ਫੁਟਬਾਲ: ਭਾਰਤ ਨੂੰ ਮਹਿਲਾ ਏਸ਼ੀਆ ਕੱਪ-2022 ਦੀ ਮੇਜ਼ਬਾਨੀ ਮਿਲੀ !    ਇੱਕ ਲਾਇਸੈਂਸ ’ਤੇ ਦੋ ਤੋਂ ਵੱਧ ਹਥਿਆਰ ਰੱਖਣਾ ਗੈਰਕਾਨੂੰਨੀ !    ਜ਼ੀਰਕਪੁਰ ਤੇ ਡੇਰਾਬੱਸੀ ਵਿਚ ਨਾਜਾਇਜ਼ ਖਣਨ ਜ਼ੋਰਾਂ ’ਤੇ !    ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    

ਝੂਠ ਨੀ ਮਾਏ ਝੂਠ…

Posted On January - 19 - 2020

ਰੁਪਿੰਦਰ
ਬਦਲਦੇ ਹਾਲਾਤ

ਲਗਪਗ ਚਾਲੀ ਕੁ ਵਰ੍ਹੇ ਪਹਿਲਾਂ ਜਦੋਂ ਵਿਆਹ ਦਾ ਪ੍ਰਸਤਾਵ ਮੇਰੇ ਸਾਹਮਣੇ ਆਇਆ ਤਾਂ ਜਿਵੇਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ ਹੋਵੇ। ਉਮਰ 19 ਕੁ ਸਾਲ ਹੀ ਸੀ। ਬੀ.ਏ. ਦੀ ਪੜ੍ਹਾਈ ਕਰ ਰਹੀ ਸੀ। ਇੰਜ ਲੱਗਿਆ ਜਿਵੇਂ ਇਕ ਕੈਦ ’ਚੋਂ ਕੈਦੀ ਨੂੰ ਦੂਜੀ ਸੁਰੱਖਿਅਤ ਕੈਦ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੋਵੇ। ਬਿਲਕੁਲ ਹੀ ਅਣਜਾਣ, ਜਿਸ ਪਿੰਡ ਦਾ ਮੈਂ ਕਦੇ ਰਾਹ ਵੀ ਨਹੀਂ ਦੇਖਿਆ। ਖ਼ੈਰ! ਮੇਰੀ ਅੱਗੇ ਪੜ੍ਹਾਈ ਕਰਨ ਦੀ ਇੱਛਾ ਦੇ ਪ੍ਰਗਟਾਵੇ ਦਾ ਜੁਆਬ ਮਿਲਿਆ ਕਿ ਤੇਰੀ ਪੜ੍ਹਾਈ ਰੋਕੀ ਨਹੀਂ ਜਾ ਰਹੀ ਸਗੋਂ ਸ਼ੁਰੂ ਹੋਵੇਗੀ। ਮੁੰਡਾ ਜੇ.ਐੱਨ.ਯੂ. ਦਾ ਵਿਦਿਆਰਥੀ ਹੈ। ਦਿੱਲੀ ਪੜ੍ਹਦਾ ਹੈ। ਪੀਐੱਚ.ਡੀ. ਕਰ ਰਿਹਾ ਹੈ। ਪਰ ਮੈਂ ਤਾਂ ਚੰਡੀਗੜ੍ਹ ਦਾ ਵੀ ਸੁਪਨਾ ਨਹੀਂ ਦੇਖਿਆ ਸੀ। ਕਿਸਮਤ ਨੇ ਕਿਹੋ ਜਿਹਾ 360 ਡਿਗਰੀ ਦਾ ਚੱਕਰ ਘੁਮਾਇਆ, ਵਿਸ਼ਵਾਸ ਕਰਨਾ ਵੀ ਮੁਸ਼ਕਿਲ ਸੀ। ਸਿੱਧੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿਚ ਪਹੁੰਚ ਗਈ।
ਬਹੁਤ ਮਿਹਨਤ ਤੋਂ ਬਾਅਦ ਭਾਰਤ ਪੱਧਰ ਦਾ ਇਮਤਿਹਾਨ ਪਾਸ ਕਰਕੇ ਜੇ.ਐੱਨ.ਯੂ. ਵਿਚ ਦਾਖ਼ਲਾ ਲੈ ਲਿਆ। ਪੰਜਾਬੀ ਅਧਿਐਨ ਵਿਚ ਪੜ੍ਹਾਈ ਕਰ, ਪੰਜਾਬ ਦੇ ਸਭ ਤੋਂ ਪੱਛੜੇ ਇਲਾਕੇ ਵਿਚ ਜਨਮ ਲੈ ਕੇ ਇਸ ਵਿਸ਼ਵ ਵਿਦਿਆਲੇ ਵਿਚ ਪਹੁੰਚਣਾ ਮੇਰੇ ਲਈ ‘ਸਿੰਡਰੇਲਾ’ ਦੀ ਬਾਤ ਨਾਲੋਂ ਘੱਟ ਨਹੀਂ ਸੀ।
ਇਸ ਯੂਨੀਵਰਸਿਟੀ ਦੀ ਤੁਲਨਾ ਇਕ ਟਾਪੂ ਨਾਲ ਕੀਤੀ ਜਾ ਸਕਦੀ ਹੈ ਜੋ ਚਾਰ ਚੁਫ਼ੇਰਿਓਂ ਵਿਸ਼ਾਲ ਭਿਆਨਕ ਸਮੁੰਦਰ ਨਾਲ ਘਿਰਿਆ ਹੋਵੇ। ਸਮੇਂ-ਸਮੇਂ ਬਾਅਦ ਵੱਡੀਆਂ ਛੱਲਾਂ ਆਉਂਦੀਆਂ। ਕਦੇ ਥੋੜ੍ਹਾ ਕਦੇ ਬਹੁਤਾ ਪ੍ਰਭਾਵ ਪਾ ਵਾਪਸ ਹੋ ਜਾਂਦੀਆਂ। ਪਰ ਜੇ ਸੁਨਾਮੀ ਆਵੇ ਤਾਂ ਟਾਪੂ ਦੀ ਹੋਂਦ ਖ਼ਤਰੇ ’ਚ ਹੁੰਦੀ ਹੈ।
ਉਂਜ, ਧਰਤੀ ਦਾ ਇਹ ਟੁਕੜਾ ਔਰਤ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਸੀ। ਇਸ ਦੀ ਆਜ਼ਾਦ ਫਿਜ਼ਾ ਵਿਚ ਪ੍ਰਵਾਨ ਚੜ੍ਹਨਾ ਦਿਮਾਗ਼ੀ ਅਤੇ ਸਰੀਰਕ ਪੱਖੋਂ ਬਹੁਤ ਹੀ ਥੋੜ੍ਹੀ ਵਸੋਂ ਦੇ ਹਿੱਸੇ ਆਉਂਦਾ ਹੈ। ਇਸ ਅਨੁਭਵ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੈ। ਜਿੱਥੇ ਦੁਨੀਆਂ ਦੇ ਆਡੰਬਰਾਂ ਦਾ ਡਰ ਨਾ ਹੋਵੇ। ਨਾ ਉਮਰ ’ਚ ਵੱਡੇ-ਛੋਟੇ ਦਾ ਅਹਿਸਾਸ ਹੋਵੇ। ਨਾ ਗ਼ਰੀਬ-ਅਮੀਰ ਨਾਲ ਵੱਖਰਾ ਸਲੂਕ। ਖਾਣੇ ਦੀ ਮੈੱਸ ਦੇ ਕਰਮਚਾਰੀ, ਲਾਇਬਰੇਰੀ ਦੇ ਚੌਕੀਦਾਰ, ਬੱਸ ਦੇ ਡਰਾਈਵਰ ਕੰਡਕਟਰ ਸਭ ਇੱਕੋ ਪਰਿਵਾਰ ਦਾ ਹਿੱਸਾ ਜਾਪਣ। ਇਸ ਦੀ ਕਲਪਨਾ ਬਾਹਰੀ ਦੁਨੀਆਂ ’ਚ ਕਰਨਾ ਨਾ-ਮੁਮਕਿਨ ਸੀ। ਜੇ ਮੈੱਸ ਵਿਚ ਕਰਮਚਾਰੀਆਂ ਦੀ ਛੁੱਟੀ ਹੋਵੇ ਤਾਂ ਵਾਰਡਨ ਨੇ ਵਿਦਿਆਰਥੀਆਂ ਦੇ ਖਾਣੇ ਦਾ ਇੰਤਜ਼ਾਮ ਕਰਨਾ। ਜੇ ਕੋਈ ਵਿਦਿਆਰਥੀ ਇਮਤਿਹਾਨ ਵਾਲੇ ਦਿਨ ਸੁੱਤਾ ਰਹਿ ਗਿਆ ਤਾਂ ਦੁਬਾਰਾ ਇੰਤਜ਼ਾਮ ਕਰਨਾ। ਸਮਾਜ ਵਿਗਿਆਨ ਦੇ ਮਸ਼ਹੂਰ ਅਧਿਆਪਕ ਪ੍ਰੋਫ਼ੈਸਰ ਦਿਪਾਂਕਰ ਗੁਪਤਾ ਨੂੰ ਮੈੱਸ ਦਾ ਵਾਰਡਨ ਹੋਣ ਨਾਤੇ ਦੇਖ-ਰੇਖ ਕਰਦਿਆਂ ਯਾਦ ਕਰਦੀ ਹਾਂ ਤਾਂ ਅਜੀਬ ਮਹਿਸੂਸ ਹੁੰਦਾ ਹੈ ਕਿ ਇਹ ਵਾਕਈ ਹੀ ਇਕ ਵੱਖਰੀ ਦੁਨੀਆਂ ਦੇ ਪ੍ਰਾਣੀ ਸਨ।

ਰੁਪਿੰਦਰ

ਵਿਦਿਆਰਥੀਆਂ ਨੂੰ ਸਜਣ ਸੰਵਰਨ ਨਾਲੋਂ ਪੜ੍ਹਾਈ ਦੀ ਜ਼ਿਆਦਾ ਚਿੰਤਾ ਦਿਖਾਈ ਦਿੰਦੀ ਸੀ। ਉੱਤਰੀ ਭਾਰਤ ਵਿਚ ਇਕ ਨਿਵੇਕਲੀ ਥਾਂ ਜਿੱਥੇ ਲੜਕੀਆਂ ਰਾਤ ਦੇ ਕਿਸੇ ਸਮੇਂ ਵੀ ਲੈਬ ਦਾ ਕੰਮ ਖ਼ਤਮ ਕਰ ਇਕੱਲੀਆਂ ਹੋਸਟਲ ਵਾਪਸ ਆ ਸਕਦੀਆਂ। ਲਾਇਬਰੇਰੀ 12 ਵਜੇ ਤਕ ਖੁੱਲ੍ਹੀ ਰੱਖਣਾ। ਪੜ੍ਹਾਈ ਕਲਾਸ ਦੇ ਬੰਦ ਕਮਰਿਆਂ ਨਾਲੋਂ ਪੱਥਰਾਂ ’ਤੇ ਬੈਠ ਚਾਹ ਦੇ ਪਿਆਲੇ ’ਤੇ ਜ਼ਿਆਦਾ ਹੁੰਦੀ। ਚਾਹ ਦੇ ਢਾਬੇ 4 ਵਜੇ ਸੁਬ੍ਹਾ ਤੱਕ ਚਲਦੇ ਤੇ ਦੁਨੀਆਂ ਦੀਆਂ ਸਮੱਸਿਆਵਾਂ ਬਾਰੇ ਹੁੰਦੀ ਬਹਿਸ ਉੱਚੀਆਂ ਆਵਾਜ਼ਾਂ ’ਚ ਤਬਦੀਲ ਤਾਂ ਹੋ ਜਾਂਦੀ, ਪਰ ਹੱਥੋਪਾਈ ਦੀ ਨੌਬਤ ਆਉਣ ਬਾਰੇ ਕਲਪਨਾ ਕਰਨਾ ਵੀ ਅਸੰਭਵ ਹੈ।
ਵਿਦਿਆਰਥੀ ਯੂਨੀਅਨ ਦੀ ਚੋਣ ਪ੍ਰਕਿਰਿਆ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ। ਸਾਰੀ ਸਾਰੀ ਰਾਤ ਚੋਣ ਮੀਟਿੰਗਾਂ ’ਚ ਭਾਸ਼ਨਾਂ ਦਾ ਦੌਰ। ਪੈਸੇ ਦੀ ਵਰਤੋਂ ਜਾਂ ਗੁੰਡਾਗਰਦੀ ਦੀ ਕੋਈ ਥਾਂ ਨਹੀਂ। ਪੋਸਟਰ ਵੀ ਹੱਥਾਂ ਨਾਲ ਬਣਾਏ ਜਾਂਦੇ।
ਈਦ ਜਾਂ ਹੌਲੀ ਦੇ ਤਿਉਹਾਰ ਕਿਹੋ ਜਿਹੇ ਹੁੰਦੇ ਹਨ ਜੇ.ਐੱਨ.ਯੂ. ਨੇ ਦੱਸਿਆ। ਅਧਿਆਪਕਾਂ ਦੇ ਘਰ ਵਿਆਹ ਵਰਗਾ ਇੰਤਜ਼ਾਮ ਹੁੰਦਾ। ਸਾਰਾ-ਸਾਰਾ ਦਿਨ ਵਿਦਿਆਰਥੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ। ਦੂਰੋਂ-ਦੂਰੋਂ ਆਈਆਂ ਵਿਦਿਆਰਥਣਾਂ ਨੂੰ ਤਾਂ ਕੁਝ ਮਹੀਨੇ ਬਾਅਦ ਮਾਂ-ਬਾਪ ਯਾਦ ਆਉਣੇ ਬੰਦ ਹੋ ਜਾਂਦੇ। ਆਉਣ ਵੀ ਕਿਵੇਂ, ਡਾ. ਕੁਰੈਸ਼ੀ ਤੇ ਡਾ. ਜੀ.ਐਸ. ਭੱਲਾ ਜੋ ਉੱਥੇ ਬਾਪ ਦਾ ਰੋਲ ਨਿਭਾਉਂਦੇ। ਪੁਰਾਣੇ ਜ਼ਮਾਨੇ ਦੀਆਂ ਨਾਲੰਦਾ, ਤਕਸ਼ਿਲਾ ਨਾਲੋਂ ਘੱਟ ਨਹੀਂ ਸੀ ਜੇ.ਐੱਨ.ਯੂ.।
ਮੇਰੀ ਐੱਮਏ ਦੀ ਫੀਸ ਵੀਹ ਕੁ ਰੁਪਏ ਪ੍ਰਤੀ ਮਹੀਨਾ। ਵਿਆਹੇ ਵਿਦਿਆਰਥੀਆਂ ਦੇ ਹੋਸਟਲ ਦੇ ਕਮਰੇ ਦੀ ਫੀਸ 35 ਰੁਪਏ, ਜਿਸ ਵਿਚ ਬਿਜਲੀ ਦਾ ਖਰਚਾ ਵੀ ਸ਼ਾਮਲ ਸੀ ਤੇ ਉਪਰੋਂ ਵਜ਼ੀਫ਼ਾ 120 ਰੁਪਏ ਪ੍ਰਤੀ ਮਹੀਨਾ, ਜੋ ਪੱਛੜੇ ਇਲਾਕੇ ਦੇ ਨਿਵਾਸੀ ਹੋਣ ਦਾ ਅਤੇ ਇਮਤਿਹਾਨ ’ਚੋਂ ਚੰਗੇ ਨੰਬਰਾਂ ਦਾ ਇਨਾਮ।
ਛੇ-ਸੱਤ ਸਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਬਾਹਰ ਦੀ ਦੁਨੀਆਂ ਨਾਲ ਵਾਹ ਪਿਆ ਤਾਂ ਆਟੇ-ਲੂਣ ਦਾ ਭਾਅ ਪਤਾ ਲੱਗਿਆ। ਭਾਵੇਂ ਅਸੀਂ ਇਕ ਆਮ ਨਾਗਰਿਕ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ, ਪਰ ਉਨ੍ਹਾਂ ਸੱਤ-ਅੱਠ ਸਾਲਾਂ ਦੌਰਾਨ ਹੋਏ ਜੇ.ਐੱਨ.ਯੂ. ਦੇ ਅਨੁਭਵ ਨੂੰ ਆਪਣੇ ਵਿੱਚੋਂ ਅੱਜ 30 ਸਾਲਾਂ ਬਾਅਦ ਵੀ ਮਨਫ਼ੀ ਨਹੀਂ ਕਰ ਸਕੇ। ਜਦੋਂ ਵੀ ਸਮਾਜ ’ਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਖ਼ੂਨ ਉਸੇ ਤਰ੍ਹਾਂ ਖੌਲ ਉਠਦਾ ਹੈ ਜਿਵੇਂ ਯੂਨੀਵਰਸਿਟੀ ਦੀ ਪਹਿਲੀ ਕਲਾਸ ਵਾਲੇ ਦਿਨ, ਅਮਰੀਕੀ ਸਫ਼ਾਰਤਖ਼ਾਨੇ ਮੂਹਰੇ, ਫਲਸਤੀਨੀ ਕੈਂਪਾਂ ’ਤੇ ਹੋਏ ਹਮਲੇ ਦੇ ਵਿਰੋਧ ਵਿਚ ਖੌਲ ਉੱਠਿਆ ਸੀ। ਪਰ ਅੱਜ ਦੇ ਮਾਹੌਲ ਦਾ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਉਦੋਂ ਪੁਲੀਸ ਵੀ ਆਪਣੀ ਲੱਗਦੀ ਸੀ, ਆਰਾਮ ਨਾਲ ਬੱਸਾਂ ’ਚ ਸਵਾਰ ਅਸੀਂ ਚਾਣਕਿਆ ਪੁਲੀਸ ਸਟੇਸ਼ਨ ਪਹੁੰਚ ਗਏ। ਸਾਰਾ ਦਿਨ ਗਾਉਣਾ-ਵਜਾਉਣਾ, ਚਾਹ-ਪਾਣੀ ਚਲਦਾ ਰਿਹਾ। ਸ਼ਾਮ ਨੂੰ ਥੱਕ ਜਾਣ ’ਤੇ ਮੈਂ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਪਤਾ ਲੱਗਾ ਕਿ ਅਸੀਂ ਤਾਂ ਥਾਣੇ ਵਿਚ ਹਾਂ। ਜਦੋਂ ਤੱਕ ਕਾਰਵਾਈ ਪੂਰੀ ਨਹੀਂ ਹੁੰਦੀ, ਇਸ ਤਰ੍ਹਾਂ ਨਹੀਂ ਜਾ ਸਕਦੇ।
ਇਸ ਟਾਪੂ ’ਤੇ ਔਰਤ ਦੀ ਆਜ਼ਾਦ ਸੋਚ, ਬਰਾਬਰੀ ਦੇ ਅਹਿਸਾਸ ਦੀਆਂ ਛੱਲਾਂ ਬਾਹਰ ਨੂੰ ਆਉਣ ਲੱਗ ਪੈਣ, ਉਹ ਹਰ ਨਾਬਰਾਬਰੀ ਨਾਲ ਟੱਕਰ ਲੈਣ ਲੱਗ ਪਵੇ। ਇਹ ਮਰਦ ਪ੍ਰਧਾਨ ਸਮਾਜ ਦੇ ਗਲੇ ਦੀ ਹੱਡੀ ਨਾ ਬਣੇ ਤਾਂ ਕੀ ਹੋਵੇ? ਉਹ ਇਸ ਆਜ਼ਾਦੀ ਨੂੰ ਕੁਚਲਣ ਦੇ ਮੌਕੇ ਦੀ ਤਾਕ ਵਿਚ ਰਹਿੰਦਾ ਹੈ।
ਝੰਡੇ ਦਾ ਰੰਗ ਕੋਈ ਵੀ ਕਿਉਂ ਨਾ ਹੋਵੇ, ਔਰਤ ਦੀ ਕਾਲੀ ਸਿਆਹ ਰਾਤ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦੀ। ਉਸ ਦੇ ਦੁੱਖਾਂ ਦੀ ਬਾਤ ਹੋਰ ਲੰਮੀ ਹੁੰਦੀ ਜਾ ਰਹੀ ਹੈ। ਔਰਤ ਨੇ ਹਰ ਝੰਡੇ ਨੂੰ ਆਪਣੀ ਅੰਗੜਾਈ ਨਾਲ ਉੱਚਾ ਚੁੱਕਣ ਦਾ ਯਤਨ ਕੀਤਾ, ਪਰ ਇਸ ਨੂੰ ਉਹਦੀ ਛਾਂ ਨਸੀਬ ਨਹੀਂ ਹੋਈ। ਚਾਹੇ 1857 ਦੀ ਜੰਗੇ-ਆਜ਼ਾਦੀ ਹੋਵੇ, ਜਾਂ ਡਾਂਡੀ ਮਾਰਚ, ਜੱਲ੍ਹਿਆਂਵਾਲਾ ਬਾਗ਼ ਹੋਵੇ ਜਾਂ ਨਾ-ਮਿਲਵਰਤਨ ਲਹਿਰ ਕਦੇ ਵੀ ਪਿੱਛੇ ਨਹੀਂ ਰਹੀ। ਇਸ ਆਸ ਵਿਚ ਕਿ ਚੰਗੇ ਦਿਨ ਆਉਣਗੇ। ਪਰ ਇਹ ਮ੍ਰਿਗ ਤ੍ਰਿਸ਼ਨਾ ਦਾ ਛਲਾਵਾ ਤਾਂ ਸਦੀਆਂ ਤੋਂ ਔਰਤ ਨੂੰ ਛਲਦਾ ਆ ਰਿਹਾ ਹੈ।
ਲਾਲ ਕਿਲੇ ਤੋਂ ਲਲਕਾਰ ਝੂਠੀ ਪੈ ਗਈ। 15 ਅਗਸਤ ਨੂੰ ਪੰਦਰਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਔਰਤਾਂ ਪ੍ਰਤੀ ਜ਼ੁਲਮਾਂ ਦਾ ਅੰਤ ਕਰਨਾ ਚਾਹੁੰਦੇ ਹੋ ਤਾਂ ਲੜਕਿਆਂ ਨੂੰ ਘਰਾਂ ’ਚ ਬੰਦ ਕਰੋ। ਜ਼ੁਲਮ ਆਪੇ ਬੰਦ ਹੋ ਜਾਣਗੇ। ਪਰ ਪੰਜ ਜਨਵਰੀ 2020 ਦੀ ਰਾਤ ਕਿੱਥੇ ਸੀ ਦਿੱਲੀ ਦੀ ਸਲਤਨਤ? ਜਦੋਂ ਦੇਸ਼ ਦੀ ਵੰਡ ਵਰਗਾ ਮਾਹੌਲ ਸਿਰਜਿਆ ਗਿਆ। 21ਵੀਂ ਸਦੀ ਦੇ ਆਜ਼ਾਦ ਭਾਰਤ ਦੀ ਰਾਜਧਾਨੀ ਦਿੱਲੀ ’ਚ ਜੱਲ੍ਹਿਆਂਵਾਲੇ ਬਾਗ਼ ਦੀਆਂ ਚੀਕਾਂ ਯਾਦ ਕਰਵਾਈਆਂ ਗਈਆਂ। ਸ਼ਾਇਦ ਨਵੇਂ ਸਾਲ ਦਾ ਤੋਹਫ਼ਾ ਸੀ ਇਹ ਸਭ ਕੁਝ। ਪੁਰਸ਼ ਪ੍ਰਧਾਨ ਸਮਾਜ ਵਿਚ ਆਜ਼ਾਦੀ ਸ਼ਬਦ ਕਿੰਨਾ ਝੂਠ ਲੱਗਦਾ ਹੈ। ਹੁਣ ਤਾਂ ਨਵਾਂ ਸਾਲ ਮੁਬਾਰਕ ਕਹਿਣ ਤੋਂ ਵੀ ਡਰ ਲੱਗਦਾ ਹੈ ਕਿ ਕਿਤੇ ਇਹ ਗੁਜ਼ਰੇ ਨਾਲੋਂ ਬਹੁਤਾ ਮਾੜਾ ਨਾ ਹੋਵੇ।
ਕਿੰਨੀ ਭੋਲੀ ਹੈ ਔਰਤ। ਅਜੇ ਵੀ ਸੋਚ ਰਹੀ ਹੈ ਕਿ ਹਿੰਦੂ ਰਾਜ ਦੀ ਸਥਾਪਨਾ ਉਸ ਦੀਆਂ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਕੇ ਉਸ ਨੂੰ ਆਜ਼ਾਦ ਕਰਵਾਏਗੀ। ਦਰਅਸਲ, ਕੋਈ ਵੀ ਸਥਾਨ ਔਰਤ ਲਈ ਸੁਰੱਖਿਅਤ ਨਹੀਂ। ਨਾ ਦੇਵਤਿਆਂ ਦਾ ਮੰਦਰ, ਨਾ ਹੀ ਵਿਦਿਆ ਦਾ ਮੰਦਰ ਤੇ ਨਾ ਹੀ ਕਬਰ ਦੇ ਅੰਦਰ ਅਤੇ ਨਾ ਹੀ ਤੇਰਾ ਜਨਮ ਅਸਥਾਨ। ਝੂਠ ਨੀ ਮਾਏ ਝੂਠ, ਥੱਲੇ-ਥੱਲੇ ਪੂਣੀਆਂ ਉੱਤੇ ਉੱਤੇ ਸੂਤ।

ਸੰਪਰਕ: 98112-84919


Comments Off on ਝੂਠ ਨੀ ਮਾਏ ਝੂਠ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.