ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ

Posted On January - 25 - 2020

ਸੁਖਦੇਵ ਮਾਦਪੁਰੀ

ਪੰਜਾਬ ਰਾਂਗਲੀਆਂ ਅਤੇ ਮਨਮੋਹਕ ਰੁੱਤਾਂ ਵਾਲਾ ਪ੍ਰਾਂਤ ਹੈ ਜਿੱਥੇ ਗਰਮੀ ਵੀ ਲੋਹੜੇ ਦੀ ਪੈਂਦੀ ਹੈ ਤੇ ਸਰਦੀ ਵੀ ਕਾਂਬਾ ਛੇੜ ਦਿੰਦੀ ਹੈ। ਸਾਉਣ ਦੀਆਂ ਫੁਹਾਰਾਂ ਰੂਹ ਨੂੰ ਸ਼ਰਸ਼ਾਰ ਕਰਦੀਆਂ ਹਨ ਅਤੇ ਬਸੰਤ ਰੁੱਤ ਵਿਚ ਧਰਤੀ ਮੌਲਦੀ ਹੈ ਤੇ ਬਨਸਪਤੀ ’ਤੇ ਨਵਾਂ ਨਿਖਾਰ ਆਉਂਦਾ ਹੈ। ਪੰਜਾਬੀ ਇਨ੍ਹਾਂ ਵੰਨ-ਸਵੰਨੀਆਂ ਰੁੱਤਾਂ ਦੇ ਰੰਗਾਂ ਨੂੰ ਮਨੋਰੰਜਨ ਭਰਪੂਰ ਤਿਉਹਾਰ ਮਨਾ ਕੇ ਮਾਣਦੇ ਹਨ।
ਬਸੰਤ ਪੰਚਮੀ ਬਸੰਤ ਰੁੱਤ ਦਾ ਢੋਆ ਲੈ ਕੇ ਦਸਤਕ ਦਿੰਦੀ ਹੈ। ਹੱਡ ਠਾਰਵੀਂ ਸਰਦ ਰੁੱਤ ਦਾ ਅੰਤ ਹੋ ਜਾਂਦਾ ਹੈ। ਕਹਾਵਤ ਹੈ ‘ਆਈ ਬਸੰਤ, ਪਾਲਾ ਉਡੰਤ।’ ਇਨ੍ਹਾਂ ਦਿਨਾਂ ਵਿਚ ਧਰਤੀ ਮੌਲਦੀ ਹੈ ਤੇ ਬਨਸਪਤੀ ’ਤੇ ਨਵਾਂ ਨਿਖਾਰ ਆਉਂਦਾ ਹੈ, ਸ਼ੂਗ਼ੂਫ਼ੇ ਫੁੱਟਦੇ ਹਨ, ਖੇਤਾਂ ਵਿਚ ਸਰ੍ਹੋਂ ਦੇ ਖਿੜੇ ਹੋਏ ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਬਾਗੀਂ ਫੁੱਲ ਖਿੜਦੇ ਹਨ। ਅਜਿਹੇ ਰੁਮਾਂਚਕ ਵਾਤਾਵਰਨ ਵਿਚ ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਨਸ਼ਿਆ ਜਾਂਦੇ ਹਨ ਅਤੇ ਉਹ ਆਪਣੇ ਆਪ ਨੂੰ ਸਰ੍ਹੋਂ ਫੁੱਲੇ ਪਹਿਰਾਵੇ ਨਾਲ ਸਜਾ ਕੇ ਅਦੁੱਤੀ ਖ਼ੁਸ਼ੀ ਮਹਿਸੂਸ ਕਰਦੇ ਹਨ। ਇਸੇ ਰੁੱਤ ਦਾ ਸ਼ਾਨਾ ਮੱਤਾ ਤਿਉਹਾਰ ਹੈ-ਬਸੰਤ ਪੰਚਮੀ। ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮਾਘ ਸੁਦੀ ਪੰਜ ਨੂੰ ਮਨਾਇਆ ਜਾਣ ਵਾਲਾ ਇਹ ਖ਼ੂਬਸੂਰਤ ਮੌਸਮੀ ਤਿਉਹਾਰ ਹੈ ਜਿਸਦੀ ਵਿਸ਼ੇਸ਼ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਹੈ। ਇਹ ਸਾਨੂੰ ਉਨ੍ਹਾਂ ਮਹਾਂਪੁਰਖਾਂ, ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੇ ਸੂਰਬੀਰ ਯੋਧਿਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ, ਮਨੁੱਖੀ ਆਜ਼ਾਦੀ, ਆਪਣੇ ਦੇਸ਼ ਅਤੇ ਕੌਮ ਲਈ ਅਸਹਿ ਅਤੇ ਅਕਹਿ ਤਸੀਹੇ ਝੱਲੇ ਅਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਜੋ ‘ਮੇਰਾ ਰੰਗ ਦੇ ਬਸੰਤੀ ਚੋਲ਼ਾ’ ਜਿਹੇ ਦੇਸ਼ ਭਗਤੀ ਦੇ ਨਗ਼ਮੇ ਗਾਉਂਦੇ ਹੋਏ ਆਪਣੇ ਦੇਸ਼ ਲਈ ਕੁਰਬਾਨੀਆਂ ਦੇਣ ਲਈ ਸਦਾ ਤਤਪਰ ਰਹਿੰਦੇ ਹਨ।

ਸੁਖਦੇਵ ਮਾਦਪੁਰੀ

ਹਕੀਕਤ ਰਾਏ ਦੀ ਸ਼ਹਾਦਤ ਅਤੇ ਨਾਮਧਾਰੀ ਗੁਰੂ ਰਾਮ ਸਿੰਘ ਦਾ ਬਸੰਤ ਪੰਚਮੀ ਦੇ ਤਿਉਹਾਰ ਨਾਲ ਬੜਾ ਗੂੜ੍ਹਾ ਸਬੰਧ ਹੈ। ਸਿਆਲਕੋਟ ਨਿਵਾਸੀ ਬਾਘਮਲ ਪੁਰੀ ਦੇ ਘਰ ਪੁੱਤਰੀ ਗੌਰਾਂ ਦੀ ਕੁੱਖੋਂ ਸੰਮਤ 1781 ਵਿਚ ਹਕੀਕਤ ਰਾਏ ਦਾ ਜਨਮ ਹੋਇਆ। ਭਾਈ ਬੁੱਧ ਸਿੰਘ ਬਟਾਲੀਏ ਦੀ ਸੰਗਤ ਤੋਂ ਉਹ ਸਿੱਖ ਧਰਮ ਦੇ ਨਿਯਮਾਂ ਦਾ ਵਿਸ਼ਵਾਸੀ ਬਣ ਗਿਆ। ਹਕੀਕਤ ਦੇ ਪਿਤਾ ਨੇ ਉਸਨੂੰ ਸਮੇਂ ਦੀ ਰਾਜ ਭਾਸ਼ਾ ਸਿੱਖਣ ਲਈ ਸ਼ਹਿਰ ਦੇ ਮਕਤਬ (ਸਕੂਲ) ਵਿਚ ਪੜ੍ਹਨੇ ਪਾ ਦਿੱਤਾ। ਇਕ ਦਿਨ ਜਮਾਤ ਦੇ ਮੁਸਲਮਾਨ ਮੁੰਡਿਆਂ ਨਾਲ ਹਕੀਕਤ ਰਾਏ ਦੀ ਧਰਮ ਚਰਚਾ ਛਿੜ ਪਈ। ਉਨ੍ਹਾਂ ਨੇ ਦੇਵੀ ਦੀ ਸ਼ਾਨ ਵਿਚ ਕੁੱਝ ਅਯੋਗ ਅਤੇ ਅਪਮਾਨਜਨਕ ਸ਼ਬਦ ਕਹਿ ਦਿੱਤੇ, ਜਿਸ ’ਤੇ ਹਕੀਕਤ ਰਾਏ ਨੇ ਆਖਿਆ, ‘ਜੇ ਅਜਿਹੇ ਅਪਮਾਨਜਨਕ ਸ਼ਬਦ ਮੁਹੰਮਦ ਸਾਹਿਬ ਦੀ ਪੁੱਤਰੀ ਫਾਤਿਮਾ ਦੀ ਸ਼ਾਨ ਵਿਚ ਵਰਤੇ ਜਾਣ ਤਾਂ ਤੁਹਾਨੂੰ ਕਿੰਨਾ ਦੁੱਖ ਹੋਵੇਗਾ?’
ਇਹ ਗੱਲ ਮੁੰਡਿਆਂ ਅਤੇ ਮੌਲਵੀ ਤੋਂ ਸਹਾਰੀ ਨਾ ਗਈ। ਉਨ੍ਹਾਂ ਨੇ ਸਿਆਲਕੋਟ ਦੇ ਹਾਕਮ ਅਮੀਰ ਬੇਗ ਕੋਲ ਹਕੀਕਤ ਰਾਏ ਦੀ ਸ਼ਿਕਾਇਤ ਕਰ ਦਿੱਤੀ ਅਤੇ ਅੱਗੋਂ ਉਸਨੇ ਉਸਦਾ ਚਲਾਨ ਕਰਕੇ ਲਾਹੌਰ ਦੇ ਸੂਬੇ ਕੋਲ ਭੇਜ ਦਿੱਤਾ। ਮੁਸਲਮਾਨ ਹਾਕਮਾਂ ਨੇ ਉਸਨੂੰ ਇਸਲਾਮ ਧਰਮ ਕਬੂਲ ਕਰਨ ਲਈ ਆਖਿਆ, ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਲ ਹਕੀਕਤ ਦੇ ਰੋਮ-ਰੋਮ ਵਿਚ ਰਮੀ ਹੋਈ ਸੀ। ਉਸਨੇ ਲਲਕਾਰ ਕੇ ਆਖਿਆ, ‘ਮੈਨੂੰ ਮੌਤ ਪ੍ਰਵਾਨ ਹੈ, ਮੈਂ ਇਸਲਾਮ ਧਰਮ ਕਬੁੂਲ ਨਹੀਂ ਕਰਾਂਗਾ।’ ਉਸਦੇ ਇਨਕਾਰ ਕਰਨ ’ਤੇ ਲਾਹੌਰ ਦੇ ਗਵਰਨਰ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਦੇ ਹੁਕਮ ’ਤੇ ਮਾਘ ਸੁਦੀ ਪੰਜ ਸੰਮਤ 1798 (ਸੰਨ 1741 ਈ.) ਨੂੰ ਹਕੀਕਤ ਰਾਏ ਦਾ ਕਤਲ ਕਰ ਦਿੱਤਾ। ਉਸਨੇ ਸ਼ਹਾਦਤ ਦਾ ਜਾਮ ਪੀ ਲਿਆ। ਹਕੀਕਤ ਰਾਏ ਦੀ ਸਮਾਧ ਲਾਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਬਣੀ ਹੋਈ ਹੈ, ਜਿਸ ’ਤੇ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ। ਲਾਹੌਰ ਨਿਵਾਸੀ ਇਸਨੂੰ ਪਤੰਗਾਂ ਦੇ ਤਿਉਹਾਰ ਵਜੋਂ ਮਨਾਉਂਦੇ ਹਨ।
ਲਾਹੌਰ ਨਿਵਾਸੀ ਮਾਧੋ ਲਾਲ ਹੁਸੈਨ ਪ੍ਰਸਿੱਧ ਸੂਫ਼ੀ ਫ਼ਕੀਰ ਸੀ, ਜਿਸਦੇ ਹਰ ਵਰਗ ਦੇ ਲੋਕ ਸ਼ਰਧਾਲੂ ਸਨ। ਉਸਦਾ ਮਕਬਰਾ ਸ਼ਾਲੀਮਾਰ ਬਾਗ਼ ਦੇ ਨੇੜੇ ਭਗਵਾਨਪੁਰਾ ਵਿਖੇ ਬਣਇਆ ਹੋਇਆ ਹੈ, ਜਿੱਥੇ ਪੁਰਾਣੇ ਸਮੇਂ ਤੋਂ ਹੀ ਬਸੰਤ ਪੰਚਮੀ ਵਾਲੇ ਦਿਨ ਉਸ ਦਾ ਉਰਸ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਵੀ ਮਾਧੋ ਲਾਲ ਹੁਸੈਨ ਦਾ ਅਨਿਨ ਭਗਤ ਸੀ। ਉਹ ਆਪਣੇ ਘੋੜਸਵਾਰਾਂ, ਅਹਿਲਕਾਰਾਂ ਅਤੇ ਦਰਬਾਰੀਆਂ ਸਮੇਤ, ਜਿਨ੍ਹਾਂ ਨੇ ਪੀਲੇ ਰੰਗ ਦੇ ਵਸਤਰ ਪਹਿਨੇ ਹੁੰਦੇ ਸਨ, ਇਸ ਉਰਸ ਵਿਚ ਸ਼ਾਮਲ ਹੋ ਕੇ ਨਜ਼ਰਾਨਾ ਭੇਟ ਕਰਦਾ ਸੀ ਅਤੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦਾ ਸੀ। ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਕੂਕਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਹਿਰ ਦੇ ਜਨਮ ਦਾਤੇ ਸਮਾਜ ਸੇਵਕ ਅਤੇ ਸੁਤੰਤਰਤਾ ਸੰਗਰਾਮ ਦੇ ਮੋਢੀ ਨਾਮਧਾਰੀ ਗੁਰੂ ਰਾਮ ਸਿੰਘ ਦਾ ਜਨਮ ਵੀ ਫਰਵਰੀ 1816 ਦੀ ਬਸੰਤ ਪੰਚਮੀ ਦੀ ਰਾਤ ਨੂੰ ਪਿੰਡ ਭੈਣੀ ਰਾਈਆਂ, ਜ਼ਿਲ੍ਹਾ ਲੁਧਿਆਣਾ ਵਿਖੇ ਜੱਸਾ ਸਿੰਘ ਦੇ ਘਰ ਹੋਇਆ ਸੀ। ਹਰ ਸਾਲ ਬਸੰਤ ਪੰਚਮੀ ਨੂੰ ਭੈਣੀ ਸਾਹਿਬ ਵਿਖੇ ਉਨ੍ਹਾਂ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿਚ ਬਸੰਤ ਪੰਚਮੀ ਦੀਆਂ ਰੌਣਕਾਂ ਧੂਹ ਪਾਉਂਦੀਆਂ ਹਨ। ਲੋਕ ਪੀਲੇ ਵਸਤਰ ਧਾਰਨ ਕਰਦੇ ਹਨ। ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਸੱਭਿਆਚਾਰਕ ਪੱਖ ਤੋਂ ਵੀ ਬਸੰਤ ਪੰਚਮੀ ਦਾ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖ਼ੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ। ਉਹ ਪਤੰਗਾਂ ਦੇ ਮੁਕਾਬਲੇ ਕਰਦੇ ਹਨ। ਅਸਮਾਨ ਵਿਚ ਉੱਡਦੇ ਰੰਗ-ਬਿਰੰਗੇ ਪਤੰਗ ਅਦੁੱਤੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਸੁਹਾਵਣੀ ਰੁੱਤ ਵਿਚ ਅਨੇਕਾਂ ਲੋਕ ਗੀਤ ਉਗਮਦੇ ਹਨ। ਆਪ-ਮੁਹਾਰੇ ਹੀ ਲੋਕ ਮਨ ਝੂਮ ਉੱਠਦਾ ਹੈ। ਮਨ ਦਾ ਮੋਰ ਪੈਲਾਂ ਪਾਉਂਦਾ ਹੈ। ਸਜੀਆਂ-ਸੰਵਰੀਆਂ ਮੁਟਿਆਰਾਂ ਹਰ ਪਾਸੇ ਸੁਗੰਧੀ ਬਖੇਰਦੀਆਂ ਹਨ, ਜਿਨ੍ਹਾਂ ਨੂੰ ਤੱਕ ਕੇ ਭੌਰੇ ਵੀ ਭੁਲੇਖਾ ਖਾ ਜਾਂਦੇ ਹਨ:
ਜਦੋਂ ਬਿਸ਼ਨੀ ਬਾਗ਼ ਵਿਚ ਆਈ,
ਭੌਰਾਂ ਨੂੰ ਭੁਲੇਖਾ ਪੈ ਗਿਆ
ਇਸ ਰੁੱਤੇ ਜਦੋਂ ਕੋਈ ਗੱਭਰੂ ਬਸੰਤੀ ਚੀਰਾ ਬੰਨ੍ਹ ਕੇ ਪੇਕੀ ਬੈਠੀ ਕੁੱਠੀ ਮੁਟਿਆਰ ਨੂੰ ਸਹੁਰੀ ਮਿਲਣ ਜਾਂਦਾ ਹੈ, ਉਹ ਅੱਗੋਂ ਨਹੋਰਾ ਦਿੰਦੀ ਹੈ:
ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣਕੇ
ਮਾਪਿਆਂ ਨੇ ਨਹੀਓਂ ਤੋਰਨੀ
ਉਸਦਾ ਸ਼ਿਕਵਾ ਹੈ:
ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ
ਓਦੋਂ ਕਿਊਂ ਨਾ ਆਇਆ ਮਿੱਤਰਾ
ਇਨ੍ਹੀਂ ਦਿਨੀਂ ਜਦੋਂ ਮੁਟਿਆਰਾਂ ਟੋਲੀ ਬਣਾ ਕੇ ਖੇਤਾਂ ਵਿਚੋਂ ਸਰ੍ਹੋਂ ਦਾ ਸਾਗ ਤੋੜਨ ਜਾਂਦੀਆਂ ਹਨ ਤਾਂ ਖੇਤਾਂ ਵਿਚ ਫਿਰਦਾ ਜੱਟ ਸਾਗ ਤੋੜਦੀ ਮੁਟਿਆਰ ਨੂੰ ਦੇਖ ਕੇ ਲਲਕਾਰਾ ਮਾਰਦਾ ਹੈ:
ਕਿਹੜੀ ਐਂ ਤੂੰ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ
ਮੁਟਿਆਰ ਬੇਝਿਜਕ ਹੋ ਕੇ ਮੋੜਵਾਂ ਜਵਾਬ ਦਿੰਦੀ ਹੈ:
ਕਾਹਨੂੰ ਮਾਰਦੈਂ ਜੱਟਾ ਲਲਕਾਰੇ
ਕਿਹੜਾ ਤੇਰੇ ਅੰਬ ਤੋੜਲੇ
ਇਸ ਰੁੱਤੇ ਕਣਕਾਂ ਨਿੱਸਰ ਰਹੀਆਂ ਹੁੰਦੀਆਂ ਹਨ। ਜੱਟ ਭਰ ਜੋਬਨ ’ਤੇ ਆਈ ਕਣਕ ਦੀ ਫ਼ਸਲ ਨੂੰ ਦੇਖ ਕੇ ਨਸ਼ਿਆ ਜਾਂਦਾ ਹੈ। ਉਸਨੂੰ ਹੁਣ ਕਿਸ ਦੀ ਪਰਵਾਹ ਹੈ:
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ,
ਕਣਕਾਂ ਨਿੱਸਰ ਗਈਆਂ
ਸ਼ਾਨਾ ਮੱਤਾ ਬਸੰਤ ਪੰਚਮੀ ਦਾ ਇਹ ਤਿਉਹਾਰ ਕੇਵਲ ਬਸੰਤ ਰੁੱਤ ਦੀ ਆਮਦ ਨੂੰ ਜੀ ਆਇਆਂ ਹੀ ਨਹੀਂ ਆਖਦਾ, ਬਲਕਿ ਜਨ ਸਾਧਾਰਨ ਲਈ ਖ਼ੁਸ਼ਹਾਲੀ, ਸਦਭਾਵਨਾ ਅਤੇ ਮੁਹੱਬਤ ਦਾ ਸੰਦੇਸ਼ ਲੈ ਕੇ ਵੀ ਆਉਂਦਾ ਹੈ। ਇਸ ਮੌਸਮ ਵਿਚ ਦਰੱਖਤਾਂ ਦੇ ਫੁੱਟਦੇ ਨਵੇਂ ਪੱਤੇ ਮੌਲਦੀ ਜ਼ਿੰਦਗੀ ਦਾ ਸੁਨੇਹਾ ਦਿੰਦੇ ਹਨ।
ਸੰਪਰਕ: 94630-34472


Comments Off on ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.