ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਢੀਂਡਸਿਆਂ ਨੂੰ ‘ਮੋਹਰਿਆਂ’ ਵਜੋਂ ਵਰਤ ਰਹੇ ਨੇ ਕੈਪਟਨ: ਅਕਾਲੀ ਦਲ

Posted On January - 14 - 2020

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਵਿਰੁੱਧ ਲੜਾਈ ਵਿਚ ਜਿਸ ਫੁਰਤੀ ਨਾਲ ਕਾਂਗਰਸੀ ਮੰਤਰੀ, ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਲਈ ਪਿੜ ਵਿਚ ਆਏ ਹਨ, ਉਸ ਤੋਂ ਸਾਬਤ ਹੋ ਗਿਆ ਹੈ ਕਿ ਸਾਰੇ ਮੋਰਚਿਆਂ ’ਤੇ ਨਾਕਾਮ ਹੋਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਥਕ ਪਾਰਟੀ ਨੂੰ ਕਮਜ਼ੋਰ ਕਰਨ ਲਈ ਦੋਵਾਂ ਢੀਂਡਸਿਆਂ ਨੂੰ ‘ਮੋਹਰਿਆਂ’ ਵਜੋਂ ਵਰਤਿਆ ਜਾ ਰਿਹਾ ਹੈ।
ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਮੁੱਖ ਮੰਤਰੀ ਵਿਚਕਾਰ ਨੇੜਤਾ ਹਾਲ ਹੀ ਵਿਚ ਦੋਵਾਂ ਵਿਚਕਾਰ ਹੋਈ ਡਿਨਰ ਮੀਟਿੰਗ ਤੋਂ ਸਪੱਸ਼ਟ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸੀ ਮੰਤਰੀਆਂ ਵੱਲੋਂ ਢੀਂਡਸਾ ਪਰਿਵਾਰ ਦੇ ਬੁਲਾਰਿਆਂ ਵਜੋਂ ਸਾਂਭੀਆਂ ਡਿਊਟੀਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਮਿਲੀਭੁਗਤ ਤਹਿਤ ਕੰਮ ਕਰ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਅਤੇ ਵਰਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹੇ ਹਨ। ਸੰਗਰੂਰ ਅਤੇ ਬਰਨਾਲਾ ਦੇ 11 ਸ਼੍ਰੋਮਣੀ ਕਮੇਟੀ ਮੈਂਬਰ ਅਕਾਲੀ ਦਲ ਨਾਲ ਖੜ੍ਹੇ ਹਨ। ਅਕਾਲੀ ਦਲ ਖ਼ਿਲਾਫ਼ ਕਾਂਗਰਸ ਨਾਲ ਮਿਲ ਕੇ ਵੱਡਾ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰਨ ਦੀ ਥਾਂ ਸੁਖਦੇਵ ਸਿੰਘ ਢੀਂਡਸਾ ਨੂੰ ਪਹਿਲਾਂ ਲੋਕਾਂ ਨੂੰ ਆਪਣੇ ਵਿਹਾਰ ਬਾਰੇ ਜੁਆਬ ਦੇਣਾ ਚਾਹੀਦਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਸ੍ਰੀ ਢੀਂਡਸਾ ਇਹ ਬਿਆਨ ਦੇ ਰਹੇ ਹਨ ਕਿ ਅਕਾਲੀ ਦਲ ਪ੍ਰਧਾਨ ਨੂੰ ਪਿਛਲੀਆਂ ਚੋਣਾਂ ’ਚ ਹੋਈ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਚੁੱਕਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਪਰ ਉਹ ਆਪਣੀ ਜੁਆਬਦੇਹੀ ਬਾਰੇ ਚੁੱਪ ਹਨ। ਅਕਾਲੀ ਆਗੂਆਂ ਨੇ ਸ੍ਰੀ ਢੀਂਡਸਾ ਨੂੰ ਸਵਾਲ ਕੀਤੇ ਕਿ ਉਨ੍ਹਾਂ ਕਦੇ ਵੀ ਅਕਾਲੀ ਦਲ ਦੇ ਸਕੱਤਰ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ? ਕੀ ਉਨ੍ਹਾਂ ਕਦੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਨਹੀਂ ਚਾਹੀਦੀ? ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਪੰਥਕ ਆਦਰਸ਼ਾਂ ਨੂੰ ਛਿੱਕੇ ਟੰਗਦਿਆਂ ਕਾਂਗਰਸ ਨਾਲ ਹੱਥ ਮਿਲਾ ਲਿਆ, ਜੋ ਮੰਦਭਾਗਾ ਹੈ।

ਬਾਦਲਾਂ ਨੂੰ ਢੀਂਡਸਾ ਖ਼ਿਲਾਫ਼ ਕਾਰਵਾਈ ਕਰਨ ਦਾ ਹੱਕ ਨਹੀਂ: ਫੈਡਰੇਸ਼ਨ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਿਵਸ): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਬਲਵਿੰਦਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਪ੍ਰਧਾਨ ਮਜੀਠੀਆ ਨੇ ਕਿਹਾ ਹੈ ਕਿ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ਦੇ ਦੋਸ਼ੀ ਹਨ, ਉਨ੍ਹਾਂ ਨੂੰ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਤੇ ਅਕਾਲੀ ਦਲ ਅੰਦਰ ਲੋਕਤੰਤਰ ਦਾ ਕਤਲ ਕਰਨ ਦੇ ਦੋਸ਼ੀ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਪੁੱਤ ਮੋਹ ’ਚ ਆ ਕੇ ਸੁਖਦੇਵ ਸਿੰਘ ਢੀਂਡਸਾ ਨੂੰ ਅੱਖੋਂ ਪਰੋਖੇ ਕਰ ਕੇ ਆਪਣੇ ਪੁੱਤਰ ਨੂੰ ਅਕਾਲੀ ਦਲ ਦੀ ਕਮਾਂਡ ਸੌਂਪ ਦਿੱਤੀ, ਜਿਸ ਕਾਰਨ ਅਕਾਲੀ ਦਲ ਬਰਬਾਦ ਹੋ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ, ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ ਬਾਦਲ ਵਿਚ ਬਦਲ ਕੇ ਰੱਖ ਦਿੱਤਾ। ਇਸ ਕਾਰਨ ਅਕਾਲੀ ਦਲ ਵਿਧਾਨ ਸਭਾ ਵਿਚੋਂ ਵਿਰੋਧੀ ਧਿਰ ਦਾ ਦਰਜਾ ਵੀ ਗੁਆ ਬੈਠਾ।


Comments Off on ਢੀਂਡਸਿਆਂ ਨੂੰ ‘ਮੋਹਰਿਆਂ’ ਵਜੋਂ ਵਰਤ ਰਹੇ ਨੇ ਕੈਪਟਨ: ਅਕਾਲੀ ਦਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.