ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ !    ਦੁੱਖ ਦੀ ਗੱਠੜੀ !    ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ !    ਝੂਠ ਨੀ ਮਾਏ ਝੂਠ... !    ਕੁਝ ਪਲ !    ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ !    ਤਰਕ ਦਾ ਸੰਵਾਦ ਰਚਾਉਂਦੀ ਕਹਾਣੀ !    ਬਿਰਹਾ ਦਾ ਸੁਲਤਾਨ !    ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ !    ਸੁਧਾਰ ਦਾ ਮਾਰਗ ਦੱਸਦੀ ਪੁਸਤਕ !    

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਦਿੱਖ ਬਦਲਣ ਦਾ ਵਿਰੋਧ

Posted On January - 16 - 2020

ਵਿਰਾਸਤ ਦਾ ਮਸਲਾ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਜਨਵਰੀ

ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਬਾਹਰੀ ਦਿ੍ਸ਼।

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਨੁਹਾਰ ਬਦਲਣ ਸਮੇਂ ਇਸ ਦੀ ਵਿਰਾਸਤੀ ਦਿੱਖ ਨੂੰ ਮਨਫੀ ਕੀਤੇ ਜਾਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਸਿੱਖ ਜਥੇਬੰਦੀਆਂ ਅਤੇ ਹੋਰਾਂ ਨੇ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਕਾਇਮ ਰੱਖਣ ’ਤੇ ਜ਼ੋਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰੇਲਵੇ ਸਟੇਸ਼ਨ ਦੇ ਪ੍ਰਸਤਾਵਿਤ ਡਿਜ਼ਾਈਨ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਦੀ ਇਮਾਰਤ ਕਲਾ ਨੂੰ ਅਣਡਿੱਠ ਕਰ ਕੇ ਬਣਾਇਆ ਗਿਆ ਮੌਜੂਦਾ ਡਿਜ਼ਾਈਨ ਇੰਜ ਜਾਪਦਾ ਹੈ ਜਿਵੇਂ ਭਾਜਪਾ ਦੇ ਚੋਣ ਨਿਸ਼ਾਨ (ਕਮਲ ਦਾ ਫੁੱਲ) ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੋਵੇ। ਉਨ੍ਹਾਂ ਕਿਹਾ,‘‘ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅੰਮ੍ਰਿਤਸਰ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਸਿੱਖ ਵਿਰਾਸਤ ਨੂੰ ਅਣਡਿੱਠ ਕਰਕੇ ਤਿਆਰ ਕੀਤਾ ਗਿਆ ਇਹ ਡਿਜ਼ਾਈਨ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ।’’
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਰੇਲਵੇ ਸਟੇਸ਼ਨ ਨੂੰ ਨਵੀਂ ਨੁਹਾਰ ਦੇਣ ਸਮੇਂ ਸਿੱਖ ਵਿਰਾਸਤ ਨੂੰ ਮਨਫੀ ਨਾ ਕਰੇ। ‘ਇਥੇ ਗੁਰੂ ਨਗਰੀ ਦੀ ਇਤਿਹਾਸਕ ਮਹੱਤਤਾ ਅਨੁਸਾਰ ਹੀ ਕਾਰਜ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਲੱਖਾਂ ਸ਼ਰਧਾਲੂ ਆਉਂਦੇ ਹਨ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਰੇਲ ਮਾਰਗ ਰਾਹੀਂ ਵੀ ਪੁੱਜਦੇ ਹਨ। ਉਨ੍ਹਾਂ ਨੂੰ ਇਥੇ ਪੁੱਜਣ ’ਤੇ ਪਹਿਲੀ ਝਲਕ ਸ਼ਹਿਰ ਦੀ ਮਹੱਤਤਾ ਨੂੰ ਦਰਸਾਉਣ ਵਾਲੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ,‘‘ਅੰਮ੍ਰਿਤਸਰ ਸ਼ਹਿਰ ਸਿੱਖ ਭਵਨ ਨਿਰਮਾਣ ਕਲਾ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਇਥੇ ਸ੍ਰੀ ਹਰਿਮੰਦਰ ਸਾਹਿਬ ਸਥਾਪਤ ਹੈ।’’ ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਨਾਲ ਰਾਬਤਾ ਵੀ ਕਾਇਮ ਕਰੇਗੀ।
ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਜਨਤਕ ਇਮਾਰਤਾਂ ਇਥੋਂ ਦੀ ਵਿਰਾਸਤ ਦੀ ਦਿੱਖ ਦੇਣ ਵਾਲੀਆਂ ਹੀ ਹੋਣੀਆਂ ਚਾਹੀਦੀਆਂ ਹਨ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਵੀ ਸਿੱਖ ਇਤਿਹਾਸ ਜਾਂ ਵਿਰਾਸਤ ਨਾਲ ਸਬੰਧਤ ਦਿੱਖ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਮਲ ਦੇ ਫੁੱਲ ਵਰਗੀ ਦਿੱਖ ਕਿਸੇ ਹੋਰ ਅਜਿਹੇ ਸੂਬੇ ਵਿਚ ਤਿਆਰ ਕੀਤੀ ਜਾ ਸਕਦੀ ਹੈ, ਜਿਥੋਂ ਦੀ ਵਿਰਾਸਤ ਇਸ ਦੇ ਅਨੁਕੂਲ ਹੋਵੇ। ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਆਖਿਆ ਕਿ ਅੰਮ੍ਰਿਤਸਰ ਵਿਚ ਸਿੱਖ ਇਤਿਹਾਸ, ਵਿਰਾਸਤ ਅਤੇ ਸਭਿਆਚਾਰ ਨਾਲ ਸਬੰਧਤ ਦਿੱਖ ਵਾਲੀਆਂ ਹੀ ਜਨਤਕ ਇਮਾਰਤਾਂ ਹੋਣੀਆਂ ਚਾਹੀਦੀਆਂ ਹਨ। ਰੇਲਵੇ ਸਟੇਸ਼ਨ ਦੀ ਨੁਹਾਰ ਬਦਲਣ ਸਮੇਂ ਇਸ ਦੀ ਵਿਰਾਸਤੀ ਦਿੱਖ ਨੂੰ ਬਹਾਲ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵੀਨੀਕਰਨ ਜ਼ਰੂਰ ਕੀਤਾ ਜਾਵੇ ਪਰ ਵਿਰਾਸਤੀ ਦਿੱਖ ਨਾਲ ਕੋਈ ਛੇੜਛਾੜ ਨਾ ਹੋਵੇ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਰੇਲਵੇ ਸਟੇਸ਼ਨ ਦੀ ਬਦਲੇ ਜਾਣ ਵਾਲੀ ਦਿੱਖ ਬਾਰੇ ਕਿਹਾ ਕਿ ਕਮਲ ਦੇ ਫੁੱਲ ਨੂੰ ਸਿਰਫ਼ ਭਾਜਪਾ ਦੇ ਚੋਣ ਨਿਸ਼ਾਨ ਨਾਲ ਜੋੜ ਕੇ ਦੇਖਣਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਦਾ ਰੰਗ ਰੋਗਨ ਵਿਰਾਸਤੀ ਰੱਖਿਆ ਗਿਆ ਹੈ। ਇਸ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਪਹਿਲਾਂ ਵਾਂਗ ਹੀ ਸਥਾਪਤ ਰਹੇਗਾ।

ਭਾਜਪਾ ਦੇਸ਼ ਦੇ ਭਗਵੇਂਕਰਨ ’ਚ ਜੁਟੀ: ਵੇਰਕਾ
ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਦਿੱਖ ਬਦਲਣ ਦਾ ਵਿਰੋਧ ਕੀਤਾ ਹੈ। ਸ੍ਰੀ ਵੇਰਕਾ ਨੇ ਕਿਹਾ ਕਿ ਅੰਮ੍ਰਿਤਸਰ ਦੀ ਵਿਰਾਸਤੀ ਦਿੱਖ ਕਾਇਮ ਰਹਿਣੀ ਚਾਹੀਦੀ ਹੈ। ਰੇਲਵੇ ਸਟੇਸ਼ਨ ਦੇ ਬਾਹਰ ਕਮਲ ਦੇ ਫੁਲ ਵਰਗੀ ਦਿੱਖ ਦੇਣ ਬਾਰੇ ਉਨ੍ਹਾਂ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਸਮੁੱਚੇ ਦੇਸ਼ ਵਿਚ ਭਗਵਾਕਰਨ ਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਇਸ ਫ਼ੈਸਲੇ ਦਾ ਲੋਕਾਂ ਦੇ ਸਹਿਯੋਗ ਨਾਲ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਵਿਚ ਵੀ ਸ਼ਹੀਦੀ ਖੂਹ ਦੀ ਵਿਰਾਸਤੀ ਤੇ ਪੁਰਾਤਨ ਦਿੱਖ ਖ਼ਤਮ ਕਰ ਦਿੱਤੀ ਗਈ ਹੈ। ਕੈਨੇਡਾ ਦੇ ਦੌਰੇ ’ਤੇ ਗਏ ਹੋਏ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ 28 ਜਨਵਰੀ ਨੂੰ ਉਨ੍ਹਾਂ ਦੀ ਪ੍ਰਧਾਨਗੀ ਵਾਲੀ ਦਿਸ਼ਾ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਰੇਲਵੇ ਦੇ ਡੀਆਰਐੱਮ ਫਿਰੋਜ਼ਪੁਰ, ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ ਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ। ਇਸ ਮੀਟਿੰਗ ਵਿਚ ਰੇਲਵੇ ਸਟੇਸ਼ਨ ਦੇ ਮਾਮਲੇ ਨੂੰ ਵਿਚਾਰਿਆ ਜਾਵੇਗਾ। ਜੇਕਰ ਰੇਲਵੇ ਸਟੇਸ਼ਨ ਦੀ ਨਵੀਂ ਦਿੱਖ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਜਦੀ ਹੈ ਤਾਂ ਇਹ ਇਤਰਾਜ਼ ਮੀਟਿੰਗ ਵਿਚ ਦਰਜ ਕਰਨ ਮਗਰੋਂ ਰੇਲ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਭੇਜੇ ਜਾਣਗੇ। ਉਨ੍ਹਾਂ ਆਖਿਆ ਕਿ ਰੇਲਵੇ ਸਟੇਸ਼ਨ ਦੇ ਵਿਕਾਸ ਸਬੰਧੀ ਕੰਮ ਨੂੰ ਰੋਕਿਆ ਨਹੀਂ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਅਜਿਹੇ ਬਦਲਾਅ ਮੌਕੇ ’ਤੇ ਵੀ ਰੋਕੇ ਜਾ ਸਕਦੇ ਹਨ।

ਕੇਂਦਰੀ ਰੇਲਵੇ ਅਥਾਰਿਟੀ ਫ਼ੈਸਲਾ ਵਾਪਸ ਲਵੇ: ਬਡੂੰਗਰ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਬਦਲਣ ਦੇ ਫ਼ੈਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਦੇ ਇਸ ਕਦਮ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਨਗਰੀ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨਾਂ ’ਤੇ ਵਿਰਾਸਤੀ ਦਿੱਖ ਨੂੰ ਵਿਗਾੜਨਾ ਬਰਦਾਸ਼ਤਯੋਗ ਨਹੀਂ ਹੈ। ਸ੍ਰੀ ਬਡੂੰਗਰ ਨੇ ਕਿਹਾ ਕਿ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਨਗਰੀ ਦੀ ਵਿਰਾਸਤੀ ਇਮਾਰਤੀ ਦੀ ਦਿੱਖ ਨੂੰ ਬਦਲਣ ਤੋਂ ਪਹਿਲਾਂ ਰੇਲਵੇ ਅਥਾਰਿਟੀ ਨੂੰ ਸਾਰੇ ਪੱਖਾਂ ਤੋਂ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਨਵੀਨੀਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ। ਇਤਿਹਾਸਕਾਰ ਪ੍ਰੋਫੈਸਰ ਡਾ. ਸੁਖਦਿਆਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਜਾਂ ਭਾਜਪਾ ਦੀ ਸੋਚ ਦਾ ਪ੍ਰਭਾਵ ਸਿੱਖਾਂ ਦੇ ਕੇਂਦਰੀ ਅਸਥਾਨ ’ਤੇ ਨਹੀਂ ਪੈਣਾ ਚਾਹੀਦਾ। ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਨੇ ਕਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਸਿੱਖ ਸਭਿਆਚਾਰ ਦੇ ਸੰਦਰਭ ’ਚ ਹੀ ਹੋਣਾ ਚਾਹੀਦਾ ਹੈ।


Comments Off on ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਦਿੱਖ ਬਦਲਣ ਦਾ ਵਿਰੋਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.