ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ

Posted On January - 25 - 2020

ਸੁਖਵਿੰਦਰਜੀਤ ਸਿੰਘ ਮਨੌਲੀ

ਖੱਬਿਓਂ: ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ

ਗੋਲਡਨ ਪਲੇਅਰ ਮਨਜ਼ੂਰ ਹੁਸੈਨ ਜੂਨੀਅਰ: ਸੰਸਾਰ ਹਾਕੀ ਦੇ ਤਬਕਿਆਂ ’ਚ ਪਾਕਿਸਤਾਨੀ ਹਾਕੀ ਖਿਡਾਰੀ ਮਨਜ਼ੂਰ ਜੂਨੀਅਰ ਦਾ ਵੱਡਾ ਨਾਂ ਹੈ। ਸਟਰਾਈਕਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਮਨਜ਼ੂਰ ਜੂਨੀਅਰ ਦੀ ਇਸੇ ਲਾਸਾਨੀ ਖੇਡ ਦਾ ਸਿੱਟਾ ਰਿਹਾ ਕਿ ਉਸ ਨੂੰ ਸੀਨੀਅਰ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰ ਕੇ 175 ਕੌਮਾਂਤਰੀ ਹਾਕੀ ਮੈਚਾਂ ਦੀ ਲੰਬੀ ਪਾਰੀ ਖੇਡਣ ਦਾ ਹੱਕ ਹਾਸਲ ਹੋਇਆ। ਕੁੱਲ ਆਲਮ ਦੀਆਂ ਵਿਰੋਧੀ ਟੀਮਾਂ ਸਿਰ ਆਪਣੀ ਖੇਡ ਸਕਿੱਲ ਨਾਲ 86 ਗੋਲ ਦਾਗਣ ਵਾਲੇ ਮਨਜ਼ੂਰ ਜੂਨੀਅਰ ਨੇ ਕਰੀਅਰ ਦਾ ਆਗਾਜ਼ ਜੂਨੀਅਰ ਹਾਕੀ ਟੀਮ ਦੀ ਨੁਮਾਇੰਦਗੀ ਕਰ ਕੇ ਕੀਤਾ। ਕੁਆਲਾਲੰਪੁਰ-1975 ਦਾ ਵਿਸ਼ਵ ਹਾਕੀ ਖੇਡਣ ਸਦਕਾ ਮਨਜ਼ੂਰ ਜੂਨੀਅਰ ਨੇ ਸੀਨੀਅਰ ਕੌਮੀ ਟੀਮ ’ਚ ਕਰੀਅਰ ਦੀ ਸ਼ੁਰੂਆਤ ਕੀਤੀ। ਮਨਜ਼ੂਰ ਜੂਨੀਅਰ ਦੀ ਕਪਤਾਨੀ ’ਚ ਜੂਨੀਅਰ ਹਾਕੀ ਟੀਮ ਨੇ ਪੈਰਿਸ-1979 ’ਚ ਖੇਡੇ ਜੂਨੀਅਰ ਸੰਸਾਰ ਹਾਕੀ ਕੱਪ ’ਚ ਚੈਂਪੀਅਨ ਬਣਨ ਦਾ ਜੱਸ ਖੱਟਿਆ।
ਆਲਮੀ ਹਾਕੀ ’ਚ ‘ਗੋਲਡਨ ਹਾਕੀ ਪਲੇਅਰ’ ਦੇ ਨਾਂ ਨਾਲ ਪ੍ਰਸਿੱਧ ਹੋਏ ਮਨਜ਼ੂਰ ਜੂਨੀਅਰ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ’ਚ ਅਕਤੂਬਰ-28, 1958 ’ਚ ਹੋਇਆ। 17 ਸਾਲ ਦੀ ਨਿਆਣੀ ਉਮਰ ’ਚ ਮਨਜ਼ੂਰ ਜੂਨੀਅਰ ਨੂੰ ਸੀਨੀਅਰ ਟੀਮ ਨਾਲ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ’ਚ ਖੇਡਿਆ ਤੀਜਾ ਆਲਮੀ ਹਾਕੀ ਕੱਪ ਖੇਡਣ ਦਾ ਰੁਤਬਾ ਹਾਸਲ ਹੋਇਆ। ਮਨਜ਼ੂਰ ਜੂਨੀਅਰ ਦੇ ਦੋ ਛੋਟੇ ਭਰਾਵਾਂ ਮਹਿਮੂਦ ਹੁਸੈਨ ਅਤੇ ਮਕਸੂਦ ਹੁਸੈਨ ਨੂੰ ਵੀ ਪਾਕਿਸਤਾਨ ਦੀ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਹਾਸਲ ਹੋਇਆ। ਕਰਾਚੀ-1984 ’ਚ ਖੇਡੀ ਗਈ 6ਵੀਂ ਸੰਸਾਰ ਹਾਕੀ ਚੈਂਪੀਅਨਜ਼ ਟਰਾਫੀ ’ਚ ਉਦੋਂ ਵਰਲਡ ਰਿਕਾਰਡ ਸਿਰਜਿਆ ਗਿਆ ਜਦੋਂ ਪਾਕਿਸਤਾਨ ਦੀ ਸੀਨੀਅਰ ਹਾਕੀ ਟੀਮ ਨਾਲ ਤਿੰਨ ਭਰਾ ਮਨਜ਼ੂਰ ਹੁਸੈਨ ਜੂਨੀਅਰ, ਮਕਸੂਦ ਹੁਸੈਨ ਅਤੇ ਮਹਿਮੂਦ ਹੁਸੈਨ ਮੈਦਾਨ ’ਚ ਹਾਕੀ ਖੇਡਣ ਲਈ ਨਿੱਤਰੇ। ਮੇਜ਼ਬਾਨ ਪਾਕਿ ਟੀਮ ਦਾ ਕਪਤਾਨ ਵੀ ਮਨਜ਼ੂਰ ਹੁਸੈਨ ਜੂਨੀਅਰ ਸੀ। ਇਸ ਵਿਸ਼ਵ-ਵਿਆਪੀ ਹਾਕੀ ਮੁਕਾਬਲੇ ’ਚ ਪਾਕਿਸਤਾਨੀ ਟੀਮ ਆਸਟਰੇਲੀਆ ਤੋਂ ਹਾਰਨ ਸਦਕਾ ਚਾਂਦੀ ਦਾ ਤਗਮਾ ਹੀ ਜਿੱਤ ਸਕੀ।
ਲਾਸ ਏਂਜਲਸ ਓਲੰਪਿਕ-1982 ’ਚ ਗੋਲਡ ਮੈਡਲ ਜੇਤੂ ਅਤੇ ਚੈਂਪੀਅਨਜ਼ ਹਾਕੀ ਟਰਾਫੀ-1984 ’ਚ ਕੌਮੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਮਨਜ਼ੂਰ ਜੂਨੀਅਰ ਨੂੰ ਵਰਲਡ ਹਾਕੀ ਕੱਪ ਮੁੰਬਈ-1982 ਅਤੇ ਏਸ਼ੀਅਨ ਗੇਮਜ਼ ਹਾਕੀ ਨਵੀਂ ਦਿੱਲੀ-1982 ਦੇ ਫਾਈਨਲ ਮੈਚਾਂ ’ਚ ਕ੍ਰਮਵਾਰ 1-1 ਗੋਲ ਕਰਨ ਦਾ ਰੁਤਬਾ ਹਾਸਲ ਹੈ। ਮਨਜ਼ੂਰ ਜੂਨੀਅਰ ਨੂੰ ਦੋ ਆਲਮੀ ਹਾਕੀ ਕੱਪ ਮੁਕਾਬਲਿਆਂ ’ਚ 08, ਦੋ ਓਲੰਪਿਕ ਹਾਕੀ ਟੂਰਨਾਮੈਂਟਾਂ ’ਚ 09, ਦੋ ਏਸ਼ੀਅਨ ਗੇਮਜ਼ ’ਚ 11, ਚੈਂਪੀਅਨਜ਼ ਹਾਕੀ ਟਰਾਫੀ ਦੇ ਪੰਜ ਅਡੀਸ਼ਨਾਂ ’ਚ 08 ਅਤੇ ਦੋ ਏਸ਼ੀਆ ਹਾਕੀ ਕੱਪ ’ਚ 03 ਭਾਵ ਕੁੱਲ 39 ਗੋਲ ਦਾਗਣ ਦਾ ਰੁਤਬਾ ਹਾਸਲ ਹੈ। ਕਰੀਅਰ ’ਚ ਭਾਰਤ ਵਿਰੁੱਧ 06 ਗੋਲ ਸਕੋਰ ਕਰਨ ਵਾਲੇ ਮਨਜ਼ੂਰ ਜੂਨੀਅਰ ਨੇ ਤਿੰਨ ਸੰਸਾਰ ਹਾਕੀ ਕੱਪ ਖੇਡੇ, ਜਿਨ੍ਹਾਂ ’ਚੋਂ ਬਿਊਨਸ ਏਰੀਅਸ-1978 ਅਤੇ ਮੁੰਬਈ-1982 ’ਚ ਕ੍ਰਮਵਾਰ ਗੋਲਡ ਅਤੇ ਕੁਆਲਾਲੰਪੁਰ-1975 ’ਚ ਸਿਲਵਰ ਮੈਡਲ ਹਾਸਲ ਕੀਤਾ। ਮਾਂਟੀਰੀਅਲ ਓਲੰਪਿਕ-1976 ’ਚ ਤਾਂਬੇ ਦਾ ਅਤੇ ਲਾਸ ਏਂਜਲਸ-1984 ਓਲੰਪਿਕ ’ਚ ਸੋਨ ਤਗਮਾ ਜੇਤੂ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਮਨਜ਼ੂਰ ਜੂਨੀਅਰ ਨੇ ਦੋ ਵਾਰ ਬੈਂਕਾਕ-1978 ਅਤੇ ਨਵੀਂ ਦਿੱਲੀ-1982 ਦੀਆਂ ਏਸ਼ਿਆਈ ਖੇਡਾਂ ’ਚ ਗੋਲਡ ਮੈਡਲ ਹਾਸਲ ਕਰਨ ਵਾਲੀ ਪਾਕਿ ਟੀਮ ਦੀ ਪ੍ਰਤੀਨਿਧਤਾ ਕੀਤੀ। ਪਾਕਿਸਤਾਨੀ ਟੀਮ ਦੇ ਇੰਨਸਾਈਡ ਰਾਈਟ ਫਾਰਵਰਡ ਮਨਜ਼ੂਰ ਜੂਨੀਅਰ ਨੂੰ ਐਫਆਈਐਚ ਵਲੋਂ ‘ਐਵਰਗਰੀਨ ਮੈਡਲ ਪਲੇਅਰ ਆਫ ਦਿ ਟੂਰਨਾਮੈਂਟ’ ਦੇ ਐਵਾਰਡ ਨਾਲ ਨਿਵਾਜਿਆ ਗਿਆ।
ਮਨਜ਼ੂਰ ਜੂਨੀਅਰ ਨੇ ਕੁਆਲਾਲੰਪੁਰ-1975 ਦੇ ਆਲਮੀ ਹਾਕੀ ਕੱਪ ’ਚ ਸੀਨੀਅਰ ਕੌਮੀ ਟੀਮ ਦੀ ਨੁਮਾਇੰਦਗੀ ਕਰਕੇ ਕੌਮਾਂਤਰੀ ਕਰੀਅਰ ਦਾ ਆਗਾਜ਼ ਕੀਤਾ। ਕਰੀਅਰ ਦੇ ਦੂਜੇ ਬਿਊਨਸ ਏਰੀਅਸ-1978 ਦੇ ਆਲਮੀ ਹਾਕੀ ਕੱਪ ’ਚ ਮਨਜ਼ੂਰ ਜੂਨੀਅਰ ਇਕ ਵਾਰ ਫੇਰ ਇਸਲਾਊਦੀਨ ਸਦੀਕੀ ਦੀ ਅਗਵਾਈ ’ਚ ਖੇਡਿਆ। ਪਾਕਿ ਹਾਕੀ ਖਿਡਾਰੀਆਂ ਨੇ ਹਾਲੈਂਡ ਦੀ ਡੱਚ ਟੀਮ ਨੂੰ 3-1 ਗੋਲ ਅੰਤਰ ਨਾਲ ਚਾਰੇ ਖਾਨੇ ਚਿੱਤ ਕਰਦਿਆਂ ਦੂਜੀ ਵਾਰ ਵਿਸ਼ਵ ਹਾਕੀ ਕੱਪ ਦੀ ਟਰਾਫੀ ’ਤੇ ਆਪਣਾ ਕਬਜ਼ਾ ਜਮਾਇਆ। ਸੈਂਟਰ ਹਾਫ ਅਖਤਰ ਰਸੂਲ ਦੀ ਕਪਤਾਨੀ ’ਚ ਮਨਜ਼ੂਰ ਜੂਨੀਅਰ ਨੇ ਸੰਸਾਰ ਹਾਕੀ ਕੱਪ ਮੁੰਬਈ-1982 ’ਚ ਕੌਮੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਪਾਕਿ ਖਿਡਾਰੀਆਂ ਨੇ ਜਰਮਨੀ ਦੀ ਹਾਕੀ ਟੀਮ ਨੂੰ 3-1 ਗੋਲ ਨਾਲ ਮਾਤ ਦੇਂਦਿਆਂ ਆਲਮੀ ਹਾਕੀ ਜਿੱਤਣ ਦੀ ਹੈਟਰਿੱਕ ਪੂਰੀ ਕੀਤੀ।
ਮਨਜ਼ੂਰ ਜੂਨੀਅਰ ਕੌਮੀ ਹਾਕੀ ਟੀਮ ਨਾਲ ਦੋ ਓਲੰਪਿਕ ਹਾਕੀ ਮੁਕਾਬਲਿਆਂ ’ਚ ਮੈਦਾਨ ਦੀ ਸਰਦਲ ਅੰਦਰ ਦਾਖਲ ਹੋਇਆ। ਪਾਕਿਸਤਾਨ ਦੇ ਰਾਸ਼ਟਰਪਤੀ ਵਲੋਂ 1984 ’ਚ ‘ਪਾਰਈਡ ਆਫ ਪ੍ਰਫਾਰਮੈਂਸ ਐਵਾਰਡ’ ਨਾਲ ਸਨਮਾਨੇ ਗਏ ਮਨਜ਼ੂਰ ਜੂਨੀਅਰ ਨੇ ਇਸੇ ਸਾਲ ਆਪਣੀ ਹਾਕੀ ਕਿੱਲੀ ’ਤੇ ਟੰਗ ਦਿੱਤੀ।
ਮਹਿਮੂਦ ਹੁਸੈਨ: ਹਾਕੀ ਓਲੰਪੀਅਨ ਵੱਡੇ ਭਰਾ ਮਨਜ਼ੂਰ ਜੂਨੀਅਰ ਦੇ ਕਰੀਅਰ ਦੇ ਐਨ ਅੰਤਲੇ ਸਾਲ ’ਚ ਮਹਿਮੂਦ ਹੁਸੈਨ ਤੋਂ ਇਲਾਵਾ ਉਸ ਦਾ ਦੂਜਾ ਛੋਟਾ ਭਰਾ ਮਹਿਮੂਦ ਹੁਸੈਨ ਸੀਨੀਅਰ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰਿਆ। ਇਸੇ ਸਾਲ ਤਿੰਨ ਭਰਾਵਾਂ ਵਲੋਂ ਚੈਂਪੀਅਨਜ਼ ਹਾਕੀ ਟਰਾਫੀ ਕਰਾਚੀ-1984 ’ਚ ਸ਼ਿਰਕਤ ਕਰਨ ਦਾ ਆਲਮੀ ਹਾਕੀ ਰਿਕਾਰਡ ਸਿਰਜਿਆ ਗਿਆ। ਸੰਸਾਰ-ਵਿਆਪੀ ਹਾਕੀ ਮੁਕਾਬਲੇ ’ਚ ਇਹ ਪਹਿਲਾ ਮੌਕਾ ਸੀ ਜਦੋਂ ਤਿੰਨੇ ਭਰਾਵਾਂ ਮਨਜ਼ੂਰ, ਮਹਿਮੂਦ ਅਤੇ ਮਕਸੂਦ ਨੂੰ ਇਕੱਠਿਆਂ ਪਾਕਿ ਟੀਮ ਦੀ ਪਲੇਇੰਗ ਇਲੈਵਨ ’ਚ ਖੇਡਣ ਦਾ ਸੁਭਾਗ ਹਾਸਲ ਹੋਇਆ। 1990 ਤੱਕ ਛੇ ਸਾਲ ’ਚ 27 ਕੌਮਾਂਤਰੀ ਹਾਕੀ ਮੈਚਾਂ ’ਚ ਕੌਮੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਮਹਿਮੂਦ ਨੂੰ 13 ਵਾਰ ਗੋਲ ਕਰਨ ਦਾ ਹੱਕ ਹਾਸਲ ਹੋਇਆ।
ਮਕਸੂਦ ਹੁਸੈਨ: ਮਨਜ਼ੂਰ ਜੂਨੀਅਰ ਦੇ ਛੋਟੇ ਭਰਾ ਮਕਸੂਦ ਹੁਸੈਨ ਨੇ 1981 ’ਚ ਕੌਮੀ ਹਾਕੀ ਟੀਮ ’ਚ ਖੇਡਣ ਸਦਕਾ ਕਰੀਅਰ ਦੀ ਸ਼ੁਰੂਆਤ ਕੀਤੀ। 1987 ਤੱਕ ਕੌਮੀ ਹਾਕੀ ਟੀਮ ਨਾਲ 38 ਮੈਚ ਖੇਡਣ ਵਾਲਾ ਮਕਸੂਦ ਹੁਸੈਨ ਮੈਦਾਨ ’ਚ ਫਾਰਵਰਡ ਦੀ ਪੁਜ਼ੀਸ਼ਨ ’ਤੇ ਖੇਡਿਆ ਕਰਦਾ ਸੀ। 57 ਬਸੰਤਾਂ ਹੰਢਾਅ ਚੁੱਕੇ ਮਕਸੂਦ ਹੁਸੈਨ ਨੂੰ ਕੌਮਾਂਤਰੀ ਪਾਰੀ ਦੌਰਾਨ ਵਿਰੋਧੀ ਟੀਮਾਂ ਸਿਰ 21 ਗੋਲ ਕਰਨ ਦਾ ਹੱਕ ਹਾਸਲ ਹੋਇਆ।

ਸੰਪਰਕ: 94171-82993


Comments Off on ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.