ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਦਿੱਲੀ ਦੇ ਸੰਘਰਸ਼ੀ ਯੱਗ ’ਚ ਹੁਣ ਪੰਜਾਬ ਪਾਏਗਾ ਸੀਰ

Posted On January - 15 - 2020

ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਧੂਰਕੋਟ ’ਚੋਂ ਦਿੱਲੀ ਰਵਾਨਾ ਹੋਣ ਸਮੇਂ ਸਮਾਨ ਸਮੇਤ ਖੜ੍ਹਾ ਕਾਫਲਾ।

ਚਰਨਜੀਤ ਭੁੱਲਰ
ਬਠਿੰਡਾ, 14 ਜਨਵਰੀ
ਪੰਜਾਬ ਦੀ ਦੇਰ ਨਾਲ ਹੀ ਸਹੀ, ਦਰੁਸਤ ਸਮੇਂ ਜਾਗ ਖੁੱਲ੍ਹੀ ਹੈ। ਸੰਘਰਸ਼ੀ ਕਾਫਲੇ ਅੱਜ ਦਿੱਲੀ ਵੱਲ ਹੋ ਤੁਰੇ ਹਨ। ਇਹ ਦੱਸਣ ਲਈ ਕਿ ਤੁਸੀਂ ਇਕੱਲੇ ਨਹੀਂ, ਪੰਜਾਬ ਥੋਡੇ ਨਾਲ ਹੈ। ਚਾਹੇ ਦਿੱਲੀ ਦਾ ਸ਼ਾਹੀਨ ਬਾਗ ਹੋਵੇ, ਬੇਸ਼ੱਕ ਜੇ.ਐਨ.ਯੂ ਦਾ ਸੰਘਰਸ਼ੀ ਡੰਕਾ। ਪੰਜਾਬ ’ਚੋਂ ਅੱਜ ਦੇਰ ਸ਼ਾਮ ਚੱਲੇ ਕਾਫਲੇ ਭਲਕੇ ਦਿੱਲੀ ’ਚ ਸ਼ਮੂਲੀਅਤ ਕਰਨਗੇ। ਪੰਜ ਜ਼ਿਲ੍ਹਿਆਂ ’ਚੋਂ ਦੇਰ ਸ਼ਾਮ ਛੇ ਬੱਸਾਂ ਵਿਚ ਸੈਂਕੜੇ ਲੋਕ ਦਿੱਲੀ ਦੇ ਸੰਘਰਸ਼ ’ਚ ਸੀਰ ਪਾਉਣ ਲਈ ਚੱਲੇ। ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਮੋਗਾ ਚੋਂ ਵੱਡੀ ਗਿਣਤੀ ਵਿਚ ਨਿਆਣੇ-ਸਿਆਣੇ ਕੌਮੀ ਸੰਘਰਸ਼ ਨੂੰ ਹਮਾਇਤ ਦੇਣ ਲਈ ਬੱਸਾਂ ਲੈ ਕੇ ਰਵਾਨਾ ਹੋਏ। ਪੰਜਾਹ ਦੇ ਕਰੀਬ ਔਰਤਾਂ ਵੀ ਇਨ੍ਹਾਂ ਕਾਫਲਿਆਂ ਵਿਚ ਸ਼ਾਮਲ ਹਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਇਨ੍ਹਾਂ ਦੀ ਅਗਵਾਈ ਕੀਤੀ ਜਾ ਰਹੀ ਹੈ। ਸ਼ਾਹੀਨ ਬਾਗ ਦਾ ਮੋਰਚਾ ਭਲਕ ਤੱਕ ਕੀ ਮੋੜਾ ਲੈਂਦਾ ਹੈ, ਵੱਖਰੀ ਗੱਲ ਹੈ, ਪ੍ਰੰਤੂ ਔਰਤਾਂ ਦੇ ਜਥੇ ਸ਼ਾਹੀਨ ਬਾਗ ਵਿਚ ਪੁੱਜਣਗੇ। ਨਾਲੋਂ ਨਾਲ ਜੇ.ਐਨ.ਯੂ ਦੇ ਸੰਘਰਸ਼ ਵਿਚ ਕੁੱਦੇ ਵਿਦਿਆਰਥੀਆਂ ਦੀ ਪਿੱਠ ਥਾਪੜਨ ਵਾਸਤੇ ਬਜ਼ੁਰਗ ਜਾਣਗੇ। ਨੌਜਵਾਨ ਵੱਡੀ ਗਿਣਤੀ ਵਿਚ ਅੱਜ ਕਾਫਲੇ ਵਿਚ ਸ਼ਾਮਲ ਸਨ। ਕਿਸਾਨ ਨੇਤਾ ਸ਼ਿੰਗਾਰਾ ਸਿੰਘ ਮਾਨ ਅਤੇ ਮੋਠੂ ਸਿੰਘ ਕੋਟੜਾ ਆਖਦੇ ਹਨ ਕਿ ਕੌਮੀ ਲੜਾਈ ’ਚ ਪੰਜਾਬ ਪਿੱਛੇ ਕਿਵੇਂ ਰਹਿ ਸਕਦਾ ਹੈ। ਔਰਤ ਆਗੂ ਹਰਿੰਦਰ ਬਿੰਦੂ ਆਖਦੀ ਹੈ ਕਿ ਸ਼ਾਹੀਨ ਬਾਗ ’ਚ ਬੈਠੀਆਂ ਔਰਤਾਂ ਦੇ ਨਾਲ ਪੰਜਾਬ ਦੀ ਔਰਤ ਖੜ੍ਹੀ ਹੈ।
ਬਠਿੰਡਾ ਦੇ ਪਿੰਡ ਕੋਠਾ ਗੁਰੂ ਦੀ ਬਜ਼ੁਰਗ ਔਰਤ ਮਾਲਣ ਕੌਰ ਨੇ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਆਖਿਆ ਕਿ ਉਹ ਦਿੱਲੀ ਦੇ ਸ਼ਾਹੀਨ ਬਾਗ ’ਚ ਬੈਠੀਆਂ ਔਰਤਾਂ ਦੀ ਪਿੱਠ ਥਾਪੜਣ ਚੱਲੀ ਹੈ। ਉਹ ਇਹੋ ਆਖੇਗੀ, ਉਹ ਬਾਗ ’ਚ, ਅਸੀਂ ਪੰਜਾਬ ’ਚ, ਲੜਾਈ ਲੜਾਂਗੀਆਂ। ਬਜ਼ੁਰਗ ਮਾਲਣ ਕੌਰ ਨੇ ਇੱਥੇ ਵੀ ਜਬਰ ਦੇ ਮੂੰਹ ਮੋੜੇ ਹਨ, ਜਿਸ ਦੇ ਬਦਲੇ ’ਚ ਉਸ ਨੂੰ ਫਰੀਦਕੋਟ ਜੇਲ੍ਹ ਵਿੱਚ 13 ਦਿਨ ਅਤੇ ਬਠਿੰਡਾ ਜੇਲ੍ਹ ਵਿਚ 19 ਦਿਨ ਰਹਿਣਾ ਪਿਆ ਸੀ। ਲਹਿਰਾ ਧੂਰਕੋਟ ਦੀ ਬਾਰ੍ਹਵੀਂ ਕਲਾਸ ਪਾਸ ਵਿਦਿਆਰਥਣ ਅਮਨਦੀਪ ਕੌਰ ਨੇ ਕਿਹਾ ਕਿ ਉਹ ਦਿੱਲੀ ਦੀ ਜੇਐੱਨਯੂ ਵਿਦਿਆਰਥੀ ਜਥੇਬੰਦੀ ਨੂੰ ਹਮਾਇਤ ਦੇਣ ਚੱਲੀ ਹੈ। ਆਇਸ਼ੀ ਘੋਸ਼ ਨੂੰ ਉਹ ਪੰਜਾਬ ਤਰਫ਼ੋਂ ਭਰੋਸਾ ਦੇਵੇਗੀ। ਜੁਝਾਰੂ ਕੁੜੀਆਂ ਦਾ ਜਥਾ ਵੀ ਅੱਜ ਰਵਾਨਾ ਹੋਣ ਵੇਲੇ ਨਾਅਰੇ ਮਾਰ ਰਿਹਾ ਸੀ।
ਅਮਨਦੀਪ ਕੌਰ ਉਹ ਜੁਝਾਰੂ ਲੜਕੀ ਹੈ, ਜਿਸ ਨੇ ਰਾਮਪੁਰਾ ਥਾਣੇ ਅੱਗੇ 26 ਦਿਨ ਧਰਨਾ ਮਾਰਿਆ ਸੀ ਤਾਂ ਜੋ ਉਸ ਦੇ ਬਾਪ ਦੀ ਖੁਦਕੁਸ਼ੀ ਮਾਮਲੇ ਵਿੱਚ ਨਿਆਂ ਮਿਲ ਸਕੇ। ਉਹ ਆਖਦੀ ਹੈ ਕਿ ਸਭ ਕੁਝ ਅਣਮਨੁੱਖੀ ਹੋ ਰਿਹਾ ਹੈ ਅਤੇ ਧੀਆਂ ਨੂੰ ਕੌਮੀ ਹਕੂਮਤ ਨਿਸ਼ਾਨਾ ਬਣਾ ਰਹੀ ਹੈ। ਉਹ ਟਿਕ ਕੇ ਘਰਾਂ ਵਿਚ ਕਿਵੇਂ ਬੈਠਣ। ਦਿੱਲੀ ਗਏ ਕਾਫਲੇ ’ਚ 12 ਸਾਲ ਦਾ ਬੱਚਾ ਅਦੀਬ ਵੀ ਸ਼ਾਮਲ ਹੈ। ਦਿਲਚਸਪ ਗੱਲ ਹੈ ਕਿ ਇਹ ਬੱਚਾ ਰਾਮਪੁਰਾ ਦੇ ਸਰਵ ਹਿੱਤਕਾਰੀ ਸਕੂਲ ਵਿਚ ਸੱਤਵੀਂ ਦਾ ਵਿਦਿਆਰਥੀ ਹੈ ਅਤੇ ਦੇਸ਼ ਦੀ ਹਿੰਦੂ ਧਾਰਾ ਪ੍ਰਚਾਰਨ ਵਾਲੀ ਹਕੂਮਤ ਖ਼ਿਲਾਫ਼ ਹੀ ਦਿੱਲੀ ਗਿਆ ਹੈ। ਇਨ੍ਹਾਂ ਸਭਨਾਂ ਦਾ ਇੱਕੋ ਕਹਿਣਾ ਹੈ ਕਿ ਨਾਗਰਿਕਤਾ ਕਾਨੂੰਨ ਅਤੇ ਵਿਦਿਆਰਥੀਆਂ ’ਤੇ ਹੋਏ ਜਬਰ ਖ਼ਿਲਾਫ਼ ਪੰਜਾਬ ਬਾਂਹ ਬਣੇਗਾ।
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੇਵੇਵਾਲਾ ਦਾ ਰਵਿੰਦਰ ਸਿੰਘ ਜੋ ਬਰਜਿੰਦਰਾ ਕਾਲਜ ਫਰੀਦਕੋਟ ਦਾ ਵਿਦਿਆਰਥੀ ਹੈ, ਆਖਦਾ ਹੈ ਕਿ ਕੌਮੀ ਹਕੂਮਤ ਜਿਸ ਰਾਹ ਪਈ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੀ ਹੈ, ਉਸ ਦੇ ਰੌਅ ਤੋਂ ਲੱਗਦਾ ਹੈ ਕਿ ਦੇਰ ਸਵੇਰ ਵਾਰੀ ਪੰਜਾਬ ਦੀ ਵੀ ਆਵੇਗੀ। ਉਹ ਦਿਲੀ ਦੇ ਸੰਘਰਸ਼ੀ ਲੋਕਾਂ ਨੂੰ ਦੱਸਣ ਚੱਲੇ ਹਨ ਕਿ ‘ਪੰਜਾਬ ਤੁਹਾਡੇ ਨਾਲ ਹੈ।’। ਪਿੰਡ ਦਬੜੀਖਾਨਾ ਦਾ ਈ.ਟੀ.ਟੀ ਵਿਦਿਆਰਥੀ ਗਗਨਦੀਪ ਆਖਦਾ ਹੈ ਕਿ ਦਿੱਲੀ ਦੇ ਸੰਘਰਸ਼ ਵਿਚ ਉਹ ਆਪਣਾ ਤਿਲ ਫੁਲ ਪਾਉਣ ਚੱਲੇ ਹਨ। ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਹੇਮੰਤ ਸਿੱਧੂ ਵੀ ਦਿੱਲੀ ਜਾ ਰਹੀ ਹੈ। ਸੈਂਕੜੇ ਹੋਰ ਨੌਜਵਾਨ ਸਨ ਜੋ ਹਾਅ ਦਾ ਨਾਅਰਾ ਮਾਰਨਾ ਚਾਹੁੰਦੇ ਹਨ। ਇਸੇ ਤਰਾਂ ਹੀ ਸਮਾਜਿਕ ਕਾਰਕੁਨ ਲੋਕ ਬੰਧੂ ਰਾਮਪੁਰਾ ਦਾ ਯੂ ਟਿਊਬ ’ਤੇ ਗਾਇਆ ‘ਬੋਲ ਕੇ ਲਬ ਆਜ਼ਾਦ ਹੈ ਤੇਰੇ’ ਕਾਫ਼ੀ ਮਕਬੂਲ ਹੋਇਆ ਹੈ ਜੋ ਮੌਜੂਦਾ ਦੌਰ ਦਾ ਚਿਤਰਨ ਕਰ ਰਿਹਾ ਹੈ।

ਦਿੱਲੀ ’ਚ ਲੰਗਰ ਲਾਏਗਾ ਪੰਜਾਬ

ਪੰਜਾਬ ਦੇ ਸੰਘਰਸ਼ੀ ਕਾਫਲੇ ਇਕੱਲੇ ਨਹੀਂ ਬਲਕਿ ਨਾਲ ਰਸਦ ਵੀ ਲੈ ਕੇ ਦਿੱਲੀ ਗਏ ਹਨ ਤਾਂ ਜੋ ਦਿੱਲੀ ਦੇ ਸੰਘਰਸ਼ੀ ਲੋਕਾਂ ਲਈ ਲੰਗਰ ਚਲਾ ਸਕਣ। ਪੰਜਾਬ ਦੇ ਪਿੰਡਾਂ ਵਿਚ ਲੋਕਾਂ ਨੇ ਦਿੱਲੀ ਦੇ ਸੰਘਰਸ਼ੀ ਮੋਰਚੇ ਵਾਸਤੇ ਦੁੱਧ, ਖੰਡ, ਆਟਾ ਤੇ ਘਿਉ ਦਿੱਤਾ ਹੈ। ਕਿਸਾਨ ਧਿਰਾਂ ਤਰਫ਼ੋਂ ਰਸਦ ਦਾ ਕਾਫ਼ੀ ਸਾਮਾਨ ਲਿਜਾਇਆ ਗਿਆ ਹੈ। ਇਸ ਕਿਸਾਨ ਧਿਰ ਤਰਫ਼ੋਂ ਆਉਂਦੇ ਦਿਨਾਂ ਵਿਚ ਪੰਜਾਬ ਵੀ ਵੱਡਾ ਇਕੱਠ ਕੀਤਾ ਜਾਣਾ ਹੈ।


Comments Off on ਦਿੱਲੀ ਦੇ ਸੰਘਰਸ਼ੀ ਯੱਗ ’ਚ ਹੁਣ ਪੰਜਾਬ ਪਾਏਗਾ ਸੀਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.