ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ…

Posted On January - 20 - 2020

ਵਾਹਗਿਓਂ ਪਾਰ

ਕਣਕ ਤੇ ਆਟੇ ਦੀ ਕਿੱਲਤ ਪਾਕਿਸਤਾਨ ਵਿਚ ਸਿਆਸੀ ਸੰਕਟ ਦਾ ਰੂਪ ਧਾਰਨ ਕਰ ਗਈ ਹੈ। ਹੋਰਨਾਂ ਖੁਰਾਕੀ ਵਸਤਾਂ ਵਾਂਗ ਕਣਕ ਦੇ ਭਾਅ ਵਿਚ ਚੋਖੀ ਤੇਜ਼ੀ ਆਈ ਹੈ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਸਬਜ਼ੀ-ਭਾਜੀ ਘੱਟ ਖਾ ਕੇ ਗੁਜ਼ਾਰਾ ਚਲਾ ਲੈਂਦੇ ਹਨ, ਪਰ ਕਣਕ ਤੇ ਆਟੇ ਦੀਆਂ ਕੀਮਤਾਂ ਵਿਚ ਆਈ ਮਹਿੰਗਾਈ ਬਰਦਾਸ਼ਤ ਕਰਨ ਲਈ ਲੋਕ ਤਿਆਰ ਨਹੀਂ। ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਸੰਕਟ ਨਾਲ ਨਜਿੱਠਣ ਲਈ ਤਿੰਨ ਲੱਖ ਟਨ ਕਣਕ ਹੰਗਾਮੀ ਤੌਰ ’ਤੇ ਦਰਾਮਦ ਕਰਨ ਦੇ ਹੁਕਮ ਦਿੱਤੇ ਹਨ। ਅੰਗਰੇਜ਼ੀ ਰੋਜ਼ਨਾਮਾ ‘ਦਿ ਟਾਈਮਜ਼’ ਦੀ ਰਿਪੋਰਟ ਅਨੁਸਾਰ ਕਣਕ ਦੀ ਦਰਾਮਦ ਦਾ ਅਮਲ ਸਿਰੇ ਚੜ੍ਹਦਿਆਂ ਘੱਟੋ-ਘੱਟ ਤਿੰਨ ਹਫ਼ਤੇ ਲੱਗ ਜਾਣਗੇ। ਉਸ ਸਮੇਂ ਤਕ ਕਿੱਲਤ ਨਾਲ ਕਿਵੇਂ ਸਿੱਝਣਾ ਹੈ, ਇਸ ਦੀ ਕੋਈ ਯੋਜਨਾ ਸਰਕਾਰ ਨੇ ਨਹੀਂ ਬਣਾਈ ਜਾਪਦੀ। ਕੇਂਦਰ ਸਰਕਾਰ ਦੇ ਵਜ਼ੀਰਾਂ ਤੇ ਅਫ਼ਸਰਾਂ ਦਾ ਦਾਅਵਾ ਹੈ ਕਿ ਮੁਨਾਫ਼ਾਖੋਰ ਵਪਾਰੀਆਂ ਨੇ ਹਜ਼ਾਰਾਂ ਟਨ ਕਣਕ ਵੱਖ ਵੱਖ ਸੂਬਿਆਂ ਵਿਚ ਜਮ੍ਹਾਂ ਕਰ ਰੱਖੀ ਹੈ। ਉਹ ਸਥਿਤੀ ਨੂੰ ਜਾਣਬੁੱਝ ਕੇ ਖ਼ਰਾਬ ਕਰ ਰਹੇ ਹਨ ਤਾਂ ਜੋ ਸੰਕਟਮਈ ਸਥਿਤੀ ਦੌਰਾਨ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕਣ। ਅਜਿਹੀ ਸੋਚ ਕਾਰਨ ਹੀ ਇਮਰਾਨ ਖ਼ਾਨ ਨੇ ਸਾਰੀਆਂ ਸੂਬਾਈ ਸਰਕਾਰਾਂ ਨੂੰ ਕਣਕ ਦੇ ਜ਼ਖ਼ੀਰੇਬਾਜ਼ਾਂ ਦੇ ਜ਼ਖ਼ੀਰੇ ਸੀਮਤ ਕਰਨ ਅਤੇ ਮੁਨਾਫ਼ਾਖੋਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ, ਪਰ ਇਹ ਹੁਕਮ ਅਸਰਦਾਰ ਸਾਬਤ ਨਹੀਂ ਹੋ ਰਹੇ।
ਅਜਿਹਾ ਮਾਹੌਲ ਸਿਆਸੀ ਤੋਹਮਤਬਾਜ਼ੀ ਤੇ ਮਾਅਰਕੇਬਾਜ਼ੀ ਨੂੰ ਜਨਮ ਦੇ ਰਿਹਾ ਹੈ। ਸੂਬਾ ਪੰਜਾਬ ਅਤੇ ਖੈ਼ਬਰ ਪਖ਼ਤੂਨਖ਼ਵਾ ਦੀਆਂ ਸਰਕਾਰਾਂ ਨੇ ਸੂਬਾ ਸਿੰਧ ਦੀ ਪੀਪਲਜ਼ ਪਾਰਟੀ ਸਰਕਾਰ ਉਪਰ ਕਣਕ ਦੀ ਜਮ੍ਹਾਂਖੋਰੀ ਨੂੰ ਹਵਾ ਦੇਣ ਅਤੇ ਬਾਕੀ ਸੂਬਿਆਂ ਨੂੰ ਮੁਸੀਬਤ ਵਿਚ ਪਾਉਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਸੂਬਾ ਸਿੰਧ ਦੀ ਸਰਕਾਰ, ਫੈਡਰਲ (ਕੇਂਦਰੀ) ਸਰਕਾਰ ਉਪਰ ਸੂਬੇ ਵਾਸਤੇ ਕਣਕ ਦੀ ਸਪਲਾਈ ਦਾ ਕੋਟਾ ਘਟਾਉਣ ਦੇ ਦੋਸ਼ ਲਾਉਂਦੀ ਆ ਰਹੀ ਹੈ। ਖੈ਼ਬਰ ਪਖ਼ਤੂਨਖ਼ਵਾ ਦੇ ਨਾਨਬਾਈ, ਸੋਮਵਾਰ ਤੋਂ ਪੰਜ ਰੋਜ਼ਾ ਹੜਤਾਲ ਆਰੰਭਣ ਲਈ ਦ੍ਰਿੜ੍ਹ ਹਨ। ਅਜਿਹਾ ਹੀ ਸੱਦਾ ਸੂਬਾ ਪੰਜਾਬ ਵਿਚ ਢਾਬਿਆਂ ਵਾਲਿਆਂ ਤੇ ਨਾਨਬਾਈਆਂ ਦੀਆਂ ਪੰਜ ਜਥੇਬੰਦੀਆਂ ਨੇ ਦਿੱਤਾ ਹੈ। ਅਜਿਹੇ ਆਲਮ ਵਿਚ ਕੌਮੀ ਖ਼ੁਰਾਕ ਸਕੱਤਰ ਹਾਸ਼ਿਮ ਪੋਪਲਜ਼ਈ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਸੰਕਟ, ਟਰਾਂਸਪੋਰਟਰਾਂ ਦੀ 13 ਦਿਨ ਚੱਲੀ ਹੜਤਾਲ ਦੀ ਦੇਣ ਹੈ। ਇਸ ਹੜਤਾਲ ਨੇ ਪੂਰੀ ਸਪਲਾਈ ਚੇਨ ਵਿਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਕਰ ਦਿੱਤੇ ਜੋ ਹੁਣ ਠੀਕ ਕੀਤੇ ਜਾ ਰਹੇ ਹਨ। ਇਹੋ ਜਿਹੇ ਦਾਅਵਿਆਂ ਦਰਮਿਆਨ ਲਾਹੌਰ ਦੇ ਕੁਝ ਕਾਰੋਬਾਰੀ ਸੰਗਠਨਾਂ ਨੇ ਭਾਰਤ ਨਾਲ ਵਪਾਰਕ ਰਿਸ਼ਤਾ ਸੁਧਾਰੇ ਜਾਣ ਉੱਤੇ ਜ਼ੋਰ ਦਿੱਤਾ ਹੈ। ‘ਦਿ ਨੇਸ਼ਨ’ ਅਖ਼ਬਾਰ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਨ੍ਹਾਂ ਕਾਰੋਬਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਭਾਰਤ ਕੋਲ ਕਣਕ ਦੇ ਭੰਡਾਰਾਂ ਦੇ ਭੰਡਾਰ ਮੌਜੂਦ ਹਨ। ਉੱਥੋਂ ਆਸਾਨੀ ਨਾਲ ਕਣਕ ਮੰਗਵਾਈ ਜਾ ਸਕਦੀ ਹੈ। ਅਜਿਹਾ ਕਦਮ ਅਪਰੈਲ ਮਹੀਨੇ ਨਵੀਂ ਫ਼ਸਲ ਦੀ ਆਮਦ ਤਕ ਮੌਜੂਦਾ ਸੰਕਟ ਨੂੰ ਆਸਾਨੀ ਨਾਲ ਦੂਰ ਕਰ ਸਕਦਾ ਹੈ। ਉਂਜ, ਅਜਿਹੀ ਰਾਇ ਪ੍ਰਗਟਾਉਣ ਦੇ ਨਾਲ ਨਾਲ ਇਹ ਸੰਗਠਨ ਇਹ ਵੀ ਮੰਨਦੇ ਹਨ ਕਿ ਰਿਸ਼ਤਿਆਂ ਦੀ ਕੁੜੱਤਣ ਅਜਿਹੀ ਦਰਾਮਦ ਸੰਭਵ ਨਹੀਂ ਹੋਣ ਦੇਵੇਗੀ।
* * *
ਰਿਸ਼ਤੇ ਲੀਹ ’ਤੇ ਲਿਆਉਣ ਦਾ ਮੌਕਾ
ਭਾਰਤ ਵਿਚ ਇਸੇ ਸਾਲ ਦੌਰਾਨ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ ਚੋਟੀ ਕਾਨਫਰੰਸ ਵਿਚ ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਸ਼ਮੂਲੀਅਤ ਸੰਭਵ ਬਣਾਏ ਜਾਣ ਦੀ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ ਜ਼ੋਰਦਾਰ ਵਕਾਲਤ ਕੀਤੀ ਹੈ। ਅਖ਼ਬਾਰ ਨੇ 18 ਜਨਵਰੀ ਦੇ ਅੰਕ ਵਿਚਲੀ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਚੋਟੀ ਕਾਨਫਰੰਸ ਲਈ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸਾਰੇ ਮੈਂਬਰ ਦੇਸ਼ਾਂ ਅਤੇ ਚਾਰ ਦਰਸ਼ਕ ਮੁਲਕਾਂ ਦੇ ਰਾਜ-ਪ੍ਰਮੁੱਖਾਂ ਨੂੰ ਸੱਦਾ ਭੇਜਿਆ ਜਾ ਰਿਹਾ ਹੈ। ਇਨ੍ਹਾਂ ਮੁਲਕਾਂ ਵਿਚ ਪਾਕਿਸਤਾਨ ਵੀ ਸ਼ਾਮਲ ਹੈ। ਦਰਅਸਲ, ਸ਼ੰਘਾਈ ਸਹਿਯੋਗ ਸੰਗਠਨ ਵਿਚ ਪਹਿਲਾਂ ਚੀਨ ਤੇ ਰੂਸ ਤੋਂ ਇਲਾਵਾ ਚਾਰ ਮੱਧ-ਏਸ਼ਿਆਈ ਮੁਲਕ (ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਉਜ਼ਬੇਕਿਸਤਾਨ ਤੇ ਤਾਜਿਕਸਤਾਨ) ਹੀ ਸ਼ਾਮਲ ਸਨ। ਭਾਰਤ ਤੇ ਪਾਕਿਸਤਾਨ ਨੂੰ 2017 ਵਿਚ ਮੈਂਬਰ ਬਣਾਇਆ ਗਿਆ। ਚਾਰ ‘ਦਰਸ਼ਕ’ ਮੁਲਕਾਂ ਵਿਚ ਅਫ਼ਗਾਨਿਸਤਾਨ ਤੇ ਇਰਾਨ ਵੀ ਸ਼ੁਮਾਰ ਹਨ।
ਸੰਪਾਦਕੀ ਵਿਚ ਭਾਰਤ ਦੇ ‘ਅੜੀਅਲ’ ਵਤੀਰੇ ਨਾਲ ਜੁੜੀਆਂ ਘਟਨਾਵਾਂ ਤੇ ਹੋਰ ‘ਜ਼ਿਆਦਤੀਆਂ’ ਦੀ ਫਹਿਰਿਸਤ ਦਰਜ ਕੀਤੀ ਗਈ ਹੈ, ਪਰ ਨਾਲ ਹੀ ਕਿਹਾ ਗਿਆ ਹੈ ਕਿ ਪਾਕਿਸਤਾਨੀ ਵਜ਼ੀਰੇ ਆਜ਼ਮ ਨੂੰ ਭਾਰਤ ਵਿਚ ਜਾਣ ਪ੍ਰਤੀ ਝਿਜਕ ਨਹੀਂ ਦਿਖਾਉਣੀ ਚਾਹੀਦੀ। ਇਸ ਦੀ ਵਜ੍ਹਾ ਹੈ ਕਿ ਦੁਵੱਲੇ ਮੰਚਾਂ ਉੱਤੇ ਗੱਲਬਾਤ ਸਮੇਂ ਦੋਵਾਂ ਧਿਰਾਂ ਉਪਰ ਕਈ ਤਰ੍ਹਾਂ ਦੇ ਅਣਚਾਹੇ ਦਬਾਅ ਹੁੰਦੇ ਹਨ ਅਤੇ ਭਾਨੀਮਾਰ ਵੀ ਭਾਨੀ ਮਾਰਨ ਦਾ ਮੌਕਾ ਨਹੀਂ ਖੁੰਝਾਉਂਦੇ, ਪਰ ਬਹੁ-ਮੁਲਕੀ ਮੰਚਾਂ ਉੱਤੇ ਮੁਲਾਕਾਤਾਂ ਗ਼ੈਰ-ਰਸਮੀ ਪੁੱਠ ਵਾਲੀਆਂ ਹੁੰਦੀਆਂ ਹਨ। ਲਿਹਾਜ਼ਾ, ਭਾਨੀਮਾਰਾਂ ਤੇ ਸਾਬੋਤਾਜ ਕਰਨ ਵਾਲਿਆਂ ਨੂੰ ਕੁਚਾਲਾਂ ਚੱਲਣ ਦਾ ਬਹੁਤਾ ਮੌਕਾ ਨਹੀਂ ਮਿਲਦਾ। ਰਸਮੀ ਵਾਰਤਾਲਾਪ ਆਰੰਭਣ ਦੇ ਮੌਕੇ ਤਲਾਸ਼ਣ ਨਾਲੋਂ ਬਿਹਤਰ ਹੈ ਕਿ ਗ਼ੈਰ-ਰਸਮੀ ਵਾਰਤਾਲਾਪ ਦੇ ਅਵਸਰ ਨਾ ਖੁੰਝਾਏ ਜਾਣ। ਐੱਸ.ਸੀ.ਓ. ਚੋਟੀ ਕਾਨਫਰੰਸ ਅਜਿਹਾ ਹੀ ਇਕ ਅਵਸਰ ਹੈ।
* * *

ਚੌਧਰੀ ਪਰਵੇਜ਼ ਇਲਾਹੀ

ਬੁਜ਼ਦਾਰ ਦੀ ਥਾਂ ਇਲਾਹੀ?
ਅੰਗਰੇਜ਼ੀ ਰੋਜ਼ਨਾਮਾ ‘ਦਿ ਨਿਊਜ਼’ ਦੇ ਐਤਵਾਰੀ ਅੰਕ ਦੀ ਵਿਸ਼ੇਸ਼ ਸੁਰਖ਼ੀ ਸੀ ‘ਪੰਜਾਬ ਵਿਚ ਸੱਤਾ ਪਰਿਵਰਤਨ ਬਹੁਤ ਛੇਤੀ’। ਇਸ ਰਿਪੋਰਟ ਅਨੁਸਾਰ ਸੂਬਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਦੀਆਂ ਰਾਜਸੀ ਤੇ ਪ੍ਰਸ਼ਾਸਨਿਕ ਨਾਕਾਮੀਆਂ ਤੋਂ ਹੁਕਮਰਾਨ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਦੇ ਕਰਤਾ-ਧਰਤਾ ਵੀ ਅੱਕ ਗਏ ਹਨ ਅਤੇ ਉਹ ਬੁਜ਼ਦਾਰ ਨੂੰ ਅਹੁਦੇ ਤੋਂ ਹਟਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਉਸ ਦੀ ਥਾਂ ਹਕੂਮਤੀ ਵਾਗਡੋਰ ਪਰਵੇਜ਼ ਇਲਾਹੀ ਨੂੰ ਸੌਂਪੇ ਜਾਣ ਦੀ ਤਿਆਰੀ ਹੈ ਜੋ ਪਹਿਲਾਂ ਵੀ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਲਾਹੀ ਹਕੂਮਤ ਚਲਾਉਣਾ ਵੀ ਜਾਣਦੇ ਹਨ ਅਤੇ ਰਾਜਸੀ ਧਿਰਾਂ ਨੂੰ ਗੰਢਣਾ ਵੀ। ਉਂਜ ਵੀ ਉਹ ਸੰਕੇਤ ਦੇ ਚੁੱਕੇ ਹਨ ਕਿ ਜੇਕਰ ਉਨ੍ਹਾਂ ਨੂੰ ਮੌਕਾ ਨਾ ਦਿੱਤਾ ਗਿਆ ਤਾਂ ਉਹ ਹਕੂਮਤੀ ਗੱਠਜੋੜ ਤੋਂ ਅਲਹਿਦਾ ਹੋ ਜਾਣਗੇ। 368 ਮੈਂਬਰੀ ਪੰਜਾਬ ਅਸੈਂਬਲੀ ਵਿਚ ਹਕੂਮਤੀ ਗੱਠਜੋੜ ਦੇ 195 ਅਤੇ ਵਿਰੋਧੀ ਧਿਰ ਦੇ 173 ਮੈਂਬਰ ਹਨ। ਪਰਵੇਜ਼ੀ ਇਲਾਹੀ ਨੂੰ ਸਰਕਾਰ ਤੋੜਨ ਲਈ ਸਿਰਫ਼ 12 ਮੈਂਬਰਾਂ ਦੀ ਹਮਾਇਤ ਦੀ ਲੋੜ ਹੈ। ਉਹ ਇਹ ਗਿਣਤੀ ਸਹਿਜੇ ਜੁਟਾ ਸਕਦੇ ਹਨ। ਅਜਿਹੀ ਸੂਰਤ ਵਿਚ ਪੀਟੀਆਈ ਦੇ ਕੇਂਦਰੀ ਨੇਤਾਵਾਂ ਨੂੰ ਇਹ ਵਾਜਬ ਜਾਪਦਾ ਹੈ ਕਿ ਪਾਰਟੀ ਨੂੰ ਹੋਰ ਖੁਨਾਮੀ ਤੋਂ ਬਚਾਉਣ ਲਈ ਉਹ ਬੁਜ਼ਦਾਰ ਨੂੰ ਬਦਲਣ ਦਾ ਰਾਹ ਅਪਣਾਉਣ। ਕੇਂਦਰੀ ਮੰਤਰੀ ਫ਼ਵਾਦ ਚੌਧਰੀ ਇਸ ਸੋਚ ਦਾ ਮੁਜ਼ਾਹਰਾ ਪਹਿਲਾਂ ਹੀ ਆਪਣੀ ਇਸ ਟਿੱਪਣੀ ਰਾਹੀਂ ਕਰ ਚੁੱਕੇ ਹਨ ਕਿ ਸੂਬਾਈ ਸਰਕਾਰ ਚੰਗੇ ਢੰਗ ਨਾਲ ਚੱਲਣੀ ਚਾਹੀਦੀ ਹੈ, ਇਸ ਦਾ ਮੁਖੀ ਕੌਣ ਹੋਵੇ, ਇਹ ਗੱਲ ਬਹੁਤੇ ਮਾਅਨੇ ਨਹੀਂ ਰੱਖਦੀ।
* * *
ਸ਼ਿਕਾਰ ਅਤੇ ਵਿਵਾਦ
ਬਹਿਰੀਨ ਦੇ ਯੁਵਰਾਜ ਨੂੰ ਸੂਬਾ ਸਿੰਧ ਵਿਚ ਹੁਬਾਰਾ ਤਿਲੌਰ (ਹਾਊਬਾਰਾ ਬਸਟਰਡ) ਦਾ ਸ਼ਿਕਾਰ ਕਰਨ ਦੀ ਖੁੱਲ੍ਹ ਦੇਣ ਤੋਂ ਉਪਜੇ ਵਿਵਾਦ ਤੋਂ ਬਾਅਦ ਹੁਣ ਦੁਬਈ ਦੇ ਇਕ ਉੱਚ ਸੁਰੱਖਿਆ ਅਧਿਕਾਰੀ ਤੇ ਸ਼ਾਹੀ ਘਰਾਣੇ ਦੇ ਮੈਂਬਰ, ਮੇਜਰ ਜਨਰਲ ਸ਼ੇਖ਼ ਅਹਿਮਦ ਬਿਨ ਰਸ਼ੀਦ ਅਲ-ਮਖ਼ਦੂਮ ਨੂੰ ਹੁਬਾਰਾ ਤਿਲੌਰ ਦੇ ਸ਼ਿਕਾਰ ਦਾ ਪਰਮਿਟ ਜਾਰੀ ਕੀਤੇ ਜਾਣ ਦਾ ਮੁੱਦਾ, ਕੌਮੀ ਤੇ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਰਮਿਟ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਡਿਪਟੀ ਚੀਫ਼ ਆਫ ਪ੍ਰੋਟੋਕੋਲ ਮੁਹੰਮਦ ਅਕੀਲ ਪਰਵੇਜ਼ ਨੇ ਜਾਰੀ ਕੀਤਾ। ਪਰਮਿਟ ਦੀਆਂ ਸ਼ਰਤਾਂ ਅਨੁਸਾਰ ਸ਼ੇਖ਼ ਅਹਿਮਦ ਦੀ ਸ਼ਿਕਾਰ ਪਾਰਟੀ ਦਸ ਦਿਨਾਂ ਦੇ ਅੰਦਰ ਸੌ ਤੋਂ ਵੱਧ ਪੰਛੀ ਨਹੀਂ ਮਾਰ ਸਕਦੀ। ਵਣ ਪ੍ਰਾਣੀਆਂ ਦੀ ਹਿਫ਼ਾਜ਼ਤ ਕਰਨ ਵਾਲੀ ਆਲਮੀ ਸੰਸਥਾ- ਵਿਸ਼ਵ ਵਣਜੀਵਨ ਸੰਗਠਨ (ਡਬਲਿਊਡਬਲਿਊਐੱਫ) ਦਾ ਕਹਿਣਾ ਹੈ ਕਿ ਸੌ ਤਾਂ ਕੀ, ਇਕ ਵੀ ਹੁਬਾਰਾ ਤਿਲੌਰ ਮਾਰੇ ਜਾਣ ਦੀ ਖੁੱਲ੍ਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਪੰਛੀ ਪ੍ਰਜਾਤੀ, ਲੁਪਤ ਹੋਣ ਦੇ ਖ਼ਤਰੇ ਵਾਲੀਆਂ ਪ੍ਰਜਾਤੀਆਂ ਵਿਚੋਂ ਇਕ ਹੈ। ਇਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ, ਮਾਰਨ ਦੀਆਂ ਨਹੀਂ। ਪਾਕਿਸਤਾਨ ਸਰਕਾਰ ਨੇ ਅਜਿਹੀ ਨੁਕਤਾਚੀਨੀ ਦਾ ਜਵਾਬ ਦੇਣ ਦੀ ਥਾਂ ਖ਼ਾਮੋਸ਼ੀ ਧਾਰੀ ਹੋਈ ਹੈ। ਅੰਗਰੇਜ਼ੀ ਰੋਜ਼ਨਾਮਾ ‘ਫਰੰਟੀਅਰ ਪੋਸਟ’ ਦੀ ਸੰਪਾਦਕੀ ਨੇ ਸਰਕਾਰੀ ਖ਼ਾਮੋਸ਼ੀ ਦੀ ਸਖ਼ਤ ਮਜ਼ੱਮਤ ਕੀਤੀ ਹੈ ਅਤੇ ਪੁੱਛਿਆ ਹੈ ਕਿ ਜਦੋਂ ਭਾਰਤ, ਅਰਬ ਦੇਸ਼ਾਂ ਦੇ ਸ਼ੇਖ਼ਾਂ ਨੂੰ ਸ਼ਿਕਾਰ ਦੀ ਖੁੱਲ੍ਹ ਦੇਣ ਲਈ ਤਿਆਰ ਨਹੀਂ ਤਾਂ ਪਾਕਿਸਤਾਨ ਕਿਸ ਮਜਬੂਰੀਵੱਸ ਆਪਣੇ ਵਣਜੀਵਨ ਦਾ ਘਾਣ ਕਰਾਵਾ ਰਿਹਾ ਹੈ?
* * *
ਕਲੀਬਾਜ਼ ਦੀ ਕਲੀ ਤੇ ਚਾਂਦੀ
ਅੰਗਰੇਜ਼ੀ ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬ੍ਰਿਊਨ’ ਨੇ ਭਾਂਡੇ ਕਲੀ ਕਰਨ ਦੀ ਕਲਾ ਅਤੇ ਇਸ ਕਲਾ ਦੀ ਮੰਗ ਦੀ ਵਾਪਸੀ ਬਾਰੇ ਇਕ ਫੀਚਰ ਪ੍ਰਕਾਸ਼ਿਤ ਕੀਤਾ ਹੈ। ਅੱਜ ਤੋਂ ਤਿੰਨ-ਸਾਢੇ ਤਿੰਨ ਦਹਾਕੇ ਪਹਿਲਾਂ ਤਕ ‘ਭਾਂਡੇ ਕਲੀ ਕਰਾ ਲਓ’ ਦਾ ਹੋਕਾ ਸਾਡੀਆਂ ਗਲੀਆਂ-ਮੁਹੱਲਿਆਂ ਵਿਚ ਅਕਸਰ ਸੁਣਨ ਨੂੰ ਮਿਲਿਆ ਕਰਦਾ ਸੀ। ਫਿਰ ਸਟੇਨਲੈੱਸ ਸਟੀਲ ਤੇ ਪਲਾਸਟਿਕ ਦੇ ਭਾਂਡਿਆਂ ਦੀ ਆਮਦ ਅਤੇ ਪਸਾਰੇ ਨੇ ਕਲੀ ਤੇ ਕਲੀਬਾਜ਼ਾਂ ਦਾ ਮਹੱਤਵ ਖ਼ਤਮ ਕਰ ਦਿੱਤਾ। ਹੁਣ ਇਹ ਧੰਦਾ ਕਰਨ ਵਾਲੇ ਵਿਰਲੇ-ਟਾਵੇਂ ਹੀ ਬਚੇ ਹਨ। ਅਜਿਹਾ ਹੀ ਇਕ ਕਲੀਕਾਰ ਅਬਦੁਲ ਸੱਤਾਰ ਹੈ। 55 ਵਰ੍ਹਿਆਂ ਦਾ ਸੱਤਾਰ ਸਿਆਲਕੋਟ ਵਿਚ ਰਹਿੰਦਾ ਹੈ। ਉਸ ਦਾ ਅੱਡਾ, ਮੇਨ ਬਾਜ਼ਾਰ ਵਿਚ ਦੁਕਾਨ ਦੇ ਰੂਪ ਵਿਚ ਹੈ। ਉਹ ਗਲੀਆਂ-ਮੁਹੱਲਿਆਂ ਦੇ ਚੱਕਰ ਨਹੀਂ ਲਾਉਂਦਾ, ਆਪਣੀ ਦੁਕਾਨ ’ਤੇ ਹੀ ਬੈਠਦਾ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਕੰਮ ਦੇ ਕਦਰਦਾਨ ਦੂਰ ਦੂਰ ਤਕ ਮੌਜੂਦ ਹਨ। ਉਸ ਨੂੰ ਸਗਲੇ-ਪਤੀਲੇ ਤੇ ਦੇਗ਼ਚੀਆਂ ਕਲੀ ਕਰਨ ਲਈ ਕਦੇ ਲਾਹੌਰ, ਕਦੇ ਫ਼ੈਸਲਾਬਾਦ, ਕਦੇ ਮੁਲਤਾਨ ਜਾਂ ਸਰਗੋਧੇ ਅਤੇ ਕਦੇ ਕਦੇ ਪਿਸ਼ਾਵਰ ਤੇ ਹਰੀਪੁਰ ਵੀ ਜਾਣਾ ਪੈਂਦਾ ਹੈ। ਜਿਸ ਕੰਮ ਲਈ ਕਦੇ ਪੰਜ-ਦਸ ਰੁਪਏ ਮਿਲਦੇ ਸਨ, ਹੁਣ 1500 ਤੋਂ ਦੋ ਹਜ਼ਾਰ ਰੁਪਏ ਤਕ ਲਏ ਜਾਂਦੇ ਹਨ। ਇਕ ਕਿਲੋ ਵਜ਼ਨੀ ਦੇਗ਼ ਕਲੀ ਕਰਨ ਦੇ ਉਹ 6300 ਰੁਪਏ ਲੈਂਦਾ ਹੈ। ਉਸ ਦਾ ਕਹਿਣਾ ਹੈ ਕਿ ਲੋਕ, ਖ਼ਾਸ ਕਰਕੇ ਪੜ੍ਹੇ-ਲਿਖੇ ਲੋਕ ਹੁਣ ਰਵਾਇਤੀ ਭਾਂਡਿਆਂ ਵੱਲ ਪਰਤਣ ਲੱਗ ਪਏ ਹਨ। ਇਸੇ ਲਈ ਉਸ ਦੇ ਕੰਮ ਦੇ ਕਦਰਦਾਨਾਂ ਦੀ ਗਿਣਤੀ ਵਧ ਰਹੀ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਚਾਰ ਪੁੱਤਰਾਂ ਵਿਚੋਂ ਘੱਟੋ-ਘੱਟ ਇਕ ਜਣਾ ਉਸ ਵਾਲਾ ਧੰਦਾ ਅਪਣਾਏ, ਪਰ ਉਨ੍ਹਾਂ ‘‘ਸ਼ੋਹਦਿਆਂ ਨੂੰ ਤਾਂ ਮੋਬਾਈਲਾਂ ਤੋਂ ਹੀ ਵਿਹਲ ਨਹੀਂ ਮਿਲਦੀ।’’
– ਪੰਜਾਬੀ ਟ੍ਰਿਬ੍ਰਿਊਨ ਫੀਚਰ


Comments Off on ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.