ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਚਪੇੜਾਂ ਖਾਣ ਵਾਲੇ ਨੇਤਾ ਜੀ

Posted On January - 26 - 2020

ਕੇ.ਐਲ. ਗਰਗ
ਵਿਅੰਗ

ਚਿੱਤਰ: ਸੰਦੀਪ ਜੋਸ਼ੀ

ਗਾਂਧੀ ਬਾਬਾ ਚਪੇੜ ਮਾਰਨ ਲਈ ਨਹੀਂ ਆਖਦੇ, ਚਪੇੜ ਖਾਣ ਲਈ ਉਤਸ਼ਾਹਿਤ ਕਰਦੇ ਹਨ। ਕਿਸੇ ਨੂੰ ਦੁੱਖ ਦੇਣ ਦੀ ਸਿੱਖਿਆ ਨਹੀਂ ਦਿੰਦੇ, ਦੁੱਖ ਝੱਲਣ ਦੀ ਨਸੀਹਤ ਦਿੰਦੇ ਹਨ। ਕੱਚਾ ਬੰਦਾ ਉਸ ਦੇ ਚੱਲੇ ਪੱਕੇ ਕਦਮਾਂ ’ਤੇ ਨਹੀਂ ਚੱਲ ਸਕਦਾ।
ਨੇਤਾ ਜੀ ਨੇ ਰਾਜਘਾਟ ’ਤੇ ਜਾ ਕੇ ਦੰਡਵਤ ਪ੍ਰਣਾਮ ਕੀਤਾ। ਦੋਵੇਂ ਹੱਥ ਜੋੜ, ਅੱਖਾਂ ਮੀਟ, ਅਰਜ਼ ਕੀਤੀ: ‘‘ਬਾਪੂ, ਮੈਂ ਤੁਹਾਡੇ ਕਦਮਾਂ ’ਤੇ ਚੱਲਣ ਦੀ ਸਹੁੰ ਖਾ ਕੇ ਘਰੋਂ ਨਿਕਲਿਆ ਹਾਂ, ਕੋਈ ਸਿੱਖਿਆ ਦਿਓ। ਮੇਰਾ ਪਥ-ਪ੍ਰਦਰਸ਼ਨ ਕਰੋ ਬਾਪੂ…।’’ ਨੇਤਾ ਜੀ ਦੀ ਆਵਾਜ਼ ਇਉਂ ਸੀ ਜਿਵੇਂ ਬੱਦਲ ਗਰਜ ਰਹੇ ਹੋਣ। ਉੱਚੀ ਬੋਲਣ ਦੀ ਆਦਤ ਕਾਰਨ ਉਨ੍ਹਾਂ ਦੀ ਅਰਜ਼ ਵੀ ਹੁਕਮ ਜਿਹੀ ਲੱਗਦੀ ਸੀ।
ਰਾਜਘਾਟ ’ਚੋਂ ਬਹੁਤ ਹੀ ਮਾਸੂਮ ਜਿਹੀ, ਕਮਜ਼ੋਰ ਜਿਹੀ ਪਰ ਦ੍ਰਿੜ੍ਹ ਸੁਰ ਵਾਲੀ ਆਵਾਜ਼ ਸੁਣਾਈ ਦਿੱਤੀ: ‘‘ਬੱਚਾ ਹਿੰਸਾ ਤੋਂ ਪਾਰ ਜਾਓ। ਕੋਈ ਤੁਹਾਡੇ ਮੂੰਹ ’ਤੇ ਇਕ ਚਪੇੜ ਮਾਰੇ ਤਾਂ ਦੂਸਰੀ ਗੱਲ੍ਹ ਚਪੇੜ ਖਾਣ ਲਈ ਅਗਲੇ ਦੇ ਅੱਗੇ ਪਰੋਸ ਦਿਓ। ਇਕ ਚਪੇੜ ਖਾਧੀ ਹੈ ਤਾਂ ਦੂਸਰੀ ਖਾਣ ਲਈ ਤਿਆਰ ਰਹੋ…।’’
‘‘ਤਥਾ-ਅਸਤੂ,’’ ਸੁਣ ਨੇਤਾ ਜੀ ਗਦਗਦ ਤੇ ਨਿਹਾਲ ਹੋ ਗਏ। ਨੇਤਾ ਜੀ ਨੇ ਝੱਟ ਪ੍ਰੈਸ ਕਾਨਫਰੰਸ ਬੁਲਾਈ ਤੇ ਗਰਜਵੀਂ ਭਾਸ਼ਾ ’ਚ ਐਲਾਨ ਕੀਤਾ: ‘‘ਬੰਧੂ, ਅਸੀਂ ਅੱਜ ਤੋਂ ਪੱਕੇ ਗਾਂਧੀਵਾਦੀ ਹੋ ਗਏ ਹਾਂ। ਅਹਿੰਸਾ ਦੇ ਪੁਜਾਰੀ। ਨਾ ਹਿੰਸਾ ਕਰਾਂਗੇ ਤੇ ਨਾ ਕਿਸੇ ਨੂੰ ਕਰਨ ਦਿਆਂਗਾ। ਕੋਈ ਇਕ ਚਪੇੜ ਮਾਰੇਗਾ ਤਾਂ ਅਸੀਂ ਦੂਜੀ ਚਪੇੜ ਖਾਣ ਲਈ ਤਿਆਰ-ਬਰ-ਤਿਆਰ ਰਹਾਂਗੇ। ਦੂਸਰੀ ਚਪੇੜ ਖਾਣੋਂ ਭੋਰਾ ਵੀ ਸੰਕੋਚ ਨਹੀਂ ਕਰਾਂਗੇ।’’
ਨੇਤਾ ਜੀ ਸ਼ਾਇਦ ਭੁੱਲ ਗਏ ਸਨ ਕਿ ਸਰਕਾਰ ਤੇ ਭੈਅ ਦਾ ਚੋਲੀ ਦਾਮਨ ਦਾ ਸਾਥ ਹੁੰਦਾ ਹੈ। ਭੈਅ ਬਗੈਰ ਸਰਕਾਰ ਤੇ ਕਾਨੂੰਨ ਨਹੀਂ ਚੱਲ ਸਕਦਾ। ਭੈਅ ਬਗੈਰ ਜ਼ੁਰਮ ਹਲਕੇ ਕੁੱਤੇ ਜਿਹਾ ਹੁੰਦਾ ਹੈ ਜਿਸ ਨੂੰ ਸੌਖਿਆਂ ਕੰਟਰੋਲ ਨਹੀਂ ਕੀਤਾ ਜਾ ਸਕਦਾ।
ਨੇਤਾ ਜੀ ਦੇ ਗਾਂਧੀਵਾਦੀ ਐਲਾਨਨਾਮੇ ਤੋਂ ਬਾਅਦ ਜਨਤਾ ਵਿਚ ਨਿਡਰਤਾ ਦੀ ਲਹਿਰ ਘੁੰਮ ਗਈ। ਜਨਤਾ ਨੇਤਾ ਜੀ ਦੇ ਐਲਾਨਨਾਮੇ ਦਾ ਟੈਸਟ ਲੈਣ ਲਈ ਉਮੜ ਪਈ। ਨੇਤਾ ਜੀ ਕਿਸੇ ਮਸਲੇ ’ਤੇ ਭਾਸ਼ਣ ਕਰ ਰਹੇ ਸਨ ਤਾਂ ਇਕ ਸਿਰਫਿਰੇ ਨੌਜਵਾਨ ਨੇ ਦਬਾਸੱਟ ਮੰਚ ’ਤੇ ਚੜ੍ਹ ਕੇ ਸੁਰੱਖਿਆ ਅਧਿਕਾਰੀ ਦੇ ਰੋਕਦੇ-ਰੋਕਦੇ ਨੇਤਾ ਜੀ ਦੇ ਮੂੰਹ ’ਤੇ ਇਕ ਕਰਾਰਾ ਜਿਹਾ ਥੱਪੜ ਜੜ ਦਿੱਤਾ। ਚਾਰੇ ਪਾਸੇ ਬਾਂ-ਬਾਂ ਹੋ ਗਈ। ਨੇਤਾ ਜੀ ਨੂੰ ਗੁੱਸਾ ਤਾਂ ਆਇਆ, ਪਰ ਬਾਪੂ ਦੇ ਬੋਲ ਯਾਦ ਕਰਕੇ ਝੱਟ ਠੰਢੇ ਪਾਣੀ ’ਚ ਉਤਰ ਗਏ। ਫੜੇ ਹੋਏ ਨੌਜਵਾਨ ਨੂੰ ਰਿਹਾਅ ਹੀ ਨਹੀਂ ਕੀਤਾ ਸਗੋਂ ਉਸ ਦੇ ਘਰ ਜਾ ਕੇ ਚਪੇੜ ਮਾਰਨ ਦੀ ਤਕਲੀਫ਼ ਝੱਲਣ ਲਈ ਉਸ ਤੋਂ ਮੁਆਫ਼ੀ ਵੀ ਮੰਗੀ। ਉਸ ਦੀ ਬੇਰੁਜ਼ਗਾਰੀ ਦਾ ਵੀ ਫਟਾਫਟ ਪ੍ਰਬੰਧ ਕਰਕੇ ਦਿੱਤਾ। ਜਨਤਾ ਅਸ਼-ਅਸ਼ ਕਰ ਉੱਠੀ। ਖ਼ੁਸ਼ ਹੋ ਕੇ ਭੰਗੜੇ ਪਾਉਣ ਲੱਗੀ। ਨੌਜਵਾਨ ਨੇ ਉਨ੍ਹਾਂ ਲਈ ਨਵਾਂ ਰਾਹ ਖੋਲ੍ਹ ਦਿੱਤਾ ਸੀ। ਨੇਤਾ ਜੀ ਨੇ ਸ਼ਾਇਦ ਕਿਸੇ ਸਾਧ ਵਾਲੀ ਕਹਾਣੀ ਨਹੀਂ ਸੀ ਸੁਣੀ ਹੋਈ।

ਕੇ.ਐਲ. ਗਰਗ

ਇਕ ਸਾਧ ਮੰਦਰ ਦੀਆਂ ਮੂਰਤੀਆਂ ਕੋਲ ਲੇਟਿਆ ਹੋਇਆ ਸੀ। ਕੋਲ ਹੀ ਚੜ੍ਹਾਵੇ ’ਚ ਆਈ ਮਠਿਆਈ ਤੇ ਫ਼ਲ ਫਰੂਟ ਪਿਆ ਸੀ। ਇਕ ਚੂਹਾ ਮਠਿਆਈਆਂ ਸੁੰਘਦਾ ਸੁੰਘਦਾ ਸਾਧ ਦੇ ਨੇੜੇ ਆ ਕੇ, ਛਲਾਂਗ ਮਾਰ ਕੇ ਉਸ ਦੀ ਛਾਤੀ ਤੋਂ ਹੁੰਦਾ ਹੋਇਆ ਪਰ੍ਹਾਂ ਭੱਜ ਗਿਆ। ਸਾਧ ਨੇ ਬਹੁਤ ਹੋ-ਹੱਲਾ ਮਚਾਇਆ। ਚੀਕਾਂ ਮਾਰੀਆਂ। ਚੇਲੇ ’ਕੱਠੇ ਹੋ ਗਏ। ਗੱਲ ਸਮਝ ਆਉਣ ’ਤੇ ਉਨ੍ਹਾਂ ਸਾਧ ਨੂੰ ਆਖਿਆ, ‘‘ਗੁਰੂ ਜੀ, ਚੂਹਾ ਹੀ ਸੀ। ਲੰਘ ਗਿਆ ਤਾਂ ਲੰਘ ਗਿਆ। ਐਡਾ ਸ਼ੋਰ ਮਚਾਉਣ ਦੀ ਕੀ ਗੱਲ ਐ?’’ ਗੁਰੂ ਜੀ, ਧੀਰਜ ਨਾਲ ਕਹਿਣ ਲੱਗੇ, ‘‘ਬੱਚਾ, ਮੈਨੂੰ ਇਸ ਚੂਹੇ ਦੀ ਚਿੰਤਾ ਨੀਂ। ਇਹ ਤਾਂ ਮੇਰੀ ਛਾਤੀ ਉੱਤੋਂ ਦੀ ਲੰਘ ਗਿਆ ਸੋ ਲੰਘ ਗਿਆ। ਮੈਨੂੰ ਤਾਂ ਦੂਸਰਿਆਂ ਦੀ ਚਿੰਤਾ ਐ, ਹੁਣ ਜਿਹੜਾ ਵੀ ਚੂਹਾ ਆਊ, ਉਹ ਸਾਡੀ ਛਾਤੀ ਉੱਤੋਂ ਦੀ ਹੀ ਲੰਘ ਕੇ ਜਾਊ। ਸਾਡੀ ਛਾਤੀ ਨਾ ਹੋਈ, ਜੀ.ਟੀ. ਰੋਡ ਹੋ ਗਈ ਜਿੱਥੋਂ ਦੀ ਹਰ ਮਰਦੂਦ ਚੂਹਾ ਸ਼ਾਨ ਨਾਲ ਲੰਘ ਕੇ ਜਾਵੇਗਾ।’’
ਚਪੇੜ ਮਾਰਨ ਵਾਲੇ ਨੌਜਵਾਨ ਨੇ ਬਾਕੀ ਨੌਜਵਾਨਾਂ ਨੂੰ ਇਕ ਨੁਸਖ਼ਾ ਦੇ ਦਿੱਤਾ ਸੀ, ਉਨ੍ਹਾਂ ਦਾ ਪਥ-ਪ੍ਰਦਰਸ਼ਕ ਬਣ ਗਿਆ ਸੀ। ਨੇਤਾ ਜੀ ਨੂੰ ਚਪੇੜਾਂ ਪੈਣਾ, ਰੋਜ਼ ਦਾ ਕੰਮ ਹੀ ਹੋ ਗਿਆ ਸੀ। ਨੌਜਵਾਨ ਬਹੁਤ ਆਰਾਮ ਨਾਲ ਸਟੇਜ ’ਤੇ ਚੜ੍ਹਦਾ, ਨੇਤਾ ਜੀ ਦੇ ਚਪੇੜ ਜੜਦਾ ਤੇ ਓਨੇ ਹੀ ਆਰਾਮ ਨਾਲ ਸਟੇਜ ਤੋਂ ਹੇਠਾਂ ਉਤਰ ਕੇ ਆਪਣੇ ਰਾਹ ਪੈਂਦਾ। ਹੁਣ ਤਾਂ ਇਹ ਰਿਵਾਜ ਹੀ ਹੋ ਗਿਆ ਸੀ ਕਿ ਨੇਤਾ ਜੀ ਦੇ ਚਪੇੜ ਜੜੋ, ਨੌਕਰੀ ਪਾਓ ਤੇ ਸੁਖੀ ਜੀਵਨ ਬਸਰ ਕਰੋ। ਇਕ ਨੌਜਵਾਨ ਨੇ ਤਾਂ ਇਹੋ ਜਿਹੀ ਹਿੰਮਤ ਵੀ ਕਰ ਦਿਖਾਈ ਕਿ ਉਹ ਕਾਲੀ ਸਿਆਹੀ ਦੀ ਭਰੀ ਹੋਈ ਦਵਾਤ ਲੈ ਕੇ ਸਟੇਜ ’ਤੇ ਚੜ੍ਹਿਆ ਤੇ ਦਵਾਤ ਨੇਤਾ ਜੀ ਦੇ ਚਿਹਰੇ ’ਤੇ ਗੰਗਾ ਜਲ ਵਾਂਗ ਛਿੜਕ ਦਿੱਤੀ। ਭੁਚੱਕੇ ਹੋਏ ਨੇਤਾ ਜੀ ਨੇ ਆਪਣੇ ਹੱਥ ਨਾਲ ਹੀ ਡੁੱਲ੍ਹੀ ਸਿਆਹੀ ਪੂੰਝਣ ਦੀ ਕੋਸ਼ਿਸ਼ ’ਚ ਆਪਣੇ ਪੂਰੇ ਮੂੰਹ ’ਤੇ ਮਲ ਲਈ। ਪ੍ਰੈਸ ’ਚ ਰੌਲਾ ਪੈਣ ’ਤੇ ਨੇਤਾ ਜੀ ਨੇ ਗਾਂਧੀਵਾਦੀ ਸੁਰ ’ਚ ਆਖ ਦਿੱਤਾ ਸੀ: ‘‘ਇਹ ਨੌਜਵਾਨ ਭੁੱਲੇ ਭਟਕੇ ਹੋਏ ਹਨ। ਸਾਡੀ ਸਰਕਾਰ ਇਨ੍ਹਾਂ ਨੂੰ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨੌਜਵਾਨ ਭਰੇ ਪੀਤੇ ਪਏ ਹਨ। ਇਸੇ ਲਈ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਮਨ ਦੀ ਗੱਲ, ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਦਾ ਯਤਨ ਕਰੀਏ।’’
ਨੇਤਾ ਜੀ ਦੇ ਸਾਥੀਆਂ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਵੀ। ਉਨ੍ਹਾਂ ਸੱਪ ਦੀ ਕਥਾ ਦਾ ਹਵਲਾ ਦਿੱਤਾ। ਕਿਸੇ ਸੱਪ ਨੂੰ ਕਿਸੇ ਸੰਤ ਨੇ ਉਪਦੇਸ਼ ਦਿੱਤਾ ਕਿ ਉਹ ਪਾਪਾਂ ਤੋਂ ਮੁਕਤ ਹੋਣ ਲਈ ਡੰਗ ਮਾਰਨਾ ਬੰਦ ਕਰ ਦੇਵੇ। ਲੋਕਾਂ ਨੂੰ ਪਤਾ ਲੱਗਿਆ ਕਿ ਸੱਪ ਡੰਗ ਨਹੀਂ ਮਾਰਦਾ ਤਾਂ ਉਹ ਉਸ ਦੀ ਵਰਤੋਂ ਰੱਸੀ ਤੱਕ ਕਰਨ ਲੱਗ ਪਏ। ਇਕ ਜਣਾ ਤਾਂ ਆਪਣੀਆਂ ਲੱਕੜਾਂ ਹੀ ਸੱਪ ਨਾਲ ਬੰਨ੍ਹ ਲਿਆਇਆ। ਘਰ ਜਾ ਕੇ ਲੱਕੜਾਂ ਦੀ ਭਰੀ ਸਿਰ ਤੋਂ ਹੇਠਾਂ ਸੁੱਟੀ ਤਾਂ ਸੱਪ ਵਿਚਾਰਾ ਜ਼ਖ਼ਮੀ ਹੋ ਗਿਆ। ਉਹ ਮੁੜ ਸੰਤ ਕੋਲ ਜਾ ਕੇ ਰੋਇਆ ਤੇ ਆਪਣਾ ਦੁੱਖ ਦੱਸਿਆ। ਸੰਤ ਕਹਿਣ ਲੱਗੇ, ‘‘ਬੱਚਾ, ਮੈਂ ਤੈਨੂੰ ਡੰਗ ਮਾਰਨੋਂ ਰੋਕਿਆ ਸੀ, ਫੁੰਕਾਰਾ ਮਾਰਨੋਂ ਤਾਂ ਨਹੀਂ ਸੀ ਵਰਜਿਆ। ਫੁੰਕਾਰਾ ਮਾਰੀ ਜਾਇਆ ਕਰ। ਕਈ ਵਾਰ ਥੋੜ੍ਹਾ ਭੈਅ ਹੀ ਤੁਹਾਡੀ ਰੱਖਿਆ ਕਰਦਾ ਹੈ।’’ ਨੇਤਾ ਜੀ ਦੀ ਨਰਮੀ ’ਤੇ ਚਪੇੜਾਂ ਦਾ ਪ੍ਰੈਸ਼ਰ ਵਧਦਾ ਹੀ ਚਲਾ ਗਿਆ।
ਇਕ ਵਾਰ ਤਾਂ ਹੱਦ ਹੀ ਹੋ ਗਈ। ਇਕ ਨੌਜਵਾਨ ਦਾ ਹੱਥ ਕੁਝ ਜ਼ਿਆਦਾ ਹੀ ਭਾਰਾ ਸੀ। ਐਸੀ ਚਪੇੜ ਵੱਜ ਗਈ ਕਿ ਨੇਤਾ ਜੀ ਦੀਆਂ ਦੋ ਜਾੜ੍ਹਾਂ ਹੀ ਹਿੱਲ ਗਈਆਂ। ਲਹੂ ਵਗਣ ਲੱਗ ਪਿਆ। ਨੇਤਾ ਜੀ ਦੇ ਸਬਰ ਦਾ ਪਿਆਲਾ ਛਲਕਣ ਲੱਗ ਪਿਆ ਸੀ। ਸਾਥੀਆਂ ਨੇ ਵੀ ਸਮਝਾਇਆ ਕਿ ਹੁਣ ਜ਼ਮਾਨਾ ਬਦਲ ਗਿਆ। ਲੋਕਾਂ ਦੀ ਆਤਮਾ ਮਰ ਗਈ। ਮੁਰਦਾ ਆਤਮਾ ਨੂੰ ਗਾਂਧੀ ਬਾਬਾ ਕਿਵੇਂ ਜਿਉਂਦਾ ਕਰਨਗੇ?
ਨਿਕਲੀਆਂ ਜਾੜ੍ਹਾਂ ਲੈ ਕੇ ਨੇਤਾ ਜੀ ਮੁੜ ਰਾਜਘਾਟ ਪਹੁੰਚ ਗਏ। ਅਰਜ਼ ਗੁਜ਼ਾਰੀ: ‘‘ਬਾਪੂ, ਦੇਖ ਤੇਰੇ ਭਗਤ ਦਾ ਜਨਤਾ ਨੇ ਕੀ ਹਾਲ ਕਰ ਦਿੱਤੈ?
ਜਨਤਾ ਚਪੇੜ ਨਾਲ ਹੀ ਮੱਖਣ ਕੱਢਣ ਲੱਗ ਪਈ। ਐਸਾ ਰਾਹ ਦਿਖਾਓ ਬਾਪੂ…।’’
ਰਾਜਘਾਟ ’ਚੋਂ ਫੇਰ ਕਮਜ਼ੋਰ ਜਿਹੀ, ਪਰ ਦ੍ਰਿੜ੍ਹ ਆਵਾਜ਼ ਸੁਣਾਈ ਦਿੱਤੀ: ‘‘ਬੱਚਾ, ਸ਼ੰਸ਼ਾ ਰਹੂ ਤਾਂ ਮੰਸ਼ਾ ਕਦੇ ਪੂਰੀ ਨਹੀਂ ਹੋਣ ਲੱਗੀ। ਮੁਰਦਾ ਆਤਮਾ ਜਗਾਉਣ ਲਈ ਵੱਡਾ ਪੁਰਸ਼ਾਰਥ ਕਰਨਾ ਪੈਂਦਾ। ਤੇਰੀਆਂ ਤਾਂ ਦੋ ਜਾੜ੍ਹਾਂ ਹੀ ਨਿਕਲੀਆਂ, ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਤਿੰਨ ਗੋਲੀਆਂ ਲੱਗਣ ’ਤੇ ਵੀ ਮੂੰਹੋਂ ‘ਰਾਮ ਰਾਮ’ ਹੀ ਨਿਕਲਿਆ ਸੀ। ਅਹਿੰਸਾ ਦਾ ਮਾਰਗ ਕਠਿਨ ਮਾਰਗ ਹੈ.. ਬੜੀ ਕਠਿਨ ਹੈ ਡਗਰ ਪਨਘਟ ਕੀ… ਪਰਪੱਕਤਾ ਆਉਣ ’ਚ ਟੈਮ ਲੱਗਦਾ…। ਸਹੀ ਟੈਮ ਦੀ ਉਡੀਕ ਕਰੋ…।’’
ਨੇਤਾ ਜੀ ਹੁਣ ਸ਼ੰਸ਼ਾ ਤੇ ਮੰਸ਼ਾ ਦੀ ਮੰਝਧਾਰ ’ਚ ਫਸੇ ਖਲੋਤੇ ਸਨ। ਸੋਚ ਰਹੇ ਸਨ ਕਿ ਅਹਿੰਸਾ ਪਰਮੋ ਧਰਮ ਪੱਕਾ ਕਰਨ ਲਈ ਹਾਲੇ ਅਜੇ ਹੋਰ ਕਿੰਨੀਆਂ ਕੁ ਚਪੇੜਾਂ ਖਾਣੀਆਂ ਪੈਣਗੀਆ? ਇਸ ਰਾਮ ਰੌਲੇ ’ਚ ਇਕ ਗੱਲ ਜ਼ਰੂਰ ਹੋ ਗਈ ਸੀ ਕਿ ਨੇਤਾ ਜੀ ਦੀ ਚਪੇੜਾਂ ਛਕਣ ਵਾਲੇ ਨੇਤਾ ਵਜੋਂ ਪ੍ਰਸਿੱਧੀ ਜ਼ਰੂਰ ਹੋ ਗਈ ਸੀ।
ਸੰਪਰਕ: 94635-37050


Comments Off on ਚਪੇੜਾਂ ਖਾਣ ਵਾਲੇ ਨੇਤਾ ਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.