕਤੀ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਸੇਵਾ ਨਿਭਾਈ। ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਕੁੱਲ 70 ਕਿਤਾਬਾਂ ਪਾਈਆਂ। ਉਨ੍ਹਾਂ ਨਾਵਲਾਂ, ਨਾਟਕਾਂ, ਕਵਿਤਾਵਾਂ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਨੂੰ ਪੰਜਾਬੀ ਵਿੱਚ ਉਲੱਥਾ ਵੀ ਕੀਤਾ। ਉਨ੍ਹਾਂ ਕਈ ਦਹਾਕਿਆਂ ਦੀ ਮਿਹਨਤ ਨਾਲ ਸ਼ੇਕਸਪੀਅਰ ਅਤੇ ਹੈਨਰੀ 8ਵੇਂ ਦੀਆਂ ਲਿਖਤਾਂ ਦਾ ਅਨੁਵਾਦ ਕਰ ਕੇ ਪੰਜਾਬੀਆਂ ਦੀ ਝੋਲੀ ’ਚ ਪਾਇਆ ਸੀ।
ਸ੍ਰੀ ਹਾਂਸ ਵੱਲੋਂ ਰਚਿਤ ਸਾਹਿਤ ਵਿੱਚ ਜ਼ਿਕਰਯੋਗ ਕਿਤਾਬਾਂ ‘ਮਿੱਟੀ ਦੀ ਢੇਰੀ’, ‘ਪੁਸ਼ਤਾਂ’ (ਨਾਟਕ ਤ੍ਰਿਕੜੀ) ਤੇ ‘ਇਮਤਿਹਾਨ’, ‘ਲੂਣ ਦੀ ਡਲੀ’, ‘ਗੁਲਾਬੀ ਫੁੱਲ’, ‘ਝੁੱਗੀ ਝੌਂਪੜੀ’, ‘ਗੱਲੋਂ’, ‘ਮੰਨੋਂ’, ਅਤੇ ‘ਹਰਜੀਨ’ ਸ਼ਾਮਲ ਹਨ। ਉਨ੍ਹਾਂ ਦੀ ਇਕਲੌਤੀ ਸਪੁੱਤਰੀ ਨਾਨਕੀ ‘ਦਿ ਟ੍ਰਿਬਿਊਨ’ ਅਖ਼ਬਾਰ ਵਿੱਚ ਚੀਫ਼ ਨਿਊਜ਼ ਐਡੀਟਰ ਵਜੋਂ ਸੇਵਾ ਨਿਭਾਅ ਰਹੀ ਹੈ। ਸ੍ਰੀ ਹਾਂਸ ਦਾ ਅੱਜ ਚੰਡੀਗੜ੍ਹ ਵਿੱਚ ਬਿਨਾਂ ਧਾਰਮਿਕ ਰਸਮਾਂ ਤੋਂ ਸਸਕਾਰ ਕਰ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਨੀਪੁਰ ਦੇ ਸਾਬਕਾ ਰਾਜਪਾਲ ਗੁਰਬਚਨ ਜਗਤ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਸ਼ਾ ਤੇ ਉਚੇਰੀ ਸਿੱਖਿਆ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪੰਜਾਬ ਦੇ ਮੰਤਰੀਆਂ ਅਰੁਣਾ ਚੌਧਰੀ, ਵਿਜੈ ਇੰਦਰ ਸਿੰਗਲਾ, ਭਾਜਪਾ ਆਗੂ ਵਿਨੀਤ ਜੋਸ਼ੀ, ਪ੍ਰਸਿੱਧ ਇਤਿਹਾਸਕਾਰ ਇੰਦੂ ਬੰਗਾ, ਭਗਵਾਨ ਜੋਸ਼, ਡਾ. ਸੁਖਦੇਵ ਸਿੰਘ, ਡਾ. ਸੁਰਜੀਤ ਸਿੰਘ, ਗੁਰਭਜਨ ਗਿੱਲ ਅਤੇ ਤੇਜਵੰਤ ਗਿੱਲ, ਪ੍ਰੇਮ ਪ੍ਰਕਾਸ਼, ਅਮਰਜੀਤ ਚੰਦਨ, ਰਾਜ ਕੁਮਾਰ ਹੰਸ, ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਸਾਹਿਤ ਸਭਾ ਦਿੱਲੀ ਆਦਿ ਨੇ ਵੀ ਸੁਰਜੀਤ ਹਾਂਸ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਅੰਤਿਮ ਵਿਦਾਇਗੀ ਮੌਕੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਦਿ ਟ੍ਰਿਬਿਊਨ ਦੇ ਸੰਪਾਦਕ ਰਮੇਸ਼ ਰਾਮਾਚੰਦਰਨ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਸਿੰਘ, ਵਿਧਾਇਕ ਤੇ ਪੱਤਰਕਾਰ ਕੰਵਰ ਸੰਧੂ, ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ, ਸੁਰਿੰਦਰ ਸਿੰਘ ਤੇਜ, ਪ੍ਰਭਜੋਤ ਸਿੰਘ, ਹਰੀਸ਼ ਪੁਰੀ, ਗੁਰਦੇਵ ਸਿੰਘ ਸਿੱਧੂ, ਡਾ. ਜਸਪਾਲ ਸਿੰਘ, ਪੰਜਾਬ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਪ੍ਰੋ. ਰਾਬਿੰਦਰ ਸ਼ਰਮਾ ਅਤੇ ਅਮੀਰ ਸੁਲਤਾਨਾ, ਡਾ. ਸਰਬਜੀਤ ਸਿੰਘ ਆਦਿ ਸ਼ਾਮਲ ਸਨ। ਸ੍ਰੀ ਹਾਂਸ ਨਮਿਤ ਸ਼ੋਕ ਸਭਾ 19 ਜਨਵਰੀ ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ 11.30 ਵਜੇ ਹੋਵੇਗੀ।

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਦੁੱਖ ਦਾ ਪ੍ਰਗਟਾਵਾ

ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪੰਜਾਬੀ ਦੇ ਉੱਘੇ ਲੇਖਕ ਅਤੇ ਸਿੱਖ ਇਤਿਹਾਸਕਾਰ ਡਾ. ਸੁਰਜੀਤ ਹਾਂਸ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਦੱਸਿਆ ਕਿ 70 ਦੇ ਕਰੀਬ ਕਿਤਾਬਾਂ ਲਿਖਣਾ ਡਾ. ਹਾਂਸ ਦੀ ਲਿਆਕਤ ਦੀ ਗਵਾਹੀ ਭਰਦੀਆਂ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਦੇਣ ਸ਼ੇਕਸਪੀਅਰ ਦੀਆਂ ਸੰਪੂਰਨ ਰਚਨਾਵਾਂ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਨਾ ਹੈ। ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਡਾ. ਸੁਰਜੀਤ ਹਾਂਸ ਦਾ ਆਖ਼ਰੀ ਜ਼ਿਕਰਯੋਗ ਕੰਮ ‘ਡਾਰਵਿਨਜ਼ ਓਰੀਜਨ ਆਫ਼ ਸਪੀਸਜ਼’ ਕਿਤਾਬ ਦਾ ਪੰਜਾਬੀ ਵਿਚ ਅਨੁਵਾਦ ਕਰਨਾ ਹੈ। ਡਾ. ਸੁਰਜੀਤ ਪਾਤਰ, ਡਾ. ਸੁਖਦੇਵ ਸਿੰਘ ਤੇ ਹੋਰਾਂ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਪੀਤਾ।


Comments Off on ਨਾਮਵਰ ਸਾਹਿਤਕਾਰ ਤੇ ਇਤਿਹਾਸਕਾਰ ਸੁਰਜੀਤ ਹਾਂਸ ਦਾ ਦੇਹਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.