ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਗ਼ਲਤੀ ਦਾ ਅਹਿਸਾਸ

Posted On January - 18 - 2020

ਬਾਲ ਕਹਾਣੀ
ਰਣਜੀਤ ਸਿੰਘ ਰਾਏ
ਇਕ ਵਾਰ ਦੀ ਗੱਲ ਹੈ। ਇਕ ਦੇਸ਼ ਵਿਚ ਹਸ਼ਰਤ ਨਾਂ ਦਾ ਰਾਜਾ ਰਾਜ ਕਰਦਾ ਸੀ। ਹਸ਼ਰਤ ਯੋਗ ਰਾਜਾ ਨਹੀਂ ਸੀ। ਉਹ ਗੁੱਸੇਖੋਰ ਤੇ ਬਿਨਾਂ ਸੋਚੇ-ਸਮਝੇ ਫ਼ੈਸਲੇ ਲੈਣ ਵਾਲਾ ਰਾਜਾ ਸੀ। ਛੇਤੀ ਕੀਤਿਆਂ ਉਹ ਆਪਣੇ ਫ਼ੈਸਲੇ ਤੋਂ ਪਲਟਦਾ ਨਹੀਂ ਸੀ। ਬਹੁਤ ਵਾਰ ਉਸਦੇ ਮੂਰਖਤਾਪੂਰਨ ਫ਼ੈਸਲਿਆਂ ਨੇ ਰਾਜ ਲਈ ਸੰਕਟ ਖੜ੍ਹਾ ਕਰ ਦਿੱਤਾ ਸੀ। ਜੇ ਹੁਣ ਤਕ ਉਸਦਾ ਰਾਜ ਕਾਇਮ ਸੀ ਤਾਂ ਇਸਦਾ ਸਿਹਰਾ ਉਸਦੇ ਬੁੱਧੀਮਾਨ ਤੇ ਸਮਝਦਾਰ ਵਜ਼ੀਰ ਹੰਸਰਾਜ ਨੂੰ ਜਾਂਦਾ ਸੀ।
ਇਕ ਵਾਰ ਕੀ ਹੋਇਆ ਕਿ ਰਾਜਾ ਆਪਣੇ ਦੋ ਕੁ ਸਾਲ ਦੇ ਪੁੱਤਰ ਨੂੰ ਗੋਦ ਵਿਚ ਲਈ ਬੈਠਾ ਸੀ। ਸਾਰਾ ਦਰਬਾਰ ਸਜਿਆ ਹੋਇਆ ਸੀ। ਬਾਪ ਦੀ ਗੋਦ ਵਿਚ ਬੈਠਾ ਪੁੱਤਰ ਖੇਡ ਰਿਹਾ ਸੀ। ਖੇਡਦੇ-ਖੇਡਦੇ ਰਾਜੇ ਦੇ ਪੁੱਤਰ ਨੇ ਆਪਣੇ ਪਿਤਾ ਦੀ ਦਾੜ੍ਹੀ ਨੂੰ ਫੜ ਲਿਆ। ਰਾਜਾ ਇਕਦਮ ਗੁੱਸੇ ਵਿਚ ਆ ਗਿਆ। ਪੁੱਤਰ ਵੱਲੋਂ ਅਜਿਹਾ ਕਰਨਾ ਉਸਨੂੰ ਆਪਣਾ ਅਪਮਾਨ ਮਹਿਸੂਸ ਹੋਇਆ। ਗੁੱਸੇ ਵਿਚ ਲਾਲ-ਪੀਲਾ ਹੁੰਦਾ ਰਾਜਾ ਬੋਲਿਆ, ‘ਮੈਂ ਅਜਿਹਾ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇਹ ਅੱਜ ਮੇਰੀ ਦਾੜ੍ਹੀ ਨੂੰ ਹੱਥ ਪਾ ਰਿਹਾ ਹੈ, ਭਵਿੱਖ ਵਿਚ ਪਤਾ ਨਹੀਂ ਮੇਰੇ ਨਾਲ ਕਿਹੋ-ਜਿਹਾ ਸਲੂਕ ਕਰੇਗਾ। ਇਹ ਮੇਰਾ ਪੁੱਤਰ ਕਹਾਉਣ ਦੇ ਯੋਗ ਨਹੀਂ ਹੈ। ਇਸ ਲਈ ਇਸਨੂੰ ਦੂਰ ਜੰਗਲ ਵਿਚ ਛੱਡ ਦਿੱਤਾ ਜਾਵੇ।
ਰਾਜੇ ਦਾ ਇਸ ਤਰ੍ਹਾਂ ਦਾ ਮੂਰਖਤਾਪੂਰਨ ਫ਼ੈਸਲਾ ਸੁਣ ਕੇ ਦਰਬਾਰ ਵਿਚ ਸੰਨਾਟਾ ਛਾ ਗਿਆ। ਰਾਜੇ ਦੇ ਹੁਕਮ ਦੀ ਅਵੱਗਿਆ ਨਹੀਂ ਕੀਤੀ ਜਾ ਸਕਦੀ ਸੀ। ਰਾਜੇ ਨੇ ਸਿਪਾਹੀਆਂ ਨੂੰ ਹੁਕਮ ਦੀ ਤਾਲੀਮ ਕਰਨ ਦਾ ਇਸ਼ਾਰਾ ਕੀਤਾ। ਸਿਪਾਹੀਆਂ ਨੇ ਬੱਚੇ ਨੂੰ ਚੁੱਕ ਲਿਆ। ਉਸ ਸਮੇਂ ਵਜ਼ੀਰ ਹੰਸਰਾਜ ਬੱਚੇ ਨੂੰ ਬਚਾਉਣ ਲਈ ਅੱਗੇ ਆਇਆ। ਉਸਨੇ ਰਾਜੇ ਨੂੰ ਸਮਝਾਉਣ ਤੇ ਬੱਚੇ ਨੂੰ ਸਜ਼ਾ ਨਾ ਦੇਣ ਦੀ ਬੇਨਤੀ ਕੀਤੀ, ਪਰ ਰਾਜਾ ਆਪਣੇ ਫ਼ੈਸਲੇ ’ਤੇ ਅਡੋਲ ਸੀ। ਅੰਤ ਜਦੋਂ ਰਾਜਾ ਨਾ ਮੰਨਿਆ ਤਾਂ ਵਜ਼ੀਰ ਹੰਸਰਾਜ ਨੇ ਸਿਪਾਹੀਆਂ ਨੂੰ ਇਕ ਜ਼ਹਿਰੀਲਾ ਸੱਪ ਲਿਆਉਣ ਲਈ ਕਿਹਾ। ਕੁਝ ਸਮੇਂ ਬਾਅਦ ਪਟਾਰੀ ਵਿਚ ਬੰਦ ਇਕ ਸੱਪ ਨੂੰ ਦਰਬਾਰ ਵਿਚ ਪੇਸ਼ ਕੀਤਾ ਗਿਆ। ਵਜ਼ੀਰ ਹੰਸਰਾਜ ਰਾਜੇ ਸਮੇਤ ਸਾਰੇ ਦਰਬਾਰੀਆਂ ਨੂੰ ਸੰਬੋਧਿਤ ਹੁੰਦਾ ਬੋਲਿਆ, ‘ਜਹਾਂ ਪਨਾਹ! ਅਸੀਂ ਸਾਰੇ ਜ਼ਿੰਦਗੀ ਭਰ ਕਿਸ ਚੀਜ਼ ਤੋਂ ਡਰਦੇ ਹਾਂ ?’
‘ਮੌਤ ਤੋਂ।’ ਸਾਰੇ ਦਰਬਾਰ ਵਿਚੋਂ ਆਵਾਜ਼ ਆਈ। ਰਾਜੇ ਨੇ ਵੀ ਹਾਂ ਵਿਚ ਸਿਰ ਹਿਲਾਇਆ।
‘ਬਿਲਕੁਲ ਠੀਕ।’
ਵਜ਼ੀਰ ਹੰਸਰਾਜ ਨੇ ਇੰਨਾ ਕਹਿ ਕੇ ਪਟਾਰੀ ਦਾ ਢੱਕਣ ਚੁੱਕ ਦਿੱਤਾ। ਇਕ ਵੱਡੇ ਤੇ ਖ਼ਤਰਨਾਕ ਵਿਖਾਈ ਦਿੰਦੇ ਸੱਪ ਨੇ ਆਪਣਾ ਫਨ ਚੁੱਕ ਲਿਆ। ਹੁਣ ਵਜ਼ੀਰ ਨੇ ਸਿਪਾਹੀਆਂ ਤੋਂ ਫੜ ਕੇ ਬੱਚੇ ਨੂੰ ਹੇਠਾਂ ਛੱਡ ਦਿੱਤਾ। ਬੱਚਾ ਸੱਪ ਨੂੰ ਫਨ ਇੱਧਰ-ਉੱਧਰ ਹਿਲਾਉਂਦੇ ਵੇਖ ਕੇ ਕਾਹਲੀ ਨਾਲ ਉਸ ਵੱਲ ਵਧਿਆ। ਬੱਚਾ ਸੱਪ ਨੂੰ ਹੱਥ ਪਾਉਣ ਹੀ ਲੱਗਾ ਸੀ ਕਿ ਵਜ਼ੀਰ ਹੰਸਰਾਜ ਨੇ ਬੱਚੇ ਨੂੰ ਚੁੱਕ ਲਿਆ।
‘ਮਹਾਰਾਜ ਮੈਂ ਇੱਥੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਤਾਂ ਭੋਲੇ ਹੁੰਦੇ ਹਨ। ਉਨ੍ਹਾਂ ਨੂੰ ਮਨੁੱਖੀ ਔਗੁਣਾਂ ਗੁੱਸਾ, ਨਫ਼ਰਤ, ਸਾੜਾ, ਬੇਇੱਜ਼ਤੀ ਜਾਂ ਕਿਸੇ ਚੀਜ਼ ਦੇ ਨਫੇ-ਨੁਕਸਾਨ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ। ਬੱਚੇ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਇਹ ਜ਼ਹਿਰੀਲਾ ਸੱਪ ਉਸਦੀ ਜਾਨ ਲੈ ਸਕਦਾ ਹੈ। ਫਿਰ ਵੀ ਉਹ ਇਸਨੂੰ ਫੜਨ ਗਿਆ। ਜਿਸ ਬੱਚੇ ਨੂੰ ਆਪਣੇ ਜੀਵਨ ਦੀ ਸੋਝੀ ਨਹੀਂ, ਉਹ ਬੱਚਾ ਤੁਹਾਡਾ ਅਪਮਾਨ ਕਿਵੇਂ ਕਰ ਸਕਦਾ ਹੈ? ਬੱਚੇ ਤਾਂ ਮਨ ਦੇ ਸਾਫ਼ ਹੁੰਦੇ ਹਨ। ਉਹ ਕਿਸੇ ਦਾ ਵੀ ਬੁਰਾ ਨਹੀਂ ਕਰ ਸਕਦੇ। ਤੁਸੀਂ ਤਾਂ ਉਸਦੇ ਪਿਤਾ ਹੋ, ਫਿਰ ਉਹ ਤੁਹਾਡਾ ਬੁਰਾ ਕਿਵੇਂ ਕਰ ਸਕਦਾ ਹੈ ?’
ਇਹ ਗੱਲਾਂ ਸੁਣ ਕੇ ਰਾਜੇ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸਨੇ ਵਜ਼ੀਰ ਦਾ ਧੰਨਵਾਦ ਕੀਤਾ ਤੇ ਆਪਣੇ ਪੁੱਤਰ ਨੂੰ ਗਲ਼ ਨਾਲ ਲਾ ਲਿਆ।
ਸੰਪਰਕ: 94630-90470


Comments Off on ਗ਼ਲਤੀ ਦਾ ਅਹਿਸਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.