ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਨਵੀਆਂ ਰਾਣੀਆਂ

Posted On January - 26 - 2020

ਆਪਣੀ ਮਰਜ਼ੀ ਨਾਲ ਜਿਉਣ ਵਾਲਾ ਸ਼ਖ਼ਸ ਕਿਸੇ ਰਾਜੇ ਤੋਂ ਘੱਟ ਨਹੀਂ ਹੁੰਦਾ, ਪਰ ਸਮਾਂ ਬਦਲਣ ਨਾਲ ਵੀ ਔਰਤ ਪ੍ਰਤੀ ਨਜ਼ਰੀਏ ਵਿਚ ਬਹੁਤਾ ਬਦਲਾਅ ਨਹੀਂ ਆਇਆ। ਇਸੇ ਲਈ ਜ਼ਿਆਦਾਤਰ ਔਰਤਾਂ ਖ਼ਾਸਕਰ ਵਿਆਹ ਦੇ ਰਿਸ਼ਤੇ ਵਿਚ ਅਧੀਨਗੀ ਵਾਲਾ ਜੀਵਨ ਗੁਜ਼ਾਰਨ ਲਈ ਮਜਬੂਰ ਹੁੰਦੀਆਂ ਹਨ। ਅਜੋਕੇ ਦੌਰ ਦੀਆਂ ਕਈ ਔਰਤਾਂ ਅਜਿਹੇ ਜੀਵਨ ਤੋਂ ਇਨਕਾਰ ਕਰਦਿਆਂ ਆਪਣੀ ਮਰਜ਼ੀ ਨਾਲ ਸਵੈ-ਸਾਥ ਦਾ ਰਾਹ ਚੁਣਨ ਲੱਗੀਆਂ ਹਨ। ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਇਕੱਲਿਆਂ ਬਿਤਾਉਣ ਦਾ ਫ਼ੈਸਲਾ ਲੈਣ ਵਾਲੀਆਂ ਔਰਤਾਂ ਨੂੰ ਰਾਣੀਆਂ ਦੀ ਤਸ਼ਬੀਹ ਦੇ ਸਕਦੇ ਹਾਂ।

ਨਰਿੰਦਰ ਸਿੰਘ ਕਪੂਰ
ਸਵੈ-ਪ੍ਰੇਮ

ਉਦੇਸ਼ ਮਿੱਥ ਕੇ ਜਿਊਣ ਵਾਲੀ, ਰੁੱਝੀ ਹੋਈ ਅਤੇ ਆਪਣੀ ਆਮਦਨ ਵਾਲੀ ਇਸਤਰੀ ਨੂੰ ਹੁਣ ਆਪਣੀ ਪਛਾਣ ਲਈ ਕਿਸੇ ਦੀ ਪਤਨੀ ਹੋਣ ਦੀ ਲੋੜ ਨਹੀਂ ਪੈਂਦੀ। ਹੁਣ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਸਭ ਤੋਂ ਡੂੰਘਾ ਅਤੇ ਵਿਸ਼ਾਲ ਰਿਸ਼ਤਾ ਸਾਡਾ ਆਪਣੇ ਆਪ ਨਾਲ ਹੁੰਦਾ ਹੈ, ਜਿਹੜਾ ਜੀਵਨ ਭਰ ਨਿਭਦਾ ਹੈ। ਜ਼ਿੰਦਗੀ ਵਿਚ ਸਾਥ ਬੜੇ ਮਿਲਦੇ ਹਨ ਅਤੇ ਬਣਦੇ ਰਹਿੰਦੇ ਹਨ, ਪਰ ਆਪਣੇ ਆਪ ਦਾ ਸਾਥ ਸਭ ਤੋਂ ਗੂੜ੍ਹਾ ਹੁੰਦਾ ਹੈ। ਸਾਨੂੰ ਮੁਕੰਮਲ ਅਤੇ ਉਪਯੋਗੀ ਹੋਣ ਦੇ ਅਹਿਸਾਸ ਲਈ ਬਰਾਬਰੀ ਦੇ ਆਧਾਰ ’ਤੇ ਵਿਚਰਨ ਵਾਲੇ ਦੋਸਤਾਂ-ਸਹੇਲੀਆਂ ਅਤੇ ਜਾਣੂਆਂ ਦੀ ਲੋੜ ਪੈਂਦੀ ਹੈ। ਪਰਿਵਾਰ, ਪਤੀ-ਪਤਨੀ ਅਤੇ ਬੱੱਚਿਆਂ ਵਾਲਾ ਹੀ ਨਹੀਂ ਹੁੰਦਾ, ਹੁਣ ਪਰਿਵਾਰ ਦੇ ਅਨੇਕਾਂ ਰੂਪ ਹਨ। ਭਾਵੇਂ ਪਤੀ-ਪਤਨੀ ਵਾਲਾ ਪਰਿਵਾਰ ਸਦੀਆਂ ਤੋਂ ਪ੍ਰਵਾਨ ਹੁੰਦਾ ਰਿਹਾ ਹੈ, ਪਰ ਹੁਣ ਅਜਿਹੇ ਪਰਿਵਾਰ ਤੋਂ ਮਿਲਣ ਵਾਲੀ ਤਸੱਲੀ ਘਟਦੀ ਜਾ ਰਹੀ ਹੈ ਕਿਉਂਕਿ ਪਤੀ-ਪਤਨੀ ਵਾਲੇ ਰਿਸ਼ਤੇ ਵਿਚ ਵਧੇਰੇ ਪੜ੍ਹੀ-ਲਿਖੀ ਅਤੇ ਯੋਗ ਪਤਨੀ ਦੀ ਸਥਿਤੀ ਹਮੇਸ਼ਾ ਦੁਜੈਲੀ ਹੀ ਹੁੰਦੀ ਹੈ। ਜੇ ਇਸਤਰੀ ਨੇ ਆਪਣੇ ਖੇਤਰ ਵਿਚ ਮੋਹਰੀ ਬਣਨਾ ਹੈ ਤਾਂ ਉਸ ਨੂੰ ਪਰੰਪਰਕ ਪਰਿਵਾਰ ਤੋਂ ਮੁਕਤ ਹੋਣਾ ਪਏਗਾ। ਮੇਰੀ ਇਕ ਜਾਣੂ ਇਸਤਰੀ ਦੱਸ ਰਹੀ ਜੀ ਕਿ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਉਸ ਦੇ ਭਰਾ ਹਰ ਉਸ ਲੜਕੇ ਨੂੰ ਕੁੱਟ ਦਿੰਦੇ ਸਨ ਜਿਸ ਨਾਲ ਉਹ ਗੱਲ ਕਰਦੀ ਸੀ ਅਤੇ ਜਿਹੜਾ ਉਸ ਨਾਲ ਗੱਲ ਕਰਦਾ ਸੀ। ਨਾ ਕੇਵਲ ਇਹ, ਉਸ ਦੇ ਭਰਾ ਉਸ ਦੇ ਯੂਨੀਵਰਸਿਟੀ ਵਿਚ ਪੜ੍ਹਨ ਦੇ ਵੀ ਵਿਰੁੱਧ ਸਨ। ਇਨ੍ਹਾਂ ਕਾਰਨਾਂ ਕਰਕੇ ਉਸ ਨੇ ਜ਼ਿੰਦਗੀ ਵਿਚ ਆਪਣੇ ਭਰਾਵਾਂ ਦੀ ਚੋਣ ਵਾਲੇ ਲੜਕੇ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਿਆਂ, ਇਕੱਲਿਆਂ ਵਿਚਰਨ ਦਾ ਰਾਹ ਚੁਣਿਆ। ਉਸ ਨੇ ਦੱਸਿਆ: ਮੈਂ ਖ਼ੁਸ਼ ਹਾਂ, ਮੇਰੇ ਦੋਸਤਾਂ, ਸਹੇਲੀਆਂ ਦੀ ਵਿਸ਼ਾਲ ਗਿਣਤੀ ਹੈ। ਮੈਨੂੰ ਕਿਸੇ ਭਾਈਵਾਲ ਦੀ ਲੋੜ ਨਹੀਂ, ਮੈਨੂੰ ਕਿਸੇ ਮਾਲਕ ਜਾਂ ਘਰ ਵਾਲੇ ਦੀ ਲੋੜ ਨਹੀਂ। ਮੈਂ ਆਪਣਾ ਧਿਆਨ ਆਪ ਰੱਖ ਸਕਦੀ ਹਾਂ, ਮੇਰੇ ਆਪਣੇ ਰੁਝੇਵੇਂ ਅਤੇ ਸ਼ੌਕ ਹਨ ਜਿਹੜੇ ਮੇਰੇ ਲਈ ਪ੍ਰਸੰਨਤਾ ਦਾ ਸਰੋਤ ਹਨ। ਮੈਨੂੰ ਸੁਤੰਤਰ ਰੂਪ ਵਿਚ ਰਹਿਣ ਦੀ ਇਤਨੀ ਆਦਤ ਪੈ ਗਈ ਹੈ ਕਿ ਹੁਣ, ਕਿਸੇ ਦੀ ਅਧੀਨਗੀ ਮੈਨੂੰ ਕਿਸੇ ਕੀਮਤ ’ਤੇ ਪ੍ਰਵਾਨ ਨਹੀਂ।
ਵੇਖਿਆ ਗਿਆ ਹੈ ਕਿ ਮਨੁੱਖ ਦੇ ਜਿਤਨੇ ਸ਼ੌਕ ਹੁੰਦੇ ਹਨ, ਉਤਨੀ ਹੀ ਉਸ ਨੂੰ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਅਤੇ ਇਸਤਰੀਆਂ-ਪੁਰਸ਼ਾਂ ਦੀ ਵਧੇਰੇ ਸਮਝ ਹੁੰਦੀ ਹੈ। ਨਿਰਸੰਦੇਹ, ਪਰੰਪਰਾਗਤ ਸਮਾਜਾਂ ਵਿਚ ਸ਼ੌਕ ਵਾਲੀਆਂ ਇਸਤਰੀਆਂ ਦਾ ਵੀ ਇਕੱਲਿਆਂ ਹੋਣਾ ਪ੍ਰਵਾਨ ਕਰਨ ਵਿਚ ਮੁਸ਼ਕਿਲਾਂ ਹਨ। ਜਿਹੜੀ ਇਸਤਰੀ ਪੁਰਸ਼ ਦੀ ਪ੍ਰਵਾਹ ਨਹੀਂ ਕਰਦੀ, ਉਸ ਨੂੰ ਪੁਰਸ਼, ਸਮਾਜ ਅਤੇ ਮਾਪੇ ਖ਼ਤਰਨਾਕ ਸਮਝਦੇ ਹਨ। ਦੁਨੀਆਂ ਨੂੰ ਬਦਲਣ, ਕੁਝ ਨਵਾਂ ਕਰ ਕੇ ਵਿਖਾਉਣ ਦੇ ਸੁਪਨੇ ਪਾਲਣ ਵਾਲੀਆਂ ਇਸਤਰੀਆਂ ਲਈ ਹੁਣ ਵਿਆਹ ਵੱਡਾ ਮਸਲਾ ਨਹੀਂ ਰਿਹਾ, ਕਿਉਂਕਿ ਇਸ ਰਿਸ਼ਤੇ ਵਿਚੋਂ ਨਵੀਨਤਾ ਦੇ ਅੰਸ਼ ਮੁੱਕ ਗਏ ਹਨ, ਕਿਉਂਕਿ ਹੁਣ ਇਸ ਦੀਆਂ ਮੁਸ਼ਕਿਲਾਂ ਹੀ ਵਿਚਾਰੀਆਂ ਜਾਂਦੀਆਂ ਹਨ। ਅਨੇਕਾਂ ਪੁਰਸ਼ਾਂ-ਇਸਤਰੀਆਂ ਨੂੰ ਹੁਣ ਵਿਆਹ ਕਰਵਾਉਣ ਲਈ ਵਕਤ ਹੀ ਨਹੀਂ ਮਿਲਦਾ। ਭਾਰਤੀ ਸਮਾਜ ਵਿਚ ਵਿਆਹ ਨਾ ਕਰਵਾਉਣ ਵਾਲੀਆਂ, ਇਕੱਲਿਆਂ ਰਹਿਣ ਵਾਲੀਆਂ, ਆਜ਼ਾਦ ਤਬੀਅਤ ਵਾਲੀਆਂ ਇਸਤਰੀਆਂ ਲਈ ਨਾਂਹ-ਪੱਖੀ ਅਤੇ ਅਪਮਾਨ ਵਾਲੀ ਸ਼ਬਦਾਵਲੀ ਹੀ ਵਰਤੀ ਜਾਂਦੀ ਹੈ ਜਿਸ ਕਾਰਨ ਇਸਤਰੀ ਦੇ ਇਕੱਲਿਆਂ ਰਹਿਣ ਨੂੰ ਇਤਰਾਜ਼ ਵਾਲੀਆਂ ਸ਼ੱਕੀ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ।

ਨਰਿੰਦਰ ਸਿੰਘ ਕਪੂਰ

ਸ਼ਖ਼ਸੀਅਤ ਵਾਲੀਆਂ, ਸੋਚਣ ਵਾਲੀਆਂ ਅਤੇ ਆਪਣੇ ਫੈ਼ਸਲੇ ਆਪ ਕਰਨ ਵਾਲੀਆਂ ਪਤਨੀਆਂ ਦਾ ਆਪਣੇ ਪਤੀਆਂ ਨਾਲ ਝਗੜਾ ਆਮ ਗੱਲ ਹੈ ਕਿਉਂਕਿ ਆਧੁਨਿਕ ਸੋਚ ਵਾਲੀਆਂ ਪਤਨੀਆਂ ਅਤੇ ਜਗੀਰਦਾਰੂ ਸੋਚ ਵਾਲੇ ਪਤੀ ਨਿਭ ਨਹੀਂ ਸਕਦੇ। ਤਲਾਕ ਦੇ ਬਹੁਤੇ ਮੁਕੱਦਮੇ ਇਨ੍ਹਾਂ ਪਤੀਆਂ-ਪਤਨੀਆਂ ਦੇ ਹੀ ਹੁੰਦੇ ਹਨ। ਪਿਤਾ ਵੱਲੋਂ ਮਾਂ ਨਾਲ ਕੀਤੇ ਜਾਂਦੇ ਨਿਰੰਤਰ ਦੁਰਵਿਹਾਰ ਤੋਂ ਪਰੇਸ਼ਾਨ ਅਤੇ ਅੱਕੀਆਂ ਹੋਈਆਂ ਦੋ ਭੈਣਾਂ ਵਿਆਹ ਤੋਂ ਇਸ ਲਈ ਇਨਕਾਰੀ ਹੋ ਗਈਆਂ ਕਿਉਂਕਿ ਉਹ ਆਪਣੀ ਮਾਂ ਵਾਂਗ ਸੁੰਗੜ ਕੇ, ਡਰ ਨਾਲ, ਜਿਊਣਾ ਨਹੀਂ ਸੀ ਚਾਹੁੰਦੀਆਂ। ਅਜਿਹੀਆਂ ਇਸਤਰੀਆਂ ਦੇ ਵਿਆਹ ਨਾ ਕਰਵਾਉਣ ਦੇ ਫ਼ੈਸਲੇ ਦੀਆਂ ਲੋਕ ਸ਼ੁਰੂ ਵਿਚ ਗੱਲਾਂ ਕਰਦੇ ਹਨ, ਪਰ ਜਦੋਂ ਉਨ੍ਹਾਂ ਦੀ ਕਿਸੇ ਭੈਣ, ਭਾਣਜੀ ਜਾਂ ਭਤੀਜੀ ਨਾਲ ਇਵੇਂ ਵਾਪਰਦਾ ਹੈ ਤਾਂ ਉਹ ਗੱਲਾਂ ਕਰਨੀਆਂ ਹੀ ਬੰਦ ਨਹੀਂ ਕਰਦੇ, ਉਨ੍ਹਾਂ ਦੇ ਸਵੈ-ਨਿਰਭਰ ਜੀਵਨ ਗੁਜ਼ਾਰਨ ਦੇ ਫੈ਼ਸਲੇ ਦੀ ਪ੍ਰਸ਼ੰਸਾ ਵੀ ਕਰਦੇ ਹਨ। ਜਰਨਲਿਜ਼ਮ ਦਾ ਕੋਰਸ ਕਰ ਰਹੀ ਮੇਰੀ ਇਕ ਵਿਦਿਆਰਥਣ ਦੀ, ਉਸ ਦੀ ਬਣਨ ਵਾਲੀ ਸੱਸ ਨੇ ਇਸ ਲਈ ਮੰਗਣੀ ਤੋੜ ਦਿੱਤੀ ਕਿ ਅਜਿਹੀਆਂ ਲੜਕੀਆਂ ਆਜ਼ਾਦ ਸੋਚਣੀ ਵਾਲੀਆਂ ਹੋ ਜਾਂਦੀਆਂ ਹਨ। ਉਸ ਲੜਕੀ ਨੇ ਇਸ ਵਰਤਾਰੇ ਨੂੰ ਹੀ ਆਪਣਾ ਪ੍ਰੇਰਨਾ ਸਰੋਤ ਬਣਾ ਕੇ ਸੱਸ ਅਤੇ ਪਤੀ ਤੋਂ ਆਜ਼ਾਦ ਜੀਵਨ ਉਲੀਕਣ ਦਾ ਨਿਰਣਾ ਕੀਤਾ। ਆਪਣਾ ਜੀਵਨ ਆਪ ਵਿਉਂਤਣ ਵਾਲੀਆਂ, ਨਵੇਂ ਖੇਤਰਾਂ ਨੂੰ ਫਰੋਲਣ ਵਾਲੀਆਂ ਇਸਤਰੀਆਂ, ਪਤੀ ਵਾਲੇ ਘਰ ਨੂੰ ਮੋਢਿਆਂ ’ਤੇ ਚੁੱਕੀ ਫਿਰਨ ਤੋਂ ਇਨਕਾਰੀ ਹੁੰਦੀਆਂ ਜਾ ਰਹੀਆਂ ਹਨ।
ਪਤੀ ਦੇ ਦੋ ਰੂਪ ਹੁੰਦੇ ਹਨ, ਇਕ ਸਮਾਜ ਲਈ, ਦੂਜਾ ਪਤਨੀ ਲਈ। ਜੇ ਪਤੀ ਨਾਲ ਝਗੜਾ ਹੋਵੇ ਤਾਂ ਇਹ ਵਧਦਾ ਹੀ ਜਾਂਦਾ ਹੈ। ਇਸਤਰੀ ਬਰਾਬਰੀ ਦੇ ਆਧਾਰ ’ਤੇ ਇਨਸਾਨ ਵਾਲਾ ਵਿਹਾਰ ਕੀਤੇ ਜਾਣਾ ਪਸੰਦ ਕਰਦੀ ਹੈ, ਵਸਤੂ ਦੇ ਰੂਪ ਵਿਚ ਨਹੀਂ। ਜੇ ਇਸਤਰੀ ਨੇ ਕੁਝ ਨਿਵੇਕਲਾ ਕਰਨਾ ਹੈ ਤਾਂ ਉਸ ਨੂੰ ਪੁਰਸ਼ ਦੀ ਛੱਤਰੀ ਅਤੇ ਪ੍ਰਛਾਵੇਂ ਤੋਂ ਮੁਕਤ ਹੋਣ ਦੀ ਲੋੜ ਪਏਗੀ। ਇਕ ਇਸਤਰੀ ਗਾਉਂਦੀ ਸੀ ਉਹ ਵਿਆਹ ਉਪਰੰਤ ਵੀ ਇਸ ਸ਼ੌਕ ਨੂੰ ਪਾਲਣਾ ਅਤੇ ਆਮਦਨ ਦਾ ਸਰੋਤ ਬਣਾਉਣਾ ਚਾਹੁੰਦੀ ਸੀ, ਪਰ ਪਤੀ ਨੂੰ ਉਸ ਦਾ ਘਰੋਂ ਬਾਹਰ ਨਿਕਲਣਾ ਵੀ ਪਸੰਦ ਨਹੀਂ ਸੀ। ਕਲਾਤਮਿਕ ਯੋਗਤਾਵਾਂ ਵਾਲੀਆਂ ਅਨੇਕਾਂ ਇਸਤਰੀਆਂ ਅਜਿਹੀ ਸਥਿਤੀ ਦਾ ਸਾਹਮਣਾ ਕਰਨ ਕਰਕੇ, ਹੋਰਾਂ ਦੀ ਉਦਾਹਰਣ ਤੋਂ ਸਬਕ ਸਿੱਖ ਕੇ ਆਪਣੀ ਮਰਜ਼ੀ ਨਾਲ ਜਿਊਣ ਨੂੰ ਤਰਜੀਹ ਦੇ ਰਹੀਆਂ ਹਨ। ਇਸ ਸਮੇਂ ਭਾਰਤ ਵਿਚ ਲਗਪਗ ਸੱਤ ਕਰੋੜ ਇਸਤਰੀਆਂ ਅਦਾਲਤੀ ਕਰਵਾਈ ਨਾਲ, ਤਲਾਕ ਕਾਰਨ, ਵਿਧਵਾ ਹੋਣ ਦੀ ਸਥਿਤੀ ਕਰਕੇ ਇਕੱਲੀਆਂ ਰਹਿ ਰਹੀਆਂ ਹਨ। ਆਪਣੀ ਮਰਜ਼ੀ ਨਾਲ ਵਿਆਹ ਨਾ ਕਰਵਾਉਣ ਵਾਲੀਆਂ, ਉੱਪਰਲੀ ਮੱਧ-ਸ਼੍ਰੇਣੀ ਦੀਆਂ ਪੜ੍ਹੀਆਂ-ਲਿਖੀਆਂ, ਆਪਣੀ ਆਮਦਨ ਵਾਲੀਆਂ ਇਸਤਰੀਆਂ ਦੀ ਗਿਣਤੀ ਕਾਲਜਾਂ, ਯੂਨੀਵਰਸਿਟੀਆਂ, ਫਿ਼ਲਮਾਂ, ਟੈਲੀਵਿਜ਼ਨ, ਹਵਾਈ ਕੰਪਨੀਆਂ, ਸੰਚਾਰ, ਪੱਤਰਕਾਰੀ ਆਦਿ ਖੇਤਰਾਂ ਵਿਚ ਵਿਆਪਕ ਹੈ ਅਤੇ ਵਧ ਰਹੀ ਹੈ। ਹੁਣ ਅਜਿਹੀਆਂ ਇਸਤਰੀਆਂ ਦਾ ਹੋਣਾ, ਨਾ ਕਿਸੇ ਦਾ ਉਚੇਚਾ ਧਿਆਨ ਖਿੱਚਦਾ ਹੈ ਅਤੇ ਨਾ ਕਿਸੇ ਨੂੰ ਹੈਰਾਨ ਕਰਦਾ ਹੈ।
ਨਿਰਸੰਦੇਹ, ਇਕੱਲਿਆਂ ਰਹਿਣ ਦਾ ਫੈ਼ਸਲਾ ਕਰਨਾ ਅਤੇ ਨਿਭਾਉਣਾ ਸੌਖਾ ਨਹੀਂ ਹੁੰਦਾ, ਪਰ ਹੁਣ ਅਜਿਹੀਆਂ ਇਸਤਰੀਆਂ ਮਿਲਦੀਆਂ ਹਨ ਜਿਨ੍ਹਾਂ ਨੂੰ ਆਪਣੇ ਅਜਿਹੇ ਫੈ਼ਸਲੇ ’ਤੇ ਮਾਣ ਹੁੰਦਾ ਹੈ। ਪ੍ਰਵਾਨਿਤ ਜੀਵਨ ਪ੍ਰਣਾਲੀ ਦੇ ਸਮਾਨਾਂਤਰ, ਜੀਵਨ-ਢੰਗ ਅਪਨਾਉਣ ਦੀਆਂ ਮੁਸ਼ਕਿਲਾਂ ਹੁੰਦੀਆਂ ਹਨ। ਇਕੱਲਿਆਂ ਰਹਿਣ ਦੇ ਹਾਂ-ਪੱਖੀ ਪਹਿਲੂਆਂ ਬਾਰੇ ਹਾਂ-ਪੱਖੀ ਦ੍ਰਿਸ਼ਟੀਕੋਣ ਨਾਲ ਸੋਚਣ ਦੀ ਲੋੜ ਹੈ। ਕਈ ਕਾਰਨਾਂ ਕਰਕੇ ਇਕੱਲੀਆਂ ਹੋ ਜਾਣ ਅਤੇ ਰਹਿ ਜਾਣ ਵਾਲੀਆਂ ਕਈ ਇਸਤਰੀਆਂ ਝੰਜਟਾਂ ਵਿਚੋਂ ਗੁਜ਼ਰਨ ਉਪਰੰਤ ਇਕੱਲਿਆਂ ਰਹਿਣ ਨੂੰ ਤਰਜੀਹ ਦਿੰਦੀਆਂ ਹਨ ਅਤੇ ਨਵੇਂ ਸਿਰਿਓਂ ਝੰਜਟ ਸਹੇੜਨ ਤੋਂ ਇਨਕਾਰੀ ਹਨ। ਸਮਾਜ ਦਾ ਦ੍ਰਿਸ਼ਟੀਕੋਣ ਵੀ ਬਦਲ ਰਿਹਾ ਹੈ। ਇਨ੍ਹਾਂ ਮਹਿਲਾਵਾਂ ਲਈ ਹੋਸਟਲ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਚੌਕੀਦਾਰਾਂ ਵਾਲੇ ਫਲੈਟਾਂ ਵਾਲੀ ਰਿਹਾਇਸ਼ ਨਾਲ ਸੁਰੱਖਿਆ ਦੀ ਸਮੱਸਿਆ ਹੱਲ ਕੀਤੀ ਜਾ ਰਹੀ ਹੈ। ਦੂਜੀ ਸਮੱਸਿਆ ਇਕੱਲਤਾ ਦੀ ਹੈ। ਕਈ ਵਿਆਹੀਆਂ ਹੋਈਆਂ ਇਸਤਰੀਆਂ ਵੀ ਇਕੱਲਤਾ ਮਹਿਸੂਸ ਕਰਦੀਆਂ ਹਨ ਅਤੇ ਇਹ ਇਸਤਰੀਆਂ ਇਕੱਲੀਆਂ ਔਰਤਾਂ ਦੇ ਕਲੱਬਾਂ ਦੀਆਂ ਮੈਂਬਰ ਹਨ। ਜਦੋਂ ਕੋਈ ਇਸਤਰੀ ਆਪਣੇ ਜੀਵਨ ਦੀ ਕਮਾਨ ਆਪ ਸੰਭਾਲਦੀ ਹੈ ਤਾਂ ਉਹ ਕਈਆਂ ਲਈ ਪ੍ਰੇਰਨਾ ਸਰੋਤ ਬਣਦੀ ਹੈ। ਅਜਿਹੀਆਂ ਇਸਤਰੀਆਂ ਵਧੇਰੇ ਵਿਕਾਸ ਕਰਦੀਆਂ ਹਨ। ਅਜੋਕੇ ਸੰਸਾਰ ਵਿਚ ਹੋਰ ਤਾਂ ਹੀ ਸਤਿਕਾਰ ਨਾਲ ਪੇਸ਼ ਆਉਣਗੇ, ਜੇ ਤੁਸੀਂ ਸਾਬਤ ਕਰੋ ਕਿ ਤੁਸੀਂ ਉਨ੍ਹਾਂ ਤੋਂ ਬਿਨਾਂ ਵੀ ਪ੍ਰਸੰਨ ਜੀਵਨ ਗੁਜ਼ਾਰ ਸਕਦੇ ਹੋ। ਇਕੱਲਿਆਂ ਪ੍ਰਸੰਨ ਜੀਵਨ ਗੁਜ਼ਾਰਨ ਦੀਆਂ ਸਭ ਤੋਂ ਵਧੇਰੇ ਪ੍ਰਮਾਣਿਕ ਉਦਾਹਰਣਾਂ ਫ਼ਰਾਂਸੀਸੀ ਔਰਤਾਂ ਨੇ ਸਥਾਪਤ ਕੀਤੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਯੂਰੋਪੀਅਨ ਦੇਸ਼ਾਂ ਵੱਲੋਂ ਅਤੇ ਹੁਣ ਸਾਰੇ ਸੰਸਾਰ ਵਿਚ ਅਪਨਾਇਆ ਜਾ ਰਿਹਾ ਹੈ।
ਇਕੱਲਿਆਂ ਰਹਿਣ ਵਾਲੀਆਂ ਇਸਤਰੀਆਂ ਦੀ ਇਕ ਵੰਨਗੀ ਉਹ ਹੈ ਜਿਨ੍ਹਾਂ ਦਾ ਵਿਆਹ ਟੁੱਟ ਜਾਂਦਾ ਹੈ। ਵਿਆਹ ਦਾ ਰਿਸ਼ਤਾ ਟੁੱਟਣ ਮਗਰੋਂ ਖ਼ਿਆਲ ਆਉਂਦਾ ਹੈ ਕਿ ਹੁਣ ਮੈਂ ਕਿਵੇਂ ਜਿਊਣਾ ਹੈ। ਇਕੱਲੇ ਹੋਣ ਦੀ ਸੂਰਤ ਵਿਚ ਹੀ ਇਸਤਰੀ ਨੂੰ ਪਤਾ ਲੱਗਦਾ ਹੈ ਕਿ ਉਹ ਕਿਤਨੀ ਕੁ ਮਜ਼ਬੂਤ ਹੈ। ਪੁਰਸ਼ ਪ੍ਰਧਾਨ ਪਰੰਪਰਕ ਸਮਾਜ ਵਿਚ ਔਰਤ ਦਾ ਇਕੱਲਿਆਂ ਵਿਚਰਨਾ ਪਹਿਲਾਂ ਅਸੰਭਵ ਸੀ, ਹੁਣ ਮੁਸ਼ਕਿਲ ਹੀ ਹੈ। ਅਜੋਕੇ ਸੰਸਾਰ ਵਿਚ ਸਿੱਖਿਆ ਅਤੇ ਉੱਚ-ਸਿੱਖਿਆ ਨੇ ਅਨੇਕਾਂ ਵਿਕਲਪ ਸਿਰਜੇ ਹਨ ਜਿਸ ਕਾਰਨ ਹੁਣ ਆਪਣੀ ਪਛਾਣ ਲਈ ਇਸਤਰੀ ਨੂੰ ਪਤੀ ਉਡੀਕਣ ਦੀ ਲੋੜ ਨਹੀਂ। ਇਸਤਰੀ ਦੇ ਨਵੇਂ ਰੂਪ ਉਭਰਨ ਨਾਲ ਪੁਰਸ਼ ਦਾ ਦ੍ਰਿਸ਼ਟੀਕੋਣ ਵੀ ਬਦਲ ਰਿਹਾ ਹੈ ਅਤੇ ਹੁਣ ਪੁਰਸ਼ ਇਕੱਲਿਆਂ ਵਿਚਰਨ ਵਾਲੀ ਇਸਤਰੀ ਨਾਲ ਵਰਤਣ ਅਤੇ ਮੁਖ਼ਾਤਬ ਹੋਣ ਦੀ ਜਾਚ ਸਿੱਖ ਰਿਹਾ ਹੈ। ਇਸਤਰੀ ਉਦੋਂ ਆਜ਼ਾਦ ਹੁੰਦੀ ਹੈ, ਜਦੋਂ ਉਹ ਪੁਰਸ਼ ਤੋਂ ਬਿਨਾਂ ਵੀ ਪ੍ਰਸੰਨ ਜ਼ਿੰਦਗੀ ਗੁਜ਼ਾਰ ਸਕਦੀ ਹੈ। ਇਕ ਇਸਤਰੀ ਕਹਿ ਰਹੀ ਸੀ: ਮੈਂ ਇਕੱਲੀ ਹਾਂ, ਪ੍ਰਸੰਨ ਹਾਂ, ਇਕੱਲੀ ਅਤੇ ਪ੍ਰਸੰਨ ਹੀ ਨਹੀਂ, ਆਜ਼ਾਦ ਵੀ ਹਾਂ। ਮੈਨੂੰ ਕੋਈ ਫੈ਼ਸਲਾ ਕਰਨ ਲਈ ਕਿਸੇ ਵੱਲ ਵੇਖਣ ਜਾਂ ਕਿਸੇ ਦੀ ਆਗਿਆ ਲੈਣ ਦੀ ਲੋੜ ਨਹੀਂ। ਕਿਸੇ ਨੇ ਕਿਹਾ ਸੀ: ਤੂੰ ਬੜੀ ਸੋਹਣੀ ਏਂ, ਤੇਰੀਆਂ ਗੱਲ੍ਹਾਂ ਵਿਚ ਟੋਏ ਪੈਂਦੇ ਹਨ, ਤੈਨੂੰ ਪਾਇਆ-ਪਹਿਨਿਆ ਵੀ ਜੱਚਦਾ ਹੈ, ਚੰਗੇ ਪਰਿਵਾਰ ਦੀ ਪ੍ਰਤੀਤ ਹੁੰਦੀ ਏਂ, ਤਬੀਅਤ ਵਿਚ ਰੋਮਾਂਟਿਕ ਬਿਰਤੀ ਵੀ ਹੈ, ਤੇਰੀਆਂ ਚੁੰਨੀਆਂ ਵੀ ਰਾਂਗਲੀਆਂ ਅਤੇ ਨਿਵੇਕਲੀਆਂ ਹੁੰਦੀਆਂ ਹਨ, ਤੈਨੂੰ ਚਾਹੁਣ ਵਾਲੇ ਵੀ ਅਨੇਕਾਂ ਹੋਣਗੇ, ਤੂੰ ਇਕੱਲੀ ਜੱਚਦੀ ਨਹੀਂ। ਮੇਰਾ ਉੱਤਰ ਸੀ: ਮੈਨੂੰ ਝੂਠੀਆਂ ਦਿਲਬਰੀਆਂ ਤੋਂ ਬਿਨਾਂ ਵੀ ਪ੍ਰਸੰਨ ਰਹਿਣਾ ਆਉਂਦਾ ਹੈ। ਮੈਂ ਰੁਕਾਵਟਾਂ ਨਹੀਂ ਦੇਖਦੀ, ਅਵਸਰ ਦੇਖਦੀ ਹਾਂ। ਮੈਨੂੰ ਗ਼ਲਤ ਵਿਅਕਤੀ ਦੀ ਪਤਨੀ ਵਜੋਂ ਪ੍ਰੇਸ਼ਾਨ ਹੋਣ ਦੀ ਥਾਂ ਇਕੱਲਿਆਂ ਆਪਣੀ ਮਰਜ਼ੀ ਨਾਲ ਵਿਚਰਨਾ ਬਿਹਤਰ ਪ੍ਰਤੀਤ ਹੁੰਦਾ ਹੈ।
ਪਿੰਡਾਂ ਵਿਚ ਛੜੇ ਦਾ ਸੰਕਲਪ ਬੜਾ ਪੁਰਾਣਾ ਹੈ ਜਿਹੜਾ ਜ਼ਮੀਨ ਦੇ ਘੱਟ ਹੋਣ ਜਾਂ ਹੋਰ ਕਾਰਨਾਂ ਕਰਕੇ ਇਕੱਲਾ ਰਹਿਣ ਲਈ ਮਜਬੂਰ ਹੁੰਦਾ ਹੈ। ਪੇਂਡੂ ਸਮਾਜ ਵਿਚ ਛੜੀ ਦਾ ਕੋਈ ਸੰਕਲਪ ਨਹੀਂ। ਇਕੱਲੀ ਇਸਤਰੀ ਲਈ ਪੇਂਡੂ ਸਮਾਜ ਵਿਚ ਅਪਮਾਨ ਭਰੇ ਵਿਸ਼ੇਸ਼ਣ ਹੀ ਹਨ। ਅਜਿਹੀ ਇਸਤਰੀ ਨੂੰ ਲੜਾਕੀ, ਚੁੜੇਲ, ਬੁੱਢੀ, ਬੰਜਰ, ਪੱਥਰ ਆਦਿ ਕਿਹਾ ਜਾਂਦਾ ਹੈ ਜਦੋਂਕਿ ਛੜੇ ਦੀ ਸਥਿਤੀ ਕੇਵਲ ਹਾਸੋਹੀਣੀ ਹੀ ਹੁੰਦੀ ਹੈ। ਛੜਾ ਉਸ ਨੂੰ ਕਹਿੰਦੇ ਹਨ ਜਿਸ ਦਾ ਵਿਆਹ ਨਹੀਂ ਹੋਇਆ, ਪਰ ਉਹ ਕਿਸੇ ਵੇਲੇ ਵਿਆਹ ਕਰ ਵੀ ਸਕਦਾ ਹੈ। ਇਸਤਰੀ ਲਈ ਛੜੀ, ਛੁੱਟੜ ਆਦਿ ਜਿਹੇ ਅਪਮਾਨਜਨਕ ਸ਼ਬਦਾਂ ਦੀ ਥਾਂ ਹੁਣ ਕੌਮਾਂਤਰੀ ਅਤੇ ਕੌਮੀ ਪੱਧਰ ’ਤੇ ਵੀ ਸਵੈ-ਵਿਆਹੀ, ਸਵੈ-ਸਾਥ ਵਾਲੀ ਆਦਿ ਸੰਕਲਪਾਂ ਦੀ ਵਰਤੋਂ ਹੋਣ ਲੱਗੀ ਹੈ। ਅਜੋਕੀ ਇਸਤਰੀ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਅਤੇ ਮਾਤਾ-ਪਿਤਾ ਨਾ ਹੋਣ ਦੀ ਸੂਰਤ ਵਿਚ ਛੋਟੇ ਭੈਣ-ਭਰਾਵਾਂ ਦੀ ਦੇਖ-ਭਾਲ ਦੀ ਲੋੜ ਆਦਿ ਕਈ ਕਾਰਨਾਂ ਕਰਕੇ ਵਿਆਹ ਨਾ ਕਰਵਾਉਣ ਦਾ ਨਿਰਣਾ ਕਰਦੀ ਹੈ। ਕਈ ਮਹਿਲਾਵਾਂ ਸਮਾਜ ਸੇਵਾ ਦੀ ਭਾਵਨਾ ਅਧੀਨ ਵੀ ਵਿਆਹ ਨਹੀਂ ਕਰਵਾਉਂਦੀਆਂ। ਫਲੋਰੈਂਸ ਨਾਈਟਿੰਗੇਲ, ਮਦਰ ਟੈਰੇਸਾ ਆਦਿ ਸਮਾਜ ਸੇਵਾ ਵਿਚ ਜੁਟੀਆਂ ਮਹਿਲਾਵਾਂ ਦੇ ਨਾਂ ਹਨ। ਇਸਾਈ ਧਰਮ ਅਤੇ ਹਿੰਦੂ ਧਰਮ ਵਿਚ ਸਾਧਵੀਆਂ ਦੀ ਲੰਮੀ ਪਰੰਪਰਾ ਰਹੀ ਹੈ। ਆਧੁਨਿਕ ਇਸਤਰੀ ਦਾ ਰੂਪ ਵੱਖਰਾ ਹੈ।
ਭਾਵੇਂ ਇਕੱਲੀਆਂ ਅਣਵਿਆਹੀਆਂ ਇਸਤਰੀਆਂ ਦਾ ਸਮਾਜ ਅਤੇ ਲੋਕਾਂ ਨਾਲ ਤਾਲਮੇਲ ਬਿਹਤਰ ਹੁੰਦਾ ਹੈ ਅਤੇ ਸਵੈ-ਵਿਸ਼ਵਾਸ ਕਾਰਨ ਇਹ ਆਪਣੀਆਂ ਸਮੱਸਿਆਵਾਂ ਵਧੇਰੇ ਯੋਗਤਾ ਨਾਲ ਹੱਲ ਕਰ ਸਕਦੀਆਂ ਹਨ, ਪਰ ਛੋਟੇ ਸ਼ਹਿਰਾਂ ਵਿਚ ਇਨ੍ਹਾਂ ਨੂੰ ਇਕੱਲਤਾ ਦਾ ਸੰਤਾਪ ਵਧੇਰੇ ਹੰਢਾਉਣਾ ਪੈਂਦਾ ਹੈ। ਇਸ ਸਥਿਤੀ ਦੇ ਇਲਾਜ ਲਈ ਇਹ ਵੱਖ-ਵੱਖ ਕਲਿਆਣਕਾਰੀ ਕਾਰਜਾਂ ਵਿਚ ਭਾਗ ਲੈਂਦੀਆਂ ਰਹਿੰਦੀਆਂ ਹਨ। ਇਕੱਲਤਾ ਦੀ ਸਮੱਸਿਆ ਦਾ ਇਲਾਜ ਕਿਸੇ ਹੋਰ ਇਸਤਰੀ ਨਾਲ ਰਲ ਕੇ ਰਹਿਣ ਜਾਂ ਹੋਸਟਲ ਵਿਚ ਰਹਿਣ ਜਾਂ ਮਾਪਿਆਂ ਜਾਂ ਮਾਂ ਨੂੰ ਕੋਲ ਰੱਖਣ ਨਾਲ ਕੀਤਾ ਜਾਣ ਲੱਗ ਪਿਆ ਹੈ। ਸਮੁੱਚੇ ਰੂਪ ਵਿਚ ਅਜਿਹੀਆਂ ਇਸਤਰੀਆਂ ਆਪਣੀ ਚੰਗੇਰੀ ਮਾਇਕ ਸਥਿਤੀ ਨਾਲ ਆਪਣੀਆਂ ਸਮੱਸਿਆਵਾਂ ਹੱਲ ਕਰ ਲੈਂਦੀਆਂ ਹਨ। ਅਜੋਕੇ ਸਮਿਆਂ ਵਿਚ ਹਰੇਕ ਧੀ ਦਾ ਜੀਵਨ ਉਸ ਦੀ ਮਾਂ ਦੇ ਜੀਵਨ ਨਾਲੋਂ ਵੱਖਰੀ ਭਾਂਤ ਦਾ ਹੈ। ਹਰੇਕ ਮਾਂ ਵੀ ਚਾਹੁੰਦੀ ਹੈ ਕਿ ਉਸ ਦੀ ਧੀ ਉਸ ਨਾਲੋਂ ਚੰਗੇਰਾ ਜੀਵਨ ਜੀਵੇ। ਆਰਥਿਕ ਸੁਤੰਤਰਤਾ, ਅਜੋਕੀ ਸਥਿਤੀ ਵਿਚ ਮਹਿਲਾਵਾਂ ਦੀ ਵੱਡੀ ਟੇਕ ਹੈ। ਚਾਨਣਾ ਅਤੇ ਬਿਜਲੀ ਅਜੋਕੀ ਇਸਤਰੀ ਦੇ ਵੱਡੇ ਸਾਥ ਹਨ। ਆਉਣ-ਜਾਣ ਲਈ ਹਰੇਕ ਅਜਿਹੀ ਇਸਤਰੀ ਕੋਲ ਆਪਣਾ ਵਾਹਨ ਹੈ। ਅਜਿਹੀਆਂ ਇਸਤਰੀਆਂ ਕੋਲ ਵਿਆਹ ਨਾ ਕਰਵਾਉਣ ਦੇ ਉਸਾਰੂ ਕਾਰਨ ਤੇ ਤਰਕ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਪਣੀਆਂ ਭਾਵੁਕ ਤੇ ਸਰੀਰਕ ਸਮੱਸਿਆਵਾਂ ਹੱਲ ਕਰਨੀਆਂ ਆਉਂਦੀਆਂ ਹਨ। ਇਨ੍ਹਾਂ ਤੋਂ ਵਿਆਹ ਅਤੇ ਵਿਆਹ ਦੀ ਅਧੀਨਗੀ ਅਤੇ ਬੰਧਨ ਬਰਦਾਸ਼ਤ ਨਹੀਂ ਹੁੰਦੇ। ਰਸੋਈ, ਕੱਪੜਿਆਂ ਅਤੇ ਘਰ ਦੀ ਸਾਂਭ-ਸੰਭਾਲ ਦੀ ਅਜਿਹੀਆਂ ਇਸਤਰੀਆਂ ਨੂੰ ਕੋਈ ਸਮੱਸਿਆ ਨਹੀਂ ਹੁੰਦੀ। ਸਮੁੱਚੇ ਰੂਪ ਵਿਚ ਇਨ੍ਹਾਂ ਦੀ ਰਹਿਣੀ-ਬਹਿਣੀ ਬਿਹਤਰ ਹੁੰਦੀ ਹੈ ਅਤੇ ਇਹ ਦਰੱਖਤਾਂ ਵਾਂਗ ਸਵੈ-ਨਿਰਭਰ ਹੋ ਜਾਂਦੀਆਂ ਹਨ।
ਕੋਈ ਸਮਾਂ ਸੀ, ਜਦੋਂ ਇਕੱਲੀਆਂ ਅਣਵਿਆਹੀਆਂ ਇਸਤਰੀਆਂ ਨੂੰ ਗ਼ਰੀਬ ਅਤੇ ਘਰੇਲੂ ਨੌਕਰਾਣੀਆਂ ਹੀ ਸਮਝਿਆ ਜਾਂਦਾ ਸੀ। ਜੀਵਨ ਲਈ ਵਸੀਲਿਆਂ ਤੋਂ ਵਿਰਵੀਆਂ ਹੋਣ ਕਰਕੇ ਅਤੇ ਪੁਰਸ਼ ਪ੍ਰਧਾਨ ਸਮਾਜ ਵਿਚ ਇਹ ਇਕੱਲੇ ਹੋਣ ਤੋਂ ਡਰਦੀਆਂ ਹੋਣ ਕਾਰਨ ਵਸੀਲਿਆਂ ਵਾਲੇ ਲੋੜਵੰਦ ਪੁਰਸ਼ਾਂ ਨਾਲ ਵਿਆਹ ਕਰਵਾ ਲੈਂਦੀਆਂ ਸਨ। ਉਹ ਕਈ ਵਾਰੀ ਪੁਰਸ਼ ਦੀ ਦੂਜੀ, ਤੀਜੀ ਪਤਨੀ ਬਣਨ ਲਈ ਵੀ ਮਜਬੂਰ ਹੁੰਦੀਆਂ ਸਨ, ਪਰ ਹੁਣ ਬਿਜਲੀ, ਕੰਪਿਊਟਰ, ਸਿੱਖਿਆ ਅਤੇ ਰੁਜ਼ਗਾਰ ਦੇ ਅਵਸਰਾਂ ਨੇ ਸਥਿਤੀ ਬਦਲ ਦਿੱਤੀ ਹੈ। ਆਧੁਨਿਕ ਯੁੱਗ ਦੀਆਂ ਇਸਤਰੀਆਂ ਨੂੰ ਸੋਚਣਾ ਅਤੇ ਪ੍ਰਗਟਾਉਣਾ ਦੋਵੇਂ ਆ ਗਏ ਹਨ। ਅਜੋਕੀਆਂ ਇਸਤਰੀਆਂ ਨੂੰ ਵਧੀਕੀਆਂ ਅਤੇ ਅਨਿਆਂ ਦਾ ਵਿਰੋਧ ਕਰਨਾ ਆ ਗਿਆ ਹੈ। ਇਸ ਬਦਲੀ ਹੋਈ ਸਥਿਤੀ ਕਾਰਨ ਪੜ੍ਹੀਆਂ-ਲਿਖੀਆਂ ਅਤੇ ਪੜ੍ਹ ਰਹੀਆਂ ਇਸਤਰੀਆਂ ਅਤੇ ਲੜਕੀਆਂ ਬੰਦ ਪਿੰਜਰੇ ਤੋੜ ਕੇ, ਸਮਾਜ ਪੱਖੀ ਅਤੇ ਸ਼ੋਸ਼ਣ ਵਿਰੋਧੀ ਅੰਦੋਲਨਾਂ ਵਿਚ ਮੂਹਰਲੀ ਕਤਾਰ ਵਿਚ ਰਹਿ ਕੇ ਭਾਗ ਲੈਣ ਲੱਗੀਆਂ ਹਨ। ਇਸ ਪੱਖ ਤੋਂ ਕਾਲਜਾਂ-ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾਂ, ਵਿਸ਼ੇਸ਼ ਤੌਰ ’ਤੇ ਜੰਗਲ ਦੀ ਅੱਗ ਵਾਂਗ ਧਿਆਨ ਖਿੱਚ ਰਹੀਆਂ ਹਨ। ਭਵਿੱਖ ਦੇ ਅੰਦੋਲਨਾਂ ਦੀ ਅਗਵਾਈ ਇਹ ਵਿਦਿਆਰਥਣਾਂ ਹੀ ਕਰਨੀਆਂ। ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿਚ ਭਰਪੂਰ ਸ਼ਮੂਲੀਅਤ ਕਾਰਨ ਨਾ ਕੇਵਲ ਇਹ ਖ਼ਬਰਾਂ ਵਿਚ ਹਨ, ਇਹ ਖ਼ਬਰਾਂ ਸਿਰਜ ਵੀ ਰਹੀਆਂ ਹਨ।
ਵਧੀ ਹੋਈ ਜਾਗਰੂਕਤਾ, ਉਚੇਰੀ ਸਿੱਖਿਆ, ਰੁਜ਼ਗਾਰ ਦੇ ਨਵੇਂ ਖੇਤਰਾਂ ਵਿਚ ਪ੍ਰਗਟਾਵੇ ਦੇ ਵਧੇ ਅਵਸਰਾਂ ਅਤੇ ਸਾਰੇ ਸੰਸਾਰ ਦੇ ਇਕ ਹੋਣ ਦੀ ਪ੍ਰਕਿਰਿਆ ਕਾਰਨ ਅਜੋਕੀ ਇਸਤਰੀ ਨੂੰ ਹੁਣ ਕਮਜ਼ੋਰ ਨਹੀਂ ਕਿਹਾ ਜਾ ਸਕਦਾ। ਖੇਤਰ ਕੋਈ ਹੋਵੇ, ਇਹ ਪੁਰਸ਼ਾਂ ਨਾਲੋਂ ਚੰਗੇਰੀ ਕਾਰਗੁਜ਼ਾਰੀ ਦਾ ਪ੍ਰਮਾਣ ਦਿੰਦਿਆਂ ਸਾਰੀਆਂ ਰੁਕਾਵਟਾਂ ਉਲੰਘ ਰਹੀਆਂ ਹਨ। ਇਹ ਆਪਣੀਆਂ ਮੰਗਾਂ ਮਨਵਾਉਣੀਆਂ ਜਾਣਦੀਆਂ ਹਨ, ਅੰਦੋਲਨਾਂ ਨੂੰ ਚਲਾ ਸਕਦੀਆਂ ਹਨ। ਹੱਠ ਵਿਖਾ ਸਕਦੀਆਂ ਹਨ, ਬਗ਼ਾਵਤ ਕਰ ਸਕਦੀਆਂ ਹਨ ਅਤੇ ਕੁਰਬਾਨੀ ਦੇ ਸਕਦੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਵਿਆਹ ਕਰਵਾ ਕੇ ਨੀਰਸ ਅਤੇ ਰਵਾਇਤੀ ਜੀਵਨ ਗੁਜ਼ਾਰਨਾ, ਹੁਣ ਇਨ੍ਹਾਂ ਦੀ ਤਰਜੀਹ ਨਹੀਂ ਰਹੀ। ਇਹ ਦੇਸ਼ ਦੇ ਸ਼ਕਤੀਸ਼ਾਲੀ ਭਵਿੱਖ ਦੀਆਂ ਮਜ਼ਬੂਤ ਆਸਾਂ-ਉਮੀਦਾਂ ਹਨ। ਇਹ ਸਾਡੀਆਂ ਨਵੀਆਂ ਰਾਣੀਆਂ ਹਨ।


Comments Off on ਨਵੀਆਂ ਰਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.