ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ

Posted On January - 26 - 2020

ਮੰਟੋ ਨੇ ਫਿਲਮੀ ਅਦਾਕਾਰਾਂ ਨਵਾਬ ਕਸ਼ਮੀਰੀ, ਸਿਤਾਰਾ, ਕੁਲਦੀਪ ਕੌਰ, ਪਾਰੋ ਦੇਵੀ, ਰਫ਼ੀਕ ਗ਼ਜ਼ਨਵੀ ਅਤੇ ਸਾਹਿਤਕਾਰਾਂ ਚਿਰਾਗ਼ ਹਸਨ ਹਸਰਤ ਅਤੇ ਹੋਰਨਾਂ ਦੇ ਰੇਖਾ ਚਿੱਤਰ ਆਪਣੀਆਂ ਕਿਤਾਬਾਂ ‘ਗੰਜੇ ਫਰਿਸ਼ਤੇ’, ‘ਮੀਨਾ ਬਾਜ਼ਾਰ’ ਅਤੇ ‘ਲਾਊਡ ਸਪੀਕਰ’ ਵਿਚ ਲਿਖੇ। ਰੇਖਾ ਚਿੱਤਰ ਲਿਖਣ ਵਿਚ ਮੰਟੋ ਨਾਲੋਂ ਜ਼ਿਆਦਾ ਬੇਲਿਹਾਜ਼ ਕੋਈ ਨਹੀਂ ਹੋ ਸਕਦਾ। ਸਵਾਲ ਉੱਠਦਾ ਹੈ ਕਿ ਮੰਟੋ ਦਾ ਰੇਖਾ ਚਿੱਤਰ ਕੌਣ ਲਿਖਦਾ? ਭਾਵੇਂ ਬਾਅਦ ਵਿਚ ਮੰਟੋ ਬਾਰੇ ਸੈਂਕੜੇ ਲੇਖ ਲਿਖੇ ਗਏ, ਪਰ ਮੰਟੋ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਆਪਣਾ ਰੇਖਾ ਚਿੱਤਰ ਆਪ ਲਿਖੇਗਾ। ਆਪਣੇ ਬਾਰੇ ਲਿਖਦਿਆਂ ਮੰਟੋ ਨੇ ਉਹੀ ਬੇਲਾਗਤਾ ਤੇ ਦੂਰੀ ਕਾਇਮ ਰੱਖੀ ਜੋ ਉਸ ਨੇ ਦੂਜਿਆਂ ਬਾਰੇ ਲਿਖਣ ਸਮੇਂ ਅਪਣਾਈ ਸੀ।

ਮੰਟੋ ਬਾਰੇ ਹੁਣ ਤੱਕ ਬਹੁਤ ਕੁਝ ਲਿਖਿਆ ਅਤੇ ਕਿਹਾ ਜਾ ਚੁੱਕਿਆ ਹੈ। ਉਸ ਦੇ ਪੱਖ ਵਿਚ ਘੱਟ ਅਤੇ ਵਿਰੋਧ ਵਿਚ ਜ਼ਿਆਦਾ। ਜੇਕਰ ਇਹ ਲਿਖਤਾਂ ਸਾਹਮਣੇ ਰੱਖੀਆਂ ਜਾਣ ਤਾਂ ਕੋਈ ਸੂਝਵਾਨ ਵਿਅਕਤੀ ਮੰਟੋ ਬਾਰੇ ਕੋਈ ਸਹੀ ਰਾਇ ਕਾਇਮ ਨਹੀਂ ਕਰ ਸਕਦਾ। ਮੈਂ ਇਹ ਲੇਖ ਲਿਖਣ ਬੈਠਾ ਹਾਂ ਅਤੇ ਸਮਝਦਾ ਹਾਂ ਕਿ ਮੰਟੋ ਬਾਰੇ ਆਪਣੇ ਵਿਚਾਰ ਪ੍ਰਗਟਾਉਣਾ ਬਹੁਤ ਔਖਾ ਕੰਮ ਹੈ। ਪਰ ਇਕ ਲਿਹਾਜ਼ ਨਾਲ ਸੌਖਾ ਵੀ ਹੈ, ਉਹ ਇਸ ਲਈ ਕਿ ਮੈਨੂੰ ਮੰਟੋ ਦੀ ਨੇੜਤਾ ਮਾਣਨ ਦਾ ਸੁਭਾਗ ਮਿਲਿਆ ਹੈ… ਜੇ ਸੱਚ ਪੁੱਛੋ ਤਾਂ ਮੈਂ ਮੰਟੋ ਦਾ ਹਮਜ਼ਾਦ ਹਾਂ।
ਹੁਣ ਤੱਕ ਇਸ ਬੰਦੇ ਬਾਰੇ ਜੋ ਕੁਝ ਲਿਖਿਆ ਗਿਆ ਹੈ, ਮੈਨੂੰ ਉਸ ਉੱਤੇ ਕੋਈ ਇਤਰਾਜ਼ ਨਹੀਂ, ਪਰ ਮੈਂ ਇੰਨਾ ਸਮਝਦਾ ਹਾਂ ਕਿ ਜੋ ਕੁਝ ਇਨ੍ਹਾਂ ਲੇਖਾਂ ਵਿਚ ਪੇਸ਼ ਕੀਤਾ ਗਿਆ ਹੈ, ਉਹ ਅਸਲੀਅਤ ਤੋਂ ਕੋਹਾਂ ਦੂਰ ਹੈ ਅਤੇ ਵਧਾਅ-ਚੜ੍ਹਾਅ ਕੇ ਪੇਸ਼ ਕੀਤਾ ਗਿਆ ਹੈ| ਕੁਝ ਲੋਕ ਉਸ ਨੂੰ ਸ਼ੈਤਾਨ ਕਹਿੰਦੇ ਹਨ, ਕੁਝ ਗੰਜਾ ਫ਼ਰਿਸ਼ਤਾ। ਜ਼ਰਾ ਰੁਕੋ, ਮੈਂ ਵੇਖ ਲਵਾਂ, ਕਿਤੇ ਉਹ ਕੰਮਬਖ਼ਤ ਸੁਣ ਤਾਂ ਨਹੀਂ ਰਿਹਾ… ਨਹੀਂ… ਨਹੀਂ… ਫਿਰ ਠੀਕ ਹੈ। ਮੈਨੂੰ ਯਾਦ ਆ ਗਿਆ ਕਿ ਇਹ ਉਹ ਵੇਲਾ ਹੈ ਜਦੋਂ ਉਹ ਪੀਂਦਾ ਹੁੰਦਾ ਏ… ਉਸ ਨੂੰ ਸ਼ਾਮ ਦੇ ਛੇ ਵਜੇ ਕੌੜਾ ਸ਼ਰਬਤ ਪੀਣ ਦੀ ਆਦਤ ਜੋ ਹੈ।
ਅਸੀਂ ਇੱਕਠੇ ਪੈਦਾ ਹੋਏ ਅਤੇ ਮੇਰਾ ਖ਼ਿਆਲ ਹੈ ਕਿ ਇਕੱਠੇ ਹੀ ਮਰਾਂਗੇ। ਪਰ ਇਹ ਵੀ ਹੋ ਸਕਦਾ ਹੈ ਕਿ ਸਆਦਤ ਹਸਨ ਮਰ ਜਾਵੇ ਅਤੇ ਮੰਟੋ ਨਾ ਮਰੇ ਅਤੇ ਮੈਨੂੰ ਇਹ ਅੰਦੇਸ਼ਾ ਹਮੇਸ਼ਾਂ ਬਹੁਤ ਦੁੱਖ ਦਿੰਦਾ ਹੈ। ਇਸ ਲਈ ਕਿ ਮੈਂ ਉਸ ਨਾਲ ਆਪਣੀ ਦੋਸਤੀ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡੀ। ਜੇ ਉਹ ਜ਼ਿੰਦਾ ਰਿਹਾ ਅਤੇ ਮੈਂ ਮਰ ਗਿਆ ਤਾਂ ਅਜਿਹਾ ਹੋਵੇਗਾ ਕਿ ਆਂਡੇ ਦਾ ਖੋਲ ਤਾਂ ਸਹੀ ਸਲਾਮਤ ਹੈ, ਪਰ ਉਸ ਦੇ ਅੰਦਰ ਦੀ ਜ਼ਰਦੀ ਅਤੇ ਸਫ਼ੈਦੀ ਗ਼ਾਇਬ ਹੋ ਗਈ।
ਹੁਣ ਮੈਂ ਵਾਧੂ ਦੀ ਭੂਮਿਕਾ ਨਹੀਂ ਬੰਨ੍ਹਣਾ ਚਾਹੁੰਦਾ, ਤੁਹਾਨੂੰ ਸਾਫ਼ ਕਹਿ ਦਿੰਦਾ ਹਾਂ ਕਿ ਮੰਟੋ ਵਰਗਾ ਵਨ-ਟੂ ਆਦਮੀ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਵੇਖਿਆ। ਜਿਸ ਨੂੰ ਜੇਕਰ ਇਕੱਠਾ ਕੀਤਾ ਜਾਵੇ ਤਾਂ ਉਹ ਤਿੰਨ ਬਣ ਜਾਣ। ਤਿਕੋਣ ਬਾਰੇ ਉਸ ਨੂੰ ਬਹੁਤ ਜਾਣਕਾਰੀ ਹੈ, ਪਰ ਮੈਂ ਜਾਣਦਾ ਹਾਂ ਕਿ ਹਾਲੇ ਤੱਕ ਉਸ ਦੀ ਤਿੰਨ ਹਿੱਸਿਆਂ ਵਿਚ ਵੰਡ ਨਹੀਂ ਹੋਈ। ਇਹ ਇਸ਼ਾਰੇ ਅਜਿਹੇ ਹਨ ਕਿ ਜਿਨ੍ਹਾਂ ਨੂੰ ਕੇਵਲ ਸਮਝਦਾਰ ਪਾਠਕ ਹੀ ਸਮਝ ਸਕਦੇ ਹਨ।
ਉਂਜ ਤਾਂ ਮੰਟੋ ਨੂੰ ਉਸ ਦੇ ਜਨਮ ਤੋਂ ਹੀ ਜਾਣਦਾ ਹਾਂ। ਅਸੀਂ ਦੋਵੇਂ ਇਕੱਠੇ ਇਕੋ ਹੀ ਵੇਲੇ 11 ਮਈ 1912 ਨੂੰ ਪੈਦਾ ਹੋਏ, ਪਰ ਉਸ ਨੇ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਕੱਛੂਕੁੰਮਾ ਬਣਾਈ ਰੱਖੇ, ਜੋ ਇਕ ਵਾਰ ਆਪਣਾ ਸਿਰ ਅਤੇ ਗਰਦਨ ਅੰਦਰ ਲੁਕੋ ਲਵੇ ਤਾਂ ਤੁਸੀਂ ਲੱਖ ਲੱਭਦੇ ਰਹੋ, ਉਸ ਦਾ ਕੋਈ ਨਾਂ-ਨਿਸ਼ਾਨ ਨਾ ਮਿਲੇ। ਪਰ ਮੈਂ ਵੀ ਆਖ਼ਰ ਉਸ ਦਾ ਹਮਜ਼ਾਦ ਹਾਂ। ਮੈਂ ਉਸ ਦੀ ਹਰੇਕ ਹਰਕਤ ਦਾ ਵਿਸ਼ਲੇਸ਼ਣ ਕਰ ਹੀ ਲਿਆ ਹੈ।
ਲਓ, ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਬੇਵਕੂਫ਼ ਕਹਾਣੀਕਾਰ ਕਿਵੇਂ ਬਣਿਆ? ਆਲੋਚਕ ਬਹੁਤ ਲੰਬੇ ਚੌੜੇ ਲੇਖ ਲਿਖਦੇ ਹਨ, ਆਪਣੀ ਵਿਦਵਤਾ ਦਾ ਪ੍ਰਮਾਣ ਦਿੰਦੇ ਹਨ… ਸ਼ੋਪੇਨਹਾਵਰ, ਫ਼ਰਾਇਡ, ਹੀਗਲ, ਨੀਤਸ਼ੇ, ਮਾਰਕਸ ਦੇ ਹਵਾਲੇ ਦਿੰਦੇ ਹਨ, ਪਰ ਹਕੀਕਤ ਤੋਂ ਕੋਹਾਂ ਦੂਰ ਰਹਿੰਦੇ ਹਨ।
ਮੰਟੋ ਦੀ ਕਹਾਣੀ ਕਲਾ ਦੋ ਵਿਰੋਧੀ ਤੱਤਾਂ ਦੇ ਟਕਰਾਅ ਦਾ ਨਤੀਜਾ ਹੈ… ਉਸ ਦੇ ਪਿਤਾ, ਖ਼ੁਦਾ ਉਨ੍ਹਾਂ ਨੂੰ ਮੁਆਫ਼ ਕਰੇ, ਬਹੁਤ ਕਠੋਰ ਸਨ ਅਤੇ ਉਸ ਦੀ ਮਾਂ ਅੰਤਾਂ ਦੀ ਨਰਮਦਿਲ… ਇਨ੍ਹਾਂ ਦੋ ਪੁੜਾਂ ਵਿਚ ਪਿਸ ਕੇ ਇਹ ਕਣਕ ਦਾ ਦਾਣਾ ਕਿਸ ਰੂਪ ਵਿਚ ਬਾਹਰ ਨਿਕਲਿਆ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਗਾ ਸਕਦੇ ਹੋ।
ਹੁਣ ਮੈਂ ਉਸ ਦੇ ਸਕੂਲ ਦੇ ਜੀਵਨ ਵੱਲ ਆਉਂਦਾ ਹਾਂ। ਬਹੁਤ ਜ਼ਹੀਨ ਮੁੰਡਾ ਸੀ ਅਤੇ ਬੇਹੱਦ ਸ਼ਰਾਰਤੀ। ਉਸ ਸਮੇਂ ਉਸ ਦਾ ਕੱਦ ਵੱਧ ਤੋਂ ਵੱਧ ਸਾਢੇ ਤਿੰਨ ਫੁੱਟ ਹੋਵੇਗਾ। ਉਹ ਆਪਣੇ ਪਿਤਾ ਦੀ ਆਖ਼ਰੀ ਔਲਾਦ ਸੀ। ਉਸ ਨੂੰ ਆਪਣੇ ਮਾਂ-ਬਾਪ ਦੀ ਮੁਹੱਬਤ ਤਾਂ ਪ੍ਰਾਪਤ ਸੀ, ਪਰ ਉਸ ਦੇ ਤਿੰਨ ਵੱਡੇ ਭਾਈ, ਜੋ ਉਮਰ ਵਿਚ ਉਸ ਤੋਂ ਬਹੁਤ ਵੱਡੇ ਸਨ ਅਤੇ ਵਲਾਇਤ ਵਿਚ ਸਿੱਖਿਆ ਪਾ ਰਹੇ ਸਨ, ਉਸ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਕਦੇ ਮੌਕਾ ਹੀ ਨਹੀਂ ਮਿਲਿਆ ਸੀ। ਇਸ ਲਈ ਕਿ ਉਹ ਉਸ ਦੇ ਮਤੇਰ ਸਨ…। ਉਹ ਚਾਹੁੰਦਾ ਸੀ ਕਿ ਉਹ ਉਸ ਨੂੰ ਮਿਲਣ, ਉਸ ਨਾਲ ਵੱਡੇ ਭਾਈਆਂ ਵਰਗਾ ਵਿਹਾਰ ਕਰਨ, ਪਰ ਉਸ ਨੂੰ ਇਹ ਵਿਹਾਰ ਉਸ ਵੇਲੇ ਨਸੀਬ ਹੋਇਆ ਜਦੋਂ ਅਦਬੀ ਦੁਨੀਆ ਉਸ ਨੂੰ ਬਹੁਤ ਵੱਡਾ ਅਫ਼ਸਾਨਾਨਿਗਾਰ ਸਵੀਕਾਰ ਕਰ ਚੁੱਕੀ ਸੀ।
ਚੰਗਾ, ਹੁਣ ਉਸ ਦੀ ਕਹਾਣੀ ਕਲਾ ਬਾਰੇ ਸੁਣੋ। ਉਹ ਅੱਵਲ ਦਰਜੇ ਦਾ ਫਰੌਡ ਹੈ…। ਪਹਿਲੀ ਕਹਾਣੀ ਉਸ ਨੇ ਤਮਾਸ਼ਾ ਸਿਰਲੇਖ ਹੇਠ ਲਿਖੀ ਜੋ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਬਾਰੇ ਸੀ। ਇਹ ਕਹਾਣੀ ਉਸ ਨੇ ਆਪਣੇ ਨਾਮ ਨਾਲ ਨਹੀਂ ਛਪਵਾਈ। ਇਹੀ ਕਾਰਨ ਹੈ ਕਿ ਉਹ ਪੁਲੀਸ ਦੇ ਹੱਥੇ ਚੜ੍ਹਨ ਤੋਂ ਬਚ ਗਿਆ।
ਇਸ ਤੋਂ ਬਾਅਦ ਉਸ ਦੇ ਪਲ ਪਲ ਬਦਲਣ ਵਾਲੇ ਸੁਭਾਅ ਵਿਚ ਇਕ ਲਹਿਰ ਪੈਦਾ ਹੋਈ ਕਿ ਉਹ ਹੋਰ ਉਚੇਰੀ ਸਿੱਖਿਆ ਹਾਸਲ ਕਰੇ। ਇੱਥੇ ਇਹ ਕਹਿਣਾ ਦਿਲਚਸਪੀ ਤੋਂ ਬਾਹਰਾ ਨਹੀਂ ਹੋਵੇਗਾ ਕਿ ਉਸ ਨੇ ਐਂਟਰੈਂਸ ਦੀ ਪ੍ਰੀਖਿਆ ਦੋ ਵਾਰ ਫ਼ੇਲ ਹੋ ਕੇ ਪਾਸ ਕੀਤੀ ਸੀ, ਉਹ ਵੀ ਥਰਡ ਡਿਵੀਜ਼ਨ ਵਿਚ…। ਤੁਹਾਨੂੰ ਇਹ ਸੁਣ ਕੇ ਵੀ ਅਚੰਭਾ ਹੋਵੇਗਾ ਕਿ ਉਹ ਉਰਦੂ ਦੇ ਪਰਚੇ ਵਿਚ ਨਾਕਾਮ ਰਿਹਾ।
ਹੁਣ ਲੋਕ ਕਹਿੰਦੇ ਹਨ ਕਿ ਉਹ ਉਰਦੂ ਦਾ ਬਹੁਤ ਵੱਡਾ ਅਦੀਬ ਹੈ ਅਤੇ ਮੈਂ ਇਹ ਸੁਣ ਕੇ ਹੱਸਦਾ ਹਾਂ, ਇਸ ਲਈ ਕਿ ਉਰਦੂ ਹੁਣ ਵੀ ਉਸ ਨੂੰ ਨਹੀਂ ਆਉਂਦੀ। ਉਹ ਸ਼ਬਦਾਂ ਪਿੱਛੇ ਇੰਜ ਭੱਜ-ਨੱਸ ਕਰਦਾ ਹੈ ਜਿਵੇਂ ਕੋਈ ਜਾਲੇ ਵਾਲਾ ਸ਼ਿਕਾਰੀ ਤਿੱਤਲੀਆਂ ਪਿੱਛੇ। ਉਹ ਉਸ ਦੇ ਹੱਥ ਨਹੀਂ ਆਉਂਦੀਆਂ। ਇਹੀ ਕਾਰਨ ਹੈ ਕਿ ਉਸ ਦੀਆਂ ਲਿਖਤਾਂ ਵਿਚ ਖ਼ੂਬਸੂਰਤ ਸ਼ਬਦਾਂ ਦੀ ਕਮੀ ਹੈ। ਉਹ ਲੱਠਮਾਰ ਹੈ, ਪਰ ਜਿੰਨੀਆਂ ਡਾਂਗਾਂ ਉਸ ਦੀ ਧੌਣ ਉੱਤੇ ਪਈਆਂ ਹਨ, ਉਸ ਨੇ ਬੜੀ ਖ਼ੁਸ਼ੀ ਨਾਲ ਸਹੀਆਂ ਹਨ।
ਉਸ ਦੀ ਲੱਠਬਾਜ਼ੀ ਆਮ ਬੋਲਚਾਲ ਦੇ ਮੁਹਾਵਰੇ ਮੁਤਾਬਿਕ ਜੱਟਾਂ ਦੀ ਲੱਠਬਾਜ਼ੀ ਨਹੀਂ। ਉਹ ਬਿਨੌਟ ਅਤੇ ਫ਼ਿਕੈਤ (ਇਹ ਲੱਠਬਾਜ਼ੀ ਦੀ ਕਲਾ ਦੀਆਂ ਕਿਸਮਾਂ ਹਨ) ਵਿਚ ਨਿਪੁੰਨ ਹੈ। ਉਹ ਇਕ ਅਜਿਹਾ ਆਦਮੀ ਹੈ ਜੋ ਸਾਫ਼ ਤੇ ਸਿੱਧੀ ਸੜਕ ਉੱਤੇ ਨਹੀਂ ਚਲਦਾ ਸਗੋਂ ਤਣੇ ਹੋਏ ਰੱਸੇ ਉੱਤੇ ਚਲਦਾ ਹੈ। ਲੋਕ ਸਮਝਦੇ ਹਨ, ਹੁਣ ਡਿੱਗਿਆ, ਹੁਣ ਡਿੱਗਿਆ, ਪਰ ਉਹ ਕੰਮਬਖ਼ਤ ਅੱਜ ਤੱਕ ਨਹੀਂ ਡਿੱਗਿਆ…। ਸ਼ਾਇਦ ਮੂਧੇ ਮੂੰਹ ਡਿੱਗ ਜਾਵੇ ਤੇ ਫਿਰ ਨਾ ਉੱਠੇ। ਮੈਂ ਜਾਣਦਾ ਹਾਂ ਕਿ ਉਹ ਮਰਨ ਵੇਲੇ ਲੋਕਾਂ ਨੂੰ ਕਹੇਗਾ, “ਮੈਂ ਇਸ ਲਈ ਡਿੱਗਿਆ ਸੀ ਕਿ ਪਤਨ ਦੀ ਨਿਰਾਸ਼ਾ ਖ਼ਤਮ ਹੋ ਜਾਵੇ।’’
ਮੈਂ ਇਸ ਤੋਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਮੰਟੋ ਅੱਵਲ ਦਰਜੇ ਦਾ ਫਰੌਡ ਹੈ। ਇਸ ਦਾ ਵੱਡਾ ਪ੍ਰਮਾਣ ਇਹ ਹੈ ਕਿ ਉਹ ਅਕਸਰ ਕਿਹਾ ਕਰਦਾ ਹੈ ਕਿ ਉਹ ਕਹਾਣੀ ਨਹੀਂ ਸੋਚਦਾ, ਖ਼ੁਦ ਕਹਾਣੀ ਉਸ ਨੂੰ ਸੋਚਦੀ ਹੈ। ਇਹ ਵੀ ਇਕ ਫਰੌਡ ਹੈ। ਹਾਲਾਂਕਿ, ਮੈਂ ਜਾਣਦਾ ਹਾਂ ਕਿ ਜਦੋਂ ਉਸ ਨੇ ਕਹਾਣੀ ਲਿਖਣੀ ਹੁੰਦੀ ਹੈ ਤਾਂ ਉਸ ਦੀ ਉਹੀ ਹਾਲਾਤ ਹੁੰਦੀ ਹੈ ਜੋ ਕਿਸੇ ਮੁਰਗੀ ਦੀ ਆਂਡਾ ਦੇਣ ਵੇਲੇ ਹੁੰਦੀ ਹੈ…। ਉਹ ਆਂਡਾ ਕਿਤੇ ਲੁਕ ਕੇ ਨਹੀਂ ਦਿੰਦਾ, ਸਭ ਦੇ ਸਾਹਮਣੇ ਦਿੰਦਾ ਹੈ…। ਉਸ ਦੇ ਯਾਰ-ਦੋਸਤ ਬੈਠੇ ਹੁੰਦੇ ਹਨ, ਉਸ ਦੀਆਂ ਤਿੰਨੇ ਕੁੜੀਆਂ ਖੌਰੂ ਪਾ ਰਹੀਆਂ ਹੁੰਦੀਆਂ ਹਨ ਅਤੇ ਉਹ ਆਪਣੀ ਖ਼ਾਸ ਕੁਰਸੀ ਉੱਤੇ ’ਕੱਠਾ ਜਿਹਾ ਹੋ ਕੇ ਬੈਠਾ ਆਂਡੇ ਦਿੰਦਾ ਜਾਂਦਾ ਹੈ ਜੋ ਬਾਅਦ ਵਿਚ ਚੂੰ-ਚੂੰ ਕਰਦੀਆਂ ਕਹਾਣੀਆਂ ਬਣ ਜਾਂਦੀਆਂ ਹਨ|
ਉਸ ਦੀ ਪਤਨੀ ਉਸ ਤੋਂ ਬਹੁਤ ਦੁਖੀ ਹੈ। ਉਹ ਅਕਸਰ ਉਸ ਨੂੰ ਕਿਹਾ ਕਰਦੀ ਹੈ, “ਕਹਾਣੀ ਲਿਖਣੀ ਛੱਡੋ ਅਤੇ ਕੋਈ ਦੁਕਾਨ ਖੋਲ੍ਹ ਲਓ…।” ਪਰ ਮੰਟੋ ਦੇ ਦਿਮਾਗ਼ ਵਿਚ ਜੋ ਦੁਕਾਨ ਖੁੱਲ੍ਹੀ ਹੈ, ਉਸ ਵਿਚ ਮਨਿਆਰੀ ਦੇ ਸਾਮਾਨ ਤੋਂ ਕਿਤੇ ਵੱਧ ਸਾਮਾਨ ਮੌਜੂਦ ਹੈ। ਇਸ ਲਈ ਉਹ ਅਕਸਰ ਸੋਚਦਾ ਹੈ, ਜੇ ਉਹਨੇ ਕਦੇ ਕੋਈ ਸਟੋਰ ਖੋਲ੍ਹ ਲਿਆ ਤਾਂ ਅਜਿਹਾ ਨਾ ਹੋਵੇ ਕਿ ਉਹ ਖ਼ੁਦ ਕੋਲਡ ਸਟੋਰ ਬਣ ਜਾਵੇ ਜਿੱਥੇ ਉਸ ਦੇ ਸਾਰੇ ਖ਼ਿਆਲ ਅਤੇ ਰਚਨਾਵਾਂ ਜੰਮ ਜਾਣ।
ਮੈਂ ਇਹ ਲੇਖ ਲਿਖ ਰਿਹਾ ਹਾਂ ਅਤੇ ਮੈਨੂੰ ਡਰ ਹੈ ਕਿ ਮੰਟੋ ਮੇਰੇ ਨਾਲ ਨਾਰਾਜ਼ ਹੋ ਜਾਏਗਾ…। ਉਸ ਦੀ ਹਰ ਚੀਜ਼ ਬਰਦਾਸ਼ਤ ਕੀਤੀ ਜਾ ਸਕਦੀ ਹੈ, ਪਰ ਨਾਰਾਜ਼ਗੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ…। ਨਾਰਾਜ਼ਗੀ ਦੇ ਆਲਮ ਵਿਚ ਉਹ ਬਿਲਕੁਲ ਸ਼ੈਤਾਨ ਬਣ ਜਾਂਦਾ ਹੈ, ਪਰ ਕੁਝ ਮਿੰਟਾਂ ਲਈ… ਅਤੇ ਉਹ ਕੁਝ ਮਿੰਟ, ਅੱਲ੍ਹਾ ਦੀ ਪਨਾਹ…।
ਕਹਾਣੀ ਲਿਖਣ ਦੇ ਮਾਮਲੇ ਵਿਚ ਉਹ ਨਖ਼ਰੇ ਜ਼ਰੂਰ ਮਾਰਦਾ ਹੈ, ਪਰ ਮੈਂ ਜਾਣਦਾ ਹਾਂ, ਇਸ ਲਈ ਕਿ ਉਸ ਦਾ ਹਮਜ਼ਾਦ ਹਾਂ, ਉਹ ਫਰੌਡ ਕਰ ਰਿਹਾ ਹੈ। ਉਸ ਨੇ ਇਕ ਵਾਰ ਆਪ ਲਿਖਿਆ ਸੀ ਕਿ ਉਸ ਦੀ ਜੇਬ੍ਹ ਵਿਚ ਅਣਗਿਣਤ ਕਹਾਣੀਆਂ ਪਈਆਂ ਹੁੰਦੀਆਂ ਹਨ। ਅਸਲੀਅਤ ਇਸ ਦੇ ਠੀਕ ਉਲਟ ਹੈ। ਜਦੋਂ ਉਸ ਨੇ ਕਹਾਣੀ ਲਿਖਣੀ ਹੋਵੇਗੀ ਤਾਂ ਉਹ ਰਾਤ ਨੂੰ ਸੋਚੇਗਾ; ਉਸ ਦੀ ਸਮਝ ਵਿਚ ਕੁਝ ਨਹੀਂ ਆਵੇਗਾ; ਸਵੇਰੇ ਪੰਜ ਵਜੇ ਉੱਠੇਗਾ ਅਤੇ ਅਖ਼ਬਾਰਾਂ ਵਿਚੋਂ ਕਿਸੇ ਕਹਾਣੀ ਦਾ ਰਸ ਚੂਸਣ ਬਾਰੇ ਸੋਚੇਗਾ, ਪਰ ਉਸ ਨੂੰ ਅਸਫ਼ਲਤਾ ਮਿਲੇਗੀ। ਫਿਰ ਉਹ ਗ਼ੁਸਲਖ਼ਾਨੇ ਵਿਚ ਜਾਵੇਗਾ ਅਤੇ ਓਥੇ ਉਹ ਆਪਣੇ ਪਰੇਸ਼ਾਨ ਸਿਰ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰੇਗਾ ਕਿ ਉਹ ਸੋਚਣ ਦੇ ਲਾਇਕ ਹੋ ਸਕੇ, ਪਰ ਅਸਫ਼ਲ ਰਹੇਗਾ। ਫਿਰ ਝੁੰਜਲਾ ਕੇ ਆਪਣੀ ਪਤਨੀ ਨਾਲ ਬੇਕਾਰ ਦੀ ਲੜਾਈ ਕਰਨੀ ਸ਼ੁਰੂ ਕਰ ਦੇਵੇਗਾ। ਉੱਥੋਂ ਵੀ ਅਸਫ਼ਲਤਾ ਮਿਲੇਗੀ ਤਾਂ ਪਾਨ ਲੈਣ ਚਲਾ ਜਾਵੇਗਾ। ਪਾਨ ਉਸ ਦੇ ਟੇਬਲ ਉੱਤੇ ਪਿਆ ਰਹੇਗਾ ਅਤੇ ਕਹਾਣੀ ਦਾ ਵਿਸ਼ਾ ਉਸ ਦੀ ਸਮਝ ਵਿਚ ਫਿਰ ਵੀ ਨਹੀਂ ਆਵੇਗਾ। ਅੰਤ ਵਿਚ ਉਹ ਬਦਲੇ ਵਜੋਂ ਕਲਮ ਜਾਂ ਪੈਨਸਿਲ ਹੱਥ ਵਿਚ ਫੜੇਗਾ ਅਤੇ 786 ਲਿਖ ਕੇ ਜੋ ਪਹਿਲਾ ਫ਼ਿਕਰਾ ਉਸ ਦੇ ਦਿਮਾਗ਼ ਵਿਚ ਆਏਗਾ, ਉਸ ਨਾਲ ਕਹਾਣੀ ਦੀ ਸ਼ੁਰੂਆਤ ਕਰ ਦੇਵੇਗਾ… ਬਾਬੂ ਗੋਪੀਨਾਥ, ਹੱਤਕ, ਮੰਮੀ, ਟੋਬਾ ਟੇਕ ਸਿੰਘ, ਮੌਜ਼ੇਲ, ਇਹ ਕਹਾਣੀਆਂ ਉਸ ਨੇ ਇਸ ਫਰੌਡ ਤਰੀਕੇ ਨਾਲ ਲਿਖੀਆਂ ਹਨ।
ਇਹ ਅਜੀਬ ਗੱਲ ਹੈ ਕਿ ਲੋਕ ਉਸ ਨੂੰ ਬਹੁਤ ਅਧਰਮੀ, ਅਸ਼ਲੀਲ ਵਿਅਕਤੀ ਸਮਝਦੇ ਹਨ, ਅਤੇ ਮੇਰਾ ਵੀ ਖ਼ਿਆਲ ਹੈ ਕਿ ਉਹ ਕਿਸੇ ਹੱਦ ਤੱਕ ਇਸੇ ਦਰਜੇਬੰਦੀ ਵਿਚ ਆਉਂਦਾ ਹੈ, ਇਸ ਲਈ ਕਿ ਅਕਸਰ ਉਹ ਬਹੁਤ ਗੰਦੇ ਵਿਸ਼ੇ ਉੱਤੇ ਕਲਮ ਚੁੱਕਦਾ ਹੈ ਅਤੇ ਅਜਿਹੇ ਸ਼ਬਦ ਆਪਣੀ ਰਚਨਾ ਵਿਚ ਵਰਤਦਾ ਹੈ ਜਿਨ੍ਹਾਂ ਉੱਤੇ ਇਤਰਾਜ਼ ਦੀ ਗੁੰਜਾਇਸ਼ ਵੀ ਹੋ ਸਕਦੀ ਹੈ, ਪਰ ਮੈਂ ਜਾਣਦਾ ਹਾਂ ਕਿ ਜਦੋਂ ਵੀ ਉਸ ਨੇ ਕੋਈ ਕਹਾਣੀ ਲਿਖੀ, ਪਹਿਲੇ ਪੰਨੇ ਦੇ ਸਿਖਰ ਉੱਤੇ 786 ਜ਼ਰੂਰ ਲਿਖਿਆ ਜਿਸ ਦਾ ਮਤਲਬ ਹੈ ਬਿਸਮਿੱਲਾਹ…। ਇਹ ਵਿਅਕਤੀ ਜੋ ਖ਼ੁਦਾ ਨੂੰ ਮੰਨਣ ਤੋਂ ਇਨਕਾਰੀ ਨਜ਼ਰ ਆਉਂਦਾ ਹੈ, ਕਾਗ਼ਜ਼ ਉੱਤੇ ਮੋਮਨ ਬਣ ਜਾਂਦਾ ਹੈ… ਪਰ ਉਹ ਕਾਗ਼ਜ਼ੀ ਮੰਟੋ ਹੈ ਜਿਸ ਨੂੰ ਤੁਸੀਂ ਕਾਗ਼ਜ਼ੀ ਬਦਾਮ ਵਾਂਗ ਸਿਰਫ਼ ਉਗਲਾਂ ਨਾਲ ਹੀ ਤੋੜ ਸਕਦੇ ਹੋ, ਨਹੀਂ ਤਾਂ ਉਹ ਲੋਹੇ ਦੇ ਹਥੌੜੇ ਨਾਲ ਵੀ ਟੁੱਟਣ ਵਾਲਾ ਆਦਮੀ ਨਹੀਂ।
ਹੁਣ ਮੈਂ ਮੰਟੋ ਦੀ ਸ਼ਖ਼ਸੀਅਤ ਵੱਲ ਆਉਂਦਾ ਹਾਂ ਅਤੇ ਕੁਝ ਸ਼ਬਦ ਬਿਆਨ ਕਰ ਹੀ ਦਿੰਦਾ ਹਾਂ। ਉਹ ਚੋਰ ਹੈ… ਝੂਠਾ ਹੈ… ਦਗ਼ਾਬਾਜ਼ ਹੈ ਅਤੇ ਭੀੜ ਇਕੱਠੀ ਕਰਨ ਵਾਲਾ ਹੈ।
ਉਸ ਨੇ ਅਕਸਰ ਆਪਣੀ ਪਤਨੀ ਦੀ ਗਫ਼ਲਤ ਦਾ ਫ਼ਾਇਦਾ ਚੁੱਕਦਿਆਂ ਕਈ-ਕਈ ਸੌ ਰੁਪਏ ਉਡਾਏ ਹਨ। ਏਧਰ ਅੱਠ ਸੌ ਲਿਆ ਕੇ ਦਿੱਤੇ ਅਤੇ ਓਧਰ ਚੋਰ ਅੱਖਾਂ ਨਾਲ ਵੇਖਦਾ ਰਿਹਾ ਕਿ ਉਹ ਕਿੱਥੇ ਰੱਖ ਰਹੀ ਹੈ ਅਤੇ ਦੂਜੇ ਹੀ ਦਿਨ ਉਨ੍ਹਾਂ ਵਿਚੋਂ ਇਕ ਹਰਾ ਨੋਟ ਗ਼ਾਇਬ ਕਰ ਦਿੱਤਾ। ਜਦੋਂ ਉਸ ਵਿਚਾਰੀ ਨੂੰ ਆਪਣੇ ਨੁਕਸਾਨ ਦਾ ਪਤਾ ਲੱਗਦਾ ਤਾਂ ਉਹ ਨੌਕਰਾਂ ਨੂੰ ਡਾਂਟਣਾ-ਝਿੜਕਣਾ ਸ਼ੁਰੂ ਕਰ ਦਿੰਦੀ।
ਉਂਜ ਤਾਂ ਮੰਟੋ ਬਾਰੇ ਮਸ਼ਹੂਰ ਹੈ ਕਿ ਉਹ ਸੱਚੋ ਸੱਚ ਕਹਿਣ ਵਾਲਾ ਹੈ, ਪਰ ਮੈਂ ਇਸ ਨਾਲ ਸਹਿਮਤ ਹੋਣ ਲਈ ਤਿਆਰ ਨਹੀਂ… ਉਹ ਅੱਵਲ ਦਰਜੇ ਦਾ ਝੂਠਾ ਹੈ। ਸ਼ੁਰੂ-ਸ਼ੁਰੂ ਵਿਚ ਉਸ ਦਾ ਝੂਠ ਘਰ ਵਿਚ ਚੱਲ ਜਾਂਦਾ ਸੀ, ਇਸ ਲਈ ਕਿ ਉਸ ਝੂਠ ਵਿਚ ਮੰਟੋ ਦਾ ਇਕ ਖ਼ਾਸ ਟੱਚ ਹੁੰਦਾ ਸੀ, ਪਰ ਬਾਅਦ ਵਿਚ ਉਸ ਦੀ ਪਤਨੀ ਨੂੰ ਪਤਾ ਲੱਗ ਗਿਆ ਕਿ ਹੁਣ ਤੱਕ ਉਸ ਨੂੰ ਖ਼ਾਸ ਗੱਲ ਬਾਰੇ ਜੋ ਕੁਝ ਕਿਹਾ ਜਾਂਦਾ ਰਿਹਾ ਹੈ, ਝੂਠ ਸੀ। ਮੰਟੋ ਬਹੁਤ ਸਰਫ਼ੇ ਨਾਲ ਝੂਠ ਬੋਲਦਾ ਹੈ, ਪਰ ਮੁਸੀਬਤ ਇਹ ਹੈ ਕਿ ਉਸ ਦੇ ਘਰਵਾਲੇ ਹੁਣ ਇਹ ਸਮਝਣ ਲੱਗੇ ਹਨ ਕਿ ਉਸ ਦੀ ਹਰ ਗੱਲ ਝੂਠੀ ਹੈ, ਉਸ ਤਿਲ ਵਾਂਗ ਜੋ ਕਿਸੇ ਔਰਤ ਨੇ ਆਪਣੀ ਗੱਲ ਉੱਤੇ ਸੁਰਮੇ ਨਾਲ ਬਣਾ ਰੱਖਿਆ ਹੋਵੇ।
ਉਹ ਅਨਪੜ੍ਹ ਹੈ, ਇਸ ਲਿਹਾਜ਼ ਨਾਲ ਕਿ ਉਸ ਨੇ ਕਦੇ ਮਾਰਕਸ ਦਾ ਅਧਿਐਨ ਨਹੀਂ ਕੀਤਾ, ਫਰਾਇਡ ਦੀ ਕੋਈ ਕਿਤਾਬ ਅੱਜ ਤੱਕ ਉਸ ਦੀਆਂ ਅੱਖਾਂ ਅੱਗੋਂ ਨਹੀਂ ਲੰਘੀ, ਹੀਗਲ ਦਾ ਉਹ ਸਿਰਫ਼ ਨਾਮ ਹੀ ਜਾਣਦਾ ਹੈ, ਹੋਲਿਕ ਐਲਿਸ ਨੂੰ ਉਹ ਨਾਮ ਸਿਰਫ਼ ਤੋਂ ਹੀ ਜਾਣਦਾ ਹੈ। ਪਰ ਮਜ਼ੇ ਦੀ ਗੱਲ ਇਹ ਹੈ ਕਿ ਲੋਕ, ਮੇਰਾ ਮਤਲਬ ਹੈ ਕਿ ਆਲੋਚਕ ਇਹ ਕਹਿੰਦੇ ਹਨ ਕਿ ਉਹ ਇਨ੍ਹਾਂ ਸਾਰੇ ਚਿੰਤਕਾਂ ਤੋਂ ਪ੍ਰਭਾਵਿਤ ਹੈ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਮੰਟੋ ਕਿਸੇ ਦੂਜੇ ਸ਼ਖ਼ਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦਾ ਹੀ ਨਹੀਂ। ਉਹ ਸਮਝਦਾ ਹੈ ਕਿ ਸਮਝਾਉਣ ਵਾਲੇ ਸਭ ਉੱਲੂ ਹਨ; ਦੁਨੀਆ ਨੂੰ ਸਮਝਾਉਣਾ ਨਹੀਂ ਚਾਹੀਦਾ, ਉਸ ਨੂੰ ਖ਼ੁਦ ਸਮਝਣਾ ਚਾਹੀਦਾ ਹੈ… ਖ਼ੁਦ ਨੂੰ ਸਮਝਾ-ਸਮਝਾ ਕੇ ਉਹ ਇਕ ਅਜਿਹੀ ਸਮਝ ਬਣ ਗਿਆ ਹੈ ਜੋ ਬੁੱਧੀ ਅਤੇ ਸਮਝ ਤੋਂ ਬਹੁਤ ਉੱਚਾ ਹੈ। ਉਹ ਕਈ ਵਾਰ ਅਜਿਹੀਆਂ ਊਟ-ਪਟਾਂਗ ਗੱਲਾਂ ਕਰਦਾ ਹੈ ਕਿ ਮੈਨੂੰ ਹਾਸਾ ਆਉਂਦਾ ਹੈ।
ਮੈਂ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੰਟੋ, ਜਿਸ ਉੱਤੇ ਅਸ਼ਲੀਲ ਲਿਖਣ ਦੇ ਸਿਲਸਿਲੇ ਵਿਚ ਕਈ ਮੁਕੱਦਮੇ ਚੱਲ ਚੁੱਕੇ ਹਨ, ਬਹੁਤ ਸਫ਼ਾਈ ਪਸੰਦ ਹੈ। ਪਰ ਮੈਂ ਇਹ ਕਹੇ ਬਿਨਾਂ ਵੀ ਨਹੀਂ ਰਹਿ ਸਕਦਾ ਕਿ ਉਹ ਇਕ ਅਜਿਹਾ ਪਾਏਦਾਨ (ਪੈਰ ਸਾਫ਼ ਕਰਨ ਵਾਲਾ ਟਾਟ) ਹੈ ਜੋ ਖ਼ੁਦ ਨੂੰ ਝਾੜਦਾ-ਫਟਕਦਾ ਰਹਿੰਦਾ ਹੈ।
(*ਹਮਜ਼ਾਦ ਤੋਂ ਅਰਥ ਲਿਆ ਜਾ ਸਕਦਾ ਹੈ ਜਦੋਂ ਵੀ ਕੋਈ ਵਿਅਕਤੀ ਪੈਦਾ ਹੁੰਦਾ ਹੈ ਤਾਂ ਉਸ ਦੇ ਨਾਲ ਹੀ ਉਸ ਦਾ ਜੁੜਵਾਂ ਵੀ ਪੈਦਾ ਹੋ ਜਾਂਦਾ ਹੈ, ਜੇ ਵਿਅਕਤੀ ਬੁੱਤ ਹੈ ਤਾਂ ਹਮਜ਼ਾਦ ਉਸ ਦੀ ਆਤਮਾ ਹੈ, ਕੁਝ ਵਿਦਵਾਨ ਇਸ ਨੂੰ ਜਿੰਨ ਆਦਿ ਬੁਰੀ ਆਤਮਾ ਵੀ ਮੰਨਦੇ ਹਨ।)

– ਪੰਜਾਬੀ ਰੂਪ: ਪਵਨ ਟਿੱਬਾ*
ਸੰਪਰਕ: 98766-35285
* ਪਵਨ ਟਿੱਬਾ ਨੇ ਮੰਟੋ ਦੀਆਂ ਕਿਰਤਾਂ ਜਿਨ੍ਹਾਂ ਵਿਚ ਉਸ ਦੇ ਸਾਰੇ ਨਾਟਕ ਸ਼ਾਮਲ ਹਨ, ਦਾ ਪੰਜਾਬੀ ਅਨੁਵਾਦ ਕੀਤਾ ਹੈ।


Comments Off on ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.