ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ

Posted On January - 26 - 2020

ਮਨਮੋਹਨ

ਅਠਾਰਵੀਂ ਸਦੀ ਦੇ ਦੂਜੇ ਅੱਧ ’ਚ ਫਰਾਂਸੀਸੀ ਇਨਕਲਾਬ ਦੇ ‘ਆਜ਼ਾਦੀ, ਬਰਾਬਰੀ, ਭਾਈਚਾਰਾ’ ਨਾਅਰਿਆਂ ਨੇ ਦੁਨੀਆ ਦੇ ਵੱਡੇ ਹਿੱਸੇ ’ਚ ਸਮੇਂ ਦੀ ਚਾਲ ਨੂੰ ਬਦਲ ਦਿੱਤਾ। ਉਨ੍ਹੀਵੀਂ ਸਦੀ ਨੂੰ ਸਮਝਣ ’ਚ ਮਾਰਕਸ ਦੇ ਸਿਧਾਂਤਾਂ ਨੇ ਵੱਡੀ ਭੂਮਿਕਾ ਨਿਭਾਈ। ਇਸ ਨਾਲ ਉਨ੍ਹੀਵੀਂ ਸਦੀ ਦੇ ਯੂਰੋਪ ਦੇ ਅੰਤਰ-ਵਿਰੋਧ ਸਾਹਮਣੇ ਆਉਣ ਲੱਗੇ। ਵਿਸ਼ਵ ਦਾ ਨਕਸ਼ਾ ਤੇਜ਼ੀ ਨਾਲ ਬਦਲਣ ਲੱਗਾ। ਕੱਚੇ ਮਾਲ ਦੀ ਖੋਜ ਨੇ ਦੁਨੀਆ ਨੂੰ ਸੰਘਰਸ਼ ਦੇ ਨਵੇਂ ਧਰਾਤਲ ’ਤੇ ਲਿਆ ਖੜ੍ਹਾ ਕੀਤਾ। ਗਿਆਨ, ਤਰਕ ਤੇ ਵਿਵੇਕ ਦੀ ਜ਼ਮੀਨ ’ਤੇ ਖੜ੍ਹੇ ਯੂਰੋਪ ਨੇ ਧੌਂਸ, ਗ਼ਲਬੇ, ਦਾਬੇ ਅਤੇ ਦਮਨ ਦਾ ਪੱਲਾ ਫੜ ਲਿਆ। ਇਹ ਨਵੀਂ ਸ਼ੁਰੂਆਤ ਸੀ। ਇੱਥੋਂ ਇਤਿਹਾਸ ਦਾ ਨਵਾਂ ਅਧਿਆਇ ਸ਼ੁਰੂੁ ਹੋਇਆ। ਯੂਰੋਪ ਦਾ ਗਿਆਨ ਸੱਤਾ ਦੇ ਇਤਿਹਾਸ ’ਚ ਤਬਦੀਲ ਹੋਣ ਲੱਗਾ। ਪੱਛਮ ਨੇ ਪੂਰਬ ਨੂੰ ਘੜਨਾ ਸ਼ੁਰੂ ਕੀਤਾ। ਪੂਰਬ ਦੇ ਸਭਿਆਚਾਰਾਂ, ਸਮਾਜ ਅਤੇ ਜੀਵਨ ਸ਼ੈਲੀ ਦੀਆਂ ਨਵੀਆਂ ਵਿਆਖਿਆਵਾਂ ਹੋਣ ਲੱਗੀਆਂ। ਇਹ ਗੱਲ ਵਾਰ ਵਾਰ ਸਾਬਿਤ ਕਰਨ ਦੇ ਯਤਨ ਹੋਣ ਲੱਗੇ ਕਿ ਪੂਰਬ ’ਚ ਆਧੁਨਿਕਤਾ ਤਾਂ ਹੀ ਆ ਸਕਦੀ ਹੈ ਜਦੋਂ ਪੱਛਮ ਉੱਥੇ ਫ਼ੈਸਲਾਕੁੰਨ ਭੂਮਿਕਾ ਨਿਭਾਵੇ। ਇਹ ਭੂਮਿਕਾ ਕੀ ਸੀ? ਇਹ ਪੂਰਬ ’ਚ ਸਾਮਰਾਜਾਂ ਦੀ ਸਥਾਪਨਾ ਸੀ ਜਿਸ ਨੂੰ ਉਨ੍ਹੀਵੀਂ ਤੇ ਵੀਹਵੀਂ ਸਦੀ ਨੇ ਸਾਮਰਾਜਵਾਦੀ ਜ਼ੁਲਮ ਅਤੇ ਕਰੂਰਤਾ ਦੇ ਰੂਪ ’ਚ ਬਾਅਦ ਵਿਚ ਦੇਖਿਆ।
ਯੂਰੋਪ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀ ਆਦਰਸ਼ਕ ਕਲਪਨਾ ਯੂਰੋਪ ਦੇ ਸਾਮਰਾਜਵਾਦੀ ਮਨਸੂਬਿਆਂ ਨਾਲ ਕਿਉਂ ਨਹੀਂ ਟਕਰਾਈ? ਇਹ ਵੀਹਵੀਂ ਸਦੀ ਦੇ ਸਾਰੇ ਚਿੰਤਕਾਂ ਤੇ ਦਾਰਸ਼ਨਿਕਾਂ ਲਈ ਸਭ ਤੋਂ ਜ਼ਰੂਰੀ ਸਵਾਲ ਸੀ ਕਿ ਆਪਣੀ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਲਈ ਸੰਘਰਸ਼ ਕਰਨ ਵਾਲਾ ਆਧੁਨਿਕ ਯੂਰੋਪ ਦੂਜਿਆਂ/ਹੋਰਾਂ/ਤੀਜੀ ਦੁਨੀਆ ਦੇ ਮੁਲਕਾਂ ਦੀ ਆਜ਼ਾਦੀ, ਬਰਾਬਾਰੀ ਤੇ ਭਾਈਚਾਰੇ ਦੇ ਰਾਹ ਵਿਚ ਅੜਿੱਕਾ ਕਿਉਂ ਬਣ ਬੈਠਾ? ਯੂਰੋਪੀਅਨ ਨਵ-ਜਾਗਰਤੀ ਦਾ ਏਸ਼ੀਆ ਅਤੇ ਅਫ਼ਰੀਕਾ ਦੇ ਮੁਲਕਾਂ ’ਚ ਉਸਰੇ ਸਾਮਰਾਜਵਾਦ ਦਾ ਕੀ ਸਬੰਧ ਸੀ? ਏਸ਼ੀਆ ਤੇ ਅਫ਼ਰੀਕਾ ਦੇ ਸਾਮਰਾਜਵਾਦੀ ਸੰਘਰਸ਼ ’ਚ ਯੂਰੋਪ ਦੀ ਜਨਤਾ ਕਿਉਂ ਸ਼ਾਮਿਲ ਨਹੀਂ ਹੋਈ? ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀ ਪਰਿਕਲਪਨਾ ਅਤੇ ਸੋਚ ਵਿਸ਼ਵ ਦਾ ਆਦਰਸ਼ ਕਿਉਂ ਨਾ ਬਣ ਸਕੀ?
ਜਰਮਨ ਦੀ ਫ੍ਰੈਂਕਫਰਟ ਵਿਚਾਰਧਾਰਾ ਦੇ ਚਿੰਤਕਾਂ ਨੇ ਉਨ੍ਹੀਵੀਂ ਤੇ ਵੀਹਵੀਂ ਸਦੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਮੂਹਰੇ ਸਭ ਤੋਂ ਵੱਡੀ ਦੁਬਿਧਾ ਸੀ ਕਿ ਫਰਾਂਸੀਸੀ ਇਨਕਲਾਬ ਅਤੇ ਸਾਮਰਾਜਵਾਦੀ ਪਾਸਾਰ ਨੂੰ ਕੀ ਇਕ ਦੂਜੇ ਦੀ ਕਾਲ-ਕ੍ਰਮਿਕਤਾ ’ਚ ਦੇਖਿਆ ਤੇ ਸਮਝਿਆ ਜਾਣਾ ਚਾਹੀਦਾ ਹੈ? ਜੇਕਰ ਇਕ ਕ੍ਰਮ ਕਿਤੇ ਭੰਗ ਹੈ ਤਾਂ ਕਿਹੜੇ ਬਿੰਦੂ ਤੋਂ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ। ਥਿਓਡਰ ਅਡੋਰਨੋ ਤੇ ਮੈਕਸ ਹੋਰਖਹਾਈਮਰ ਨੇ ਸਭ ਤੋਂ ਪਹਿਲਾਂ ਆਪਣੀ ਕਿਤਾਬ ‘ਡਾਇਲੈਕਟਿਕਸ ਆਫ ਐਨਲਾਈਟਨਮੈਂਟ’ ’ਚ ਇਸ ’ਤੇ ਵਿਚਾਰ ਕੀਤਾ ਕਿ ਪ੍ਰਬੁੱਧਤਾ ਦੀ ਚੇਤਨਾ, ਧੌਂਸ ਦੀ ਚੇਤਨਾ ’ਚ ਕਿਵੇਂ ਬਦਲ ਗਈ? ਪ੍ਰਬੁੱਧਤਾ ਨੇ ਸਮਾਜ ਨੂੰ ਮੁਕਤ ਕਿਉਂ ਨਹੀਂ ਕੀਤਾ? ਅਡੋਰਨੋ ਇਸ ਦੀ ਦਵੰਦਾਤਮਕਤਾ ਦੀ ਨਾਕਾਰਾਤਮਕਤਾ ਦੇ ਰੂਪ ’ਚ ਵਿਆਖਿਆ ਕਰਦਾ ਹੈ। ਉਹ ਦਾਰਸ਼ਨਿਕ ਸਿੱਟੇ ’ਤੇ ਪਹੁੰਚ ਇਹ ਮੰਨਦਾ ਹੈ ਕਿ ਦਵੰਦਾਤਮਕਤਾ ਦੀ ਇਸ ਚੇਤਨਾ ’ਚ ਪ੍ਰਬੁੱਧਤਾ ਦੀ ਥਾਂ ਧੌਂਸ ਦੇ ਮੁੱਲ ਵਿਕਸਤ ਹੋਣ ਲੱਗਦੇ ਨੇ। ਪ੍ਰਬੁੱਧਤਾ ’ਚੋਂ ਪੈਦਾ ਹੋਇਆ ਗਿਆਨ ਮੁਕਤੀ ਵੱਲ ਨਹੀਂ, ਧੌਂਸ ਤੇ ਸੱਤਾ/ਸ਼ਕਤੀ ਵੱਲ ਲੈ ਤੁਰਿਆ। ਇਹੋ ਹੀ ਉਸ ਸ਼ਕਤੀ ਦੀ ਚੇਤਨਾ ਸੀ ਜਿਸ ਨੇ ਉਨ੍ਹੀਵੀਂ ਸਦੀ ’ਚ ਸਾਮਰਾਜਵਾਦ ਸਥਾਪਿਤ ਕਰ ਦਿੱਤਾ। ਸਾਮਰਾਜਵਾਦ ਦੀ ਧਾਰਨਾ ਨੂੰ ਫਰਾਂਸੀਸੀ ਇਨਕਲਾਬ ਦੇ ਵਿਸਤਾਰ ’ਚ ਦੇਖੀਏ ਤਾਂ ਕੀ ਇਹ ਅਸਫ਼ਲ ਇਨਕਲਾਬ ਨਹੀਂ ਸੀ? ਮਨੁੱਖਤਾ ਦੇ ਜਿਨ੍ਹਾਂ ਮੁੱਲਾਂ ਦਾ ਇਸ ਨੇ ਸੰਗਿਆਨ ਲਿਆ ਉਹ ਏਨੇ ਖਿਣਕ ਤੇ ਆਤਮ-ਕੇਂਦ੍ਰਿਤ ਕਿਉਂ ਸਾਬਿਤ ਹੋਏ? ਅਜੇ ਤੱਕ ਹੋਈ ਸਾਮਰਾਜਵਾਦ ਦੀ ਸਾਰੀ ਵਿਆਖਿਆ ਇਸ ਦੀ ਪਰਿਕਲਪਨਾ ਨੂੰ ਰਾਜਨੀਤਕ ਤੇ ਆਰਥਿਕ ਧੌਂਸ ਦੇ ਰੂਪ ’ਚ ਸੀਮਤ ਕਰਕੇ ਦੇਖਦੀ ਹੈ। ਇਹ ਸਾਮਰਾਜਵਾਦੀ ਧੌਂਸ ਦੀ ਚੇਤਨਾ ਦੀ ਪੜਤਾਲ ਗਿਆਨ ਦੀ ਧਾਰਨਾ ਦੇ ਰੂਪ ’ਚ ਨਹੀਂ ਕਰਦੀ।
ਗਿਆਨ ਦੇ ਸਭਿਆਚਾਰ ਦਾ ਧੌਂਸ ਦੇ ਸਭਿਆਚਾਰ ’ਚ ਬਦਲਣਾ ਹੀ ਉਹ ਬਿੰਦੂ ਹੈ ਜਿਸ ਨੇ ਪ੍ਰਬੁੱਧਤਾ ਦੀ ਚੇਤਨਾ ਨੂੰ ਸਾਮਰਾਜਵਾਦ ਦੀ ਧਾਰਨਾ ’ਚ ਬਦਲ ਦਿੱਤਾ। ਕੀ ਸੱਚਮੁੱਚ ਯੂਰੋਪ ਨੂੰ ਏਨੀ ਵੱਡੀ ਮਾਤਰਾ ’ਚ ਕੱਚੇ ਮਾਲ ਦੀ ਲੋੜ ਸੀ ਕਿ ਉਸ ਨੇ ਅੱਧੀ ਤੋਂ ਵੱਧ ਦੁਨੀਆ ਨੂੰ ਆਪਣਾ ਗ਼ੁਲਾਮ ਬਣਾ ਲਿਆ? ਯੂਰੋਪ ਦੀ ਉਸ ਵੇਲੇ ਦੀ ਆਬਾਦੀ ਦੇ ਮੁਤਾਬਿਕ ਕੱਚਾ ਮਾਲ ਤੇ ਉਤਪਾਦਨ ਵਾਧੂ ਸੀ। ਇਸ ਦੇ ਬਾਵਜੂਦ ਯੂਰੋਪੀਅਨ ਸਮਾਜਾਂ ਨੇ ਉਤਪਾਦਨ ਦੀ ਗਤੀ ਨੂੰ ਵਧੇਰੇ ਤੇਜ਼ ਕਰਨ ਲਈ ਸਾਮਰਾਜਵਾਦੀ ਵਿਸਤਾਰ ਤੇ ਪਾਸਾਰ ਦਾ ਸਹਾਰਾ ਲਿਆ। ਵਾਧੂ ਉਤਪਾਦਨ ਰਾਹੀਂ ਹੀ ਯੂਰੋਪ ਆਪਣੀ ਧੌਂਸ ਜਮਾ ਸਕਦਾ ਸੀ। ਇਸ ਲਈ ਗਿਆਨ ਵਿਗਿਆਨ ਨੂੰ ਵੱਧ ਉਤਪਾਦਨ ਵੱਲ ਮੋੜਨ ਦੀ ਲੋੜ ਸੀ। ਲੋਕਾਂ ’ਚ ਵਾਧੂ ਉਪਭੋਗ ਦੀ ਚੇਤਨਾ ਨੂੰ ਹੀ ਗਿਆਨ ਬਣਾ ਦਿੱਤਾ ਜਾਵੇ। ਇਉਂ ਦੁਨੀਆ ਦਾ ਸ਼ਾਸਕ ਵਰਗ ਹੀ ਦੋ ਹਿੱਸਿਆਂ ’ਚ ਨਹੀਂ ਵੰਡਿਆ ਗਿਆ ਸਗੋਂ ਸਾਧਾਰਨ ਜਨਤਾ ਵੀ ਦੋ ਹਿੱਸਿਆਂ ’ਚ ਵੰਡੀ ਗਈ। ਯੂਰੋਪ ਦੀ ਲੋਕਾਈ ਦਾ ਉਤਪਾਦਨ ਤੇ ਉਪਭੋਗ ਵਿਚਲਾ ਅਨੁਪਾਤ ਏਸ਼ੀਆ ਤੇ ਅਫ਼ਰੀਕਾ ਦੀ ਜਨਤਾ ਤੋਂ ਕਾਫ਼ੀ ਭਿੰਨ ਸੀ। ਸਾਮਰਾਜਵਾਦ ਦੀ ਪ੍ਰਕਿਰਿਆ ਨੇ ਸਾਧਾਰਨ ਲੋਕਾਂ ਤੋਂ ਲੋੜ ਮੁਤਾਬਿਕ ਉਪਭੋਗ ਦਾ ਅਧਿਕਾਰ ਖੋਹ ਲਿਆ। ਉਨ੍ਹੀਵੀਂ ਸਦੀ ਵਿਚ ਯੂਰੋਪ ’ਚ ਅਥਾਹ ਪੂੰਜੀ ਤੇ ਧਨ ਸੰਪਦਾ ਜਮ੍ਹਾਂ ਹੋਈ ਅਤੇ ਏਸ਼ਿਆਈ ਤੇ ਅਫ਼ਰੀਕੀ ਸਮਾਜਾਂ ਨੇ ਅਕਹਿ ਭੁੱਖਮਰੀ, ਮਹਾਂਮਾਰੀਆਂ ਤੇ ਕਾਲਾਂ ਦੀ ਮਾਰ ਵਾਰ ਵਾਰ ਸਹੀ। ਇਨ੍ਹਾਂ ਹਾਲਾਤ ’ਚ ਇਨ੍ਹਾਂ ਖਿੱਤਿਆਂ ਦੇ ਮੁਲਕਾਂ ’ਚ ਆਮ ਬੰਦਾ ਬੇਗਾਨਗੀ ਦਾ ਸ਼ਿਕਾਰ ਹੋਇਆ। ਇੱਥੋਂ ਦਾ ਉੱਚ ਵਰਗ ਬੜੀ ਤੇਜ਼ੀ ਨਾਲ ਯੂਰੋਪੀਅਨ ਸਭਿਆਚਾਰਾਂ ਦੇ ਪ੍ਰਭਾਵਾਂ ’ਚ ਢਲਣ ਲੱਗਾ। ਏਸ਼ਿਆਈ ਤੇ ਅਫ਼ਰੀਕੀ ਮੁਲਕਾਂ ਦੇ ਆਮ ਲੋਕਾਂ ਨੇ ਧੌਂਸ ਦੇ ਸਭਿਆਚਾਰ ਨੂੰ ਯੂਰੋਪੀਅਨ ਸਭਿਆਚਾਰ ਦੇ ਰੂਪ ’ਚ ਪਛਾਣਿਆ। ਉਨ੍ਹਾਂ ਨੇ ਸ਼ਾਸਕ ਵਰਗ ਨੂੰ ਯੂਰੋਪ ਮੰਨ ਲਿਆ। ਇਹ ਧਾਰਨਾ ਇਨ੍ਹਾਂ ਮੁਲਕਾਂ ’ਚ ਕਿਸੇ ਨਾ ਕਿਸੇ ਰੂਪ ’ਚ ਅੱਜ ਵੀ ਕਾਇਮ ਹੈ। ਸਾਮਰਾਜਵਾਦ ਦਾ ਬਾਹਰੀ ਰੂਪ ਵਰਤਮਾਨ ’ਚ ਭਾਵੇਂ ਦਿਖਾਈ ਨਾ ਦੇਵੇ, ਪਰ ਇਨ੍ਹਾਂ ਸਮਾਜਾਂ ਦੇ ਸ਼ਾਸਕ ਵਰਗ ਦੀ ਚੇਤਨਾ ਅਜੇ ਵੀ ਸਾਮਰਾਜਵਾਦੀ ਹੈ ਅਤੇ ਸਮਾਜ ਦੇ ਹਰ ਹਿੱਸੇ ’ਚ ਮੌਜੂਦ ਹੈ। ਇਨ੍ਹਾਂ ਮੁਲਕਾਂ ਦੇ ਆਮ ਲੋਕਾਂ ਲਈ ਅੱਜ ਵੀ ਬਸਤੀਵਾਦੀ ਸਭਿਆਚਾਰ ਨਾਲ ਫ਼ੈਸਲਾਕੁੰਨ ਸੰਘਰਸ਼ ਕਰਨਾ ਬਾਕੀ ਹੈ।

ਮਨਮੋਹਨ

ਥਿਓਡਰ ਅਡੋਰਨੋ ਦੀ ਪ੍ਰਬੁੱਧਤਾ ਸਬੰਧੀ ਮਾਨਤਾਵਾਂ ਦੀਆਂ ਭਿੰਨ ਭਿੰਨ ਪਰਸਪਰ ਵਿਰੋਧੀ ਵਿਆਖਿਆਵਾਂ ਹੋਈਆਂ। ਬਹੁਤਿਆਂ ਦਾ ਮੰਨਣਾ ਹੈ ਕਿ ਅਡੋਰਨੋ ਦੇ ਦਾਰਸ਼ਨਿਕ ਵਿਚਾਰਾਂ ਨਾਲ ਉਤਰ-ਆਧੁਨਿਕਤਾ ਦੀ ਸ਼ੁਰੂਆਤ ਹੋਈ। ਫ੍ਰੈਂਕਫਰਟ ਵਿਚਾਰਧਾਰਾ ਦੇ ਦੂਜੇ ਦੌਰ ਨਾਲ ਸਬੰਧਿਤ ਜਰਮਨ ਚਿੰਤਕ ਜੁਰਗੇਨ ਹੈਬਰਮਾਸ ਇਸ ਤੋਂ ਇਨਕਾਰ ਕਰਦਿਆਂ ਆਧੁਨਿਕਤਾ ਤੇ ਅਡੋਰਨੋ ਦੇ ਸੰਦਰਭ ’ਚ ਜਟਿਲ ਵਿਆਖਿਆ ਪੇਸ਼ ਕਰਦਾ ਹੈ। ਹੈਬਰਮਾਸ ਬੁਰਜੂਆ ਸੰਸਕ੍ਰਿਤੀ ਅਤੇ ਪੂੰਜੀਵਾਦੀ ਧੌਂਸ ਵਿਚਾਲੇ ਫ਼ਰਕ ਕਰਨ ’ਤੇ ਜ਼ੋਰ ਦਿੰਦਾ ਹੈ ਤੇ ਆਧੁਨਿਕਤਾ ਦੇ ਮੁੱਲਾਂ ਦੀ ਸਮਾਜ ਅਤੇ ਸੱਤਾ ਦੇ ਨਵੇਂ ਤਣਾਓ ਦੇ ਰੂਪ ’ਚ ਵਿਆਖਿਆ ਕਰਦਾ ਹੈ। ਉਹ ਆਧੁਨਿਕਤਾ ਦੇ ਅੰਦਰੋਂ ਹੀ ਪੂਰੀ ਤਰ੍ਹਾਂ ਕ੍ਰਿਟੀਕਲ ਬਣੇ ਰਹਿਣ ਦੀਆਂ ਸੰਭਾਵਨਾਵਾਂ ਨੂੰ ਸਮਾਜ ਦੀ ਮੁਕਤੀ ਵਜੋਂ ਦੇਖਦਾ ਹੈ। ਹੈਬਰਮਾਸ ਮੁਤਾਬਿਕ ਪ੍ਰਬੁੱਧਤਾ ’ਚ ਧੌਂਸ ਦੇ ਮੁੱਲ ਪਹਿਲਾਂ ਹੀ ਮੌਜੂਦ ਨਹੀਂ ਸਨ। ਇਨ੍ਹਾਂ ਮੁੱਲਾਂ ਨੂੰ ਗਿਆਨ, ਵਿਗਿਆਨ ਅਤੇ ਤਕਨੀਕ ਰਾਹੀਂ ਹੌਲੀ ਹੌਲੀ ਵਿਕਸਿਤ ਕੀਤਾ ਗਿਆ। ਪ੍ਰਬੁੱਧਤਾ ਨੇ ਮਨੁੱਖ ਦੀ ਚੇਤਨਾ ਨੂੰ ਸਮਾਜਿਕ ਮੁਕਤੀ ਦੀ ਧਾਰਨਾ ਨਾਲ ਜੋੜਿਆ। ਸਮਾਜ ਅੰਦਰ ਖ਼ਾਸ ਤਰ੍ਹਾਂ ਦੀ ਕ੍ਰਿਟੀਕੈਲਿਟੀ ਦਾ ਵਿਕਾਸ ਹੋਇਆ। ਨਿੱਜਤਾ ਦੀ ਬਹੁਲਤਾ ਨਾਲ ਸਮਾਜਿਕ ਯਥਾਰਥ ਦਾ ਨਿਰਮਾਣ ਹੋਇਆ। ਇਹ ਸਾਰੇ ਯਥਾਰਥ ਆਪਣੇ ਮੂਲ ’ਚ ਸੱਤਾ ਨਾਲ ਤਣਾਓ ਰਚਦੇ ਹਨ। ਇਉਂ ਇਸ ਆਲੋਚਨਾਤਮਕ ਪ੍ਰਕਿਰਿਆ ਰਾਹੀਂ ਮਨੁੱਖ ਦੀ ਚੇਤਨਾ ਸਮਾਜ ਨਾਲ ਦਵੰਦਾਤਮਕ ਸਬੰਧ ਬਣਾਉਂਦੀ ਸੀ। ਵਿਗਿਆਨ ਤੇ ਤਕਨੀਕ ਨੇ ਨਿੱਜੀ ਤਾਰਕਿਕਤਾ ਨੂੰ ਤਕਨੀਕੀ ਤਾਰਕਿਕਤਾ ’ਚ ਬਦਲ ਦਿੱਤਾ। ਇਉਂ ਪ੍ਰਬੁੱਧਤਾ ਦੇ ਮੁੱਲ ਧੌਂਸ ਦੀਆਂ ਕਦਰਾਂ ਕੀਮਤਾਂ ’ਚ ਬਦਲ ਗਏ। ਦਵੰਦਾਤਮਕਤਾ ਦੀ ਰਚਨਾਤਮਿਕ ਭੂਮਿਕਾ ਨਸ਼ਟ ਹੋਣ ਲੱਗੀ। ਥਿਓਡਰ ਅਡੋਰਨੋ ਕਹਿੰਦਾ ਹੈ ਕਿ ਦਵੰਦਾਤਮਕਤਾ ਨਾਕਾਰਾਤਮਕ ਭੂਮਿਕਾ ਨਿਭਾਉਣ ਲੱਗੀ।
ਥਿਓਡਰ ਅਡੋਰਨੋ ਤੇ ਫ੍ਰੈਂਕਫਰਟ ਵਿਚਾਰਧਾਰਾ ਦੇ ਚਿੰਤਕਾਂ ਨੇ ਧੌਂਸ ਦੀ ਚੇਤਨਾ ਦੇ ਭਿੰਨ ਭਿੰਨ ਪਾਸਾਰਾਂ ਨੂੰ ਸਮਝਣ ਦਾ ਯਤਨ ਕੀਤਾ। ਇਕ ਪਾਸਾਰ ਮਨੁੱਖ ਤੇ ਪ੍ਰਕਿਰਤੀ ਵਿਚਾਲੇ ਬਦਲਦੇ ਸਬੰਧਾਂ ਦੁਆਰਾ ਵਿਕਸਤ ਹੁੰਦਾ ਹੈ। ਮਨੁੱਖ ਅਤੇ ਪ੍ਰਕਿਰਤੀ ਵਿਚਲੇ ਸਬੰਧਾਂ ਦੀ ਦਵੰਦਾਤਮਕਤਾ ਦਾ ਨਸ਼ਟ ਹੋਣਾ ਵੱਡਾ ਬਦਲਾਅ ਸੀ। ਜਿਨ੍ਹਾਂ ਯੰਤਰਾਂ ਤੇ ਤਕਨੀਕਾਂ ਨਾਲ ਮਨੁੱਖ ਨੇ ਉਨ੍ਹੀਵੀਂ ਸਦੀ ਦੇ ਸ਼ੁਰੂ ’ਚ ਪ੍ਰਕਿਰਤੀ ਉਪਰ ਧੌਂਸ/ਗ਼ਲਬਾ ਜਮਾਉਣ ਦੀ ਕੋਸ਼ਿਸ਼ ਕੀਤੀ, ਉਹੀ ਯੰਤਰ ਤੇ ਤਕਨੀਕ ਉਨ੍ਹੀਵੀਂ ਸਦੀ ਦੇ ਅੰਤ ਤੇ ਵੀਹਵੀਂ ਸਦੀ ਦੇ ਸ਼ੁਰੂ ਤੱਕ ਆਉਂਦੇ ਆਉਂਦੇ ਮਨੁੱਖ ’ਤੇ ਧੌਂਸ ਜਮਾਉਣ ਲੱਗੇ। ਉਨ੍ਹੀਵੀਂ ਸਦੀ ’ਚ ਸਾਮਰਾਜਵਾਦੀ ਲੁੱਟ ਤੇ ਸ਼ੋਸ਼ਣ ਨਾਲ ਜਿੰਨੀ ਧਨ ਸੰਪੱਤੀ ਯੂਰੋਪ ਨੇ ਜਮ੍ਹਾਂ ਕੀਤੀ, ਉਸ ਦਾ ਬਹੁਤਾ ਹਿੱਸਾ ਉਸ ਨੇ ਪਹਿਲੀ ਤੇ ਦੂਜੀ ਆਲਮੀ ਜੰਗ ’ਚ ਨਸ਼ਟ ਕਰ ਦਿੱਤਾ। ਪ੍ਰਸ਼ਨ ਸਿਰਫ਼ ਸੰਪੱਤੀ ਨਸ਼ਟ ਹੋਣ ਦਾ ਨਹੀਂ ਸਗੋਂ ਸਵਾਲ ਇਹ ਹੈ ਕਿ ਇਨ੍ਹਾਂ ਜੰਗਾਂ ਦੇ ਅਨੁਭਵਾਂ ਨੇ ਕੀ ਮਨੁੱਖ ਨੂੰ ਵੱਧ ਕਰੂਰ ਤੇ ਹਿੰਸਕ ਨਹੀਂ ਬਣਾ ਦਿੱਤਾ? ਇਹ ਬਰਬਰਤਾ, ਵਹਿਸ਼ੀਪਣ ਤੇ ਪਾਸ਼ਵਿਕਤਾ 1928 ਦੀ ਆਰਥਿਕ ਮੰਦੀ ਮਗਰੋਂ ਹੋਰ ਭਿਆਨਕ ਰੂਪ ’ਚ ਸਾਹਮਣੇ ਆਈ। ਸਮਾਜ ਦੀ ਮੂਲ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੀ ਧਾਰਨਾ ਕਮਜ਼ੋਰ ਤੇ ਖੀਣ ਹੋਣ ਲੱਗੀ। ਕੀ ਜਰਮਨੀ ’ਚ ਹਿਟਲਰ ਦਾ ਉਭਾਰ ਮਹਿਜ਼ ਇਤਫ਼ਾਕ ਸੀ? ਕੀ ਸਮਾਜਿਕ, ਸਭਿਆਚਾਰਕ ਅਤੇ ਵਿਸ਼ਵੀ ਦ੍ਰਿਸ਼ ਨੇ ਹਿਟਲਰ ਦਾ ਉਭਾਰ ਜ਼ਰੂਰੀ ਨਹੀਂ ਸੀ ਬਣਾ ਦਿੱਤਾ। ਕੀ ਹਿਟਲਰ ਦਾ ਆਉਣਾ ਉਨ੍ਹੀਵੀਂ ਸਦੀ ’ਚ ਸਾਮਰਾਜਵਾਦੀ ਨਿਰਦਈਪੁਣੇ ਤੇ ਵਹਿਸ਼ਤ ਦੇ ਰੂਪ ’ਚ ਹੋਈ ਧੌਂਸ ਦੀ ਸ਼ੁਰੂਆਤ ਦੀ ਫ਼ੈਸਲਾਕੁੰਨ ਅੰਤਿਮ ਹੋਣੀ ਨਹੀਂ ਸੀ? ਸਭ ਤੋਂ ਅਹਿਮ ਸਵਾਲ ਹੈ ਕਿ ਜਰਮਨ ਜਨਤਾ ਨੇ ਹਿਟਲਰ ਦਾ ਇਕਮੱਤ ਸਮਰਥਨ ਕਿਉਂ ਕੀਤਾ? ਕੀ ਇਹ ਉਸੇ ਲੜੀ ਦਾ ਦੁਹਰਾਓ ਨਹੀਂ ਸੀ ਜਿਸ ਤਹਿਤ ਯੂਰੋਪ ਦੀ ਜਨਤਾ ਨੇ ਏਸ਼ਿਆਈ ਤੇ ਅਫ਼ਰੀਕੀ ਮੁਲਕਾਂ ’ਚ ਨਾ ਸਿਰਫ਼ ਸਾਮਰਾਜਵਾਦ ਦਾ ਵਿਰੋਧ ਹੀ ਨਹੀਂ ਕੀਤਾ ਸਗੋਂ ਸਾਮਰਾਜਵਾਦੀ ਪਾਸਾਰੇ ਦੀ ਧੌਂਸ ਦਾ ਕਿਸੇ ਨਾ ਕਿਸੇ ਰੂਪ ’ਚ ਹਿੱਸਾ ਵੀ ਬਣੀ। ਫ੍ਰੈਂਕਫਰਟ ਵਿਚਾਰਧਾਰਾ ਦੇ ਚਿੰਤਕਾਂ ਮੂਹਰੇ ਸਭ ਤੋਂ ਵੱਡੀ ਬੁਝਾਰਤ ਜਨਤਾ ਦੀ ਧਾਰਨਾ ਨੂੰ ਸਮਝਣ ਦੀ ਸੀ। ਧੌਂਸ ਦੀ ਧਾਰਨਾ ਨੇ ਜਨਤਾ ਦੀ ਸਮੁੱਚੀ ਚੇਤਨਾ ਤੇ ਧਾਰਨਾਵਾਂ ਨੂੰ ਹੀ ਬਦਲ ਦਿੱਤਾ। ਪ੍ਰਤੀਰੋਧ ਤੇ ਨਾਬਰੀ ਦੇ ਸਭਿਆਚਾਰ ਤੇ ਲੋਕ ਸਭਿਆਚਾਰ ਵਿਚਾਲੇ ਪੈਦਾ ਹੋ ਚੁੱਕੇ ਪਾੜ ਨੂੰ ਸਮਝੇ ਬਿਨਾਂ ਵੀਹਵੀਂ ਸਦੀ ਦੇ ਇਸ ਗੁੰਝਲਦਾਰ ਯਥਾਰਥ ਨੂੰ ਸਮਝਿਆ ਨਹੀਂ ਜਾ ਸਕਦਾ।
ਇਨ੍ਹਾਂ ਅਰਥਾਂ ’ਚ ਵੀਹਵੀਂ ਸਦੀ ਉਨ੍ਹੀਵੀਂ ਸਦੀ ਤੋਂ ਅਲੱਗ ਜਾਪਦੀ ਹੈ ਕਿਉਂਕਿ ਵੀਹਵੀਂ ਸਦੀ ਪਰਸਪਰ ਅੰਤਰ-ਵਿਰੋਧਾਂ ਦੀ ਸਦੀ ਸਾਬਿਤ ਹੋਈ। ਇਸ ’ਚ ਕਿਸੇ ਕੇਂਦਰੀਅਤਾ ਦੀ ਥਾਹ ਪਾਉਣਾ ਲਗਪਗ ਅਸੰਭਵ ਹੈ। ਏਨਾ ਜ਼ਰੂਰ ਵਾਪਰਿਆ ਕਿ ਵੀਹਵੀਂ ਸਦੀ ਨੇ ਮਨੁੱਖ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਕੀ ਇਨ੍ਹਾਂ ਪਰਸਪਰ ਵਿਰੋਧੀ ਚੇਤਨਾਵਾਂ ਵਿਚਕਾਰ ਕਿਸੇ ਸਮਰੂਪਤਾ ਤੇ ਸੰਗਤੀ ਦੀ ਭਾਲ ਕਰਨਾ ਉਸ ਪੁਰਾਣੀ ਦੁਨੀਆ ਦੀ ਧਾਰਨਾ ਨੂੰ ਵੀਹਵੀਂ ਸਦੀ ’ਤੇ ਥੋਪਣ ਵਾਂਗ ਨਹੀਂ ਹੋਵੇਗਾ ਜੋ ਅਸਲ ’ਚ ਹੈ ਹੀ ਨਹੀਂ। ਕੀ ਯਥਾਰਥ ਦੇ ਤੀਬਰ ਜੋਸ਼ ਵਜੋਂ ਇਸ ਸਦੀ ਨੂੰ ਪਛਾਣਿਆ ਜਾ ਸਕਦਾ ਹੈ? ਇਸ ਤੀਬਰ ਜੋਸ਼ ਵਿਚਾਲੇ ਭਾਵੇਂ ਕਿਸੇ ਸਮਰੂਪਤਾ ਤੇ ਸੰਗਤੀ ਦੀ ਸ਼ਨਾਖ਼ਤ ਸੰਭਵ ਨਾ ਹੋਵੇ, ਪਰ ਕੀ ਇਸ ’ਚ ਸਮੱਗਰਤਾ ਦੇ ਬੋਧ ਨੂੰ ਚਿਹਨਤ ਕੀਤਾ ਜਾ ਸਕਦਾ ਹੈ? ਵੀਹਵੀਂ ਸਦੀ ’ਚ ਇਹੋ ਸਮੱਗਰਤਾ ਅਸਲ ’ਚ ਸੱਤਾ ਦਾ ਰੂਪ ਲੈ ਲੈਂਦੀ ਹੈ। ਮਿਸ਼ੇਲ ਫੂਕੋ ‘ਡਿਸਿਪਲਨ ਐਂਡ ਪਨਿਸ਼’ ’ਚ ਕਹਿੰਦਾ ਹੈ ਕਿ ਸੱਤਾ, ਗਿਆਨ ਤੇ ਸੰਸਥਾਵਾਂ ਦੀ ਸੰਰਚਨਾ ਰਾਹੀਂ ਵਿਕਸਤ ਹੁੰਦੀ ਹੈ। ਮਨੁੱਖ ਦਾ ਤਾਰਕਿਕ ਹੋਣਾ, ਦਰਅਸਲ ਉਸ ਸੱਤਾ ਨਿਰਮਾਣ ਦੀ ਪ੍ਰਕਿਰਿਆ ’ਚ ਸ਼ਾਮਿਲ ਹੋਣਾ ਹੈ ਜੋ ਵੀਹਵੀਂ ਸਦੀ ’ਚ ਦੋ ਆਲਮੀ ਜੰਗਾਂ ’ਚੋਂ ਹੁੰਦੀ ਹੋਈ ਫਾਸ਼ੀਵਾਦ, ਨਾਜ਼ੀਵਾਦ, ਰਾਸ਼ਟਰਵਾਦੀ ਸਮਾਜਵਾਦ ਅਤੇ ਅੱਜ ਫਿਦਾਈਨ ਬੰਬਾਂ ਤੱਕ ਪਹੁੰਚ ਗਈ ਹੈ। ਮਿਸ਼ੇਲ ਫੂਕੋ ਵੀਹਵੀਂ ਸਦੀ ਦੇ ਮੱਧ ’ਚ ਮਨੁੱਖੀ ਕਰੂਰਤਾਵਾਂ ਅਤੇ ਜ਼ੁਲਮ ਦੇ ਸਾਰੇ ਪਾਸਾਰਾਂ ਦੀ ਪਛਾਣ ਕਰਦਿਆਂ ਸਾਰੀਆਂ ਸੰਸਥਾਵਾਂ ਜਿਵੇਂ ਯੂਨੀਵਰਸਿਟੀਆਂ, ਹਸਪਤਾਲਾਂ, ਅਦਾਲਤਾਂ, ਜੇਲ੍ਹਾਂ ਆਦਿ ਦੀ ਬਣਤਰ ’ਚ ਮੌਜੂਦ ਸਮਾਜ ਦੀਆਂ ਧਾਰਨਾਵਾਂ ਅਤੇ ਇਨ੍ਹਾਂ ’ਚੋਂ ਨਿਰਮਿਤ ਹੋ ਰਹੇ ਮਨੁੱਖ ਦਾ ਖਾਕਾ ਖਿੱਚਦਾ ਹੈ। ਫੂਕੋ ਮੁਤਾਬਿਕ ਵੀਹਵੀਂ ਸਦੀ ’ਚ ਇਨ੍ਹਾਂ ਸਾਰੀਆਂ ਸੰਸਥਾਵਾਂ ਰਾਹੀਂ ਅਜਿਹੇ ਨਿੱਜ ਦਾ ਨਿਰਮਾਣ ਹੋ ਰਿਹਾ ਹੈ ਜੋ ਨਾ ਸਿਰਫ਼ ਦਮਨ ਤੇ ਸੋਸ਼ਣ ਦੀਆਂ ਬਾਹਰੀ ਸ਼ਕਤੀਆਂ ਨਾਲ ਘਿਰਿਆ ਹੋਇਆ ਹੈ ਸਗੋਂ ਆਪ ਵੀ ਦਮਨ ਤੇ ਧੌਂਸ ਦੀ ਪ੍ਰਕਿਰਿਆ ਦਾ ਅੰਗ ਬਣ ਚੁੱਕਿਆ ਹੈ। ਸੰਸਥਾਵਾਂ ਦੀ ਚੇਤਨਾ ਨੇ ਉਸ ਨੂੰ ਅੰਦਰੋਂ ਬਾਹਰੋਂ ਜਕੜ ਰੱਖਿਆ ਹੈ। ਉਸ ’ਤੇ ਹਰ ਵੇਲੇ ਨਾ ਸਿਰਫ਼ ਸੰਸਥਾਵਾਂ ਨਿਗਰਾਨੀ ਰੱਖ ਰਹੀਆਂ ਹਨ ਸਗੋਂ ਉਹ ਆਪ ਵੀ ਆਪਣੀ ਨਿਗਰਾਨੀ ਹੇਠ ਹੈ। ਇਸ ਨਵੀਂ ਸਥਿਤੀ ਨੇ ਉਸ ਨੂੰ ਪਹਿਲਾਂ ਤੋਂ ਵੀ ਵੱਧ ਗ਼ੁਲਾਮ ਬਣਾ ਦਿੱਤਾ ਹੈ। ਸਵਾਲ ਇਹ ਹੈ ਕਿ ਕੀ ਹੁਣ ਵੀ ਆਜ਼ਾਦੀ ਤੇ ਮੁਕਤੀ ਦੀ ਕੋਈ ਧਾਰਨਾ ਬਚੀ ਹੈ? ਫ੍ਰੈਂਕਫਰਟ ਵਿਚਾਰਧਾਰਾ ਦੇ ਚਿੰਤਕਾਂ ਨੇ ਇਸ ਦੇ ਹੱਲ ਦੇ ਸਰਲੀਕਰਣ ਦੀ ਤਲਾਸ਼ ਦੀ ਬਜਾਏ ਵਿਸ਼ਲੇਸ਼ਣ ਦੇ ਵਿਭਿੰਨ ਪਾਸਾਰਾਂ ’ਤੇ ਧਿਆਨ ਕੇਂਦ੍ਰਿਤ ਕੀਤਾ। ਇਸ ਲਈ ਮਿਸ਼ੇਲ ਫੂਕੋ ਦੇ ਚਿੰਤਨ ਨੂੰ ਫ੍ਰੈਂਕਫਰਟ ਵਿਚਾਰਧਾਰਾ ਦੇ ਬਰਾਬਰ ਰੱਖ ਕੇ ਦੇਖਿਆ ਜਾ ਸਕਦਾ ਹੈ ਕਿਉਂਕਿ ਫੂਕੋ ਦੇ ਵਿਚਾਰਾਂ ਦੇ ਸਿੱਟੇ ਫ੍ਰੈਂਕਫਰਟ ਵਿਚਾਰਧਾਰਾ ਦੇ ਚਿੰਤਕਾਂ ਨਾਲ ਮਿਲਦੇ ਜੁਲਦੇ ਹਨ, ਪਰ ਦੋਹਾਂ ਦੀ ਚਿੰਤਨ ਪ੍ਰਕਿਰਿਆ ਭਿੰਨ ਹੈ। ਇਹ ਭਿੰਨਤਾ ਵੀਹਵੀਂ ਸਦੀ ਦੇ ਮੱਧ ’ਚ ਫਰਾਂਸੀਸੀ ਤੇ ਜਰਮਨ ਵਿਚਾਰ ਪੱਧਤੀ ਵਿਚਲੇ ਦਰਸ਼ਨ ਦੀ ਭਿੰਨਤਾ ਕਾਰਨ ਵੀ ਹੈ।

ਸੰਪਰਕ: 82839-48811


Comments Off on ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.