ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਕੇਸ਼ੋਪੁਰ ਛੰਭ ਵਿੱਚ ਆਉਣ ਵਾਲੇ ਵਿਦੇਸ਼ੀ ਪਰਿੰਦਿਆਂ ਦੀ ਗਿਣਤੀ ਵਧੀ

Posted On January - 13 - 2020

ਕੇਸ਼ੋਪੁਰ ਛੰਭ ਵਿੱਚ ਉਡਾਨ ਭਰਦੇ ਹੋਏ ਵੱਖ-ਵੱਖ ਪ੍ਰਜਾਤੀਆਂ ਦੇ ਪਰਵਾਸੀ ਪੰਛੀ। -ਫੋਟੋ: ਐਨ.ਪੀ. ਧਵਨ

ਕੇ.ਪੀ. ਸਿੰਘ
ਗੁਰਦਾਸਪੁਰ, 12 ਜਨਵਰੀ
ਕਮਿਊਨਿਟੀ ਰਿਜ਼ਰਵ ਖੇਤਰ, ਕੇਸ਼ੋਪੁਰ ਛੰਭ ਵਿੱਚ ਆਏ ਵਿਦੇਸ਼ੀ ਪਰਿੰਦਿਆਂ ਦੀ ਗਿਣਤੀ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਪੰਜ ਟੀਮਾਂ ਨੇ ਕੀਤੀ। ਲੰਘੇ ਸਾਲ ਕੁੱਲ 80 ਪ੍ਰਜਾਤੀਆਂ ਦੇ ਪੰਛੀਆਂ ਦੀ ਛੰਭ ਵਿੱਚ ਆਮਦ ਹੋਈ ਜਿਨ੍ਹਾਂ ਦੀ ਕੁੱਲ ਗਿਣਤੀ 20 ਹਜ਼ਾਰ 883 ਪਾਈ ਗਈ। ਇਹ ਗਿਣਤੀ ਅੱਜ ਸਵੇਰੇ 5 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ ਕੀਤੀ ਗਈ।
ਜ਼ਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਮਹਾਜਨ ਨੇ ਦੱਸਿਆ ਕਿ ਇਸ ਸਾਲ ਛੰਭ ’ਚ ਆਉਣ ਵਾਲੇ ਪੰਛੀਆਂ ਦੀ ਹੋਈ ਗਿਣਤੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਪੰਛੀਆਂ ਦੀ ਗਿਣਤੀ ਕਰਨ ਆਈਆਂ ਟੀਮਾਂ ਵਿੱਚ ਡਬਲਿਊਡਬਲਿਊਐੱਫ ਇੰਡੀਆ ਤੋਂ ਗੀਤਾਂਜਲੀ ਕੰਵਰ, ਵਾਈਲਡ ਲਾਈਫ਼ ਬੋਰਡ ਪੰਜਾਬ ਅਤੇ ਚੰਡੀਗੜ੍ਹ ਬਰਡ ਕਲੱਬ ਤੋਂ ਮੈਂਬਰ ਰੀਮਾ ਢਿੱਲੋਂ, ਚੰਡੀਗੜ੍ਹ ਬਰਡ ਕਲੱਬ ਤੋਂ ਸਰਬਜੀਤ ਕੌਰ, ਅਮਨਦੀਪ ਸਿੰਘ, ਬਲਰਾਜ ਸਿੰਘ, ਨੰਗਲ ਤੋਂ ਪ੍ਰਭਾਤ ਭੱਟੀ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਵਿਭਾਗ ਵੱਲੋਂ ਵਿਦੇਸ਼ੀ ਪਰਿੰਦਿਆਂ ਦੇ ਆਉਣ ਤੋਂ ਪਹਿਲਾਂ ਹੀ ਇਲਾਕੇ ਵਿੱਚ ਉਨ੍ਹਾਂ ਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ।
850 ਏਕੜ ਇਲਾਕੇ ਵਿੱਚ ਫੈਲੇ ਕੇਸ਼ੋਪੁਰ ਛੰਭ ਵਿੱਚ ਇਨ੍ਹਾਂ ਵਿਦੇਸ਼ੀ ਪਰਿੰਦਿਆਂ ਦੇ ਆਉਣ ਤੋਂ ਪਹਿਲਾਂ ਹੀ ਵਿਭਾਗ ਵੱਲੋਂ ਲੱਖਾਂ ਰੁਪਏ ਖ਼ਰਚ ਕਰ ਕੇ ਨੇਚਰ ਟਰੇਲ ਅਤੇ ਛੰਭ ਵਿੱਚ ਜੰਮੀ ਜਲ ਕੁੰਭੀ ਨੂੰ ਬਾਹਰ ਕੱਢਣ ਤੋਂ ਇਲਾਵਾ ਇੰਟਰਪ੍ਰੀਟੇਸ਼ਨ ਸੈਂਟਰ ਤਿਆਰ ਕਰਵਾਇਆ ਗਿਆ। ਛੰਭ ਵਿੱਚ ਬਲੈਕ/ਕਾਮਨ ਕੂਟ ਪ੍ਰਜਾਤੀ ਦੇ 3643, ਨਾਰਦਨ ਸ਼ਾਵਰਸ 3182, ਗੈਡਵਾਲ 2985, ਪਿੰਨ ਟੇਲ 3436 ਅਤੇ ਕਾਮਨ ਟੀਲ ਪ੍ਰਜਾਤੀ ਦੇ 1270 ਪੰਛੀ ਮਿਲੇ। ਇਸ ਤੋਂ ਇਲਾਵਾ ਨਾਰਦਨ ਲੈਪਵਿੰਗ, ਸਾਰਸ ਕਰੇਨ, ਬਾਰ ਹੈਡਡ ਗੂਜ਼, ਰੱਡੀ ਸ਼ੈਲਡੂਜ਼ਰ ਆਸਪਰੇ, ਪੈਲਾਈਡ ਹੈਰੀਅਰ, ਬਰੈਹਮੀਰੇ ਕਾਈਟ ਆਦਿ ਪ੍ਰਜਾਤੀਆਂ ਦੇ ਪੰਛੀ ਇਸ ਸਾਲ ਛੰਭ ਵਿੱਚ ਆਏ ਅਤੇ ਇਨ੍ਹਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਛੀਆਂ ਦੀਆਂ ਆਪਣੀਆਂ ਝੀਲਾਂ ਵਿੱਚ ਬਰਫ ਜੰਮ ਗਈ ਹੈ ਜਿਸ ਕਰ ਕੇ ਇਹ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਾਡੇ ਇਸ ਖੇਤਰ ਵਿੱਚ ਧੁੱਪ ਸੇਕਣ ਲਈ ਆਏ ਹਨ। ਇਹ ਸਾਰੇ ਫਰਵਰੀ ਦੇ ਅਖੀਰ ਵਿੱਚ ਜਾਂ ਮਾਰਚ ਦੇ ਸ਼ੁਰੂ ਵਿੱਚ ਵਾਪਸ ਚਾਲੇ ਪਾ ਜਾਣਗੇ ਅਤੇ ਉੱਥੇ ਜਾ ਕੇ ਹੀ ਆਪਣੇ ਬੱਚਿਆਂ ਨੂੰ ਜਨਮ ਦੇਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਰਸ ਕਰੇਨ ਦੇ ਦੋ ਪੰਛੀ ਵੀ ਇੱਥੇ ਦੇਖੇ ਗਏ ਹਨ ਜੋ ਕਿ ਨਾ ਤਾਂ ਹਰਿਆਣਾ ਵਿੱਚ ਹਨ ਅਤੇ ਨਾ ਹੀ ਨਜ਼ਦੀਕ ਕਿਸੇ ਹੋਰ ਸੂਬੇ ਵਿੱਚ ਦੇਖਣ ਨੂੰ ਮਿਲੇ ਹਨ।
ਡੀਐੱਫਓ ਰਾਜੇਸ਼ ਮਹਾਜਨ ਨੇ ਦੱਸਿਆ ਕਿ ਵਿਦੇਸ਼ੀ ਪਰਿੰਦਿਆਂ ਦੀ ਸੁਰੱਖਿਆ ਲਈ ਪਹਿਲਾਂ ਤੋਂ ਇੰਤਜ਼ਾਮ ਕਰ ਲਏ ਗਏ ਸਨ। ਗਿਣਤੀ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਵਿਭਾਗੀ ਪੱਧਰ ’ਤੇ ਸਕੂਲਾਂ ਵਿੱਚ ਸੈਮੀਨਾਰ ਅਤੇ ਪਿੰਡਾਂ ਵਿੱਚ ਲਗਾਤਾਰ ਬੈਠਕਾਂ ਸ਼ੁਰੂ ਕੀਤੀਆਂ ਗਈਆਂ ਤਾਂ ਜੋ ਕੋਈ ਵੀ ਵਿਅਕਤੀ ਇਨ੍ਹਾਂ ਪੰਛੀਆਂ ਦਾ ਸ਼ਿਕਾਰ ਨਾ ਕਰੇ। ਵਿਭਾਗ ਵੱਲੋਂ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਇਸ ਇਲਾਕੇ ਵਿਚ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਪੰਛੀਆਂ ਦਾ ਸ਼ਿਕਾਰ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Comments Off on ਕੇਸ਼ੋਪੁਰ ਛੰਭ ਵਿੱਚ ਆਉਣ ਵਾਲੇ ਵਿਦੇਸ਼ੀ ਪਰਿੰਦਿਆਂ ਦੀ ਗਿਣਤੀ ਵਧੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.