ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਆਜ਼ਾਦੀਆਂ

Posted On January - 26 - 2020

ਸੁਖਮਿੰਦਰ ਸੇਖੋਂ
ਕਥਾ ਪ੍ਰਵਾਹ

ਅੱਜ ਉਹ ਘਰ ਪਰਤ ਰਿਹਾ ਸੀ, ਜ਼ਿੰਦਗੀ ਦੀ ਸੱਚਾਈ ਦੇ ਅੰਗ-ਸੰਗ ਤੁਰਦਿਆਂ ਤੁਰਦਿਆਂ। ਸੋਚ ਰਿਹਾ ਸੀ ਕਿ ਆਦਮੀ ਸੋਚਦਾ ਕੁਝ ਹੈ ਤੇ ਹੋ ਕੁਝ ਹੋਰ ਜਾਂਦਾ ਏ। ਸੋਚ ਰਿਹਾ ਸੀ ਕਿ ਕਈ ਵਾਰੀ ਆਦਮੀ ਕਿਸੇ ਨਾਲ ਡੂੰਘਾ ਪਿਆਰ ਕਰਦਿਆਂ ਵੀ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਦਾ। ਫਿਰ ਕਈ ਸ਼ੰਕੇ, ਵਹਿਮ ਉਪਜਦੇ ਨੇ ਤੇ ਨੌਬਤ ਇੱਥੋਂ ਤੱਕ ਵੀ ਆ ਜਾਂਦੀ ਏ ਕਿ…
ਉਦੋਂ ਦੀ ਗੱਲ ਹੈ ਜਦੋਂ ਉਹ ਹਾਲੇ ਬੱਚਾ ਹੀ ਸੀ। ਚੌਹਾਂ ਪੰਜਾਂ ਵਰ੍ਹਿਆਂ ਦਾ ਹੋਵੇਗਾ। ਇਸ ਉਮਰੇ ਕੋਈ ਵੀ ਗੱਲ ਜੇਕਰ ਦਿਮਾਗ਼ ਅੰਦਰ ਘਰ ਕਰ ਜਾਵੇ ਤਾਂ ਉਸ ਤੋਂ ਦੇਰ ਤੀਕ ਪਿੱਛਾ ਨਹੀਂ ਛੁੱਟਦਾ। ਕਿਸੇ ਡਰ ਜਾਂ ਸਹਿਮ ਦਾ ਮਨੋਂ ਨਿਕਲਣਾ ਜੇਕਰ ਔਖਾ ਨਹੀਂ ਤਾਂ ਮੁਸ਼ਕਿਲ ਤਾਂ ਜ਼ਰੂਰ ਬਣ ਜਾਂਦਾ ਏ।
ਉਦੋਂ ਦਾ ਉਸ ਨੂੰ ਯਾਦ ਏ, ਜਦੋਂ ਉਸ ਦੀ ਮਾਂ ਉਸ ਦੇ ਮੂੰਹ ਵਿਚ ਬਹੁਤ ਹੀ ਪਿਆਰ ਨਾਲ ਰੋਟੀ ਦੀ ਗਰਾਹੀ ਪਾ ਰਹੀ ਸੀ ਤਾਂ ਬਾਪੂ ਆਣ ਧਮਕਿਆ ਸੀ, ‘‘ਤੂੰ ਉਰ੍ਹੇ ਬੈਠੇ ਨੂੰ ਚੂਰੀਆਂ ਖਵਾ ਰਹੀ ਐਂ…? ਇਹਨੂੰ ਪੁੱਛ ਬਈ ਇਹਨੇ ਕਿਤਾਬ ਨੂੰ ਹੱਥ ਵੀ ਲਾਇਆ ਕਿ ਨਹੀਂ…?’’
ਸੁੱਖੀ ਦੀ ਮਾਂ ਦੇ ਮੂੰਹ ’ਤੇ ਉਸ ਦੇ ਸਾਹਮਣੇ ਹੀ ਹਥੌੜੇ ਵਰਗੇ ਹੱਥ ਨਾਲ ਥੱਪੜ ਵੱਜਿਆ ਸੀ ਜਿਸ ਦੇ ਖੜਾਕ ਨਾਲ ਉਸ ਦਾ ਕਲੇਜਾ ਧਕ-ਧਕ ਕਰਨ ਲੱਗਾ ਸੀ। ਸ਼ੁਕਰ ਹੈ ਕਿ ਉਸ ਦੇ ਮੂੰਹ ’ਤੇ ਚਪੇੜ ਨਹੀਂ ਸੀ ਪਈ, ਨਹੀਂ ਤਾਂ…।
‘‘ਪਹਿਲਾਂ ਕਿਤਾਬ ਚੱਕ ਜਾ ਕੇ, ਫੇਰ ਝੁਲਸੀਂ ਮੰਨੀਆਂ…।’’ ਬਾਪੂ ਹਰਦੇਵ ਸਿੰਘ ਦੇ ਕੜਕਵੇਂ ਬੋਲ ਸੁਣ ਕੇ ਸੁੱਖੀ ਤੋਂ ਅੱਧੀ ਬੁਰਕੀ ਵੀ ਅੰਦਰ ਨਹੀਂ ਸੀ ਲੰਘਾਈ ਗਈ। ਦਿਲ ਕੱਚਾ-ਕੱਚਾ ਹੋਣ ਲੱਗ ਪਿਆ ਸੀ। ਜਾਪਦਾ ਸੀ ਜਿਵੇਂ ਉਲਟੀ ਹੀ ਆ ਜਾਵੇਗੀ। ਬਲਬੀਰ ਕੌਰ ਨੇ ਆਪਣੇ ਪੁੱਤ ਦੇ ਮੂੰਹ ਨੂੰ ਪਾਣੀ ਦਾ ਗਿਲਾਸ ਲਾ ਦਿੱਤਾ ਸੀ।

ਸੁਖਮਿੰਦਰ ਸੇਖੋਂ

ਇਹ ਕੋਈ ਇਕ ਦਿਨ ਦੀ ਗੱਲ ਥੋੜ੍ਹਾ ਸੀ, ਰੋਜ਼ ਦਾ ਹੀ ਸਿਲਸਿਲਾ ਬਣ ਗਿਆ ਸੀ। ਬਾਪੂ ਕਿਸੇ ਨਾ ਕਿਸੇ ਬਹਾਨੇ ਉਸ ਦੀ ਝਾੜ-ਝੰਬ ਜ਼ਰੂਰ ਕਰਦਾ। ਬਲਬੀਰ ਕੌਰ ਦਾ ਵੀ ਉਸ ਨੇ ਜਿਉਣਾ ਹਰਾਮ ਕਰ ਛੱਡਿਆ ਸੀ। ਮੰਦੇ ਬੋਲ ਹੀ ਨਹੀਂ ਸੀ ਬੋਲਦਾ, ਕਈ ਵਾਰ ਤਾਂ ਗਾਲ੍ਹਾਂ ’ਤੇ ਵੀ ਉਤਰ ਆਉਂਦਾ। ਵਾਹ ਲੱਗਦਿਆਂ ਚਪੇੜਾਂ ਵੀ ਰਸੀਦ ਕਰ ਦਿੰਦਾ। ਹੱਥ ਹੀ ਨਹੀਂ, ਕਈ ਵਾਰ ਤਾਂ ਠੇਡਿਆਂ ਤੋਂ ਵੀ ਕੰਮ ਲੈਂਦਾ। ਇਹ ਨਹੀਂ ਕਿ ਉਹ ਦਾਰੂ ਪੀ ਕੇ ਹੀ ਇਹ ਖੇਹ ਉਡਾਉਂਦਾ ਸਗੋਂ ਸੋਫੀ ਵੀ ਉਸ ਦਾ ਕ੍ਰੋਧ ਸਿਰ ਨੂੰ ਚੜ੍ਹਿਆ ਹੀ ਰਹਿੰਦਾ। ਪਰ ਮਾਂ ਇਸ ਦੇ ਬਿਲਕੁਲ ਉਲਟ ਸੁਭਾਅ ਦੀ ਸੀ, ਸਹਿਜ ਤੇ ਸ਼ਾਂਤ!
ਹਰਦੇਵ ਸਿੰਘ ਆਖਦਾ, ‘‘ਕੁੱਤੀਏ! ਤੂੰ ਇਨ੍ਹਾਂ ਸਾਰੇ ਝਰੀਟਾਂ ਨੂੰ ਸਿਰ ਚੜ੍ਹਾ ਰੱਖਿਐ, ਨਹੀਂ ਤਾਂ ਕੀਹਦੀ ਮਜਾਲ ਐ ਕਿ ਕੋਈ ਮੇਰਾ ਹੁਕਮ ਨਾ ਮੰਨੇ…?’’
ਹਰਦੇਵ ਸਿੰਘ ਦਾ ਹੁਕਮ ਹੁੰਦਾ ਸੁੱਖੀ ਦੀ ਮਾਂ ਲਈ, ਉਸ ਲਈ ਤੇ ਉਸ ਦੀ ਛੋਟੀ ਭੈਣ ਲਈ, ‘‘ਚੱਲ ਕੁੜੀਏ! ਅੱਜ ਤੈਨੂੰ ਬੀ ਸਬਕ ਸਿਖਾ ਈ ਦਿਆਂ… ਘੰਟੇ ਤੋਂ ਖੌਰੂ ਪਾ ਰੱਖਿਐ?’’
ਤੇ ਬਾਪੂ ਹਰਦੇਵ ਸਿੰਘ ਨੇ ਅੱਠ ਕੁ ਵਰ੍ਹਿਆਂ ਦੀ ਰਾਣੀ ਨੂੰ ਆਪਣੀਆਂ ਮਜ਼ਬੂਤ ਬਾਹਵਾਂ ਵਿਚ ਚੁੱਕ ਲਿਆ ਤੇ ਜੂਨ ਦੇ ਤਪਦੇ ਮਹੀਨੇ ਨੰਗੇ ਪੈਰੀਂ ਕਮਰੇ ਤੋਂ ਬਾਹਰ ਖੜ੍ਹੀ ਕਰ ਦਿੱਤਾ। ਜਦੋਂ ਰਾਣੀ ਦੇ ਪੈਰ ਮੱਚਣ ਲੱਗੇ ਤੇ ਮੁੜ੍ਹਕੇ ਨਾਲ ਉਹ ਪੂਰੀ ਭਿੱਜ ਗਈ ਤਾਂ ਉਹ ਡੁਸਕਣ ਲੱਗੀ। ਉਸ ਦੇ ਔਖੇ ਔਖੇ ਸਾਹ ਦੇਖ ਕੇ ਮਾਂ ਦਾ ਕਲੇਜਾ ਨਪੀੜਿਆ ਗਿਆ ਸੀ ਤੇ ਸੁੱਖੀ ਤਾਂ ਰੋਣ ਹੀ ਲੱਗ ਪਿਆ ਸੀ। ਪਰ ਬਾਪੂ ਦਾ ਹਦਾਇਤਨਾਮਾ, ‘‘ਬਹੁਤਾ ਨਾ ਬੂਕ ਕੁੜੀਏ! ਚੁੱਪ ਕਰਕੇ ਖੜ੍ਹੀ ਰਹਿ। ਜੇ ਬਹੁਤੀ ਚੀਕ-ਚਿਹਾੜ ਕੀਤੀ ਤਾਂ ਬਾਹਵਾਂ ਵੀ ਤਾਹਾਂ ਖੜ੍ਹੀਆਂ ਕਰਾ ਦੂੰਗਾ…।’’
ਮਾਂ ਨੇ ਰੋ ਰੋ ਕੇ ਅੱਖਾਂ ਸੁਜਾ ਲਈਆਂ ਸਨ। ਸੁੱਖੀ ਦੀ ਵੱਡੀ ਭੈਣ ਵੀ ਬਾਪੂ ਦੇ ਹਾੜ੍ਹੇ ਕੱਢ ਕੇ ਥੱਕ ਹਾਰ ਗਈ ਸੀ। ਸਾਰਿਆਂ ਤੋਂ ਵੱਡਾ ਭਰਾ ਅੰਦਰੋ-ਅੰਦਰੀ ਅੱਗ ਉਗਲਦਾ ਰਿਹਾ ਸੀ, ਪਰ ਉਸ ਦੀ ਜੁਰੱਅਤ ਨਹੀਂ ਸੀ ਪੈ ਰਹੀ ਕਿ ਉਹ ਬਾਪੂ ਦਾ ਵਿਰੋਧ ਕਰੇ ਕਿ ‘‘ਤੂੰ ਏਡਾ ਜ਼ਾਲਿਮ ਹੋ ਗਿਐਂ ਬਾਪੂ…?’’
ਤੇ ਸੁੱਖੀ… ਉਹ ਨੰਨ੍ਹੀ ਜਾਨ ਤਾਂ ਬੋਲਣ ਦੇ ਸਮਰੱਥ ਹੀ ਨਹੀਂ ਸੀ, ਪਰ ਅਜਿਹੇ ਮੌਕੇ ਉਹ ਹੱਦੋਂ ਵੱਧ ਘਬਰਾ ਜਾਂਦਾ ਸੀ। ਸਹਿਮ ਕੇ ਆਪਣੀ ਮਾਂ ਨਾਲ ਜਾ ਚਿੰਬੜਦਾ, ਪਰ ਬਾਪੂ ਹਮੇਸ਼ਾਂ ਆਪਣੀ ਜਿੱਤ ਦੀ ਖ਼ੁਸ਼ੀ ਦੇ ਜਸ਼ਨ ਮਨਾਉਂਦਾ। ਰਾਤ ਨੂੰ ਹੀ ਨਹੀਂ, ਦਿਨੇ ਹੀ ਚੜ੍ਹਾ ਲੈਂਦਾ।
ਅੰਤ ਰਾਣੀ ਵੀ ਕਦੋਂ ਤੱਕ ਧੁੱਪ ਦੀ ਤਪਸ਼ ਸਹਿੰਦੀ। ਬੇਹੋਸ਼ ਹੋ ਕੇ ਡਿੱਗ ਪਈ। ਸਾਰੇ ਪਰਿਵਾਰ ਦੇ ਜੀਅ ਉਸ ਵੱਲ ਦੌੜੇ ਗਏ ਸਨ, ਪਰ ਹਰਦੇਵ ਸਿੰਘ ਦੀ ਸਿਹਤ ’ਤੇ ਕੋਈ ਅਸਰ ਨਹੀਂ ਸੀ ਹੋਇਆ। ਉਲਟਾ ਉਹ ਬੋਲਿਆ ਸੀ, ‘‘ਕੋਈ ਨ੍ਹੀਂ, ਕੁਛ ਨ੍ਹੀਂ ਹੁੰਦਾ। ਸਾਰੇ ਆਪੋ-ਆਪਣੇ ਕੰਮ ਕਰੋ। ਮੈਂ ਆਪੇ ਦੇਖ ਲੂੰਗਾ…।’’
ਹਰਦੇਵ ਸਿੰਘ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ। ਪਿੰਡ ਦੇ ਲੋਕ ਵੀ ਘਰਦਿਆਂ ਵਾਂਗ ਉਸ ਨੂੰ ‘ਬਾਪੂ’ ਜਾਂ ‘ਬਾਪੂ ਜੀ’ ਕਹਿ ਕੇ ਸੰਬੋਧਨ ਹੁੰਦੇ ਸਨ। ਹਾਲਾਂਕਿ ਬਾਪ ਜਾਂ ਪਿਤਾ ਵਾਲੀ ਉਸ ਵਿਚ ਅਜਿਹੀ ਕਿਹੜੀ ਗੱਲ ਸੀ, ਕੋਈ ਗੁਣ ਜਾਂ ਉੱਚਾ ਚਰਿੱਤਰ!
ਇਸ ਦੇ ਬਾਵਜੂਦ ਉਹ ਬਾਪੂ ਸੀ, ਘਰ ਪਰਿਵਾਰ ਤੇ ਪੂਰੇ ਪਿੰਡ ਦਾ ਬਾਪੂ। ਘਰ ਤੇ ਪਿੰਡ ਦੇ ਫ਼ੈਸਲੇ ਲੈਣ ਵਾਲਾ ਚੌਧਰੀ। ਉਸ ਦਾ ਹਰ ਹੁਕਮ ਇਲਾਹੀ ਫ਼ਰਮਾਨ ਵਾਂਗ ਹੁੰਦਾ। ਉਹ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਬਣਾਉਣ ਜਾਣਦਾ ਸੀ। ਸ਼ਾਇਦ ਉਸ ਦੇ ਰੋਅਬ ਦੇ ਡਰੇ ਜਾਂ ਉਸ ਨੂੰ ਵੱਡਾ ਸਿਆਣਾ ਜਾਣਦੇ ਹੋਏ ਉਸ ਦੇ ਹਰ ਫ਼ੈਸਲੇ ’ਤੇ ਪਰਿਵਾਰ ਅਤੇ ਪਿੰਡ ਨੂੰ ਫੁੱਲ ਚੜ੍ਹਾਉਣੇ ਪੈਂਦੇ ਸਨ।
ਨੰਨ੍ਹੀ ਰਾਣੀ ਨੂੰ ਉਸ ਦਿਨ ਪੂਰੇ ਦੋ ਘੰਟੇ ਬਾਅਦ ਹੋਸ਼ ਵਿਚ ਲਿਆਂਦਾ ਗਿਆ। ਮਾਂ ਦੀਆਂ ਰੋ ਰੋ ਕੇ ਅੱਖਾਂ ਸੁੱਜ ਗਈਆਂ ਸਨ। ਵੱਡਾ ਭਰਾ ਅੰਦਰੋ-ਅੰਦਰੀ ਧੂਣੀ ਵਾਂਗ ਧੁਖ਼ਦਾ ਰਿਹਾ ਸੀ। ਵੱਡੀ ਭੈਣ ਵੀ ਬੋਲਣ ਦਾ ਹੌਸਲਾ ਨਹੀਂ ਸੀ ਕਰ ਸਕੀ। ਸੁੱਖੀ ਤਾਂ ਰਾਣੀ ਤੋਂ ਵੀ ਛੋਟਾ ਸੀ, ਨਿੱਕਾ ਨਿਆਣਾ… ਉਹ ਤਾਂ ਖ਼ੁਦ ਸਹਿਮ ਗਿਆ ਸੀ। ਰਾਣੀ ਦੇ ਨਾਜ਼ੁਕ ਪੈਰ ਛਾਲੇ ਛਾਲੇ ਹੋ ਗਏ ਸਨ। ਕਿੰਨੇ ਹੀ ਦਿਨ ਉਹ ਸਕੂਲ ਨਹੀਂ ਸੀ ਜਾ ਸਕੀ। ਆਪਣੀ ਕਲਾਸ ਵਿਚੋਂ ਪਹਿਲਾ ਨੰਬਰ ਲੈਣ ਵਾਲੀ ਰਾਣੀ ਹਮੇਸ਼ਾਂ ਦੇ ਉਲਟ ਚੌਥੇ ਨੰਬਰ ’ਤੇ ਆਈ ਸੀ।
ਬਾਪੂ ਹਰਦੇਵ ਤੋਂ ਸਾਰੇ ਤੰਗ ਪਰੇਸ਼ਾਨ ਸਨ, ਪਰ ਕਦੇ ਵੀ ਕੋਈ ਉਸ ਅੱਗੇ ਆਵਾਜ਼ ਬੁਲੰਦ ਨਹੀਂ ਸੀ ਕਰ ਸਕਿਆ।
ਇਕ ਦਿਨ ਬਾਪੂ ਨੇ ਆਪਣੀ ਵੱਡੀ ਧੀ ਲਈ ਇਕ ਰਿਸ਼ਤਾ ਦੇਖਿਆ ਤੇ ਪਹਿਲੀ ਵਾਰ ਹੀ ਦੇਖੇ ਰਿਸ਼ਤੇ ਨੂੰ ਪਹਿਲੀ ਨਜ਼ਰ ਹੀ ਮਨਜ਼ੂਰੀ ਦੇ ਦਿੱਤੀ। ਜਦੋਂ ਬਲਬੀਰ ਤੇ ਸੁੱਖੀ ਦੇ ਵੱਡੇ ਭਰਾ ਰਣਜੀਤ ਨੇ ਬਾਪੂ ਨੂੰ ਨਿਮਰਤਾ ਸਹਿਤ ਸਮਝਾਉਣ ਦਾ ਯਤਨ ਕੀਤਾ ਤਾਂ ਉਹ ਇਕਦਮ ਭੜਕ ਉਠਿਆ, ‘‘ਹੁਣ ਮੈਨੂੰ ਵੀ ਨਸੀਹਤਾਂ ਦੇਣ ਆਲੇ ਇਸ ਘਰ ’ਚ ਜੰਮ ਪਏ ਓਏ ਲੋਕੋ…!’’
ਬਾਪੂ ਹਰਦੇਵ ਸਿੰਘ ਖੌਰੇ ਕਿਹੋ ਜਿਹਾ ਸੀ ਕਿ ਪੱਥਰ ’ਤੇ ਬੂੰਦ ਪਈ ਨਾ ਪਈ ਇਕ ਬਰਾਬਰ ਸੀ। ਦਲਜੀਤ ਨੂੰ ਵਡੇਰੀ ਉਮਰ ਦੇ ਇਕ ਨਸ਼ੇੜੀ ਨਾਲ ਨਰੜ ਦਿੱਤਾ ਗਿਆ।
ਬਾਪੂ ਦੀ ਇਸ ਦੇ ਸਨਮੁੱਖ ਦਲੀਲ ਸੀ, ‘‘ਸਾਡੇ ਤੋਂ ਵੱਡੇ ਜ਼ਿਮੀਦਾਰ ਨੇ। ਕਿਸੇ ਚੀਜ਼ ਦਾ ਘਾਟੈ ਉਨ੍ਹਾਂ ਨੂੰ… ਸਾਰੇ ਪਿੰਡ ’ਤੇ ਰਾਜ ਚਲਦੈ ਉਨ੍ਹਾਂ ਦਾ…!’’
ਪਰ ਹਾਲੇ ਕੁਝ ਸਮਾਂ ਹੀ ਬੀਤਿਆ ਸੀ ਕਿ ਇਕ ਰੋਜ਼ ਦਲਜੀਤ ਰੋਂਦੀ ਰੋਂਦੀ ਘਰ ਆ ਪਹੰਚੀ। ਪੁੱਛਣ ’ਤੇ ਕੁਝ ਨਾ ਦੱਸੇ, ਬੱਸ ਰੋਈ ਜਾਵੇ। ਜਦੋਂ ਬਲਬੀਰ ਨੇ ਆਪਣੀ ਧੀ ਨੂੰ ਜ਼ੋਰ ਦੇ ਕੇ ਪੁੱਛਿਆ ਤਾਂ ਉਹ ਡੁਸਕਦਿਆਂ ਕਹਿਣ ਲੱਗੀ, ‘‘ਬੀਬੀ! ਚਾਹੇ ਹੁਣ ਕੁਛ ਵੀ ਹੋ ਜੇ ਮੈਂ ਨਹੀਂ ਉਨ੍ਹਾਂ ਕੰਜਰਾਂ ਦੇ ਜਾਣਾ…।’’
‘‘ਜਾਣ ਪੁੱਤ ਤੇਰੇ ਦੁਸ਼ਮਣ…।’’ ਬਲਬੀਰ ਹੀ ਨਹੀਂ, ਪਰਿਵਾਰ ਦੇ ਦੂਸਰੇ ਮੈਂਬਰਾਂ ਅੱਗੇ ਵੀ ਸਾਰੀ ਕਹਾਣੀ ਚਿੱਟੇ ਦੁੱਧ ਵਾਂਗ ਨਿੱਤਰ ਕੇ ਸਾਹਮਣੇ ਆ ਗਈ ਸੀ। ਬਾਪੂ ਹਰਦੇਵ ਸਿੰਘ ਤੋਂ ਵੀ ਵਧ ਕੇ ਉਨ੍ਹਾਂ ਦੇ ਜਵਾਈ ਤੇ ਕੁੜਮ ਕੁੜਮਣੀ ਦੀ ਹੈਂਕੜਬਾਜ਼ੀ। ਨਿੱਤ ਦੇ ਮਿਹਣੇ ਤੇ ਕੁੱਟਮਾਰ। ਮੁੰਡਾ ਤੇ ਪਿਓ ਦੋਵੇਂ ਹੀ ਸਿਰੇ ਦੇ ਪਿਅੱਕੜ। ਪੁੱਤ ਦੇ ਹੀ ਨਹੀਂ, ਬਾਪ ਦੇ ਵੀ ਨਾਜ਼ਾਇਜ਼ ਸਬੰਧ!
ਜਦੋਂ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਆਪਣਾ ਫ਼ੈਸਲਾ ਸੁਣਾਇਆ ਤਾਂ ਬਾਪੂ ਭੜਕ ਉੱਠਿਆ, ‘‘ਕਿਉਂ ਨ੍ਹੀਂ ਜਾਊਗੀ ਆਵਦੇ ਸਹੁਰੇ…? ਹੁਣ ਇਹਦਾ ਐਥੇ ਕੀ ਧਰਿਐ? ਪਹਿਲੀ ਮਾਰ ਤੋਂ ਈ ਡਰਗੀ। ਆਵਦੀ ਮਾਂ ਨੂੰ ਪੁੱਛ, ਮੈਂ ਤਾਂ ਪਹਿਲੀ ਰਾਤ ਈ ਦਾਰੂ ਦੇ ਰੱਜੇ ਹੋਏ ਨੇ ਇਹਦੇ ਪੰਜ ਛੇ ਰੈਬਟੇ ਮਾਰੇ ਸੀ… ਪੁੱਛ ਕਿਉਂ? ਬਈ ਇਹ ਹਮੇਸ਼ਾ ਮੇਰੇ ਥੱਲੇ ਲੱਗ ਕੇ ਰਹੇ। ਮੰਨਦੇ ਓਂ ਹਰਦੇਵ ਸਿਉਂ ਜੈਲਦਾਰ ਨੂੰ…?’’
ਬਾਪੂ ਦੀ ਹੈਂਕੜ ਸਾਹਮਣੇ ਕਿਸੇ ਦੀ ਪੇਸ਼ ਨਾ ਚੱਲੀ। ਦਲਜੀਤ ਨੂੰ ਉਹ ਖ਼ੁਦ ਆਪਣੀ ਜੀਪ ਵਿਚ ਉਸ ਦੇ ਸਹੁਰੇ ਛੱਡ ਕੇ ਆਇਆ।
ਉਦੋਂ ਕੋਈ ਮੋਬਾਈਲ ਤਾਂ ਕੀ, ਲੈਂਡਲਾਈਨ ਵੀ ਕਿਸੇ ਵਿਰਲੇ ਟਾਵੇਂ ਦੇ ਘਰ ਹੀ ਹੁੰਦਾ ਸੀ। ਬੱਸ ਚਿੱਠੀ ਪੱਤਰੀ ਚੱਲਦੀ ਜਾਂ ਕੋਈ ਆਉਂਦੇ ਜਾਂਦੇ ਹੱਥ ਸੁੱਖ ਸੁਨੇਹਾ…। ਦਲਜੀਤ ਦੇ ਸਹੁਰਿਓਂ ਵੀ ਆਖ਼ਰ ਸੁਨੇਹਾ ਆ ਹੀ ਗਿਆ: ‘‘ਆਵਦੀ ਸਿਰਫਿਰੀ ਔਲਾਦ ਨੂੰ ਲੈ ਜਾਵੋ…।’’
ਰਣਜੀਤ ਆਪਣੀ ਭੈਣ ਨੂੰ ਲੈ ਤਾਂ ਆਇਆ, ਪਰ ਉਸ ਦੀ ਹਾਲਤ ਕਿਸੇ ਤੋਂ ਦੇਖੀ ਨਹੀਂ ਸੀ ਜਾ ਰਹੀ। ਗੁੰਦਵਾਂ ਸਰੀਰ ਕੁਮਲਾ ਗਿਆ ਸੀ। ਅੱਖਾਂ ਹੇਠ ਕਾਲਖ ਸੀ ਤੇ ਗੋਰਾ ਰੰਗ ਫਿੱਕਾ ਪੈ ਗਿਆ ਸੀ। ਆਪਣੀ ਉਮਰ ਤੋਂ ਕਿਤੇ ਵਡੇਰੀ ਜਾਪ ਰਹੀ ਸੀ। ਉਸ ਦੇ ਕਈ ਥਾਈਂ ਜ਼ਖ਼ਮਾਂ ਦੇ ਨਿਸ਼ਾਨ ਵੀ ਸਨ।
ਬਲਬੀਰ ਆਪਣੀ ਧੀ ਦਾ ਇਹ ਹਾਲ ਦੇਖ ਕੇ ਲਗਭਗ ਚੀਕ ਹੀ ਪਈ ਸੀ। ਤੇ ਦਲਜੀਤ ਸਿਰਫ਼ ਸਰੀਰਕ ਹੀ ਨਹੀਂ, ਮਾਨਸਿਕ ਤੌਰ ’ਤੇ ਵੀ ਟੁੱਟ ਗਈ ਸੀ। ਸਾਰਾ ਸਾਰਾ ਦਿਨ ਮੰਜੇ ’ਤੇ ਪਈ ਖਾਲੀ ਖਾਲੀ ਅੱਖਾਂ ਨਾਲ ਛੱਤ ਤੇ ਕੰਧਾਂ ਨੂੰ ਨਿਹਾਰਦੀ ਰਹਿੰਦੀ।
ਇਸ ਦੇ ਬਾਵਜੂਦ ਹਰਦੇਵ ਸਿੰਘ ਉਸ ਨੂੰ ਦੁਬਾਰਾ ਉਸ ਦੇ ਸਹੁਰੇ ਭੇਜਣ ਲਈ ਹੁਕਮ ਚਾੜ੍ਹ ਚੁੱਕਾ ਸੀ। ਇਕ ਦੋ ਵਾਰ ਤਾਂ ਉਸ ਧੱਕਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਰਣਜੀਤ ਉਸ ਸਾਹਮਣੇ ਚੱਟਾਨ ਵਾਂਗ ਆ ਖੜ੍ਹਾ ਹੋਇਆ ਸੀ।
ਹੁਣ ਸੁੱਖੀ ਵੀ ਵੱਡਾ ਹੋਣ ਲੱਗਾ ਸੀ। ਉਸ ਨੂੰ ਆਪਣੇ ਪਰਿਵਾਰ ਹੀ ਨਹੀਂ, ਪਿੰਡ ਤੋਂ ਬਾਹਰ ਦੀ ਵੀ ਸਮਝ ਆਉਣ ਲੱਗੀ ਸੀ। ਵੱਡਾ ਭਰਾ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ ਕਿਉਂਕਿ ਉਸ ਨੇ ਆਪਣੀ ਪਸੰਦ ਦੀ ਕਿਸੇ ਸਾਧਾਰਨ ਪਰਿਵਾਰ ਦੀ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਰਚਾ ਲਿਆ ਸੀ। ਦਰਅਸਲ, ਉਹ ਘਰ ਵਿਚ ਕਲੇਸ਼ ਨਹੀਂ ਸੀ ਪਾਉਣਾ ਚਾਹੁੰਦਾ। ਬਾਪੂ ਦੇ ਵਿਰੋਧ ਕਰਕੇ ਉਸ ਨੂੰ ਘਰ ਦਾ ਤਿਆਗ ਕਰਨਾ ਪਿਆ। ਮਾਂ ਨੇ ਰੋਕਿਆ, ਰਾਣੀ ਨੇ ਰਿਹਾੜ ਕੀਤੀ, ਪਰ ਉਸ ਦਾ ਇਕੋ ਤੇ ਅੰਤਿਮ ਨਿਰਣਾ ਸੀ, ‘‘ਬੀਬੀ! ਮੈਂ ਥੋਨੂੰ ਸਾਰਿਆਂ ਨੂੰ ਈ ਹੌਲੀ ਹੌਲੀ ਸ਼ਹਿਰ ਲੈ ਜਾਣੈ… ਬੱਸ ਮੈਨੂੰ ਇਕ ਵਾਰ ਸੈਟਲ ਹੋ ਜਾਣ ਦਿਓ…।’’
ਰਣਜੀਤ ਨੂੰ ਸ਼ਹਿਰ ਨੌਕਰੀ ਮਿਲ ਗਈ ਸੀ। ਰਾਣੀ ਤੇ ਸੁੱਖੀ ਵੀ ਸੁੱਖ ਨਾਲ ਕਾਲਜ ਤੋਂ ਬਾਅਦ ਯੂਨੀਵਰਸਿਟੀ ਪੜ੍ਹਦੇ ਸਨ। ਦੋਵੇਂ ਹੀ ਚੰਗੇ ਨੰਬਰਾਂ ਨਾਲ ਪਾਸ ਹੁੰਦੇ ਅਤੇ ਨਾਲ ਹੀ ਹੋਰ ਸਰਗਰਮੀਆਂ ਵਿਚ ਵੀ ਭਾਗ ਲੈਂਦੇ। ਸੁੱਖੀ ਇਕ ਚੰਗਾ ਬੁਲਾਰਾ ਸੀ ਅਤੇ ਰਾਣੀ ਵੀ ਗਿੱਧਿਆਂ ਦੀ ਰਾਣੀ ਬਣ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰ ਰਹੀ ਸੀ।
‘‘ਬਲਬੀਰ ਕੁਰੇ! ਦੇਖ ਲਿਆ ਆਵਦੀ ਗੰਦੀ ਔਲਾਦ ਨੂੰ…? ਸ਼ਹਿਰ ਜਾ ਕੇ ਡੇਰੇ ਲਾ ਲਏ… ਸ਼ਰਮ ਨਾ ਆਈ ਬਈ…।’’
‘‘ਚੰਗਾ ਕੀਤਾ ਜੋ ਚਲੇ ਗਏ…’’ ਹੁਣ ਬਲਬੀਰ ਕੌਰ ਵੀ ਕਦੇ ਕਦੇ ਆਪਣੇ ਪਤੀ ਮੂਹਰੇ ਆਪਣੀ ਜ਼ੁਬਾਨ ਖੋਲ੍ਹ ਲੈਂਦੀ ਸੀ, ‘‘ਮੈਥੋਂ ਤਾਂ ਦਲਜੀਤ ਦਾ ਦੁੱਖ ਨ੍ਹੀਂ ਦੇਖਿਆ ਜਾਂਦਾ…।’’
‘‘ਦਲਜੀਤ ਦਾ ਮੈਂ ਕੀ ਕਰ ਸਕਦਾਂ ਹੁਣ। ਬਥੇਰਾ ਕਿਹਾ ਸੀ ਬਈ ਸਹੁਰੇ ਚਲੀ ਜਾ। ਹੁਣ ਦੇਖ ਰਹੀ ਐਂ ਨਾ ਨਤੀਜਾ…? ਕੁੜੀਆਂ ਆਵਦੇ ਸਹੁਰੀਂ ਈ ਸੁਖੀ ਵਸਦੀਆਂ ਹੁੰਦੀਆਂ ਨੇ… ਸੁੱਖੀ ਦੀ ਮਾਂ…।’’
ਬਲਬੀਰ ਕੌਰ ਬਹੁਤ ਕੁਝ ਬੋਲਣਾ ਚਾਹ ਕੇ ਵੀ ਚੁੱਪ ਕਰ ਰਹਿੰਦੀ। ਹਰ ਵੇਲੇ ਆਪਣੀ ਬਿਮਾਰ ਧੀ ਦੀ ਸੇਵਾ ਵਿਚ ਜੁਟੀ ਰਹਿੰਦੀ। ਹੁਣ ਤਾਂ ਉਸ ਨੂੰ ਵੀ ਸਾਹ ਚੜ੍ਹਨ ਲੱਗਾ ਸੀ, ਖੰਘ ਵੀ ਪਿੱਛਾ ਨਹੀਂ ਸੀ ਛੱਡ ਰਹੀ।
ਰਾਣੀ ਨੇ ਵੀ ਆਪਣੇ ਵੱਡੇ ਤੇ ਛੋਟੇ ਭਰਾ ਦੀ ਸਹਿਮਤੀ ਨਾਲ ਆਪਣੇ ਕਾਲਜ ਵੇਲੇ ਦੇ ਹੀ ਇਕ ਸਾਥੀ ਨਾਲ ਅੰਤਰਜਾਤੀ ਵਿਆਹ ਕਰਵਾ ਲਿਆ ਸੀ, ਆਪਣੇ ਬਾਪੂ ਤੋਂ ਚੋਰੀ। ਸਿਰਫ਼ ਬਲਬੀਰ ਕੌਰ ਹੀ ਆਸ਼ੀਰਵਾਦ ਦੇਣ ਪਹੁੰਚੀ ਸੀ। ਜਦੋਂ ਹਰਦੇਵ ਸਿੰਘ ਨੂੰ ਭਿਣਕ ਪਈ ਤਾਂ ਉਸ ਦਾ ਪਾਰਾ ਸੱਤਵੇਂ ਆਸਮਾਨ ਨੂੰ ਜਾ ਅੱਪੜਿਆ ਸੀ। ਇਕ ਦਿਨ ਉਹ ਗੁੱਸੇ ਦਾ ਭਰਿਆ ਪੀਤਾ ਘਰੋਂ ਨਿਕਲਿਆ ਤੇ ਸਿੱਧਾ ਸ਼ਹਿਰ ਪਹੁੰਚ ਕੇ ਜਦੋਂ ਆਪਣੀ ਧੀ ਦੀ ਪਸੰਦ ਨੂੰ ਗੋਲੀ ਮਾਰਨ ਲੱਗਾ ਤਾਂ ਰਾਣੀ ਇਕਦਮ ਮੂਹਰੇ ਆ ਗਈ। ਗੋਲੀ ਉਸ ਦੇ ਮੋਢੇ ’ਤੇ ਲੱਗੀ। ਪੁਲੀਸ ਨੇ ਕੇਸ ਦਰਜ ਕਰ ਲਿਆ। ਮੁਕੱਦਮਾ ਚੱਲਿਆ ਤੇ ਹਰਦੇਵ ਸਿੰਘ ਨੂੰ ਜੇਲ੍ਹ ਹੋ ਗਈ। ਬੇਸ਼ੱਕ ਉਸ ਨੇ ਉਪਰਲੀ ਅਦਾਲਤ ਵਿਚ ਜ਼ਮਾਨਤ ਲਈ ਅਪੀਲ ਕੀਤੀ, ਪਰ ਉਹ ਨਾਮਨਜ਼ੂਰ ਹੋ ਗਈ।
ਅੱਜ ਸੁੱਖੀ ਆਪਣੇ ਪਿੰਡ ਜਾ ਰਿਹਾ ਸੀ। ਹਵੇਲੀ ਵਿਚ ਵੜੇ ਆਪਣੇ ਪੁੱਤ ਨੂੰ ਬਲਬੀਰ ਧਾਹ ਗਲਵੱਕੜੀ ਪਾ ਕੇ ਮਿਲੀ। ਉਸ ਦੀ ਵੱਡੀ ਭੈਣ ਵੀ ਬਾਹਰ ਵਿਹੜੇ ਵਿਚ ਬੈਠੀ ਕੋਈ ਕਿਤਾਬ ਪੜ੍ਹ ਰਹੀ ਸੀ। ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਦਲਜੀਤ ਅੱਗੇ ਨਾਲੋਂ ਤੰਦਰੁਸਤ ਲੱਗ ਰਹੀ ਸੀ। ਉਸ ਦੇ ਚਿਹਰੇ ’ਤੇ ਵੀ ਜਿਵੇਂ ਰੰਗਤ ਪਰਤ ਆਈ ਸੀ।
‘‘ਮੈਂ ਤੁਹਾਨੂੰ ਦੋਵਾਂ ਨੂੰ ਲੈਣ ਆਇਆਂ, ਹਮੇਸ਼ਾਂ ਹਮੇਸ਼ਾਂ ਲਈ…।’’ ਸੁੱਖੀ ਨੇ ਲਗਭਗ ਆਪਣਾ ਫ਼ੈਸਲਾ ਹੀ ਸੁਣਾ ਦਿੱਤਾ।
‘‘ਪਰ ਕਿਉਂ… ਕਿੱਥੇ?’’ ਬਲਬੀਰ ਤੇ ਦਲਜੀਤ ਵੀ ਇਕੱਠਿਆਂ ਹੀ ਬੋਲ ਉੱਠੀਆਂ।
‘‘ਇਸ ਪੁਰਾਣੀ ਹਵੇਲੀ ਦੀ ਕੈਦ ਤੋਂ ਸਦਾ ਲਈ ਮੁਕਤ ਕਰਨ ਆਇਆਂ ਤਾਂ ਕਿ ਇੱਥੋਂ ਰਿਹਾਅ ਹੋ ਕੇ ਤੁਸੀਂ ਵੀ ਆਜ਼ਾਦੀ ਦਾ ਸੁਖ ਮਾਣ ਸਕੋ।’’
ਸੰਪਰਕ: 98145-07693


Comments Off on ਆਜ਼ਾਦੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.