ਫੁਟਬਾਲ: ਭਾਰਤ ਨੂੰ ਮਹਿਲਾ ਏਸ਼ੀਆ ਕੱਪ-2022 ਦੀ ਮੇਜ਼ਬਾਨੀ ਮਿਲੀ !    ਇੱਕ ਲਾਇਸੈਂਸ ’ਤੇ ਦੋ ਤੋਂ ਵੱਧ ਹਥਿਆਰ ਰੱਖਣਾ ਗੈਰਕਾਨੂੰਨੀ !    ਜ਼ੀਰਕਪੁਰ ਤੇ ਡੇਰਾਬੱਸੀ ਵਿਚ ਨਾਜਾਇਜ਼ ਖਣਨ ਜ਼ੋਰਾਂ ’ਤੇ !    ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    

ਆਰਫ ਕਾ ਸੁਣ ਵਾਜਾ ਰੇ

Posted On January - 22 - 2020

ਸ਼ਰਧਾਲੂਆਂ ਨੇ ਗੁਰੂ ਕੋਲੋਂ ਪੁੱਛਿਆ, ‘‘ਗੁਰੂਦੇਵ ! ਨਿਮਰਤਾ ਦੀ ਕੀ ਪਰਿਭਾਸ਼ਾ ਹੈ ? ਮੂਕ ਮੁੱਦਰਾਵਾਂ ਦੁਆਰਾ ਨਿਮਰ ਹੋਣ ਦਾ ਇਜ਼ਹਾਰ ਕਰਨਾ? ਸ਼ਬਦਾਂ ਦੀ ਸੰਵੇਦਨਸ਼ੀਲਤਾ? ਕਦਮਾਂ ’ਤੇ ਸਿਰ ਝੁਕਾਉਣ ਦੀ ਕਿਰਿਆ ਜਾਂ ਗੁਰੂ/ਵੱਡੇ-ਵਡੇਰਿਆਂ ਦੇ ਆਦੇਸ਼ ਦਾ ਬਿਨਾਂ ਕਿਸੇ ਉਜਰ ਪਾਲਣ ਕਰਨਾ?’’
ਗੁਰੂ ਨੇ ਦੱਸਿਆ, ‘‘ਇਹ ਕਿਰਿਆਵਾਂ ਅਤੇ ਭਾਵਨਾਵਾਂ ਵੀ ਨਿਮਰ ਹੋਣ ਵਿੱਚ ਸਹਾਇਕ ਹਨ; ਪਰ ਸ਼ਬਦ ਧੋਖਾ ਦੇ ਸਕਦੇ ਹਨ। ਬਾਹਰੀ ਕਿਰਿਆ ਦੇ ਪੱਖ ਵਿਚ ਕੋਈ ਭਾਵਨਾ ਸੁਆਰਥੀ ਹੋ ਸਕਦੀ ਹੈ। ਇਸ ਲਈ ਬਾਹਰ ਨਾਲੋਂ ਵਧੇਰੇ ਅੰਦਰੋਂ ਨਿਮਰ ਹੋਣਾ ਯੋਗ ਹੈ। ਨਿਮਰ ਹੋਣਾ, ਕਿਰਿਆਵਾਂ ਦਾ ਦੁਹਰਾਓ ਜਾਂ ਇਜ਼ਹਾਰ ਨਹੀਂ।
ਵਿਅਕਤ ਮੈਂ-ਮੇਰੀ ਤੋਂ ਮੁਕਤ ਹੋਣਾ ਚਾਹੀਦਾ ਹੈ। ਬਾਹਰੀ ਕਿਰਿਆਵਾਂ ਦੀ ਭਾਵਨਾ ਅੰਤਰੀਵ ਵਿਚ ਸੁਆਰਥੀ ਹੈ।’’
ਸ਼ਰਧਾਲਆਂ ਨੇ ਆਖਿਆ, ‘‘ਕੁਝ ਵਿਸਥਾਰ ਨਾਲ ਸਮਝਾਓ ਗੁਰੂਦੇਵ!’’
ਗੁਰੂ ਨੇ ਕਿਹਾ, ‘‘ਆਓ, ਸੂਫ਼ੀ ਸੰਤਾਂ ਵਿਚ ਪ੍ਰਸਿੱਧ ਨਿਮਰਤਾ ਦੀ ਇਕ ਕਥਾ ਵਿਚਾਰੀਏ। ਇਕ ਬਿਰਧ ਫ਼ਕੀਰ ਮਸਜਿਦ ਦੇ ਬਾਹਰ ਸਬਜ਼ੀਆਂ ਆਦਿ ਉਬਾਲ ਮੋਮਨਾਂ ਨੂੰ ਖੁਆ ਕੇ ਆਪਣੀ ਆਜੀਵਕਾ ਚਲਾਉਂਦਾ ਸੀ। ਪਿੰਡਾਂ ਦੇ ਲੋਕ ਜੋ ਉਸ ਨੂੰ ਸਬਜ਼ੀਆਂ ਜਾਂ ਕੰਦ ਮੂਲ ਆਦਿ ਦੇ ਜਾਂਦੇ, ਉਹ ਲੱਕੜੀਆਂ ਆਦਿ ਚੁੱਕ ਲਿਆਉਂਦਾ ਅਤੇ ਸਬਜ਼ੀਆਂ ਉਬਾਲ ਕੇ ਖਵਾ ਦਿੰਦਾ। ਬਿਰਧ ਹੋਣ ਕਾਰਨ ਉਸ ਦੀ ਨਜ਼ਰ ਕਮਜ਼ੋਰ ਸੀ। ਲੋਕ ਸੋਚਦੇ ਮੁਫ਼ਤ ਦੀਆਂ ਸਬਜ਼ੀਆਂ ਹਨ। ਮੁਫ਼ਤ ਦੀਆਂ ਲੱਕੜੀਆਂ ਹਨ। ਇਵਜ਼ ਵਿਚ ਲੋਕ ਉਸ ਨੂੰ ਖੋਟੇ ਸਿੱਕੇ ਦੇ ਜਾਂਦੇ। ਇਹ ਸਿਲਸਲਾ ਕਈ ਸਾਲ ਚੱਲਿਆ। ਫ਼ਕੀਰ ਖੋਟੇ ਸਿੱਕਿਆਂ ਨੂੰ ਮਟਕਿਆਂ ਵਿੱਚ ਭਰੀ ਜਾਂਦਾ। ਜਾਣਦੇ ਹੋਏ ਵੀ ਕਿ ਸਿੱਕੇ ਖੋਟੇ ਹਨ; ਕੋਈ ਇਤਰਾਜ਼ ਨਾ ਕਰਦਾ। ਫ਼ਕੀਰ ਦੀ ਅੰਤਿਮ ਘੜੀ ਆਈ ਤਾਂ ਉਸ ਨੇ ਸ਼ੁਕਰਾਨੇ ਦੀ ਨਮਾਜ਼ ਪੜ੍ਹੀ; ਨਮਾਜ਼ ਅਤਾ ਕਰ ਕੇ ਉਸ ਨੇ ਬਾਰਾਮਾਹੀ ਇਲਾਹੀ ਵਿਚ ਦੁਆ ਕੀਤੀ ਕਿ ਯਾ ਅੱਲ੍ਹਾ ਮੈਂ ਸਾਰੀ ਉਮਰ ਮੋਮਨਾਂ ਦੀ ਖਿਦਮਤ ਕੀਤੀ। ਬਦਲੇ ਵਿਚ ਖੋਟੇ ਸਿੱਕੇ ਲੈਂਦਾ ਰਿਹਾ। ਹੁਣ ਇਹ ਬੰਦਾ, ਖੋਟਾ ਸਿੱਕਾ ਤੇਰੇ ਕੋਲ ਆ ਰਿਹਾ ਹੈ। ਯਾ ਖ਼ੁਦਾ ਇਸ ਨੂੰ ਕਬੂਲ ਕਰੀਂ ਅਤੇ ਦੋਜ਼ਖ ਤੋਂ ਬਚਾਈਂ। ਕੁਝ ਦੇਰ ਬਾਅਦ ਫ਼ਕੀਰ ਨੇ ਪ੍ਰਾਣ ਤਿਆਗ ਦਿੱਤੇ।
ਸੂਫ਼ੀ ਫ਼ਕੀਰਾਂ ਵਿਚ ਇਸ ਕਹਾਣੀ ਅਤੇ ਫ਼ਕੀਰ ਨੂੰ ਨਿਮਰਤਾ ਦੇ ਪ੍ਰਥਾਇ ਤਿੰਨ ਗੱਲਾਂ ਕਰ ਕੇ ਲਿਆ ਜਾਂਦਾ ਹੈ। ਪਹਿਲੀ, ਉਸ ਨੇ ਮੋਮਨਾਂ ਦੀ ਤਹਿ ਦਿਲੋਂ ਸੇਵਾ ਕੀਤੀ। ਦੂਜੀ, ਇਵਜ਼ ਵਿਚ ਬਿਨਾਂ ਇਤਰਾਜ਼ ਖੋਟੇ ਸਿੱਕੇ ਕਬੂਲ ਕੀਤੇ। ਤੀਜੀ, ਆਪਣੇ ਆਪ ਨੂੰ ਖੋਟਾ ਸਿੱਕਾ ਤਸਲੀਮ ਕੀਤਾ।
ਹੁਣ ਇਸ ਕਹਾਣੀ ਵਿਚਲੀ ਨਿਮਰਤਾ ਦੇ ਅਰਥ ਤਲਾਸ਼ ਕਰੋ।
ਪਹਿਲੀ ਗੱਲ, ਉਸ ਨੇ ਜਾਣ ਬੁੱਝ ਕੇ ਖੋਟੇ ਸਿੱਕੇ ਕਿਉਂ ਲਏ। ਦੂਜਾ, ਜਾਣਦੇ ਹੋਏ ਵੀ ਕਿ ਸਿੱਕੇ ਖੋਟੇ ਹਨ; ਮਟਕੀਆਂ ਭਰੀਆਂ। ਤੀਜੀ, ਆਪਣੇ ਆਪ ਨੂੰ ਖੋਟੇ ਸਿੱਕੇ ਨਾਲ ਤੁਲਨਾ ਕਰ ਕੇ ਜੰਨਤ ਦੀ ਚਾਹਨਾ ਕੀਤੀ। ਅਜਿਹੀ ਨਿਮਰਤਾ ਤੋਂ ਬਚਣ ਦੀ ਲੋੜ ਹੈ, ਜਿਸ ਵਿਚ ਕੋਈ ਮਕਸਦ ਪਿਆ ਹੋਵੇ।’’
ਸ਼ਰਧਾਲੂੁਆਂ ਪੁੱਛਿਆ, ‘‘ਤਾਂ ਕੀ ਖ਼ੁਦਾ ਤੋਂ ਮੰਗਣਾ ਨਿਮਰਤਾ ਨਹੀਂ?’’
ਗੁਰੂ ਨੇ ਆਖਿਆ, ‘‘ਨਹੀਂ। ਮੰਗਣਾ ਸੁਆਰਥ ਹੈ, ਨਿਸ਼ਕਾਮਤਾ ਨਹੀਂ। ਜਿਹੜਾ ਖ਼ੁਦਾਵੰਦ ਦੇ ਸਕਦਾ ਹੈ, ਉਹ ਇਹ ਵੀ ਜਾਣਦਾ ਹੈ ਕਿ ਕਿਸ ਨੂੰ ਕੀ ਦੇਣਾ ਹੈ ਤੇ ਕੀ ਨਹੀਂ…। ਨਿਮਰਤਾ ਦਾ ਪਹਿਲਾ ਅਸੂਲ ਹੀ ਨਿਸ਼ਕਾਮਤਾ ਹੈ।

ਕਿਰਪਾਲ ਕਜ਼ਾਕ
ਸੰਪਰਕ: 98726-44428

 


Comments Off on ਆਰਫ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.