ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਗਰੈਂਡ ਸਲੈਮ ’ਚ ਫੈਡਰਰ ਦੀ ਬਰਾਬਰੀ ਦਾ ਇਰਾਦਾ ਨਹੀਂ: ਨਡਾਲ

Posted On January - 9 - 2020

ਪਰਥ/ਸਿਡਨੀ, 8 ਜਨਵਰੀ

ਰਾਫੇਲ ਨਡਾਲ ਏਟੀਪੀ ਕੱਪ ਦੌਰਾਨ ਜਾਪਾਨੀ ਖਿਡਾਰੀ ਦਾ ਸ਼ਾਟ ਮੋੜਦਾ ਹੋਇਆ। -ਫੋਟੋ: ਏਐੱਫਪੀ

ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੇ ਅੱਜ ਕਿਹਾ ਕਿ ਆਸਟਰੇਲੀਅਨ ਓਪਨ ਵਿੱਚ ਉਸ ਦਾ ਧਿਆਨ ਰੋਜ਼ਰ ਫੈਡਰਰ ਦੇ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ’ਤੇ ਨਹੀਂ ਰਹੇਗਾ। ਨਡਾਲ ਦਾ ਤਤਕਾਲੀ ਟੀਚਾ ਸਪੇਨ ਨੂੰ ਪਹਿਲੇ ਏਟੀਪੀ ਕੱਪ ਵਿੱਚ ਖ਼ਿਤਾਬ ਦਿਵਾਉਣਾ ਹੈ। ਰਾਫੇਲ ਨਡਾਲ ਦੀ ਅਗਵਾਈ ਵਿੱਚ ਸਪੇਨ ਨੇ ਪਹਿਲੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਜਦਕਿ ਅਰਜਨਟੀਨਾ ਵੀ ਆਖ਼ਰੀ ਅੱਠ ਵਿੱਚ ਥਾਂ ਬਣਾਉਣ ’ਚ ਸਫਲ ਰਿਹਾ।
33 ਸਾਲਾ ਨਡਾਲ ਨੇ ਬੀਤੇ ਸਾਲ ਫਰੈਂਚ ਅਤੇ ਯੂਐੱਸ ਓਪਨ ਦੇ ਖ਼ਿਤਾਬ ਜਿੱਤੇ ਸਨ ਅਤੇ ਉਹ ਸਵਿਟਜ਼ਰਲੈਂਡ ਦੇ ਆਪਣੇ ਰਵਾਇਤੀ ਵਿਰੋਧੀ ਫੈਡਰਰ ਦੇ 20 ਗਰੈਂਡ ਸਲੈਮ ਸਿੰਗਲਜ਼ ਖ਼ਿਤਾਬ ਤੋਂ ਸਿਰਫ਼ ਇੱਕ ਟਰਾਫ਼ੀ ਪਿੱਛੇ ਹੈ।
ਫੈਡਰਰ ਸਾਲ 2009 ਤੋਂ ਚੋਟੀ ’ਤੇ ਕਾਬਜ਼ ਹੈ। ਉਦੋਂ ਉਸ ਨੇ ਪੀਟ ਸੰਪ੍ਰਾਸ ਦੇ 14 ਖ਼ਿਤਾਬਾਂ ਦਾ ਰਿਕਾਰਡ ਤੋੜਿਆ ਸੀ। ਨਡਾਲ ਜੇਕਰ ਆਸਟਰੇਲਿਆਈ ਓਪਨ ਵਿੱਚ ਜਿੱਤ ਦਰਜ ਕਰਦਾ ਹੈ ਤਾਂ ਉਹ ਆਪਣੇ ਮਨਪਸੰਦ ਫਰੈਂਚ ਓਪਨ ਵਿੱਚ ਇੱਕ ਨਵਾਂ ਟੀਚਾ ਤੈਅ ਕਰ ਸਕਦਾ ਹੈ। ਪਰ ਸਪੇਨ ਦੇ ਇਸ ਖਿਡਾਰੀ ਨੇ ਇਸ ਰਿਕਾਰਡ ਨੂੰ ਖ਼ਾਸ ਅਹਿਮੀਅਤ ਨਹੀਂ ਦਿੱਤੀ। ਉਸ ਨੇ ਕਿਹਾ, ‘‘ਮੈਂ ਇਸ (ਫੈਡਰਰ ਦੇ ਰਿਕਾਰਡ) ਬਾਰੇ ਜ਼ਿਆਦਾ ਨਹੀਂ ਸੋਚ ਰਿਹਾ। ਮੇਰਾ ਟੀਚਾ ਚੰਗੀ ਟੈਨਿਸ ਖੇਡਣਾ, ਇਸ ਖੇਡ ਦਾ ਆਨੰਦ ਮਾਣਨਾ ਅਤੇ ਖ਼ੁਸ਼ ਰਹਿਣਾ ਹੈ। ਜੇਕਰ ਅਜਿਹਾ ਹੁੰਦਾ ਹੈ ਅਤੇ ਮੇਰੀ ਸਿਹਤ ਠੀਕ ਰਹਿੰਦੀ ਹੈ ਤਾਂ ਫਿਰ ਜਿਨ੍ਹਾਂ ਟੂਰਨਾਮੈਂਟਾਂ ਵਿੱਚ ਮੈਂ ਹਿੱਸਾ ਲੈਂਦਾ ਹਾਂ ਉਨ੍ਹਾਂ ਵਿੱਚ ਚੰਗੇ ਨਤੀਜੇ ਹਾਸਲ ਕਰਨ ਦਾ ਟੀਚਾ ਹੈ।’’
ਸਿਡਨੀ, ਬ੍ਰਿਸਬਨ ਅਤੇ ਪਰਥ ਵਿੱਚ ਛੇ ਦਿਨ ਤੱਕ ਚੱਲੇ ਰਾਊਂਡ ਰੌਬਿਨ ਮੁਕਾਬਲਿਆਂ ਮਗਰੋਂ 24 ਵਿੱਚੋਂ ਅੱਠ ਟੀਮਾਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੀਆਂ। ਆਸਟਰੇਲੀਆ, ਸਰਬੀਆ, ਰੂਸ ਅਤੇ ਬਰਤਾਨੀਆ ਪਹਿਲਾਂ ਹੀ ਨਾਕਆਊਟ ਵਿੱਚ ਥਾਂ ਪੱਕੀ ਕਰ ਚੁੱਕੇ ਸਨ, ਜਦਕਿ ਸਪੇਨ ਅਤੇ ਅਰਜਨਟੀਨਾ ਨੇ ਆਪਣੇ ਗਰੁੱਪ ਵਿੱਚ ਰਹਿ ਕੇ ਅੱਜ ਆਖ਼ਰੀ ਅੱਠ ਵਿੱਚ ਥਾਂ ਬਣਾਈ। ਸਾਰੇ ਕੁਆਰਟਰ ਫਾਈਨਲ ਸਿਡਨੀ ਵਿੱਚ ਹੋਣਗੇ। ਨਡਾਲ ਨੂੰ ਜਾਪਾਨ ਦੇ ਯੌਸ਼ੀਹਿਤੋ ਨਿਸ਼ੀਯੋਕਾ ਤੋਂ ਸਖ਼ਤ ਚੁਣੌਤੀ ਮਿਲੀ, ਪਰ ਅਖ਼ੀਰ ਉਹ 7-6 (7/4), 6-4 ਨਾਲ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ। -ਏਐੱਫਪੀ

ਚੈਰਿਟੀ ਮੈਚ ਖੇਡਣਗੇ ਫੈਡਰਰ, ਸੇਰੇਨਾ ਤੇ ਨਡਾਲ
ਮੈਲਬਰਨ: ਉੱਘੇ ਟੈਨਿਸ ਖਿਡਾਰੀ ਰੋਜਰ ਫੈਡਰਰ, ਸੇਰੇਨਾ ਵਿਲੀਅਮਜ਼ ਅਤੇ ਰਾਫੇਲ ਨਡਾਲ ਆਸਟਰੇਲੀਅਨ ਓਪਨ ਤੋਂ ਪਹਿਲਾਂ ਪ੍ਰਦਰਸ਼ਨੀ ਮੈਚ ਖੇਡਣਗੇ, ਜਿਸ ਰਾਹੀਂ ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਪੀੜਤਾਂ ਲਈ ਪੈਸਾ ਇਕੱਠਾ ਕੀਤਾ ਜਾਵੇਗਾ। ਆਸਟਰੇਲੀਅਨ ਓਪਨ ਦੇ ਪ੍ਰਬੰਧਕਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਆਸਟਰੇਲੀਆ ਦੇ ਜੰਗਲਾਂ ਵਿੱਚ ਸਤੰਬਰ ਮਹੀਨੇ ਤੋਂ ਅੱਗ ਲੱਗੀ ਹੋਈ ਹੈ, ਜਿਸ ਵਿੱਚ ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ ਅਤੇ 1800 ਤੋਂ ਵੱਧ ਘਰ ਤਬਾਹ ਹੋ ਗਏ। ਟੈਨਿਸ ਆਸਟਰੇਲੀਆ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਆਸਟਰੇਲੀਅਨ ਓਪਨ ਤੋਂ ਪਹਿਲਾਂ ਇਸ ਟੂਰਨਾਮੈਂਟ ਦੇ ਸੈਂਟਰ ਕੋਰਟ ਮੈਲਬਰਨ ਦੇ ਰੋਡ ਲੇਵਰ ਏਰੇਨਾ ਵਿੱਚ 15 ਜਨਵਰੀ ਨੂੰ ਫੰਡ ਇਕੱਠਾ ਕਰਨ ਲਈ ਪ੍ਰਦਰਸ਼ਨੀ ਮੈਚ ਖੇਡਿਆ ਜਾਵੇਗਾ। ਅੱਜ ਖਿਡਾਰੀਆਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਫੈਡਰਰ, ਸੇਰੇਨਾ ਅਤੇ ਨਡਾਲ ਤੋਂ ਇਲਾਵਾ ਨਾਓਮੀ ਓਸਾਕਾ, ਕੈਰੋਲਾਈਨ ਵੋਜ਼ਨਿਆਕੀ, ਨਿੱਕ ਕਿਰਗਿਓਸ ਅਤੇ ਸਟੈਫਾਨੋਸ ਸਿਟਸਿਪਾਸ ਸ਼ਾਮਲ ਹਨ। -ਏਐੱਫਪੀ

ਸ਼ਾਰਾਪੋਵਾ ਨੂੰ ਵਾਈਲਡ ਕਾਰਡ
ਮੈਲਬਰਨ: ਪੰਜ ਵਾਰ ਦੀ ਗਰੈਂਡ ਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੂੰ ਅੱਜ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਵਾਈਲਡ ਕਾਰਡ ਦਿੱਤਾ ਗਿਆ। ਸ਼ਾਰਾਪੋਵਾ ਸਾਲ 2019 ਵਿੱਚ ਸੱਟਾਂ ਤੋਂ ਪ੍ਰੇਸ਼ਾਨ ਰਹਿਣ ਮਗਰੋਂ ਆਪਣਾ ਕਰੀਅਰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਵਿੱਚ ਹੈ। ਆਸਟਰੇਲੀਅਨ ਓਪਨ 2008 ਦੀ ਜੇਤੂ ਸ਼ਾਰਾਪੋਵਾ ਵਿਸ਼ਵ ਦਰਜਾਬੰਦੀ ਵਿੱਚ 147ਵੇਂ ਸਥਾਨ ’ਤੇ ਖਿਸਕ ਗਈ ਹੈ ਅਤੇ ਇਸ ਹਫ਼ਤੇ ਉਸ ਨੂੰ ਬ੍ਰਿਸਬਨ ਇੰਟਰਨੈਸ਼ਨਲ ਦੇ ਪਹਿਲੇ ਗੇੜ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਰੂਸ ਦੀ ਇਹ ਖਿਡਾਰਨ ਹਾਲਾਂਕਿ ਮਹਿਲਾ ਟੈਨਿਸ ਵਿੱਚ ਹੁਣ ਵੀ ਵੱਡਾ ਨਾਮ ਹੈ ਅਤੇ ਇੱਕ ਵਾਰ ਫਿਰ ਮੈਲਬਰਨ ਪਾਰਕ ਵਿੱਚ ਖੇਡਦੀ ਨਜ਼ਰ ਆਵੇਗੀ ਕਿਉਂਕਿ ਟੂਰਨਾਮੈਂਟ ਦੀ ਵੈੱਬਸਾਈਟ ’ਤੇ ਉਸ ਨੂੰ ਵਾਈਲਡ ਕਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। -ਏਐੱਫਪੀ

‘ਬਾਲਕਿੱਡਜ਼’ ਬਣਨਗੇ ਦਸ ਭਾਰਤੀ ਬੱਚੇ
ਨਵੀਂ ਦਿੱਲੀ: ਭਾਰਤ ਦੇ ਦਸ ਬੱਚੇ ਇਸ ਮਹੀਨੇ ਦੇ ਅਖ਼ੀਰ ਵਿੱਚ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ‘ਬਾਲਕਿੱਡਜ਼’ ਵਜੋਂ ਹਿੱਸਾ ਲੈਣਗੇ। ਇੱਥੇ ਜਾਰੀ ਬਿਆਨ ਅਨੁਸਾਰ ਇਨ੍ਹਾਂ ਬੱਚਿਆਂ ਦੀ ਚੋਣ ਸਪਾਂਸਰ ਕੀਆ ਮੋਟਰਜ਼ ਨੇ ਇੱਕ ਚੋਣ ਪ੍ਰਕਿਰਿਆ ਰਾਹੀਂ ਕੀਤੀ ਹੈ। ਚੁਣੇ ਗਏ ਬੱਚਿਆਂ ਨੂੰ ਇਸ ਮਗਰੋਂ ਸਿਖਲਾਈ ਦਿੱਤੀ ਗਈ। ਇਨ੍ਹਾਂ ਬੱਚਿਆਂ ਦੀ ਉਮਰ 12 ਤੋਂ 15 ਸਾਲ ਹੈ। ਬਿਆਨ ਅਨੁਸਾਰ, ਜਿਨ੍ਹਾਂ ਬੱਚਿਆਂ ਦੀ ‘ਬਾਲਕਿੱਡਜ਼’ ਵਜੋਂ ਚੋਣ ਹੋਈ ਹੈ, ਉਨ੍ਹਾਂ ਵਿੱਚ ਹੈਦਰਾਬਾਦ ਦਾ ਅਦਿਤਿਆ ਬੀਐੱਮਵੀ (14 ਸਾਲ), ਅਹਿਮਦਾਬਾਦ ਦਾ ਅਰਥਵਾ ਹਿਤੇਂਦਰ (14), ਕੋਲਕਾਤਾ ਦਾ ਅਤਰੀਜੋ ਸੇਨਗੁਪਤਾ (15), ਗੁਰੂਗਰਾਮ ਦਾ ਦਿਵਿਆਂਸ਼ੂ ਪਾਂਡੇ (15), ਪੰਚਕੂਲਾ ਦਾ ਰਿਜੂਲ ਭਾਟੀਆ (13), ਹੈਦਰਾਬਾਦ ਦਾ ਸੰਸਕ੍ਰਿਤ ਵਦਾਕਟੂ (14), ਚੰਡੀਗੜ੍ਹ ਦੀ ਸਰਗਮ ਸਿੰਗਲਾ (15), ਮੁੰਬਈ ਦਾ ਕੇਸ਼ਾਰਵਿਨ ਕੌਯਤਭ (14) ਅਤੇ ਚੰਡੀਗੜ੍ਹ ਦਾ ਯਸ਼ਵਰਧਨ ਗੌੜ (15) ਸ਼ਾਮਲ ਹਨ। -ਪੀਟੀਆਈ

 


Comments Off on ਗਰੈਂਡ ਸਲੈਮ ’ਚ ਫੈਡਰਰ ਦੀ ਬਰਾਬਰੀ ਦਾ ਇਰਾਦਾ ਨਹੀਂ: ਨਡਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.