ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਗੁਰਬਾਣੀ ਪ੍ਰਸਾਰਨ: 3 ਲੱਖ ਰੁਪਏ ਮਹੀਨਾ ਖਰਚਦੀ ਹੈ ਪਟਨਾ ਸਾਹਿਬ ਕਮੇਟੀ

Posted On January - 16 - 2020

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੀਟੀਸੀ ਨਿਊਜ਼ ਚੈਨਲ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ‘ਲਾਈਵ’ ਦੇ ਦਿੱਤੇ ਅਧਿਕਾਰਾਂ ਤੋਂ ਇਲਾਵਾ ਹੋਰ ਗੁਰਧਾਮਾਂ ਦੀਆਂ ਕਮੇਟੀਆਂ ਨੇ ਵੀ ਚੈਨਲਾਂ ਨੂੰ ਅਧਿਕਾਰ ਦਿੱਤੇ ਹੋਏ ਹਨ।
ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵੀ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਪਟਿਆਲਾ ਦੇ ‘ਚੜ੍ਹਦੀਕਲਾ’ ਟੀਵੀ ਨੂੰ ਦਿੱਤੇ ਹੋਏ ਹਨ ਤੇ ਨਾਲ ਹੀ ਹਰ ਮਹੀਨੇ ਕਰੀਬ 3 ਲੱਖ ਰੁਪਏ ਇਸ ਚੈਨਲ ਨੂੰ ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਂਦੇ ਹਨ। ਬੰਗਲਾ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਅਧਿਕਾਰ ਵੀ ਚੜ੍ਹਦੀਕਲਾ ਨੂੰ ਦਿੱਤੇ ਹੋਏ ਹਨ।
ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਤਖ਼ਤ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਬਦਲੇ ਟੀਵੀ ਚੈਨਲ ਨੂੰ ਮਹੀਨੇ ਦੇ ਤਿੰਨ ਲੱਖ ਰੁਪਏ ਦਿੱਤੇ ਜਾਂਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਟੀਵੀ ਚੈਨਲ ਤਾਂ ਆਮ ਤੌਰ ’ਤੇ ਰੁਪਏ ਪ੍ਰਬੰਧਕ ਕਮੇਟੀਆਂ ਨੂੰ ਦਿੰਦੇ ਹੁੰਦੇ ਹਨ ਤਾਂ ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਵਿਦੇਸ਼ਾਂ ਤੱਕ ਪ੍ਰਸਾਰਨ ਹੁੰਦਾ ਹੈ।
ਚੈਨਲ ਮੁਖੀ ਸਿੱਧੂ ਦਮਦਮੀ ਦੀ ਅਗਵਾਈ ਹੇਠ ਚੱਲ ਰਹੇ ‘ਸਾਡਾ ਚੈਨਲ’ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਮੁਫ਼ਤ ਪ੍ਰਸਾਰਿਤ ਕੀਤੀ ਜਾਂਦੀ ਰਹੀ ਸੀ।
ਦਿੱਲੀ ਕਮੇਟੀ ਦੇ ਬੁਲਾਰੇ ਨਾਲ ਜੁੜੇ ਨੈੱਟਵਰਕ ’ਤੇ ਵੀ ਪ੍ਰਸਾਰਨ ਕੀਤਾ ਜਾਂਦਾ ਹੈ ਤੇ ਕੈਮਰਾਮੈਨ ਤੇ ਹੋਰ ਅਮਲੇ ਨੂੰ ਉੱਥੋਂ ਤਨਖ਼ਾਹ ਮਿਲਦੀ ਹੈ। ਸ੍ਰੀ ਅਵਤਾਰ ਸਿੰਘ ਹਿਤ ਨੇ ਪੁਸ਼ਟੀ ਕੀਤੀ ਕਿ ਇਸ ਨੈੱਟਵਰਕ ਦੇ ਅਮਲੇ ਨੂੰ ਪਟਨਾ ਸਾਹਿਬ ਦੀ ਕਮੇਟੀ ਤੋਂ ਹੀ ਤਨਖ਼ਾਹ ਦਿੱਤੀ ਜਾਂਦੀ ਹੈ ਜੋ ਇੰਟਰਨੈੱਟ ’ਤੇ ਚੱਲਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਸਾਰਨ ਅਧਿਕਾਰਾਂ ਬਾਰੇ ਵਿਚਾਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਤੇ ਪਟਨਾ ਸਾਹਿਬ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ ਹੇਠ ਹੀ ਹਨ।

ਬੰਗਲਾ ਸਾਹਿਬ ਤੋਂ ਮੁਫ਼ਤ ਪ੍ਰਸਾਰਨ ਕੀਤਾ ਜਾਂਦਾ ਹੈ: ਦਰਦੀ

ਚੜ੍ਹਦੀਕਲਾ ਟੀਵੀ ਦੇ ਮੁਖੀ ਜੇ.ਐੱਸ. ਦਰਦੀ ਨੇ ਕਿਹਾ ਕਿ ਬੰਗਲਾ ਸਾਹਿਬ ਤੋਂ (2005 ਤੋਂ) ਬਿਨ੍ਹਾਂ ਪੈਸੇ ਲਈ ਪ੍ਰਸਾਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੈਨਲ ਤੋਂ ਨਾ ਕਿਸੇ ਨੇ ਫੁਟੇਜ ਮੰਗੀ ਤੇ ਨਾ ਹੀ ਚੈਨਲ ਨੇ ਕਿਸੇ ਨੂੰ ਦਿੱਤੀ ਹੈ। ਚੜ੍ਹਦੀਕਲਾ ਟੀਵੀ ਨੂੰ ਪ੍ਰਸਾਰਨ ਅਧਿਕਾਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਕਮੇਟੀ ਵੱਲੋਂ ਦਿੱਤੇ ਗਏ ਸਨ। ਇਸੇ ਚੈਨਲ ਦੇ ਹੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਟਨਾ ਸਾਹਿਬ ਦੀ ਕਮੇਟੀ ਤੋਂ 3 ਲੱਖ ਰੁਪਏ ਲਿਆ ਜਾਂਦਾ ਹੈ ਪਰ ਚੈਨਲ ਵੱਲੋਂ ਹੋਰ ਕਿਸੇ ਨੂੰ ਪ੍ਰਸਾਰਨ ਕਰਨ ਤੋਂ ਕੋਈ ਰੋਕ ਨਹੀਂ ਹੈ।


Comments Off on ਗੁਰਬਾਣੀ ਪ੍ਰਸਾਰਨ: 3 ਲੱਖ ਰੁਪਏ ਮਹੀਨਾ ਖਰਚਦੀ ਹੈ ਪਟਨਾ ਸਾਹਿਬ ਕਮੇਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.