ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ

Posted On January - 26 - 2020

ਡਾ. ਅਜਮੇਰ ਸਿੰਘ
ਸੈਰ ਸਫ਼ਰ

ਭਾਰਤ ਦੀ ਉੱਤਰੀ ਸੀਮਾ ਨਾਲ ਲੱਗਦਾ ਦੇਸ਼ ਭੂਟਾਨ ਦੁਨੀਆ ਦੇ ਖੁਸ਼ਹਾਲ ਮੁਲਕਾਂ ਵਿਚ ਸ਼ੁਮਾਰ ਹੈ। ਸਰਮਾਏਦਾਰ ਮੁਲਕਾਂ ਦੇ ਖੁਸ਼ਹਾਲੀ ਦੇ ਮਾਪਦੰਡ ਭਾਵ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਮੁਤਾਬਿਕ ਭੂਟਾਨ 156 ਮੁਲਕਾਂ ਵਿਚ 130ਵੇਂ ਸਥਾਨ ’ਤੇ ਹੈ, ਪਰ ਇੱਥੋਂ ਦੇ ਲੋਕ ਜੀਵਨ ਵਿਚ ਸੰਤੁਸ਼ਟ ਅਤੇ ਖ਼ੁਸ਼ ਹਨ। ਕਿਸੇ ਦੇਸ਼ ਦੀ ਖੁਸ਼ਹਾਲੀ ਨੂੰ ਮਾਪਣ ਦਾ ਨਿਵੇਕਲਾ ਢੰਗ- ‘ਕੁੱਲ ਕੌਮੀ ਪ੍ਰਸੰਨਤਾ’ (ਜੀਐੱਨਐੱਚ)- ਭੂਟਾਨ ਨੇ 1972 ਵਿਚ ਦੁਨੀਆਂ ਸਾਹਮਣੇ ਪੇਸ਼ ਕੀਤਾ। ਇਸ ਮੁਤਾਬਿਕ ਕਿਸੇ ਦੇਸ਼ ਦੀ ਆਰਥਿਕ ਤਰੱਕੀ ਦੇ ਨਾਲ ਨਾਲ ਕੁਦਰਤੀ ਵਾਤਾਵਰਨ ਤੇ ਸੱਭਿਆਚਾਰ ਦੀ ਸਾਂਭ-ਸੰਭਾਲ, ਲੋਕਾਂ ਦੀ ਮਾਨਸਿਕ ਸਿਹਤ ਤੇ ਰੂਹਾਨੀ ਸਿੱਖਿਆ ਦਾ ਵਿਕਾਸ ਅਤੇ ਚੰਗਾ ਰਾਜ ਪ੍ਰਬੰਧ ਅਤਿ ਜ਼ਰੂਰੀ ਹਨ। ਖੁਸ਼ਹਾਲੀ ਦੇ ਇਸ ਫਾਰਮੂਲੇ ਨੂੰ ਭੂਟਾਨ ਸਰਕਾਰ ਨੇ 2008 ਵਿਚ ਦੇਸ਼ ਦੇ ਸੰਵਿਧਾਨ ਵਿਚ ਮੁੱਢਲੇ ਅਧਿਕਾਰ ਵਜੋਂ ਸ਼ਾਮਿਲ ਕੀਤਾ। ਵਿਸ਼ਵ ਦੀਆਂ ਨਾਮਵਰ ਯੂਨੀਵਰਸਿਟੀਆਂ ਵਿਚ ਘੋਖ ਪੜਤਾਲ ਉਪਰੰਤ ਯੂ.ਐੱਨ.ਓ. ਨੇ 2011 ਵਿਚ ਇਸ ਨੂੰ ਮਾਨਤਾ ਦੇ ਦਿੱਤੀ ਅਤੇ 22 ਮਾਰਚ ਨੂੰ ‘ਕੌਮਾਂਤਰੀ ਪ੍ਰਸੰਨਤਾ ਦਿਵਸ’ ਐਲਾਨ ਦਿੱਤਾ। ਯੂ.ਐੱਨ.ਓ ਦੀ 2019 ਦੀ ਕੌਮੀ ਪ੍ਰਸੰਨਤਾ ਸੂਚਕ ਰਿਪੋਰਟ ਮੁਤਾਬਿਕ ਫਿਨਲੈਂਡ, ਨੌਰਵੇ ਤੇ ਡੈਨਮਾਰਕ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ਜਦੋਂਕਿ ਭੂਟਾਨ 57ਵੇਂ ਅਤੇ ਭਾਰਤ 140ਵੇਂ ਸਥਾਨ ’ਤੇ ਹੈ।
ਦਸੰਬਰ 2019 ਵਿਚ ਸਾਨੂੰ ਭੂਟਾਨ ਜਾਣ ਦਾ ਮੌਕਾ ਮਿਲਿਆ। ਕੁਝ ਸ਼ੁਭਚਿੰਤਕਾਂ ਨੇ ਇੰਨੀ ਠੰਢ ਵਿਚ ਪਹਾੜੀ ਸਥਾਨ ’ਤੇ ਨਾ ਜਾਣ ਦੀ ਸਲਾਹ ਦਿੱਤੀ। ਸਾਰੀਆਂ ਬੁਕਿੰਗ ਹੋ ਚੁੱਕੀਆਂ ਸਨ। ਇਸ ਲਈ ਅਸੀਂ, ਯੂਨੀਕ ਕਲੱਬ ਦੇ 35 ਮੈਂਬਰ ਭਾਰੇ ਗਰਮ ਕੱਪੜਿਆਂ ਨਾਲ ਅਟੈਚੀ ਭਰ ਕੇ ਆਪਣੀ ਮੰਜ਼ਿਲ ਵੱਲ ਚੱਲ ਪਏ। ਰੂਪਨਗਰ ਤੋਂ ਦਿੱਲੀ ਤਕ ਰੇਲਗੱਡੀ ਰਾਹੀਂ ਅਤੇ ਅੱਗੇ ਹਵਾਈ ਜਹਾਜ਼ ਰਾਹੀਂ। ਭੂਟਾਨ ਜਾਣ ਲਈ ਵੀਜ਼ੇ ਦੀ ਲੋੜ ਨਹੀਂ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਵਿਦੇਸ਼ ਜਾਣ ਲਈ ਸਾਰੀਆਂ ਜ਼ਰੂਰੀ ਕਾਰਵਾਈਆਂ ਉਪਰੰਤ ਅਸੀਂ ਰਾਇਲ ਭੂਟਾਨ ਏਅਰਲਾਈਨਜ਼ (drukair) ਦੇ ਹਵਾਈ ਜਹਾਜ਼ ਵਿਚ ਸਵਾਰ ਹੋ ਗਏ। ਤਕਰੀਬਨ ਦੋ ਘੰਟੇ ਵਿਚ 500 ਮੀਲ ਸਫ਼ਰ ਤੈਅ ਕਰਕੇ ਜਹਾਜ਼ ਨੀਚੇ ਉਤਰਨ ਲੱਗਾ ਤਾਂ ਕਈ ਮੰਜ਼ਿਲਾਂ ਵਾਲੀਆਂ ਇਮਾਰਤਾਂ ਅਤੇ ਸੰਘਣੀ ਆਬਾਦੀ ਵਾਲਾ ਸ਼ਹਿਰ ਨਜ਼ਰ ਆਉਣ ਲੱਗਾ। ਇਹ ਨੇਪਾਲ ਦੀ ਰਾਜਧਾਨੀ ਕਾਠਮੰਡੂ ਸੀ। ਫਿਰ ਜਹਾਜ਼ ਮੁੜ ਉਡਾਰੀਆਂ ਮਾਰਨ ਲੱਗਾ। ਬਾਹਰ ਹਿਮਾਲਿਆ ਪਰਬਤ ਦੀਆਂ ਬਰਫ਼ ਲੱਦੀਆਂ ਪਹਾੜੀਆਂ ਖ਼ੂਬਸੂਰਤ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਅਸੀਂ ਕਾਠਮੰਡੂ ਤੋਂ ਲਗਭਗ 280 ਮੀਲ ਦੂਰ ਭੂਟਾਨ ਦੇ ਇਕਲੌਤੇ ਹਵਾਈ ਅੱਡੇ ਪਾਰੋ ’ਤੇ ਜਾ ਉੱਤਰੇ। ਦਰਿਆ ਕੰਢੇ ਸਥਿਤ ਇਕ ਹੀ ਟਰਮੀਨਲ ਵਾਲੇ ਛੋਟੇ ਜਿਹੇ ਹਵਾਈ ਅੱਡੇ ਵਿਚ ਕੋਈ ਭੀੜ-ਭੜੱਕਾ ਜਾਂ ਚੈਕਿੰਗ ਨਹੀਂ ਸੀ, ਸਭ ਪਾਸੇ ਸ਼ਾਂਤੀ। ਬਾਹਰ ਨਿਕਲਦਿਆਂ ਬੁੱਧ ਧਰਮ ਦੀਆਂ ਰਵਾਇਤਾਂ ਨਾਲ ਸਾਡਾ ਸਵਾਗਤ ਕੀਤਾ ਗਿਆ।
ਪਹਿਲਾਂ ਹੀ ਬਣੇ ਪ੍ਰੋਗਰਾਮ ਅਨੁਸਾਰ ਅਸੀਂ ਭੂਟਾਨ ਟੂਰਿਜ਼ਮ ਦੀਆਂ ਦੋ ਬੱਸਾਂ ਵਿਚ ਬੈਠ ਕੇ ਥਿੰਪੂ ਸ਼ਹਿਰ ਵੱਲ ਚੱਲ ਪਏ। ਇਹ ਸ਼ਹਿਰ ਭੂਟਾਨ ਦੀ ਰਾਜਧਾਨੀ ਅਤੇ ਦੇਸ਼ ਦੇ 20 ਜ਼ਿਲ੍ਹਿਆਂ ਵਿਚੋਂ ਇਕ ਹੈ। ਸਰਕਾਰ ਵੱਲੋਂ ਨਿਯਤ ਕੀਤੇ ਦੋ ਸਿਖਲਾਈਯਾਫ਼ਤਾ ਗਾਈਡ ਵੀ ਸਾਡੇ ਨਾਲ ਸਨ। ਸੂਰਜ ਪਹਾੜੀਆਂ ਪਿੱਛੇ ਛਿਪ ਕੇ ਹਨੇਰੇ ਨੂੰ ਸੱਦਾ ਦੇਣ ਵਾਲਾ ਸੀ। ਭੂਟਾਨ ਦਾ ਸਮਾਂ ਭਾਰਤ ਨਾਲੋਂ ਅੱਧਾ ਕੁ ਘੰਟਾ ਅੱਗੇ ਹੈ। ਸਵਾ ਕੁ ਘੰਟੇ ਬਾਅਦ ਅਸੀਂ 50 ਕਿਲੋਮੀਟਰ ਦੂਰ ਥਿੰਪੂ ਸ਼ਹਿਰ ਪਹੁੰਚ ਗਏ ਜਿੱਥੇ ਦਰਿਆ ਵਾਂਗਸ਼ੂ ਕਿਨਾਰੇ ਸਥਿਤ ਹੋਟਲ ਵਿਚ ਦੋ ਰਾਤਾਂ ਗੁਜ਼ਾਰੀਆਂ ਅਤੇ ਥਿੰਪੂ ਸ਼ਹਿਰ ਦੇ ਪ੍ਰਸਿੱਧ ਸਥਾਨ ਦੇਖੇ। ਸਮੁੰਦਰੀ ਤਲ ਤੋਂ ਔਸਤਨ 2,500 ਮੀਟਰ ਦੀ ਉਚਾਈ ’ਤੇ ਵਸਿਆ ਅਤੇ 26 ਵਰਗ ਕਿਲੋਮੀਟਰ ਖੇਤਰ ਵਿਚ ਫੈਲਿਆ ਥਿੰਪੂ ਦੁਨੀਆਂ ਦੀ ਪੰਜਵੀਂ ਸਭ ਤੋਂ ਉੱਚੀ ਰਾਜਧਾਨੀ ਹੈ। ਇਹ ਭੂਟਾਨ ਦਾ ਸਭ ਤੋਂ ਵੱਧ ਆਬਾਦੀ (1 ਲੱਖ ਤੋਂ ਕੁਝ ਵੱਧ) ਵਾਲਾ ਸ਼ਹਿਰ ਹੈ। ਭੂਟਾਨ ਸਰਕਾਰ, ਸੰਵਿਧਾਨਕ ਰਾਜਾਸ਼ਾਹੀ ਅਤੇ ਲੋਕਤੰਤਰ ਦੀ ਦੂਹਰੀ ਸ਼ਾਸਨ ਪ੍ਰਣਾਲੀ ਹੈ। ਨੈਸ਼ਨਲ ਕੌਂਸਲ ਦੇ 25 ਚੁਣੇ ਹੋਏ ਨੁਮਾਇੰਦਿਆਂ ਅਤੇ ਨੈਸ਼ਨਲ ਅਸੈਂਬਲੀ ਵਿਚ ਸਿਆਸੀ ਪਾਰਟੀਆਂ ਦੇ 47 ਮੈਂਬਰਾਂ ਵਿਚੋਂ ਬਣਾਇਆ ਗਿਆ ਮੰਤਰੀ ਮੰਡਲ, ਪ੍ਰਧਾਨ ਮੰਤਰੀ ਦੀ ਅਗਵਾਈ ਅਧੀਨ ਰਾਜਭਾਗ ਚਲਾਉਂਦਾ ਹੈ। ਇਸ ਸਮੇਂ ਜਿਗਮੇ ਖੇਸਾਰ ਨਾਮਗੇਲ ਵਾਂਗਸ਼ੁਕ ਰਾਜਾ ਹੈ ਅਤੇ ਲੋਟੇ ਸ਼ੇਰਿੰਗ ਪ੍ਰਧਾਨ ਮੰਤਰੀ ਹਨ। ਤਕਰੀਬਨ ਸਾਢੇ ਕੁ ਸੱਤ ਲੱਖ ਲੋਕਾਂ ਅਤੇ 38,400 ਵਰਗ ਕਿਲੋਮੀਟਰ ਖੇਤਰ ਵਾਲੇ ਇਸ ਮੁਲਕ ਦੀ ਸੰਸਦ, ਸੁਪਰੀਮ ਕੋਰਟ ਅਤੇ ਸਕੱਤਰੇਤ ਦੀਆਂ ਇਮਾਰਤਾਂ ਪੰਜਾਬ ਨਾਲੋਂ ਵੀ ਛੋਟੀਆਂ ਹਨ। ਥਿੰਪੂ ਤੋਂ ਕੁਝ ਦੂਰੀ ’ਤੇ ਪਹਾੜੀ ਉੱਤੇ ਮਹਾਤਮਾ ਬੁੱਧ ਦਾ ਤਾਂਬੇ ਦਾ ਬਣਿਆ ਅਤੇ ਸੋਨੇ ਦੀ ਝਾਲ ਵਾਲਾ 54 ਮੀਟਰ ਉੱਚਾ ਬੁੱਤ ਯਾਤਰੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇਸ ਵਿਚ ਬੁੱਧ ਦੀਆਂ 1,000 ਛੋਟੀਆਂ ਮੂਰਤੀਆਂ ਹਨ। ਇਹ 2015 ਵਿਚ 4.7 ਕਰੋੜ ਅਮਰੀਕੀ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਾਸ਼ਟਰੀ ਖੇਡ ਤੀਰਅੰਦਾਜ਼ੀ ਦਾ ਸਟੇਡੀਅਮ ਅਤੇ ਵਿਰਾਸਤੀ ਅਜਾਇਬਘਰ ਇਸ ਸ਼ਹਿਰ ਦੇ ਹੋਰ ਵੇਖਣਯੋਗ ਸਥਾਨ ਹਨ।

ਡਾ. ਅਜਮੇਰ ਸਿੰਘ

ਅਗਲੇ ਦਿਨ ਅਸੀਂ ਭੂਟਾਨ ਦੀ ਪੁਰਾਣੀ ਰਾਜਧਾਨੀ ਪੁਨਾਖਾ ਲਈ ਚੱਲ ਪਏ। ਇਹ ਸ਼ਹਿਰ ਥਿੰਪੂ ਤੋਂ 85 ਕਿਲੋਮੀਟਰ ਦੂਰ ਹੈ। ਰਾਹ ਵਿਚ 3,100 ਮੀਟਰ ਉਚਾਈ ’ਤੇ ਬਰਫ਼ ਕੱਜੀਆਂ ਹਿਮਾਲਿਆ ਚੋਟੀਆਂ ਵਿਚਕਾਰ ਦੁਕਾਲਾ ਪਾਸ (ਦੱਰਾ) ਹੈ ਜਿੱਥੋਂ ਭੂਟਾਨ ਵਿਚ ਸਥਿਤ ਦੁਨੀਆਂ ਦੀ ਸਭ ਤੋਂ ਉੱਚੀ (24,836 ਫੁੱਟ) ਅਜਿੱਤ ਪਹਾੜੀ ਚੋਟੀ ਗੰਗਕਰ ਪੁਏਨਸੰਮ ਸਾਫ਼ ਦਿਖਾਈ ਦਿੰਦੀ ਹੈ। ਇੱਥੇ ਹੀ 2003 ਵਿਚ ਆਸਾਮੀ ਘੁਸਪੈਠੀਆਂ ਨਾਲ ਹੋਈ ਜੰਗ ਸਮੇਂ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ 108 ਯਾਦਗਾਰਾਂ ਤੇ ਪਹਾੜੀ ’ਤੇ ਸੱਤ ਪੱਕੀਆਂ ਝੌਂਪੜੀਆਂ ਵਿਚ ਮੂਰਤੀਆਂ ਬਣੀਆਂ ਹਨ ਜਿਨ੍ਹਾਂ ਨੂੰ ਬੁੱਧੀਮਾਨੀ ਦੇ ਦੇਵਤਿਆਂ ਦੀਆਂ ਝੌਂਪੜੀਆਂ (Huts Of Gods Of Wisdom) ਕਿਹਾ ਜਾਂਦਾ ਹੈ। ਇੱਥੇ ਸਭ ਪਾਸੇ ਬਰਫ਼ ਪਈ ਹੋਣ ਕਾਰਨ ਕੜਾਕੇ ਦੀ ਠੰਢ ਸੀ। ਰਾਹ ਵਿਚ ਸਾਡੇ ਪਾਸੋਂ ਤਿੰਨ ਕਾਲੀਆਂ ਕਾਰਾਂ ਦਾ ਕਾਫ਼ਲਾ ਲੰਘਣ ਲੱਗਾ ਤਾਂ ਗਾਈਡ ਨੇ ਦੱਸਿਆ ਕਿ ਸ਼ਾਹੀ ਪਰਿਵਾਰ ਜਾ ਰਿਹਾ ਹੈ। ਨਾ ਕੋਈ ਪੁਲੀਸ ਦੀ ਗੱਡੀ, ਨਾ ਕੋਈ ਹਾਰਨ, ਨਾ ਆਵਾਜਾਈ ਵਿਚ ਰੋਕ ਪਈ। ਢਾਈ ਕੁ ਘੰਟਿਆਂ ਵਿਚ ਅਸੀਂ ਪੁਨਾਖਾ ਪਹੁੰਚ ਗਏ। ਬਹੁਤੇ ਥੱਕੇ ਨਹੀਂ ਸਾਂ, ਇਸ ਲਈ ਪੰਜ ਕੁ ਕਿਲੋਮੀਟਰ ਦੂਰ ਚਿੰਮ ਲਖਾਂਗ ਮੋਨੈਸਟਰੀ (ਮੱਠ) ਜਾਣ ਦਾ ਫ਼ੈਸਲਾ ਹੋਇਆ। ਇਹ ਇਕ ਕੁ ਕਿਲੋਮੀਟਰ ਪੈਦਲ ਚੜ੍ਹਾਈ ਸੀ ਜੋ ਅਸੀਂ ਸੌਖਿਆਂ ਹੀ ਚੜ੍ਹ ਗਏ। ਇਹ ਮੱਠ ਪੰਦਰ੍ਹਵੀਂ ਸਦੀ ਦੇ ਬੋਧੀ ਮਹਾਤਮਾ ਦਰੁਕਪਾ ਕੁਨਲੇ, ਜਿਸ ਨੂੰ ‘ਪਾਗਲ ਸੰਤ’ ਕਿਹਾ ਜਾਂਦਾ ਸੀ, ਦੀ ਯਾਦ ਵਿਚ ਬਣਾਇਆ ਗਿਆ ਹੈ। ਬੁੱਧ ਧਰਮ ਦਾ ਇਹ ਪ੍ਰਚਾਰਕ ਸਥਾਪਤ ਨਿਯਮਾਂ ਦਾ ਮਖੌਲ ਉਡਾਉਂਦਿਆਂ ਅਜੀਬ ਹਰਕਤਾਂ ਕਰਦਾ ਸੀ। ਉਸ ਨੇ ਬੁੱਧ ਧਰਮ ਵਿਚ ਫਾਲੂਸ ਦੀ ਪੂਜਾ ਸ਼ੁਰੂ ਕੀਤੀ ਜਿਸ ਕਾਰਨ ਇੱਥੇ ਸਾਰੀਆਂ ਇਮਾਰਤਾਂ ’ਤੇ ਫਾਲੂਸ ਦੇ ਚਿੱਤਰ ਬਣੇ ਦਿਸਦੇ ਹਨ। ਇਸ ਕਾਰਨ ਉਸ ਨੂੰ ‘ਜਨਣ ਸੰਤ’ ਵੀ ਕਿਹਾ ਜਾਂਦਾ ਹੈ। ਦੂਜੇ ਦਿਨ ਅਸੀਂ ਪੁਨਾਖਾ ਦਜੌਂਗ (ਮਹਾਂਖ਼ੁਸ਼ੀ ਦਾ ਮਹੱਲ) ਦੇਖਣ ਨਿਕਲੇ। ਇਹ ਭੂਟਾਨ ਦੀ ਸਭ ਤੋਂ ਪੁਰਾਣੀ 1637 ਵਿਚ ਬਣੀ ਮੋਨੈਸਟਰੀ ਹੈ। 1955 ਤੱਕ ਇਹ ਭੂਟਾਨ ਸਰਕਾਰ ਦਾ ਹੈੱਡਕੁਆਰਟਰ ਸੀ। ਇੱਥੇ ਦੋ ਦਰਿਆਵਾਂ- ਫੋ ਸ਼ੂ (ਨਰ) ਅਤੇ ਮੋ ਸ਼ੂ (ਨਾਰੀ) ਮਿਲ ਕੇ ਪੁਨਾ ਸਾਂਗ ਸ਼ੂ (ਸੰਤੋਸ਼ ਦਰਿਆ) ਬਣ ਜਾਂਦਾ ਹੈ ਜੋ ਅੱਗੇ ਜਾ ਕੇ ਬ੍ਰਹਮਪੁੱਤਰ ਵਿਚ ਮਿਲਦਾ ਹੈ। ਪੁਨਾਖ ਵਾਦੀ ਵਿਚ ਚਾਵਲ ਅਤੇ ਸਬਜ਼ੀਆਂ ਦੀ ਭਰਪੂਰ ਫ਼ਸਲ ਹੁੰਦੀ ਹੈ।
ਅਗਲੇ ਦੋ ਦਿਨ ਅਸੀਂ ਪਾਰੋ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਸੁੰਦਰ ਕੁਦਰਤੀ ਨਜ਼ਾਰੇ ਵੇਖਦਿਆਂ ਬਿਤਾਏ। ਇੱਥੇ ਕੌਮੀ ਅਜਾਇਬਘਰ ਵੇਖਣ ਨਾਲ ਭੂਟਾਨ ਦੀ ਜੈਵਿਕ ਅਮੀਰੀ ਦੇ ਦਰਸ਼ਨ ਹੋਏ। ਭੂਟਾਨ ਦਾ 70 ਫ਼ੀਸਦੀ ਖੇਤਰ ਜੰਗਲਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਵਿਚ 5,400 ਕਿਸਮ ਦੇ ਦਰੱਖਤ/ਬੂਟੇ ਅਤੇ ਚੀਤਾ, ਗੈਂਡਾ, ਪਾਂਡਾ, ਹਾਥੀ ਸਮੇਤ 700 ਨਸਲਾਂ ਦੇ ਜਾਨਵਰ ਤੇ ਪੰਛੀ ਜੀਵਨ ਬਸਰ ਕਰਦੇ ਹਨ। ਇਸ ਦੇਸ਼ ਦਾ ਰਾਸ਼ਟਰੀ ਜਾਨਵਰ ਟਕਿਨ (ਗਾਂ ਤੇ ਬੱਕਰੀ ਦਾ ਸੁਮੇਲ), ਰਾਸ਼ਟਰੀ ਪੰਛੀ ਰੇਵਨ (ਕਾਂ ਵਰਗਾ) ਅਤੇ ਰਾਸ਼ਟਰੀ ਦਰੱਖਤ ਸਾਈਪ੍ਰੈਸ ਹੈ ਜਿਸ ਦੀ ਔਸਤ ਉਚਾਈ 45 ਮੀਟਰ ਹੁੰਦੀ ਹੈ। ਇਸ ਸ਼ਹਿਰ ਤੋਂ ਸੱਤ-ਅੱਠ ਕਿਲੋਮੀਟਰ ਦੂਰ ਕੁਝ ਉਚਾਈ ’ਤੇ 1649 ਦਾ ਬਣਿਆ ਇਕ ਕਿਲ੍ਹਾ ‘ਡਰੱਕਜਿਆਲ ਜੌਂਗ’ ਹੈ ਜੋ 1950 ਵਿਚ ਅੱਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਅਤੇ ਹੁਣ ਮੁੜ ਉਸਾਰੀ ਅਧੀਨ ਹੈ। ਅਸੀਂ ਕੁਝ ਸਮਾਂ ਝਰਨਿਆਂ ਤੋਂ ਆਉਂਦੇ ਸਵੱਛ ਪਾਣੀ ਨਾਲ ਅਠਖੇਲੀਆਂ ਕਰਦਿਆਂ ਬਿਤਾਇਆ। ਠੰਢ ਵੀ ਹੱਡ-ਚੀਰਵੀਂ ਨਹੀਂ ਸੀ। ਦਿਨ ਵੇਲੇ ਧੁੱਪ ਨਿਕਲਦੀ ਸੀ। ਨਾ ਮੀਂਹ ਪਿਆ ਤੇ ਨਾ ਹੀ ਧੁੰਦ। ਇਸ ਲਈ ਸਾਡੇ ਬਹੁਤੇ ਗਰਮ ਕੱਪੜੇ ਅਣਵਰਤੇ ਹੀ ਰਹਿ ਗਏ।
ਅਗਲੇ ਦਿਨ ਸਵੇਰੇ ਅਸੀਂ 7.30 ਵਜੇ ਭੂਟਾਨ ਨੂੰ ਅਲਵਿਦਾ ਕਹਿੰਦਿਆਂ ਵਾਪਸ ਚਾਲੇ ਪਾ ਦਿੱਤੇ।
ਉੱਥੇ ਠਾਹਰ ਦੌਰਾਨ ਅਸੀਂ ਪੱਛਮੀ ਭੂਟਾਨ ਦੇ ਤਿੰਨ ਸ਼ਹਿਰਾਂ ਦੇ ਲੋਕਾਂ ਨੂੰ ਬਹੁਤ ਨੇੜਿਓਂ ਦੇਖਿਆ ਜਾਣਿਆ। ਮੈਂ ਮਹਿਸੂਸ ਕੀਤਾ ਕਿ ਭੂਟਾਨ ਦੇ ਲੋਕ ਇੰਨਾ ਸਾਦਾ ਜੀਵਨ ਬਸਰ ਕਰਦਿਆਂ ਵੀ ਸਾਡੇ ਨਾਲੋਂ ਵੱਧ ਸ਼ਾਂਤ, ਖ਼ੁਸ਼ ਤੇ ਅਨੁਸ਼ਾਸਨ ਪਸੰਦ ਹਨ। ਉੱਥੇ ਆਰਥਿਕ ਪੱਖੋਂ ਅਮੀਰ ਮੁਲਕਾਂ ਵਾਲੀਆਂ ਸੁਖ-ਸਹੂਲਤਾਂ ਨਹੀਂ ਹਨ। ਇਸ ਦੇ ਬਾਵਜੂਦ ਉਹ ਲੋਕ ਮਿਠਬੋਲੜੇ, ਮਿਲਾਪੜੇ, ਠਰੰਮੇਵਾਲੇ ਅਤੇ ਨਿਯਮਾਂ ਦੇ ਪਾਬੰਦ ਹਨ। ਆਮ ਤੌਰ ’ਤੇ ਲੜਕੀਆਂ ਹੀ ਹੋਟਲਾਂ ਅਤੇ ਹਵਾਈ ਅੱਡੇ ’ਤੇ ਕੰਮ ਕਰਦੀਆਂ ਦਿਖਾਈ ਦਿੱਤੀਆਂ। ਲੋਕ ਸ਼ਾਕਾਹਾਰੀ ਹਨ। ਪਾਣੀ, ਹਵਾ, ਜ਼ਮੀਨ ਤੇ ਵਾਤਾਵਰਨ ਪ੍ਰਦੂਸ਼ਣ ਰਹਿਤ ਹਨ। ਸਿਗਰਟ ਤੇ ਸ਼ਰਾਬ ਪੀਣ ਦੀ ਪੂਰੀ ਤਰ੍ਹਾਂ ਮਨਾਹੀ ਹੈ। ਕੋਈ ਵੀ ਵਾਹਨ ਅੱਗੇ ਲੰਘਣ ਲਈ ਹਾਰਨ ਨਹੀਂ ਮਾਰਦਾ। ਮੁੱਖ ਸੜਕਾਂ ਦੋਮਾਰਗੀ ਅਤੇ ਸਾਫ਼-ਸੁਥਰੀਆਂ ਹਨ। ਆਵਾਜਾਈ ਨੂੰ ਕੰਟਰੋਲ ਕਰਨ ਲਈ ਕਿਤੇ ਕੋਈ ਟ੍ਰੈਫਿਕ ਲਾਈਟ ਜਾਂ ਚੌਕ ਨਹੀਂ। ਪੁਲੀਸ ਦਾ ਸਿਪਾਹੀ ਕਿਤੇ ਨਹੀਂ ਦਿਸਦਾ। ਖਾਲੀ ਲਿਫ਼ਾਫ਼ਾ ਵੀ ਸੜਕ ਜਾਂ ਕਿਸੇ ਜਨਤਕ ਥਾਂ ’ਤੇ ਪਿਆ ਨਹੀਂ ਮਿਲਦਾ। ਸਿੱਖਿਆ ਅਤੇ ਡਾਕਟਰੀ ਸਹਾਇਤਾ ਸਾਰਿਆਂ ਲਈ ਮੁਫ਼ਤ ਹੈ। ਦੇਸ਼ ਦੇ ਜੰਗਲਾਂ ਵਿਚ ਬਨਸਪਤੀ ਤੇ ਜੀਵ-ਜੰਤੂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਕਿਤੇ ਵੀ ਮਨੁੱਖ ਦੀ ਐਸ਼ੋ-ਇਸ਼ਰਤ ਹਿੱਤ ਸੜਕਾਂ ਚੌੜੀਆਂ ਕਰਨ ਲਈ ਦਰੱਖਤਾਂ ਅਤੇ ਪਹਾੜਾਂ ਦਾ ਕਤਲ ਨਜ਼ਰ ਨਹੀਂ ਪਿਆ। ਲੋਕ ਆਪਣੇ ਸੱਭਿਆਚਾਰਕ ਵਿਰਸੇ ਤੇ ਧਾਰਮਿਕ ਰਵਾਇਤਾਂ (ਬੁੱਧ ਧਰਮ) ਦੀ ਕਦਰ ਕਰਦਿਆਂ ਸਾਦਾ ਪੁਸ਼ਾਕ ਪਹਿਨਦੇ ਹਨ। ਸ਼ਹਿਰਾਂ ਵਿਚ ਨਾ ਬਹੁ-ਕਰੋੜੀ ਕੋਠੀਆਂ ਦਿਸੀਆਂ ਤੇ ਨਾ ਹੀ ਝੁੱਗੀ-ਝੌਂਪੜੀਆਂ। ਕਿਤੇ ਮੰਗਤਾ ਨਜ਼ਰ ਨਹੀਂ ਆਇਆ। ਬਹੁਤੇ ਹਸਪਤਾਲ ਤੇ ਸਿੱਖਿਆ ਸੰਸਥਾਵਾਂ ਸਰਕਾਰੀ ਹਨ।

ਸੰਪਰਕ: 94176-02835


Comments Off on ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.