ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ

Posted On January - 25 - 2020

ਡਾ. ਗਿਆਨ ਸਿੰਘ*

ਸਮਾਜ ਦੇ ਕਿਰਤੀ ਵਰਗਾਂ ਨੂੰ ਜਦੋਂ ਉਧਾਰ ਨਹੀਂ ਮਿਲਦਾ ਤਾਂ ਇਹ ਸਥਿਤੀ ਉਨ੍ਹਾਂ ਲਈ ਵੱਡੀ ਸਮੱਸਿਆ ਹੁੰਦੀ ਹੈ, ਪਰ ਜਦੋਂ ਉਨ੍ਹਾਂ ਵੱਲੋਂ ਲਿਆ ਉਧਾਰ ਸਮੇਂ ਸਿਰ ਨਾ ਮੋੜਿਆ ਜਾ ਸਕੇ ਤਾਂ ਇਹ ਸਥਿਤੀ ਉਨ੍ਹਾਂ ਲਈ ਅਕਿਹ ਅਤੇ ਅਸਿਹ ਸਮੱਸਿਆ ਬਣ ਜਾਂਦੀ ਹੈ। ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੁਆਰਾ ਹੰਢਾਈਆਂ ਜਾਂਦੀਆਂ ਵੱਖ-ਵੱਖ ਸਮੱਸਿਆ ਦਾ ਅਧਿਐਨ ਕਰਨ ਲਈ ਸਰਵੇਖਣ ਕੀਤਾ ਗਿਆ। ਇਹ ਸਰਵੇਖਣ ਬੇਬੇ ਗੁਰਨਾਮ ਕੌਰ ਮੈਮੋਰੀਅਲ ਐਜੂਕੇਸ਼ਨ ਸੈਂਟਰ, ਈਸੜੂ ਲੁਧਿਆਣਾ ਦੁਆਰਾ ਸਪਾਂਸਰ ਕੀਤਾ ਗਿਆ। ਇਹ ਅਧਿਐਨ 2016-17 ਨਾਲ ਸਬੰਧਿਤ ਹੈ। ਇਸ ਅਧਿਐਨ ਲਈ ਪੰਜਾਬ ਦੇ ਮਾਝਾ, ਦੋਆਬਾ ਅਤੇ ਮਾਲਵਾ ਖੇਤਰਾਂ ਦੇ ਪਿੰਡਾਂ ਵਿਚੋਂ 927 ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਤੋਂ ਅੰਕੜੇ ਇਕੱਠੇ ਕੀਤੇ ਗਏ।
ਫੀਲਡ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੀ ਆਮਦਨ ਦਾ ਪੱਧਰ ਇੰਨਾ ਨੀਵਾਂ ਹੈ ਕਿ ਉਸ ਨਾਲ ਇਨ੍ਹਾਂ ਪਰਿਵਾਰਾਂ ਦੇ ਰੋਜ਼ਮਰ੍ਹਾ ਦੇ ਖ਼ਰਚ ਵੀ ਪੂਰੇ ਨਹੀਂ ਹੁੰਦੇ ਅਤੇ ਇਨ੍ਹਾਂ ਪਰਿਵਾਰਾਂ ਦੁਆਰਾ ਬੱਚਤ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸਲ ਵਿਚ ਇਸ ਕਿਰਤੀ ਵਰਗ ਨੂੰ ਖ਼ਪਤ ਦਾ ਨਿਊਤਮ ਪੱਧਰ ਬਣਾਈ ਰੱਖਣ ਲਈ ਉਧਾਰ ਲੈਣਾ ਪੈਂਦਾ ਹੈ ਜਿਹੜਾ ਸਮੇਂ ਸਿਰ ਵਾਪਸ ਨਾ ਕੀਤੇ ਜਾ ਸਕਣ ਕਾਰਨ ਕਰਜ਼ੇ ਦੇ ਰੂਪ ਧਾਰਨ ਕਰ ਜਾਂਦਾ ਹੈ। ਪੰਜਾਬ ਦੇ 96.33 ਫ਼ੀਸਦ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਕਰਜ਼ੇ ਦੇ ਕੁੜਿੱਕੀ ਵਿਚ ਔਖੀ ਦਿਨ ਕਟੀ ਕਰਦੇ ਹਨ। ਪੰਜਾਬ ਦੇ ਕਰਜ਼ਈ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਸਿਰ ਕਰਜ਼ੇ ਦੀ ਔਸਤਨ ਰਕਮ 54342.98 ਰੁਪਏ ਅਤੇ ਸਰਵੇਖਣ ਲਈ ਚੁਣੇ ਗਏ ਸਾਰੇ ਪਰਿਵਾਰਾਂ ਸਿਰ ਕਰਜ਼ੇ ਦੀ ਔਸਤਨ ਰਕਮ 52378.03 ਰੁਪਏ ਹੈ।
ਓਪਰੀ ਨਜ਼ਰੇ ਦੇਖਣ ਲਈ ਕੁਝ ਹਜ਼ਾਰ ਰੁਪਏ ਵਿਚ ਇਹ ਕਰਜ਼ਾ ਬਹੁਤ ਹੀ ਥੋੜ੍ਹਾ ਹੋਣ ਕਰ ਕੇ ਮਹੱਤਵਹੀਣ ਲਗਦਾ ਹੈ, ਪਰ ਇਨ੍ਹਾਂ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਸਿਰ ਇਸ ਕਰਜ਼ੇ ਦਾ ਬੋਝ ਬਹੁਤ ਹੀ ਜ਼ਿਆਦਾ ਹੋਣ ਕਰ ਕੇ ਇਹ ਕਰਜ਼ਾ ਅਸਿਹ ਹੈ ਕਿਉਂਕਿ ਇਸ ਕਰਜ਼ੇ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਅਨੇਕਾਂ ਤਿਆਗ ਕਰਨੇ ਅਤੇ ਤਸੀਹੇ ਝੱਲਣੇ ਪੈਂਦੇ ਹਨ। ਇਨ੍ਹਾਂ ਤਿਆਗਾਂ ਅਤੇ ਤਸੀਹਿਆਂ ਦੀ ਸਾਫ਼ ਤਸਵੀਰ ਇਨ੍ਹਾਂ ਦੇ ਬੱਚਿਆਂ ਨੂੰ ਆਪਣੀ ਪੜ੍ਹਾਈ ਵਿਚਕਾਰ ਛੱਡ ਕੇ ਮੁਕਾਬਲਤਨ ਹੋਰ ਅਮੀਰ ਘਰਾਂ ਦੇ ਬੱਚਿਆਂ ਦੀ ਦੇਖਭਾਲ ਅਤੇ ਹੋਰ ਅਨੇਕਾਂ ਕੰਮ ਕਰਨੇ ਪੈਂਦੇ ਹਨ ਅਤੇ ਵੱਡੇ ਹੋ ਕੇ ਇਹ ਬੱਚੇ ਵੀ ਆਪਣੇ ਮਾਪਿਆਂ ਦੀ ਤਰ੍ਹਾਂ ਮਜ਼ਬੂਰੀਵੱਸ ਮਜ਼ਦੂਰਾਂ ਵਿੱਚ ਸ਼ਾਮਲ ਹੋ ਜਾਂਦੇ ਹਨ। ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਆਪਣੀ ਖ਼ੁਰਾਕ ਵਿਚ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਹਿੱਸੇ ਨੂੰ ਵਧਾਉਣ ਲਈ ਮੁਕਾਬਲਤਨ ਅਮੀਰ ਘਰਾਂ ਦੀਆਂ ਕੱਟੀਆਂ/ਬੱਛੀਆਂ ਅਧਿਆਰੇ ਉੱਪਰ ਲੈ ਕੇ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਦਲਿਤ ਔਰਤ ਪਰਿਵਾਰਾਂ ਦੀ ਮਿਹਨਤ ਸਦਕਾ ਜਦੋਂ ਕੱਟੀਆਂ/ਬੱਛੀਆਂ ਵੱਡੀਆਂ ਹੋ ਕੇ ਝੋਟੀਆਂ/ਬਹਿੜੀਆਂ ਬਣਦੀਆਂ ਹਨ ਤਾਂ ਮੁਕਾਬਲਤਨ ਅਮੀਰ ਘਰ ਇਨ੍ਹਾਂ ਦਾ ਮੁੱਲ ਪਾ ਕੇ ਇਨ੍ਹਾਂ ਨੂੰ ਆਪਣੇ ਘਰ ਲੈ ਜਾਂਦੇ ਹਨ। ਦਲਿਤ ਔਰਤ ਮਜ਼ਦੂਰ ਪਰਿਵਾਰਾਂ ਨੂੰ ਕਰਜ਼ੇ ਦੀ ਮਜਬੂਰੀ ਵਿਚ ਅਜਿਹਾ ਕਰਨਾ ਪੈਂਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਇਸ ਸਬੰਧ ਵਿਚ ਉਨ੍ਹਾਂ ਦੀਆਂ ਆਸਾਂ ਉੱਪਰ ਪਾਣੀ ਫਿਰ ਜਾਂਦਾ ਹੈ। ਕਰਜ਼ੇ ਕਾਰਨ ਕੁਝ ਪਰਿਵਾਰਾਂ ਵਿਚ ਬੰਧੂਆ ਮਜ਼ਦੂਰੀ, ਜੋ ਕਿ ਗ਼ੈਰ-ਕਾਨੂੰਨੀ ਹੈ, ਵੀ ਦਿਖਾਈ ਦਿੰਦੀ ਹੈ। ਇਸ ਤੋਂ ਬਿਨਾਂ ਕੁਝ ਕੇਸਾਂ ਵਿਚ ਇਨ੍ਹਾਂ ਔਰਤਾਂ ਅਤੇ ਉਨ੍ਹਾਂ ਦੀਆਂ ਬੱਚੀਆਂ ਦਾ ਤਰ੍ਹਾਂ-ਤਰ੍ਹਾਂ ਦਾ ਨਪੀੜਨ ਵੀ ਹੁੰਦਾ ਹੈ।

ਡਾ. ਗਿਆਨ ਸਿੰਘ*

ਕਰਜ਼ੇ ਸਬੰਧੀ ਖੇਤਰ-ਵਾਰ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਮਾਲਵਾ ਦੇ 97.57 ਫ਼ੀਸਦ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰ ਕਰਜ਼ੇ ਥੱਲੇ ਹਨ, ਜਦੋਂ ਇਹ ਫ਼ੀਸਦੀ ਮਾਝਾ ਅਤੇ ਦੋਆਬਾ ਵਿਚ ਕ੍ਰਮਵਾਰ 96.18 ਅਤੇ 94.65 ਹੈ। ਮਾਲਵਾ ਵਿਚ ਕਰਜ਼ੇ ਦੀ ਔਸਤਨ ਰਕਮ ਕਰਜ਼ਈ ਅਤੇ ਚੁਣੇ ਗਏ ਪਰਿਵਾਰਾਂ ਸਿਰ ਦੂਜੇ ਖੇਤਰਾਂ ਦੇ ਮੁਕਾਬਲੇ ਵਿਚ ਜ਼ਿਆਦਾ ਹੈ। ਇਹ ਰਕਮ ਕ੍ਰਮਵਾਰ 57433.24 ਅਤੇ 56036.22 ਰੁਪਏ ਹੈ। ਮਾਝਾ ਵਿਚ ਇਹ ਰਕਮ ਕ੍ਰਮਵਾਰ 51579.13 ਅਤੇ 48819.75 ਰੁਪਏ ਜਦੋਂਕਿ ਦੋਆਬਾ ਵਿਚ 52840.50 ਅਤੇ 50821.12 ਰੁਪਏ ਹੈ।
ਮਾਲਵੇ ਦੇ ਕਰਜ਼ਈ ਅਤੇ ਚੁਣੇ ਗਏ ਪਰਿਵਾਰਾਂ ਸਿਰ ਦੂਜੇ ਖੇਤਰਾਂ ਦੇ ਮੁਕਾਬਲੇ ਵਿਚ ਕਰਜ਼ੇ ਦੀ ਜ਼ਿਆਦਾ ਰਕਮ ਹੋਣ ਦਾ ਇਕ ਕਾਰਨ ਇਹ ਹੈ ਕਿ ਮਾਲਵਾ ਦੇ ਖੇਤੀਬਾੜੀ ਖੇਤਰ ਵਿਚ ਠੇਕਾ ਆਧਾਰਿਤ ਮਜ਼ਦੂਰੀ (ਇਕ ਸਾਲ ਲਈ ਨੌਕਰੀ) ਦਾ ਪ੍ਰਚਲਣ ਹੋਣ ਕਰ ਕੇ ਵੱਡੇ ਕਿਸਾਨਾਂ ਦੀ ਉਧਾਰ ਦੇਣ ਵਿਚ ਭੂਮਿਕਾ ਦੂਜੇ ਖੇਤਰਾਂ ਦੇ ਮੁਕਾਬਲੇ ਵਿਚ ਜ਼ਿਆਦਾ ਹੈ। ਫੀਲਡ ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਮਾਲਵਾ ਵਿਚ ਕੁਝ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਨੇ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਸੀ, ਪਰ ਫ਼ਸਲ ਦੇ ਖ਼ਰਾਬ ਹੋ ਜਾਣ ਕਾਰਨ ਇਸ ਉਦੇਸ਼ ਲਈ ਲਿਆ ਉਧਾਰ ਨਾ ਮੋੜੇ ਜਾਣ ਕਾਰਨ ਕਰਜ਼ੇ ਦਾ ਰੂਪ ਧਾਰਨ ਕਰ ਗਿਆ ਅਤੇ ਉਹ ਪਰਿਵਾਰ ਦੁਬਾਰਾ ਤੋਂ ਖੇਤੀਬਾੜੀ ਕਰਨ ਦੀ ਸਥਿਤੀ ਵਿਚ ਨਹੀਂ ਰਹੇ।
ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਸਿਰ ਕਰਜ਼ਾ ਵੱਖ-ਵੱਖ ਸ੍ਰੋਤਾਂ ਦਾ ਹੈ। ਇਕ ਔਸਤਨ ਪਰਿਵਾਰ ਸਿਰ 42114.83 ਰੁਪਏ ਗ਼ੈਰ-ਸੰਸਥਾਗਤ ਸ੍ਰੋਤਾਂ ਅਤੇ 10263.20 ਰੁਪਏ ਸੰਸਥਾਗਤ ਸ੍ਰੋਤਾਂ ਦਾ ਕਰਜ਼ਾ ਹੈ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਲਿਤ ਔਰਤ ਮਜਦੂਰ ਪਰਿਵਾਰਾਂ ਨੂੰ ਉਧਾਰ ਦੇਣ ਵਿਚ ਗ਼ੈਰ-ਸੰਸਥਾਗਤ ਸ੍ਰੋਤਾਂ ਦੀ ਭੂਮਿਕਾ ਵਧੇਰੇ ਹੈ। ਗ਼ੈਰ-ਸੰਸਥਾਗਤ ਸਰੋਤਾਂ ਵਿਚੋਂ ਸਭ ਤੋਂ ਵੱਧ ਕਰਜ਼ਾ ਵੱਡੇ ਕਿਸਾਨਾਂ ਦਾ ਹੈ। ਉਨ੍ਹਾਂ ਤੋਂ ਬਾਅਦ ਦੁਕਾਨਦਾਰ ਅਤੇ ਛੋਟੇ ਵਪਾਰੀ, ਸ਼ਾਹੂਕਾਰ, ਰਿਸ਼ਤੇਦਾਰ ਅਤੇ ਦੋਸਤ, ਅਤੇ ਦੋਧੀ ਆਉਂਦੇ ਹਨ। ਸੰਸਥਾਗਤ ਸ੍ਰੋਤਾਂ ਵਿਚੋਂ ਸਭ ਤੋਂ ਵੱਧ ਉਧਾਰ ਸੂਖਮ ਵਿੱਤੀ ਸੰਸਥਾਵਾਂ ਦੁਆਰਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਤੋਂ ਬਾਅਦ ਵਪਾਰਕ ਅਤੇ ਸਹਿਕਾਰੀ ਬੈਂਕ ਆਉਂਦੇ ਹਨ। ਪੰਜਾਬ ਦੇ ਸਾਰੇ ਤਿੰਨਾਂ ਖੇਤਰਾਂ ਵਿਚ ਵੀ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਸਿਰ ਜ਼ਿਆਦਾ ਕਰਜ਼ਾ ਗ਼ੈਰ-ਸੰਸਥਾਗਤ ਸ੍ਰੋਤਾਂ ਦਾ ਹੈ।
ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਸਿਰ 80.40 ਫ਼ੀਸਦ ਕਰਜ਼ਾ ਗ਼ੈਰ-ਸੰਸਥਾਗਤ ਸ੍ਰੋਤਾਂ ਅਤੇ ਬਾਕੀ ਦਾ 19.60 ਫ਼ੀਸਦ ਕਰਜ਼ਾ ਸੰਸਥਾਗਤ ਸ੍ਰੋਤਾਂ ਦਾ ਹੈ। ਇਨ੍ਹਾਂ ਪਰਿਵਾਰਾਂ ਸਿਰ ਉਨ੍ਹਾਂ ਦੇ ਕੁੱਲ ਕਰਜ਼ੇ ਦਾ ਗ਼ੈਰ-ਸੰਸਥਾਗਤ ਸ੍ਰੋਤਾਂ ਵਿਚੋਂ 30.37 ਫ਼ੀਸਦ ਵੱਡੇ ਕਿਸਾਨਾਂ, 21.70 ਫ਼ੀਸਦ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ, 20.15 ਫ਼ੀਸਦ ਸ਼ਾਹੂਕਾਰਾਂ ਅਤੇ 6.15 ਫ਼ੀਸਦ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਹੈ। ਸੰਸਥਾਗਤ ਸ੍ਰੋਤਾਂ ਵਿਚੋਂ ਸੂਖਮ ਵਿੱਤੀ ਸੰਸਥਵਾਂ ਦਾ ਹਿੱਸਾ 8.71 ਫ਼ੀਸਦ, ਵਪਾਰਿਕ ਬੈਂਕਾਂ ਦਾ 5.56 ਫ਼ੀਸਦ ਅਤੇ ਸਹਿਕਾਰੀ ਬੈਂਕਾਂ ਦਾ 5.33 ਫ਼ੀਸਦ ਹੈ। ਪੰਜਾਬ ਦੇ ਸਾਰੇ ਤਿੰਨਾਂ ਖੇਤਰਾਂ ਵਿਚ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਸਿਰ ਕਰਜ਼ੇ ਦੀ ਜ਼ਿਆਦਾ ਫ਼ੀਸਦੀ ਗ਼ੈਰ-ਸੰਸਥਾਗਤ ਸ੍ਰੋਤਾਂ ਦੀ ਹੈ, ਭਾਵੇਂ ਕਿ ਇਸ ਫ਼ੀਸਦੀ ਵਿਚ ਕੁਝ ਵਖਰੇਵੇਂ ਵੀ ਹਨ। ਇਨ੍ਹਾਂ ਪਰਿਵਾਰਾਂ ਨੂੰ ਸੰਸਥਾਗਤ ਸ੍ਰੋਤਾਂ ਤੋਂ ਉਧਾਰ ਮਿਲਣ ਵਿਚ ਕਈ ਰੁਕਾਵਟਾਂ ਵੀ ਹਨ। ਇਨ੍ਹਾਂ ਪਰਿਵਾਰਾਂ ਨੂੰ ਸੰਸਥਾਗਤ ਸ੍ਰੋਤਾਂ ਤੋਂ ਉਧਾਰ ਮਿਲਣ ਵਿਚ ਕਈ ਰੁਕਾਵਟਾਂ ਹਨ ਜਿਨ੍ਹਾਂ ਵਿਚ ਇਨ੍ਹਾਂ ਕੋਲ ਜ਼ਮਾਨਤ ਲਈ ਸੰਪੱਤੀ ਦਾ ਨਾ ਹੋਣਾ, ਇਨ੍ਹਾਂ ਦੇ ਜੀਆਂ ਦਾ ਅਨਪੜ੍ਹ ਹੋਣਾ, ਸੰਸਥਾਵਾਂ ਦੇ ਕਰਮਚਾਰੀਆਂ ਦਾ ਇਨ੍ਹਾਂ ਪ੍ਰਤੀ ਮਾੜਾ ਵਿਹਾਰ ਅਤੇ ਗ਼ੈਰ-ਸੰਸਥਾਗਤ ਸ੍ਰੋਤਾਂ ਤੋਂ ਆਸਾਨੀ ਨਾਲ ਉਧਾਰ ਮਿਲਣਾ ਪ੍ਰਮੁੱਖ ਹਨ।
ਵਿਭਿੰਨ ਉਦੇਸ਼ਾਂ ਲਈ ਲਏ ਉਧਾਰ/ਕਰਜ਼ੇ ਦੀ ਜਾਣਕਾਰੀ ਅਨੁਸਾਰ ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਸਿਰ 39942.27 ਰੁਪਏ ਦੀ ਰਕਮ ਉਤਪਾਦਕ ਉਦੇਸ਼ਾਂ ਜਦੋਂਕਿ 12435.76 ਰੁਪਏ ਦੀ ਰਕਮ ਗ਼ੈਰ-ਉਤਪਾਦਕ ਉਦੇਸ਼ਾਂ ਵਾਸਤੇ ਹੈ। ਉਤਪਾਦਕ ਉਦੇਸ਼ਾਂ ਵਿਚੋਂ ਸਭ ਤੋਂ ਵੱਧ ਰਕਮ (8053.79 ਰੁਪਏ) ਸਿਹਤ-ਸੰਭਾਲ ਉੱਤੇ ਖ਼ਰਚ ਹੋਈ। ਗ਼ੈਰ-ਉਤਪਾਦਕ ਉਦੇਸ਼ਾਂ ਵਿਚ ਸਭ ਤੋਂ ਵੱਧ ਉਧਾਰ/ਕਰਜ਼ਾ ਸਮਾਜਿਕ-ਧਾਰਮਿਕ ਰਸਮਾਂ ਲਈ ਲਿਆ ਗਿਆ ਜੋ ਕਿ 11342.50 ਰੁਪਏ ਹੈ। ਪੰਜਾਬ ਦੇ ਸਾਰੇ ਤਿੰਨੇ ਖੇਤਰਾਂ ਵਿਚ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਵੱਲੋਂ ਔਸਤਨ ਕੁੱਲ ਕਰਜ਼ੇ ਦੀ ਵੱਡੀ ਰਕਮ ਉਤਪਾਦਕ ਉਦੇਸ਼ਾਂ ਲਈ ਵਰਤੀ ਗਈ। ਇਹ ਰਕਮ ਸਭ ਤੋਂ ਵੱਧ ਮਾਲਵੇ ਵਿਚ ਵਰਤੀ ਗਈ ਅਤੇ ਇਸ ਤੋਂ ਬਾਅਦ ਮਾਝਾ ਅਤੇ ਦੋਆਬਾ ਆਉਂਦੇ ਹਨ। ਫੀਲਡ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਸਾਰੇ ਖੇਤਰਾਂ ਵਿਚ ਖ਼ਪਤ ਅਤੇ ਆਮਦਨ ਦੇ ਖੱਪੇ ਨੂੰ ਪੂਰਾ ਕਰਨ ਲਈ ਉਧਾਰ ਲੈਣਾ ਇਨ੍ਹਾਂ ਕਿਰਤੀ ਪਰਿਵਾਰਾਂ ਦੀ ਮਜ਼ਬੂਰੀ ਬਣ ਜਾਂਦੀ ਹੈ ਅਤੇ ਅਕਸਰ ਇਹ ਉਧਾਰ ਸਮੇਂ ਸਿਰ ਨਾ ਮੋੜੇ ਜਾਣ ਕਾਰਨ ਕਰਜ਼ੇ ਦਾ ਰੂਪ ਧਾਰਨ ਕਰ ਜਾਂਦਾ ਹੈ।
ਵਰਤਮਾਨ ਖੋਜ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਵੱਲੋਂ ਔਸਤਨ ਕੁੱਲ ਕਰਜ਼ੇ ਦੀ ਸਭ ਤੋਂ ਵੱਧ ਰਕਮ (24413.99 ਰੁਪਏ) 36 ਫ਼ੀਸਦ ਤੋਂ ਵੱਧ ਸਾਲਾਨਾ ਵਿਆਜ ਦਰ ਉੱਤੇ ਹੈ। ਇਸ ਤੋਂ ਬਾਅਦ 24 ਤੋਂ 36, 6 ਤੋਂ 12, 6 ਤੋਂ ਘੱਟ ਅਤੇ 12 ਤੋਂ 18 ਫ਼ੀਸਦ ਸਾਲਾਨਾ ਵਿਆਜ ਦਰ ਉੱਤੇ ਕਰਜ਼ੇ ਆਉਂਦੇ ਹਨ। ਮਾਲਵਾ, ਮਾਝਾ ਅਤੇ ਦੋਆਬਾ ਵਿਚ ਕ੍ਰਮਵਾਰ 25913.72, 24719.75 ਅਤੇ 21735.37 ਰੁਪਏ ਦਾ ਕਰਜ਼ਾ 36 ਫ਼ੀਸਦ ਤੋਂ ਵੱਧ ਸਾਲਾਨਾ ਵਿਆਜ ਦਰ ਉੱਤੇ ਹੈ। ਪੰਜਾਬ ਦੇ ਸਾਰੇ ਤਿੰਨਾਂ ਖੇਤਰਾਂ ਵਿਚ ਕਰਜ਼ੇ ਦੀ ਦੂਜੀ ਵੱਡੀ ਰਕਮ 24 ਤੋਂ 36 ਫ਼ੀਸਦ ਸਾਲਾਨਾ ਵਿਆਜ ਦਰ ਉੱਤੇ ਹੈ। ਇਨ੍ਹਾਂ ਸਾਰੇ ਖੇਤਰਾਂ ਵਿਚ ਕਰਜ਼ੇ ਦੀ ਬਹੁਤ ਹੀ ਛੋਟੀ ਰਕਮ 6 ਫ਼ੀਸਦ ਤੋਂ ਘੱਟ ਸਾਲਾਨਾ ਵਿਆਜ ਦਰ ਉੱਤੇ ਹੈ।
ਪੰਜਾਬ ਦੇ ਸਾਰੇ ਖੇਤਰਾਂ ਦੇ ਪੇਂਡੂ ਔਰਤ ਮਜ਼ਦੂਰ ਪਰਿਵਾਰਾਂ ਸਿਰ ਕਰਜ਼ੇ ਦੇ ਤੁਲਨਾਤਮਕ ਅਧਿਐਨ ਤੋਂ ਪਤਾ ਲਗਦਾ ਹੈ ਕਿ ਮਾਲਵਾ ਵਿਚ ਇਨ੍ਹਾਂ ਪਰਿਵਾਰਾਂ ਤੋਂ ਦੂਜੇ ਖੇਤਰਾਂ ਦੀ ਤੁਲਨਾ ਵਿਚ ਵਧੇਰੇ ਵਿਆਜ ਲਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਖੇਤਰ ਵਿਚ ਇਨ੍ਹਾਂ ਵਰਗਾਂ ਸਿਰ ਵਧੇਰੇ ਕਰਜ਼ਾ ਵੱਡੇ ਕਿਸਾਨਾਂ ਅਤੇ ਸ਼ਾਹੂਕਾਰਾਂ ਦਾ ਹੈ ਜੋ ਵਿਆਜ ਦੀਆਂ ਉੱਚੀਆਂ ਦਰਾਂ ਲਗਾਉਂਦੇ ਹਨ। ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਸਿਰ ਔਸਤਨ ਕੁੱਲ ਕਰਜ਼ੇ ਦਾ 75 ਫ਼ੀਸਦ ਤੋਂ ਵੱਧ ਹਿੱਸਾ 18 ਫ਼ੀਸਦ ਤੋਂ ਵੱਧ ਸਾਲਾਨਾ ਵਿਆਜ ਦਰ ਉੱਤੇ ਹੈ, ਜਦੋਂ ਕਿ ਭਾਰਤੀ ਬੈਂਕਾਂ ਵਿਚ ਵਿਆਜ ਦੀਆਂ ਦਰਾਂ ਵਿਚ ਲਗਾਤਾਰ ਕਟੌਤੀ ਕੀਤੀ ਜਾਂਦੀ ਆ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਪਰਿਵਾਰ ਉਧਾਰ ਲੈਣ ਲਈ ਜ਼ਿਆਦਾਤਰ ਗ਼ੈਰ-ਸੰਸਥਾਗਤ ਸ੍ਰੋਤਾਂ ਉੱਪਰ ਨਿਰਭਰ ਹਨ।
ਪੰਜਾਬ ਦੇ ਪੇਂਡੂ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਨੂੰ ਕਰਜ਼ੇ ਦੀ ਕੁੜਿੱਕੀ ਵਿਚੋਂ ਬਾਹਰ ਕੱਢਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਅਤੇ ਹੋਰ ਉਪਾਅ ਕੀਤੇ ਜਾਣ। ਇਨ੍ਹਾਂ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਮਨਰੇਗਾ ਵਰਗੀਆਂ ਸਕੀਮਾਂ ਅਧੀਨ ਇਨ੍ਹਾਂ ਦੇ ਰੁਜ਼ਗਾਰ ਦੇ ਦਿਨ ਅਤੇ ਮਜ਼ਦੂਰੀ ਦਰਾਂ ਵਧਾਈਆਂ ਜਾਣ, ਪਿੰਡਾਂ ਵਿਚ ਸਹਿਕਾਰੀ ਮਾਲਕੀ ਵਾਲੇ ਐਗਰੋ ਪ੍ਰੋਸੈਸਿੰਗ ਉਦਯੋਗ ਸਥਾਪਿਤ ਕੀਤੇ ਜਾਣ, ਇਨ੍ਹਾਂ ਕਿਰਤੀ ਪਰਿਵਾਰਾਂ ਦੇ ਹੱਕ ਵਿਚ ਜ਼ਮੀਨੀ ਸੁਧਾਰ ਕੀਤੇ ਜਾਣ ਆਦਿ। ਇਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਅਤੇ ਮਰਦਾਂ ਨੁੰ ਬਾਲਗ ਸਿੱਖਿਆ ਅਤੇ ਇਨ੍ਹਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇ। ਇਨ੍ਹਾਂ ਪਰਿਵਾਰਾਂ ਨੂੰ ਮਿਆਰੀ ਸਿਹਤ-ਸੰਭਾਲ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਇਨ੍ਹਾਂ ਪਰਿਵਾਰਾਂ ਦੀਆਂ ਸਮਾਜਿਕ-ਧਾਰਮਿਕ ਰਸਮਾਂ ਲਈ ਸਾਂਝੀਆਂ ਬਿਲਡਿੰਗਾਂ ਬਣਾਉਣ ਦੇ ਨਾਲ ਨਾਲ ਇਨ੍ਹਾਂ ਦੀਆਂ ਬੇਟੀਆਂ ਦੇ ਵਿਆਹਾਂ ਮੌਕੇ ਵਾਜਬ ਵਿੱਤੀ ਸਹਾਇਤਾ ਸਮੇਂ ਸਿਰ ਦਿੱਤੀ ਜਾਵੇ।

*ਸਾਬਕਾ ਪ੍ਰੋਫ਼ੈਸਰ, ਅਰਥ-ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99156-82196


Comments Off on ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.