ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਜਿਨ੍ਹਾਂ ਨੂੰ ਹੱਥੀਂ ਖਿਡਾਇਆ, ਉਨ੍ਹਾਂ ਹੀ ਰੁਆਇਆ

Posted On January - 13 - 2020

ਬਿਰਧ ਆਸ਼ਰਮ ਬਾਦਲ ਵਿਖੇ ਰੇਡੀਓ ’ਤੇ ਖ਼ਬਰਾਂ ਸੁਣਦੇ ਹੋਏ ਬਜ਼ੁਰਗ।

ਇਕਬਾਲ ਸਿੰਘ ਸ਼ਾਂਤ
ਲੰਬੀ, 12 ਜਨਵਰੀ
ਪੰਜਾਬ ਦੇ ਮਾਲਵੇ ਖਿੱਤੇ ਦੇ ਅਣਗਿਣਤ ਪਰਿਵਾਰ ਅਜਿਹੇ ਹਨ, ਜਿਨ੍ਹਾਂ ਲਈ ਘਰੇਲੂ ਹਾਲਾਤ ਨਾਲ ਜੂਝਣਾ ਬੁਢਾਪੇ ਦੀ ਹੋਣੀ ਬਣ ਗਿਆ ਹੈ। ਸ਼ਾਇਦ ਇਸੇ ਕਰਕੇ ਚੌਧਰੀ ਦੇਵੀ ਲਾਲ ਟਰੱਸਟ ਵੱਲੋਂ ਪਿੰਡ ਬਾਦਲ ਵਿਖੇ ਸੰਚਾਲਤ ਬਹੁਪੱਖੀ ਸਹੂਲਤਾਂ ਨਾਲ ਲੈੱਸ ਬਿਰਧ ਆਸ਼ਰਮ ’ਚ ਬਜ਼ੁਰਗਾਂ ਦੀ ਗਿਣਤੀ ਆਸ ਮੁਤਾਬਕ ਕਾਫ਼ੀ ਘੱਟ ਹੈ। ਬਿਰਧ ਆਸ਼ਰਮ ਦੀ ਸਥਾਪਤੀ 18 ਨਵੰਬਰ 2005 ਸਮੇਂ 27 ਬਜ਼ੁਰਗ ਸਨ ਪਰ ਅੱਜ ਬਜ਼ੁਰਗਾਂ ਦੀ ਗਿਣਤੀ ਸਿਰਫ਼ 11 ਰਹਿ ਗਈ ਹੈ। ਲੰਬੀ ਬਿਮਾਰੀ ਕਾਰਨ ਬਿਰਧ ਆਸ਼ਰਮ ਦੇ ਸਾਲਾਂ ਤੋਂ ਬਾਸ਼ਿੰਦੇ ਕੌਰ ਸਿੰਘ ਬੀਦੋਵਾਲੀ, ਸੁਖਦੇਵ ਸਿੰਘ ਰਾਮਪੁਰੀਆ ਅਤੇ ਭੁਪਿੰਦਰ ਸਿੰਘ ਅੰਬਾਲਾ ਦੀ ਪਿਛਲੇ ਸਮੇਂ ’ਚ ਬਿਮਾਰੀ ਕਾਰਨ ਚੱਲ ਵਸੇ, ਜਿਨ੍ਹਾਂ ਦੇ ਇਲਾਜ ’ਤੇ ਚੌਧਰੀ ਦੇਵੀ ਲਾਲ ਟਰੱਸਟ ਵੱਲੋਂ ਫਰੀਦਕੋਟ ਮੈਡੀਕਲ ਕਾਲਜ ਤੋਂ ਪੀ.ਜੀ.ਆਈ. ਚੰਡੀਗੜ੍ਹ ਤੱਕ ਲੱਖਾਂ ਰੁਪਏ ਖਰਚ ਕੀਤੇ ਗਏ। ਇਹ ਬਿਰਧ ਆਸ਼ਰਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀ ਲਾਲ ਦੀ ਯਾਦ ਵਿੱਚ ਬਣਵਾਇਆ ਸੀ। ਅੱਜ ਸਮਾਜ ’ਚ ਖਰਚਾ ਲੈ ਕੇ ਬਜ਼ੁਰਗਾਂ ਨੂੰ ਸਾਂਭਣ ਵਾਲੇ ਅਤੇ ਬਿਲਕੁਲ ਮੁਫ਼ਤ ਸੇਵਾਵਾਂ ਵਾਲੇ ਦੋ ਤਰ੍ਹਾਂ ਦੋ ਬਿਰਧ ਆਸ਼ਰਮ ਪ੍ਰਚੱਲਤ ਹਨ। ਜੇਕਰ ਸੌ ਫ਼ੀਸਦੀ ਮੁਫ਼ਤ ਸੇਵਾਵਾਂ ਵਾਲੇ ਬਿਰਧ ਆਸ਼ਰਮ ਬਾਦਲ ਦੀ ਗੱਲ ਕੀਤੀ ਤਾਂ ਇੱਥੇ ਹਰੇਕ ਬਜ਼ੁਰਗ ਲਈ ਵੱਖ-ਵੱਖ ਸੁਚੱਜੇ ਕਮਰੇ ਹਨ। ਸਿਹਤ, ਖਾਣ-ਪੀਣ, ਸਾਫ਼-ਸਫ਼ਾਈ ਸਮੇਤ ਭਜਨ ਬੰਦਗੀ ਲਈ ਗੁਰਦੁਆਰਾ ਸਾਹਿਬ ਵੀ ਹੈ। ਬਿਰਧ ਆਸ਼ਰਮ ਸਮੇਤ ਮਾਤਾ ਜਸਵੰਤ ਕੌਰ ਸੀਨੀਅਰ ਸੈਕੰਡਰੀ (ਕਾਨਵੈਂਟ) ਸਕੂਲ ’ਚ 280 ਵਿਦਿਆਰਥੀਆਂ ਨੂੰ ਮੁਫ਼ਤ ਮਿਆਰੀ ਸਿੱਖਿਆ ’ਤੇ ਲੱਖਾਂ ਰੁਪਏ ਪ੍ਰਤੀ ਮਹੀਨੇ ਦਾ ਖਰਚਾ ਵੀ ਸਾਬਕਾ ਮੁੱਖ ਮੰਤਰੀ ਪਰਿਵਾਰ ਵੱਲੋਂ ਉਠਾਇਆ ਜਾਂਦਾ ਹੈ। ਇਹ ਬਿਰਧ ਆਸ਼ਰਮ ਸ਼ੁਰੂ ਤੋਂ ਨੌਂ ਬੇਸਹਾਰਾ ਲੜਕੇ-ਲੜਕੀਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਉੱਚ ਪੱਧਰੀ ਵਿੱਦਿਆ ਦਾ ਖਰਚਾ ਵੀ ਝੱਲ ਰਿਹਾ ਹੈ। ਇੱਥੇ ਬਜ਼ੁਰਗਾਂ ਦੀ ਬਿਮਾਰੀ ’ਤੇ ਲੱਖਾਂ ਰੁਪਏ ਖਰਚਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਬਜ਼ੁਰਗਾਂ ਦਾ ਹੌਂਸਲਾ ਵਧਾਉਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਲਈ ਵੀ ਬਾਕਾਇਦਾ ਕਮਰੇ ਬਣਾਏ ਗਏ ਹਨ। ਬਿਰਧ ਆਸ਼ਰਮ ਬਾਦਲ ’ਚ ਸਾਢੇ ਪੰਜ ਸਾਲਾਂ ਤੋਂ ਰਹਿੰਦੇ 88 ਸਾਲਾ ਇੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਇੱਥੇ ਘਰ ਨਾਲੋਂ ਕਈ ਗੁਣਾ ਜ਼ਿਆਦਾ ਸਾਂਭ-ਸੰਭਾਲ ਹੁੰਦੀ ਹੈ। ਉਨ੍ਹਾਂ ਦਾ ਬੁਢਾਪਾ ਸੰਵਰ ਗਿਆ ਹੈ। ਬਿਮਾਰ ਹੋਣ ’ਤੇ ਪੰਜ ਮਿੰਟਾਂ ’ਚ ਡਾਕਟਰ ਪੁੱਜ ਜਾਂਦੇ ਹਨ ਅਤੇ ਭੁੱਖ ਲੱਗਣ ’ਤੇ ਗਰਮਾ-ਗਰਮ ਰੋਟੀ ਤੁਰੰਤ ਹਾਜ਼ਰ ਹੋ ਜਾਂਦੀ ਹੈ। ਗਾਜ਼ੀਆਬਾਦ ਤੋਂ ਵਿਦੇਸ਼ ’ਚ ਵਸਦੇ ਚੰਗੇ-ਸੁਰਦੇ ਪੁੱਜਦੇ ਦੋ ਪੁੱਤਰਾਂ ਨੇ ਆਪਣੀਆਂ ਪਤਨੀਆਂ ਵੱਲੋਂ ਸਾਂਭਣ ਤੋਂ ਨਾਂਹ ਕਰਨ ’ਤੇ ਵਿਧਵਾ ਮਾਂ ਨੂੰ ਬਿਰਧ ਆਸ਼ਰਮ ਛੱਡ ਦਿੱਤਾ। ਦੂਜੇ ਪਾਸੇ ਪੰਜਾਬ ਦੇ ਪੇਂਡੂ ਅਤੇ ਮੇਲ-ਮਿਲਾਪ ਵਾਲੇ ਸੁਭਾਅ ’ਤੇ ਸ਼ਹਿਰੀਕਰਨ ਦੀ ਹਵਾ ਕੁਝ ਮੱਠੀ ਜਾਪਦੀ ਹੈ, ਜਿਸ ਕਾਰਨ ਪੰਜਾਬ ’ਚ ਬਹੁਗਿਣਤੀ ਨੌਜਵਾਨ ਘੱਟ ਆਮਦਨ ਦੇ ਬਾਵਜੂਦ ਔਖੇ-ਸੌਖੇ ਮਾਪਿਆਂ ਦੀ ਸਾਂਭ-ਸੰਭਾਲ ਨੂੰ ਤਰਜੀਹ ਦਿੰਦੇ ਹਨ ਅਤੇ ਮਾਪੇ ਵੀ ਬੱਚਿਆਂ ਦੀ ਬੇਰੁੱਖੀ ਦੇ ਬਾਵਜੂਦ ਪਰਿਵਾਰ ਨੂੰ ਸਮਾਜਿਕ ਸ਼ਰਮਸਾਰੀ ਤੋਂ ਬਚਾਉਣ ਲਈ ਬਿਰਧ ਆਸ਼ਰਮਾਂ ਤੋਂ ਗੁਰੇਜ਼ ਕਰਦੇ ਹਨ। ਪੰਜਾਬ ’ਚ ਬੁਢਾਪਾ ਪੈਨਸ਼ਨ ਸਿਰਫ਼ ਸਾਢੇ ਸੱਤ ਸੌ ਰੁਪਏ ਮਹੀਨਾ ਹੈ। ਜਿਸ ਨਾਲ ਮਹਿੰਗਾਈ ਦੇ ਦੌਰ ਵਿਚ ਬਜ਼ੁਰਗਾਂ ਦਾ ਇੱਕ ਹਫ਼ਤਾ ਲੰਘਣਾ ਵੀ ਬੜਾ ਮੁਸ਼ਕਲ ਹੈ। ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ ਦਾ ਕਹਿਣਾ ਸੀ ਕਿ ਪੂੰਜੀਵਾਦੀ, ਨਿੱਜ ਸਵਾਰਥ ਦੀ ਦੌੜ ’ਚ ਮਨੁੱਖ ਇਕਲਾਪੇ ਨਾਲ ਪੀੜਤ ਹੈ, ਜਿਸ ਦਾ ਸਭ ਤੋਂ ਵੱਧ ਸ਼ਿਕਾਰ ਬੁਢਾਪਾ ਹੋ ਰਿਹਾ ਹੈ।
ਮੈਤਰੇਈ ਕਾਲਜ ਦਿੱਲੀ ਦੇ ਸਹਾਇਕ ਪ੍ਰੋਫੈਸਰ ਡਾ. ਮਨੀਸ਼ਾ ਬੱਤਰਾ ਦਾ ਕਹਿਣਾ ਸੀ ਕਿ ਵੱਡੇ ਸ਼ਹਿਰਾਂ ’ਚ ਨੌਕਰੀਪੇਸ਼ਾ ਪੁੱਤਾਂ-ਧੀਆਂ ਲਈ ਰੋਜ਼ੀ-ਰੋਟੀ ਅਤੇ ਕਰੀਅਰ ਬਣਾਉਣ ਲਈ ਦੂਰ-ਦੁਰਾਡੇ ਦੇ ਰਜ਼ੁਗਾਰ ਅਤੇ ਮਾਪਿਆਂ ਦੀ ਬੱਚਿਆਂ ਨਾਲ ਰਹਿਣ ਦੀ ਲਲਕ ਕਾਫ਼ੀ ਵੱਡੀ ਸਮੱਸਿਆ ਹੈ। ਕੁਝ ਥਾਵਾਂ ’ਤੇ ਵਿਚਾਰਾਂ ਦਾ ਮਤਭੇਦ ਅਤੇ ਆਰਥਿਕ ਹਾਲਾਤਾਂ ਕਾਰਨ ਮਾਪਿਆਂ ਨੂੰ ਬਿਰਧ ਆਸ਼ਰਮਾਂ ਦਾ ਰੁਖ ਕਰਨਾ ਪੈਂਦਾ ਹੈ। ਇਸ ਸਮੱਸਿਆ ਦਾ ਫੈਲਾਅ ਦਿਨੋਂ-ਦਿਨ ਵਧ ਰਿਹਾ ਹੈ। ਡਾ. ਜਸਦੇਵ ਕੌਰ ਬਰਾੜ ਨੇ ਕਿਹਾ ਕਿ ਬਹੁਤੇ ਘਰਾਂ ’ਚ ਬਜ਼ੁਰਗਾਂ ਦੀ ਹਾਲਤ ਬੇਹੱਦ ਮਾੜੀ ਹੈ ਪਰ ਸਮਾਜਿਕ ਤੰਦਾਂ ਨੇ ਉਨ੍ਹਾਂ ਦੇ ਪੈਰ ਬੰਨ੍ਹ ਹੋਏ ਹਨ। ਇੱਕ ਬਜ਼ੁਰਗ ਜੋਗਿੰਦਰ ਸਿੰਘ ਦਾ ਕਹਿਣਾ ਸੀ ਕਿ ਜੇਕਰ ਮਨੁੱਖ ਜਵਾਨੀ ’ਚ ਮਨੁੱਖ ਆਰਥਿਕ ਪੱਖੋਂ ਪੈਰਾਂ ਸਿਰ ਹੋਵੇ ਤਾਂ ਬੁਢਾਪੇ ’ਚ ਮੁਸ਼ਕਲਾਂ ਤੋਂ ਬਚ ਸਕਦਾ ਹੈ। ਸਰਕਾਰਾਂ ਨੂੰ ਬਜ਼ੁਰਗਾਂ ਦੀ ਮਾਨਸਿਕ ਅਤੇ ਸਰੀਰਕ ਹਾਲਤ ਪ੍ਰਤੀ ਲਗਾਤਾਰ ਸੰਪਰਕ ਬਣਾ ਕੇ ਬੁਢਾਪੇ ਦੀ ਸੰਤਾਪ ਦੀ ਬਜਾਇ ਖੁਸ਼ਗਵਾਰ ਬਣਾਉਣਾ ਚਾਹੀਦਾ ਹੈ। ਬਿਰਧ ਆਸ਼ਰਮ ਦੇ ਸਲਾਹਕਾਰ ਅਤੇ ਪ੍ਰਿੰਸੀਪਲ ਕਰਨਲ ਆਨੰਦ ਸਵਰੁਪ ਪਾਲ ਦਾ ਕਹਿਣਾ ਸੀ ਕਿ ਅਜੋਕੇ ਮਾਹੌਲ ਵਿੱਚ ਬੇਸਹਾਰਾ ਬਜ਼ੁਰਗ ਸ਼ਹਿਰਾਂ ਨੇੜਲੇ ਬਿਰਧ ਆਸ਼ਰਮਾਂ ਨੂੰ ਤਰਜੀਹ ਦਿੰਦੇ ਹਨ। ਇਸ ਆਸ਼ਰਮ ਦੇ ਬੂਹੇ 65 ਸਾਲ ਉਮਰ ਦੇ ਕਿਸੇ ਵੀ ਬਜ਼ੁਰਗ ਲਈ ਹਮੇਸ਼ਾਂ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਫਾਰਮ ਭਰਨ ਅਤੇ ਪਛਾਣ ਪੱਤਰ ਵਗੈਰਾ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ।

ਪੰਜਾਬੀ ਬੱਚੇ ਮਾਪਿਆਂ ਦੇ ਬਿਰਧ ਘਰਾਂ ’ਚ ਜਾਣ ਨੂੰ ਬੁਰਾ ਮੰਨਦੇ ਹਨ: ਬਾਦਲ
ਚੌਧਰੀ ਦੇਵੀ ਲਾਲ ਟਰੱਸਟ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮਨ ਵਿੱਚ ਹਮੇਸ਼ਾਂ ਤੋਂ ਸਮਾਜ ਸੇਵਾ ਦੀ ਵੱਡੀ ਤਾਂਘ ਰਹੀ ਹੈ। ਟਰੱਸਟ ਵੱਲੋਂ ਪਿੰਡ ਬਾਦਲ ਵਿਖੇ ਨਿਰੋਲ ਲੋਕ ਸੇਵਾ ਦੇ ਮੰਤਵ ਨਾਲ ਬਿਰਧ ਆਸ਼ਰਮ ਅਤੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ’ਤੇ ਆਉਂਦੇ ਪ੍ਰਤੀ ਮਹੀਨਾ ਨੌਂ-ਦਸ ਲੱਖ ਰੁਪਏ ਦੇ ਖਰਚੇ ਨੂੰ ਉਨ੍ਹਾਂ ਦੀਆਂ ਪਰਿਵਾਰਕ ਕੰਪਨੀ ਔਰਬਿੱਟ ਵੱਲੋਂ ਅਦਾ ਕੀਤਾ ਜਾਂਦਾ ਹੈ। ਉਨ੍ਹਾਂ ਬਿਰਧ ਆਸ਼ਰਮ ’ਚ ਬਜ਼ੁਰਗਾਂ ਦੀ ਘੱਟ ਗਿਣਤੀ ਬਾਰੇ ਕਿਹਾ ਕਿ ਹੁਣ ਪੰਜਾਬੀ ਬੱਚੇ ਮਾਪਿਆਂ ਦੇ ਬਿਰਧ ਘਰਾਂ ’ਚ ਜਾਣ ਦੀ ਪ੍ਰਵਿਰਤੀ ਨੂੰ ਬੁਰਾ ਮੰਨਦੇ ਹਨ। ਜੇਕਰ ਕੋਈ ਆ ਜਾਵੇ ਤਾਂ ਉਸ ਨੂੰ ਘਰ ਲਿਜਾਣ ਨੂੰ ਤਰਜੀਹ ਦਿੰਦੇ ਹਨ।


Comments Off on ਜਿਨ੍ਹਾਂ ਨੂੰ ਹੱਥੀਂ ਖਿਡਾਇਆ, ਉਨ੍ਹਾਂ ਹੀ ਰੁਆਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.