ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਅਸਹਿਮਤੀ ਦਾ ਪ੍ਰਵਚਨ

Posted On January - 26 - 2020

ਡਾ. ਕੁਲਦੀਪ ਸਿੰਘ ਧੀਰ
ਇਕ ਪੁਸਤਕ – ਇਕ ਨਜ਼ਰ

ਦੋਸਤੋ, ਖ਼ਬਰ ਹੈ ਤੁਹਾਨੂੰ? ਕੋਈ ਤਾਜ਼ਾ ਹਵਾ ਚਲੀ ਹੈ ਅਭੀ। ਟੁੱਕੀਆਂ ਜੀਭਾਂ ਵਾਲੇ ਬੋਲਣ ਲੱਗੇ ਹਨ। ਰਮੇਸ਼ ਕੁਮਾਰ ਦੇ ਨਵੇਂ ਕਾਵਿ-ਸੰਗ੍ਰਹਿ ‘ਅਸਹਿਮਤ’ (ਕੀਮਤ: 150 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚ ਸਾਡੇ ਆਲੇ-ਦੁਆਲੇ ਦਾ ਉਹ ਸਾਰਾ ਕੁਝ ਹੈ ਜੋ ਸਾਨੂੰ ਪ੍ਰੇਸ਼ਾਨ ਕਰਦਾ ਹੈ। ਗਲੀਆਂ, ਸੜਕਾਂ, ਬਾਜ਼ਾਰਾਂ, ਰੇਡੀਓ, ਟੀ.ਵੀ. ਉੱਤੇ ਜੋ ਵੀ ਦਿਸਦਾ ਹੈ, ਉਸ ਸਾਰੇ ਕੁਝ ਦਾ ਦਬਾਅ, ਚਿੰਤਾ, ਬੇਚੈਨੀ, ਛਟਪਟਾਹਟ। ਉਸ ਨਾਲ ਅਸਹਿਮਤੀ। ਉਸ ਉੱਤੇ ਪ੍ਰਸ਼ਨ ਚਿੰਨ। ਪੁਸਤਕ ‘ਅਸਹਿਮਤ’ ਦੀਆਂ ਨਜ਼ਮਾਂ ਪੜ੍ਹ ਕੇ ਹਰ ਸੰਵੇਦਨਸ਼ੀਲ ਬੰਦੇ ਦੇ ਮੂੰਹੋਂ ਬੇਸਾਖਤਾ ਨਿਕਲੇਗਾ: ਹਮਨੇ ਯੇ ਜਾਨਾ ਕਿ ਗੋਯਾ ਯਹ ਹੀ ਹਮਾਰੇ ਦਿਲ ਮੇਂ ਹੈ। ਅਸਹਿਮਤੀ ਦੇ ਅਨੇਕ ਰੰਗ ਹਨ। ਅਸਹਿਮਤ ਹੋਣ ਵਾਲੀਆਂ ਭੀੜਾਂ ਦਾ ਵਿਹਾਰ। ਅਸਹਿਮਤੀ ਦੀ ਹਰ ਆਵਾਜ਼ ਨੂੰ ਬਗ਼ਾਵਤ ਕਹਿਣ ਵਾਲੀ ਸੱਤਾ। ਅਸਹਿਮਤੀ ਦਾ ਦਮਨ ਕਰਨ ਵਾਲਾ ਸੰਸਥਾਈ ਤਾਣਾ-ਬਾਣਾ ਜਿਸ ਬਾਰੇ ਅਲਥਿਊਜ਼ਰ ਨੇ ਕਿੰਨਾ ਕੁਝ ਕਿਹਾ ਹੈ। ਅਸਹਿਮਤੀ ਦੇ ਪ੍ਰਵਚਨ ਦੀ ਸ਼ਕਤੀ, ਸੀਮਾ/ਸੰਭਾਵਨਾ ਜਿਨ੍ਹਾਂ ਬਾਰੇ ਫੂਕੋ ਨੇ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਦਿੱਤੀਆਂ ਹਨ। ਅਸਹਿਮਤ ਹੁੰਦੇ ਹੋਏ ਵੀ ਅਸਹਿਮਤੀ ਦਾ ਦਮਨ ਕਰਨ ਵਾਲੇ ਵਿਅਕਤੀ ਦੀ ਮਾਨਸਿਕਤਾ ਜਿਸ ਬਾਰੇ ਫਰਾਇਡ ਨੇ ਬੜਾ ਕੁਝ ਕਿਹਾ ਹੈ। ਸਹਿਮਤੀ/ਅਸਹਿਮਤੀ ਵਿਚ ਦੂਜੇ ਲਈ ਸਪੇਸ ਜੋ ਨਿਓਤਾਰਦ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਉੱਤਰ-ਆਧੁਨਿਕ ਚਿੰਤਨ ਵਿਚ ਮਹੱਤਵਪੂਰਨ ਮੁੱਦਾ ਹੈ। ਅਸਹਿਮਤ ਹੋਣ ਦਾ ਕੁਦਰਤੀ ਅਧਿਕਾਰ ਜਿਸ ਦੀ ਗਾਰੰਟੀ ਭਾਰਤੀ ਸੰਵਿਧਾਨ ਦਿੰਦਾ ਹੈ। ਅਸਹਿਮਤੀ ਖ਼ਤਮ ਕਰਨ ਲਈ ਅਸਹਿਮਤ ਲੋਕਾਂ ਦਾ ਸਰਬਨਾਸ਼/ਬੇਰਹਿਮੀ ਨਾਲ ਕਤਲ ਜੋ ਹਿਟਲਰ/ਮਸੋਲੀਨੀ ਦੇ ਫਾਸ਼ੀਵਾਦੀ/ਨਾਜ਼ੀਵਾਦੀ ਮਾਡਲ ਦੀ ਵਿਧੀ ਸੀ। ਅਸਹਿਮਤੀ ਦੇ ਦਮਨ ਵਿਰੁੱਧ ਇਨਕਲਾਬੀ ਸੰਘਰਸ਼ ਜੋ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਗ਼ਦਰੀਆਂ ਤੋਂ ਲੈ ਕੇ ਲੈਨਿਨ ਤਕ ਕਈ ਰੰਗ ਰੱਖਦਾ ਹੈ। ਅਸਹਿਮਤੀ ਦੇ ਅਧਿਕਾਰ ਲਈ ਅਹਿੰਸਾ ਦਾ ਰਾਹ ਜੋ ਮਹਾਤਮਾ ਗਾਂਧੀ ਦਾ ਰਾਹ ਸੀ। ਅਸਹਿਮਤ ਹੋਣ ਦੇ ਬਾਵਜੂਦ ਚੁੱਪ-ਚਾਪ ਸਭ ਕੁਝ ਸਹਿ ਜਾਣਾ। ਘਰ ਤੋਂ ਦਫ਼ਤਰ ਜਾਣਾ ਅਤੇ ਦਫ਼ਤਰੋਂ ਘਰ ਆ ਜਾਣਾ ਜਿਸ ਨੂੰ ਪਾਸ਼ ਸਭ ਤੋਂ ਖ਼ਤਰਨਾਕ ਕਹਿੰਦਾ ਹੈ। ਅਸਹਿਮਤੀ ਦੇ ਇਸ ਪ੍ਰਵਚਨ ਵਿਚ ਹਰ ਉਪਰੋਕਤ ਰੰਗ ਹੈ।
ਪੁਸਤਕ ‘ਅਸਹਿਮਤ’ ਵਿਚ ਅਸਹਿਮਤੀ ਨਿਪਟ/ਸਿੱਧਾ ਸਰਲ ਯਥਾਰਥ ਨਹੀਂ। ਇਸ ਵਿਚ ਯਥਾਰਥ ਨੂੰ ਸੰਵੇਦਨਸ਼ੀਲ ਅਨੁਭਵ ਨੇ ਕਲਪਨਾ ਦੀ ਕਲਾਮਈ ਤੇ ਸ਼ਕਤੀਸ਼ਾਲੀ ਉਡਾਰੀ ਨਾਲ ਪ੍ਰਤੀਕਾਤਮਕ ਪ੍ਰਵਚਨ ਦਾ ਰੂਪ ਦਿੱਤਾ ਹੈ। ਕਵੀ, ਵਕਤਾ ਵਜੋਂ ਸਾਰੇ ਪ੍ਰਵਚਨ ਵਿਚ ਸੁਚੇਤ ਰੂਪ ਵਿਚ ਹਾਜ਼ਰ ਹੈ। ਇਸ ਪ੍ਰਵਚਨ ਵਿਚ ਕੌਣ/ਕਿਸ ਨੂੰ ਦੀਆਂ ਧਿਰਾਂ ਸਪਸ਼ਟ ਹਨ। ਪ੍ਰਵਚਨ ਦੇ ਨਿਰਮਾਤਾ ਦੇ ਮਨ ਵਿਚ ਸਪਸ਼ਟਤਾ ਹੈ ਕਿ ਉਹ ਪਾਠਕ ਦੀ ਮਾਨਸਿਕਤਾ ਦਾ ਰੂਪਾਂਤਰਣ ਕਿਸ ਪ੍ਰਕਾਰ ਤੇ ਪੱਧਰ ਦਾ ਕਰਨਾ ਚਾਹੁੰਦਾ ਹੈ। ਕਿਸ ਪ੍ਰਕਾਰ ਦੇ ਪ੍ਰਸ਼ਨ ਉਠਾਉਣੇ ਹਨ ਅਤੇ ਕਿਸ ਪ੍ਰਕਾਰ ਦੇ ਉੱਤਰਾਂ ਦੀ ਉਸ ਨੂੰ ਤਵੱਕੋ ਹੈ। ਭੋਗੇ ਯਥਾਰਥ ਦੇ ਦਰਦ, ਛਟਪਟਾਹਟ ਅਤੇ ਬੇਚੈਨੀ ਨੂੰ ਪ੍ਰਤੀਕਾਤਮਕ ਪੱਧਰ ਉੁੱਤੇ ਰੂਪਾਂਤ੍ਰਿਤ ਕਰਕੇ ਕਵੀ ਪਾਠਕਾਂ ਨੂੰ ਕਠੋਰ ਯਥਾਰਥ ਦਾ ਅਹਿਸਾਸ ਕਰਵਾਉਂਦਾ ਹੈ। ਉਸੇ ਅਨੁਭਵ ਵਿਚੋਂ ਗੁਜ਼ਰਨ ਦੇ ਅਵਸਰ ਸਿਰਜਦਾ ਹੈ। ਇਸ ਦੌਰਾਨ ਪਾਠਕ ਯਥਾਰਥ ਕੋਲੋਂ ਤੇਜ਼ੀ ਨਾਲ ਗੁਜ਼ਰਦੇ ਰਾਹੀ ਵਾਂਗ ਨਹੀਂ ਲੰਘਦਾ। ਧੀਮੀ ਚਾਲ ਵਾਲੀ ਫਿਲਮ ਵਾਂਗ ਯਥਾਰਥ ਉਸ ਦੀਆਂ ਅੱਖਾਂ ਸਾਹਵੇਂ ਪਲ ਪਲ ਠਹਿਰਦਾ ਹੈ। ਸੋਚਣ ਲਈ ਮਜਬੂਰ ਕਰਦਾ ਹੈ। ਸਿਰਜੇ ਯਥਾਰਥ ਦੇ ਅਨੁਭਵ ਵਿਚ ਦਰਦ ਦਹਿਸ਼ਤ ਦੀ ਥਾਂ ਦੂਜਿਆਂ ਦੇ ਦਰਦ/ਚਿੰਤਾ ਪ੍ਰਤੀ ਫ਼ਿਕਰ ਜਾਗਦੇ ਹਨ। ਸਥਿਤੀ ਦੇ ਬਦਲਾਵ ਲਈ ਪ੍ਰਸ਼ਨ ਉੱਠਦੇ ਹਨ। ਕਠੋਰ ਯਥਾਰਥ, ਵਿਅਕਤੀ ਨੂੰ ਮਾਰਨ, ਸਾਹ-ਸੱਤ ਹੀਣ ਜਾਂ ਨਿਰਾਸ਼ਾ ਦੇ ਆਲਮ ਵਿਚ ਧੱਕਣ ਦੀ ਥਾਂ ਜੋਸ਼, ਉਤਸ਼ਾਹ ਤੇ ਆਸ਼ਾ ਭਰਪੂਰ ਹੋ ਕੇ ਸਥਿਤੀਆਂ ਨਾਲ ਟਕਰਾਉਣ ਦਾ ਪ੍ਰੇਰਕ ਬਣਦਾ ਹੈ। ਇਹੀ ਇਸ ਕਾਵਿ ਦੀ ਵੱਡੀ ਪ੍ਰਾਪਤੀ ਹੈ।
ਅਸਹਿਮਤੀ ਦੇ ਇਸ ਪ੍ਰਵਚਨ ਪ੍ਰਤੀ ਕਵੀ ਦਾ ਆਦਿ-ਕਥਨ ਇਸ ਕਾਵਿ-ਸੰਗ੍ਰਹਿ ਦੇ ਮੂਲ ਸਰੋਕਾਰ ਨੂੰ ਵਾਰਤਕ ਵਿਚ ਨਹੀਂ, ਕਵਿਤਾ ਵਿਚ ਹੀ ਇਉਂ ਜ਼ਬਾਨ ਦਿੰਦਾ ਹੈ:
ਭੀੜ ਆਪਣੇ ਆਪ ਵਿਚ
ਨਾ ਤਾਂ ਕਦੇ, ਕੋਈ ਤਰਕ ਜਾਂ ਪ੍ਰਸ਼ਨ ਹੁੰਦੀ ਹੈ
ਅਤੇ ਨਾ ਹੀ ਕਦੇ, ਕੋਈ ਉੱਤਰ ਹੀ।
ਭੁੱਖ ਹਰ ਵਾਰ, ਆਪਣੇ ਆਪ ਵਿਚ
ਬਹੁਤ ਸਾਰੇ, ਵਿਕਰਾਲ ਪ੍ਰਸ਼ਨ ਹੁੰਦੀ ਹੈ
ਅਤੇ ਵਿਲਕਦੇ-ਕਚੀਚੀਆਂ ਵੱਟਦੇ ਉੱਤਰ ਵੀ।
ਭੀੜ ਦਾ ਭੈਅ ਦਾ, ਮੂੰਹ ਮੱਥਾ, ਨੱਕ ਜਾਂ ਕੰਨ ਨਹੀਂ ਹੁੰਦਾ
ਸਿਰਫ਼ ਪੈਰ ਹੁੰਦੇ ਹਨ…
ਕੋਈ ਉਮਰ ਨਹੀਂ ਹੁੰਦੀ, ਮਜ਼ਹਬ ਨਹੀਂ ਹੁੰਦਾ।…
ਭੈਅ ਜਦ ਵੀ, ਕਿਸੇ ਵਿਹੜੇ ਦੀ ਦੀਵਾਰ ਉਪਰ
ਉਤਰ ਆਉਂਦਾ ਹੈ…
ਤਾਂ ਉਸ ਵਿਹੜੇ ਦੀਆਂ ਸ਼ਾਮਾਂ, ਰਾਤਾਂ ਦੇ ਅਰਥ
ਸਦਾ ਲਈ ਬਦਲ ਜਾਂਦੇ ਹਨ।
ਅਸਹਿਮਤ, ਬਹੁਤ ਵਾਰ, ਅੱਖੜ ਜਿਹਾ
ਕੋਈ, ਅੱਖਰ ਹੋ ਕੇ ਵੀ ਰਹਿ ਜਾਂਦਾ ਹੈ।
ਪਰ ਅਸਹਿਮਤ…
ਕਿਸੇ ਸਾਰਥਕ ਇਬਾਰਤ ਦਾ, ਸਿਰਲੇਖ ਵੀ ਤਾਂ ਹੋ ਸਕਦਾ ਹੈ।
ਅਸਹਿਮਤ, ਹਰ ਵਾਰ ਕਿਉਂਕਿ
ਪ੍ਰਸ਼ਨ ਜੂਨ ਦੇ ਗਰਭ ਵਿਚ ਪੈਦਾ ਹੁੰਦਾ ਹੈ।
ਪ੍ਰਸ਼ਨ ਚਿੰਨ੍ਹ ਹੋ ਜਾਣ ਤਕ
ਹਾਜ਼ਿਰ ਹਾਂ ਮੈਂ
ਇਕ ਅਸਹਿਮਤ ਪ੍ਰਸ਼ਨ ਚਿੰਨ੍ਹ ਹੋ ਕੇ।
ਕਵੀ ਦਾ ਨਿਰਣਾ ਹੈ ਕਿ ਭੀੜਾਂ ਤਰਕ-ਵਿਹੀਣ ਤੇ ਬੇਪਛਾਣ ਬੇਚਿਹਰਾ ਹੁੰਦੀਆਂ ਹਨ, ਪਰ ਭੁੱਖ ਦੇ ਨਾਂ ਉੱਤੇ ਲੋਕ ਮਰਨ ਮਾਰਨ ਲਈ ਵਰਗਲਾ ਕੇ ਭੈਅਭੀਤ ਕਰਨ ਵਾਲੀਆਂ ਭੀੜਾਂ ਵਿਚ ਵਟਾਏ ਜਾਣ ਦੀਆਂ ਸੰਭਾਵਨਾਵਾਂ ਹਨ। ਤਬਾਹੀ ਮਚਾਉਂਦੀਆਂ ਭੀੜਾਂ ਜਿਸ ਵਿਅਕਤੀ/ਘਰ ਉੱਤੇ ਟੁੱਟ ਪੈਣ ਉਸ ਲਈ ਜ਼ਿੰਦਗੀ ਦੇ ਅਰਥ ਤਬਾਹੀ ਬਣ ਕੇ ਰਹਿ ਜਾਂਦੇ ਹਨ। ਇਹ ਵਰਤਾਰਾ ਵੀ ਅਸਹਿਮਤੀ ਦੀ ਦੇਣ ਹੋ ਸਕਦਾ ਹੈ। ਪਰ ਹੈ ਇਹ ਨਿਰਥਾਰਕ। ਅਸਹਿਮਤੀ ਕਿਸੇ ਨਾ ਕਿਸੇ ਪ੍ਰਸ਼ਨ ਨੂੰ ਉਠਾਉਂਦੀ ਹੈ। ਇਹ ਜ਼ਰੂਰੀ ਨਹੀਂ ਕਿ ਅਸਹਿਮਤੀ, ਇਸ ਨੂੰ ਜਨਮ ਦੇਣ ਵਾਲੇ ਜਾਂ ਇਸ ਤੋਂ ਪੈਦਾ ਹੋਏ ਪ੍ਰਸ਼ਨ ਨਿਰਾਰਥਕ ਤੇ ਤਬਾਹਕੁੰਨ ਹੋਣ। ਇਹ ਸਾਰਥਕ ਹਾਲਾਤ ਪੈਦਾ ਕਰਨ ਵਾਲੇ ਵੀ ਹੋ ਸਕਦੇ ਹਨ। ਕਵੀ ਅਸਹਿਮਤੀ ਦਾ ਸਾਰਥਕ ਪ੍ਰਵਚਨ ਸਿਰਜਨ ਲਈ ਵਚਨਬੱਧ ਹੈ। ਹਰ ਸ਼ਰਤ ਮੰਨਣ ਤੋਂ ਇਨਕਾਰੀ, ਉਹ ਬੁੱਲ੍ਹੇ ਵਾਂਗ ਕਾਫ਼ਿਰ ਅਖਵਾਉਣ ਲਈ ਵੀ ਤਿਆਰ ਹੈ।
ਅਸਹਿਮਤੀ ਦੇ ਮੋਟਿਫ਼ ਵਾਰ ਵਾਰ ਇਸ ਕਾਵਿ-ਸੰਗ੍ਰਹਿ ਵਿਚ ਨਜ਼ਰ ਆਉਂਦੇ ਹਨ। ਪਹਿਲੀਆਂ ਤਿੰਨ ਨਜ਼ਮਾਂ ਦੇ ਸਿਰਲੇਖ ਅਸਹਿਮਤ ਤੇ ਅਸਹਿਮਤੀ ਅਤੇ ਅਸਹਿਮਤ ਹਨ। ਕਵੀ ਨੂੰ ਦੁੱਖ ਹੈ ਕਿ ਕਦੇ ਲੋਕ ਸਿਰ ਛੰਡਦੇ, ਉਠਾਉਂਦੇ ਤੇ ਕਟਵਾਉਂਦੇ ਵੀ ਸਨ, ਪਰ ਹੁਣ ਕੇਵਲ ਹਾਂ ਨਾਲ ਹਾਂ ਮਿਲਾਉਂਦੀਆਂ ਭੀੜਾਂ ਬਣ ਕੇ ਰਹਿ ਗਏ ਹਨ। ਉਸ ਦਾ ਪ੍ਰਸ਼ਨ ਹੈ: ਹੁਣ, ਪਤਾ ਨਹੀਂ, ਕਦ, ਕਦੇ ਕੋਈ ਫਿਰ ਤੋਂ ਸਿਰ ਉਠਾਏਗਾ? ਉਸ ਦਾ ਕਹਿਣਾ ਹੈ ਕਿ ਨਾਂਹ ਕਹਿਣਾ, ਹਰ ਵਾਰ ਬਗ਼ਾਵਤ ਨਹੀਂ ਹੁੰਦਾ:
ਨਾਂਹ ਕਹਿਣਾ, ਬਹੁਤ ਵਾਰ, ਹਾਂ-ਪੱਖੀ ਵੀ ਹੁੰਦਾ ਹੈ।
ਪਰ, ਹਾਂ ਕਹਿਕੇ, ਹਾਂ ਹਾਂ – ਹਾਂ ਹਾਂ ਕਹਿਣਾ
ਹਰ ਵਾਰ ਘੋਰ ਨਾਂਹ ਪੱਖੀ
ਅਜੋਕੇ ਮਨੁੱਖ ਦੀ ਮਜਬੂਰੀ ਹੈ ਕਿ ਉਹ ਕਈ ਵਾਰ ਅਸਹਿਮਤ ਹੋ ਕੇ ਸਹਿਮਤ ਹੋਣ ਦੇ ਰਾਹ ਪੈ ਜਾਂਦਾ ਹੈ। ਜਦੋਂ ਕਦੇ ਵੀ ਅਜਿਹਾ ਹੁੰਦਾ ਹੈ ਤਾਂ ਮਨੁੱਖ ਵਿਚੋਂ ਭਗਤ ਸਿੰਘ, ਸਰਾਭਾ, ਅਰਜਨ, ਯੁਧਿਸ਼ਟਰ ਵਰਗੇ ਨਾਇਕਤਵ ਦੀ ਮੌਤ ਹੁੰਦੀ ਹੈ। ਗੁਨਾਹ ਤੇ ਪਸ਼ਚਾਤਾਪ ਵਿਚ ਸੜਦਾ ਹੀ ਉਹ ਬਦਲਵਾਂ ਪੈਂਡਾ ਪੈਰ ਘਸੀਟਦਾ ਹੀ ਤੈਅ ਕਰਦਾ ਹੈ:
ਅਤੇ ਹਰ ਵਾਰ
ਬੇਬਸੀ ਦੇ ਘੁੱਟ ਭਰਦਾ
ਅਸਹਿਮਤੀ ਸੜਕਾਂ ’ਤੇ
ਸਹਿਮਤੀ ਕਦਮ ਪੁੱਟਦਾ ਮੈਂ
ਸਾਜ਼ਿਸ਼ੀ ਹਵਾਵਾਂ ਦੇ, ਨਾਲ ਹੋ ਤੁਰਦਾ ਹਾਂ।…
ਪੈਰ ਘਸੀਟਦਾ… ਮਣ-ਮਣ ਪੱਕੇ ਦੇ ਪੈਰ…
ਕਵੀ ਸਵੀਕਾਰਦਾ ਹੈ ਕਿ ਮੁੱਠੀਆਂ ਭੀਚ ਕੇ, ਕਚੀਚੀਆਂ ਵੱਟਦੇ ਕਿੰਨੇ ਹੀ ਇਨਕਲਾਬ ਰੋਜ਼ ਦਮਨ ਦਾ ਸ਼ਿਕਾਰ ਹੁੰਦੇ ਹਨ। ਦੇਸ਼ਾਂ/ਕੌਮਾਂ ਲਈ ਇੰਜ ਹੋਣਾ ਅਤਿ ਮਾੜਾ ਹੈ। ਕ੍ਰਾਂਤੀ/ਬਦਲਾਵ ਲਈ ਉੱਠੇ ਹੱਥਾਂ ਨੂੰ ਪੂੰਜੀ ਨੇ ਝੂਠੇ ਸੁਪਨੇ ਵੇਚ ਕੇ ਸ਼ਾਂਤ ਕਰ ਦਿੱਤਾ ਹੈ। ਨਵੀਂ ਪੀੜ੍ਹੀ ਪੀਜ਼ੇ, ਬਰਗਰਾਂ, ਸੈੱਲ ਫੋਨਾਂ ਵਿਚ ਉਲਝ ਕੇ ਜ਼ਿੰਦਗੀ/ਸਮਾਜ ਦੇ ਮੂਲ ਸਰੋਕਾਰਾਂ/ਪ੍ਰਸ਼ਨਾਂ ਨੂੰ ਭੁੱਲ ਗਈ ਹੈ। ਇਹ ਸਰੋਕਾਰ ਪਤਾ ਨਹੀਂ ਕਦ ਉਨ੍ਹਾਂ ਦਾ ਧਿਆਨ ਆਕਰਸ਼ਿਤ ਕਰਨਗੇ ਜਾਂ:
ਪੀਜ਼ੇ-ਪਾਸਤੇ ਅਤੇ ਬਰਗਰ ਖਾਂਦੀ ਇਹ ਪ੍ਰਸ਼ਨਹੀਣ ਕੌਮ
ਸਿਰਫ਼, ਸੈਲਫੀਆਂ ਖਿੱਚ ਕੇ ਸੌਂ ਜਾਵੇਗੀ
ਕਿਸੇ ਫੇਸ ਬੁੱਕ ਦੇ ਸਰ੍ਹਾਣੇ ’ਤੇ ਸਿਰ ਰੱਖ।
ਰਮੇਸ਼ ਪੂੰਜੀ ਦੀ ਲਿਸ਼ਕੋਰ ਨਾਲ ਅੱਖਾਂ ਚੁੰਧਿਆਉਂਦੇ ਸੁਪਨਿਆਂ ਦੀ ਨਿਰਾਰਥਕਤਾ ਦਾ ਮੁਖੌਟਾ ਲੀਰੋ-ਲੀਰ ਕਰਦਾ ਹੈ। ਭਾਸ਼ਣ ਸਿਰਲੇਖ ਵਾਲੀ ਨਜ਼ਮ ਅਜੋਕੇ ਸੱਤਾਧਾਰੀ ਨੇਤਾਵਾਂ ਉੱਤੇ ਤਿੱਖਾ ਵਿਅੰਗ ਹੈ ਜੋ ਅਸਹਿਮਤੀ ਦੀ ਹਰ ਸ਼ਿਕਾਇਤ ਦੀ ਸੁਣਵਾਈ ਜਾਂ ਨਿਵਾਰਨ ਨਿਰਾਰਥਕ ਭਾਸ਼ਣਾਂ ਨਾਲ ਕਰਦੇ ਹਨ। ਨੇਤਾ ਕੁਝ ਵੀ ਚੰਗਾ ਕਰਨ ਦੀ ਥਾਂ ਭਾਸ਼ਣ ਦੇਣ ਜੋਗੇ ਹਨ, ਬਥੇਰੀ ਹੋ ਗਈ ਲੋਕ ਸੇਵਾ:
ਬਹੁਤ ਦੇਰ ਹੋਈ ਹੈ, ਇਸ ਸੂਰਜ ਨੂੰ ਤਪਦਿਆਂ
ਸੂਰਜ ਹੁਣ, ਇਹ, ਸਿਰਫ਼, ਭਾਸ਼ਣ ਦਿਆ ਕਰੇਗਾ।
ਰੁੱਖ-ਪੱਤੇ-ਪੰਛੀ ਸਭ, ਤਾੜੀਆਂ ਮਾਰਿਆ ਕਰਨਗੇ।
ਭੀੜ ਤੰਤਰ ਦੀ ਅਸਹਿਮਤੀ ਵਾਲੀਆਂ ਭੀੜਾਂ ਵੱਲੋਂ ਕੀਤੀ ਤਬਾਹੀ ਬਾਰੇ ਕੋਈ ਵੀ ਸੰਵੇਦਨਸ਼ੀਲ ਨਹੀਂ। ਝੱਟ ਹੀ ਪਿੱਛੋਂ ਸਭ ਕੁਝ ਆਮ ਵਾਂਗ ਹੋਣ ਲੱਗਦਾ ਹੈ ਜਿਵੇਂ ਕੁਝ ਹੋਇਆ ਹੀ ਨਹੀਂ:
ਭੈਅ ਹੈ, ਅਤੇ ਚੁੱਪ ਦੀ ਚੰਘਿਆੜ ਹੈ…
ਇਹ ਭੀੜ-ਤੰਤਰ ਕਹਿਰ ਹੈ…
ਸ਼ਹਿਰ ਮੇਰੇ ਦੀ ਹਵਾ ਵਿਚ ਤੈਰਦਾ
ਇਹ ਸਵੱਛ-ਸਵਦੇਸ਼ੀ ਜ਼ਹਿਰ ਹੈ।
ਪਰ ਤੁਸੀਂ, ਬਿਲਕੁਲ, ਫ਼ਿਕਰ ਨਾ ਕਰੋ
ਇਹ ਜ਼ਿੰਦਗੀ ਕੁਝ ਦੇਰ ਲੰਗੜਾਏਗੀ
ਫਿਰ ਤੋਂ ਰਵਾਂ ਹੋ ਜਾਏਗੀ।…
ਲੱਛੂ ਦੀ ਕੁਲਫ਼ੀ, ਚਾਚੇ ਦੀ ਚਾਟ
ਅਤੇ ਗਿਆਨੀ ਦੇ ਗੋਲਗੱਪੇ
ਸਭ, ਆਮ ਵਾਗ ਵਿਕਣਗੇ।
ਅਸਹਿਮਤੀ ਦੀ ਪ੍ਰਵਾਹ ਕੀਤੇ ਬਿਨਾਂ ਨਫ਼ਰਤਾਂ ਦਾ ਵਪਾਰ ਕਰਨ ਵਾਲੇ ਨਫ਼ਰਤਾਂ ਦਾ ਦਾਇਰਾ ਵਧਾਉਂਦੇ ਜਾ ਰਹੇ ਹਨ। ਉਨ੍ਹਾਂ ਦੀ ਸ਼ਹਿ ਉੱਤੇ ਭੂਤਰੀਆਂ ਭੀੜਾਂ ਨਿਹੱਥਿਆਂ ਉੱਤੇ ਕਹਿਰ ਬਰਸਾ ਰਹੀਆਂ ਹਨ। ਦੇਸ਼ ਦੀ ਰੂਹ ਵਿਚੋਂ ਉੱਚੀਆਂ ਕਦਰਾਂ ਕੀਮਤਾਂ ਦੇ ਪਲ ਪਲ ਕਿਰਦੇ ਜਾਣ ’ਤੇ ਚਿੰਤਾ ਵਿਅਕਤ ਕਰਦੀ ਹੈ ਕਵਿਤਾ ‘ਨਫ਼ਰਤੀ’। ਬੋਲੀ ਸੱਤਾ ਦੀਆਂ ਅੱਖਾਂ ਨੂੰ ਭਾਵੇਂ ਆਪਣੇ ਕੀਤੇ ਸ਼ਰਮਨਾਕ ਕਾਰਿਆਂ ਤੋਂ ਪੀੜਤ ਲੋਕ ਨਹੀਂ ਦਿਸਦੇ, ਪਰ ਇਤਿਹਾਸ ਇਨ੍ਹਾਂ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਰਹੇਗਾ, ਕਿਉਂ ਜੁ ਇਤਿਹਾਸ ਦੀ ਅੱਖ ਵਿਚ ਮੋਤੀਆ ਨਹੀਂ ਹੁੰਦਾ:
ਮੋਤੀਆ ਬਿੰਦ, ਸਿਰਫ਼ ਬੰਦਿਆਂ ਦੀ ਅੱਖ ਵਿਚ ਹੀ ਉਤਰਦਾ ਹੈ,
ਇਤਿਹਾਸ ਦੀ ਅੱਖ ਵਿਚ ਨਹੀਂ।
ਸਮੇਂ ਦੇ ਸਫ਼ੇ ਉੱਤੇ ਸਭ ਅੰਕਿਤ ਹੈ ਮੇਰੇ ਦੋਸਤ
ਸਭ ਅੰਕਿਤ ਰਹੇਗਾ, ਸਮੇਂ ਦਾ ਪ੍ਰਸ਼ਨ ਚਿੰਨ੍ਹ ਹੋ ਕੇ।
ਸਵਾਰਥ ਤੇ ਤਜਾਰਤ ਦੇ ਇਸ ਸਮਕਾਲ ਵਿਚ ਹਾਕਮਾਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਬੰਦੇ ਹਰ ਸਮੇਂ ਹਾਜ਼ਰ ਰਹਿੰਦੇ ਹਨ। ਕੋਈ ਵੀ ਸੱਤਾ ਉੱਤੇ ਬੈਠੇ, ਇਹ ਲੋਕ ਇਕ ਦੂਜੇ ਤੋਂ ਅੱਗੇ ਵਧ ਵਧ ਹਾਕਮ ਦੇ ਬੇਸੁਰੇ ਬੋਲਾਂ ਉੱਤੇ ਤਾਲ ਦੇਈ ਜਾਂਦੇ ਹਨ।
ਅਜਿਹੇ ਸੰਕਟ ਭਰੇ ਸਮਿਆਂ ਵਿਚ ਵੀ ਕਵੀ ਦੇਸ਼ ਭਰ ਦੇ ਪਿੰਡਾਂ ਵਿਚ ਤਲਾਬ ਬਣਾਉਣ ਤੇ ਸੰਭਾਲਣ ਦੇ ਮਿਸ਼ਨ ਨੂੰ ਜਨੂੰਨ ਲੈ ਕੇ ਤੁਰਨ ਵਾਲੇ ਅਨੁਪਮ ਮਿਸ਼ਰਾ ਨੂੰ ਸ਼ਰਧਾਂਜਲੀ ਦੇਣੋਂ ਨਹੀਂ ਖੁੰਝਦਾ:
ਤਾਲਾਬ ਆਖਰੀ, ਜਦ ਸੁੱਕ ਜਾਵੇਗਾ
ਯਾਦ, ਅਨੁਪਮ ਮਿਸ਼ਰਾ, ਬਹੁਤ ਆਵੇਗਾ।
ਪਾਣੀ ਦੀ ਗੱਲ ਤੁਰੀ ਤਾਂ ਰਮੇਸ਼ ਨੂੰ ਔੜ ਵੀ ਯਾਦ ਆਈ ਅਤੇ ਸਮੁੰਦਰ ਵੀ। ਉਸ ਨੂੰ ਔੜਾਂ ਮਾਰੀ ਧਰਤੀ ਵਿਚ ਲਾਚਾਰ ਖੜੇ ਨਿਪੱਤਰੇ ਰੁੱਖਾਂ ਉੱਤੇ ਤਰਸ ਆਉਂਦਾ ਹੈ। ਪੈਰ ਵਿਹੂਣੇ ਰੁੱਖ ਕਿਤੇ ਜਾ ਵੀ ਨਹੀਂ ਸਕਦੇ। ਅਸਹਿਮਤੀ ਦਾ ਦੁੱਖ ਭੋਗਦੇ ਕਥਿਤ ਦੇਸ਼ ਧਰੋਹੀ ਵੀ ਜਨਮ ਭੂਮੀ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦੇ। ਦੂਜੇ ਪਾਸੇ ਸ਼ਕਤੀਸ਼ਾਲੀ ਸਮੁੰਦਰ ਹੈ। ਸੈਆਂ ਨਦੀਆਂ ਦੇ ਪਾਣੀ ਦੀ ਮਿਠਾਸ ਪੀ ਕੇ ਵੀ ਖਾਰੇ ਦਾ ਖਾਰਾ। ਕਵੀ ਦੀ ਕਲਪਨਾ ਉਸ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਹੈ। ਪਿਆਸ ਬੁਝਾਉਣ ਵਾਲੇ ਬੱਦਲਾਂ ਨੂੰ ਕੌਣ ਬੁਲਾਉਂਦਾ ਹੈ। ਆਪੇ ਹੀ ਆਣ ਵਰ੍ਹਦੇ ਹਨ। ਜ਼ਿੰਦਗੀ ਵਿਚ ਜੇ ਕਾਲਖ/ਜ਼ਹਿਰ ਅਤੇ ਨਫ਼ਰਤ ਭਰਨ ਵਾਲੇ ਬਿਨ ਬੁਲਾਏ ਆ ਧਮਕਦੇ ਹਨ ਤਾਂ ਮਿੱਠੇ ਝਰਨੇ ਵੀ ਆਪੇ ਆ ਜਾਂਦੇ ਹਨ। ਇਸ ਸੁਹਾਵਣੇ ਮੰਜ਼ਰ ਵਿਚ ਆਪਣੇ ਮਾਰਗ ਉੱਤੇ ਅਡੋਲ ਤੁਰ ਰਹੇ ਹਾਥੀ ਦੀ ਪਿੱਠ ਉੱਤੇ ਕਾਂ ਵੀ ਠੂੰਗੇ ਮਾਰਦੇ ਹਨ। ਉਸ ਪਿੱਛੇ ਕੁੱਤੇ ਭੌਂਕ ਭੌਂਕ ਆਪਣੇ ਖੇਤਰ ਵਿਚੋਂ ਬਾਹਰ ਕੱਢਦੇ ਹਨ। ਹਾਥੀ ਨੂੰ ਕੁੱਤੇ ਦੀ ਪ੍ਰਵਾਹ ਨਹੀਂ। ਕਾਂਵਾਂ ਨੂੰ ਹਾਥੀ ਦੀ ਔਕਾਤ ਦੀ ਖ਼ਬਰ ਨਹੀਂ। ਸੁਕਰਾਤ ਨੂੰ ਜ਼ਹਿਰ ਪੀਣ ਤਕ ਅਕਲ ਦੇ ਦੁਸ਼ਮਣ ਬੰਦਿਆਂ ਦੀ ਔਕਾਤ ਦਾ ਪਤਾ ਨਹੀਂ ਸੀ। ਸਾਡੇ ਦੇਸ਼ ਵਿਚ ਕੁੱਤਿਆਂ/ਕਾਂਵਾਂ ਦੀ ਔਕਾਤ ਤੋਂ ਬੇਪ੍ਰਵਾਹ ਹਾਥੀਆਂ ਵਰਗੇ ਸੁਕਰਾਤ ਕਦ ਜੰਮਣਗੇ? ਇਸ ਵਕਤ ਤਾਂ ਭੁੱਖੇ ਲੋੋਕਾਂ ਲਈ ਭੁੱਖ ਮਿਟਾਉਣ ਦਾ ਹੀ ਫ਼ਿਕਰ ਹੈ। ਭੁੱਖ ਲਈ ਕਿਸੇ ਸੱਚ, ਝੂਠ, ਸੁੱਚ, ਜੂਠ, ਧੁੱਪ, ਛਾਂ, ਧਰਮ, ਅਧਰਮ ਦਾ ਕੋਈ ਅਰਥ ਨਹੀਂ। ਇਸੇ ਲਈ ਸੱਤਾ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਝੱਟ ਲੱਭ ਲੈਂਦੀ ਹੈ। ਖਰੀਦੇ ਹੋਏ ਚੈਨਲਾਂ ਵਾਲੇ ਟੀ.ਵੀ. ਸਾਰਾ ਇਨ ਸੱਤਾ ਦਾ ਗੁਣਗਾਣ ਕਰਨ ਵਿਚ ਮਸਰੂਫ਼ ਹਨ। ਕਵੀ ਨੂੰ ਇਹ ਗੁਣ-ਗਾਣ ਬਕ-ਬਕ ਤੋਂ ਵੱਧ ਨਹੀਂ ਪ੍ਰਤੀਤ ਹੁੰਦਾ:
ਆਓ, ਕਿ, ਕਿਸੇ ਪੁਰਾਤਨ ਕਿਲ੍ਹੇ ਦੀ ਦੀਵਾਰ ਨਾਲ
ਦੋ ਘੜੀ ਬੈਠ ਕੇ ਜੁਗਾਲੀ ਕਰੀਏ
ਕਿ ਬਹੁਤ ਦੇਰ ਹੋਈ ਹੈ
ਇਸ ਟੀ.ਵੀ. ਨੂੰ ਬਕ-ਬਕ ਬਕ-ਬਕ ਕਰਦਿਆਂ।
ਇਨ੍ਹਾਂ ਨਾਸਾਜ਼ ਸਥਿਤੀਆਂ ਵਿਚ ਵੀ ਕਵੀ ਨੇ ਮੈਦਾਨ ਨਹੀਂ ਛੱਡਿਆ। ਉਹ ਵਾਰ ਵਾਰ ਬੇਤਰਤੀਬ ਆਪੇ ਅਤੇ ਬੇਤਰਤੀਬ ਹਾਲਾਤ ਨੂੰ ਬਦਲ ਕੇ ਅਰਥਪੂਰਨ ਤਰਤੀਬ ਕਰਨ ਲਈ ਬਜ਼ਿਦ ਮਹਿਫ਼ਿਲ ਵਿਚ ਹਾਜ਼ਿਰ ਹੈ:
ਬੇਤਰਤੀਬ ਸਫ਼ੇ ਮੇਰੇ
ਕਦੇ 19 ਦੀ ਥਾਂ 29 ਜਾ ਲਗਦਾ ਹੈ
ਅਤੇ ਕਦੇ 83 ਦੀ ਥਾਂ 38…
ਅਰਥ-ਬੇਅਰਥ ਵਫ਼ਾ-ਬੇਵਫ਼ਾ ਦੀ ਲਕੀਰ
ਸਭ ਧੁੰਧਲਾ ਗਈ ਹੈ।
ਉਘੜ-ਦੁਘੜੇ ਵਰਕ ਮੇਰੇ,
ਸਮੇਂ ਦੀ ਐਨਕ ਦੇ ਸ਼ੀਸੇ ਸਾਫ਼ ਕਰਦਾ
ਪੈਰ ਛੰਡਦਾ, ਅਰਥ-ਬੇਅਰਥ ਸਮੇਟਦਾ
ਮੈਂ ਸਾਫ਼ਾ ਆਪਣਾ ਇੱਕ ਸਾਰ ਕਰਦਾ
ਅਜੇ ਹਾਜ਼ਿਰ ਹਾਂ, ਮੇਰੇ ਦੋਸਤ
ਮਹਿਫ਼ਿਲ ਵਿਚ ਮੈਂ ਹਾਜ਼ਿਰ ਹਾਂ ਅਜੇ।
ਸਮੇਂ ਦੀ ਐਨਕ ਦੇ ਸ਼ੀਸੇ ਸਾਫ਼ ਕਰਨ ਅਤੇ ਅਰਥਾਂ ਦੇ ਅਨਰਥ ਕਰਨ ਵਾਲਿਆਂ ਦੀਆਂ ਪੱਗਾਂ ਲੱਥਣ ਤੇ ਪਰੇਸ਼ਾਨੀਆਂ ਦੇ ਵਰਤਾਰੇ ਤੋਂ ਬੇਖ਼ੌਫ਼ ਖੜਾ ਹੈ ਕਵੀ। ਇਹੀ ਗੱਲ ਹੈ ਕਿ ਹਾਕਮ ਅਸਹਿਮਤੀ ਦੇ ਅਜਿਹੇ ਪ੍ਰਵਚਨ ਤੋਂ ਡਰਦਾ ਹੈ ਕਿ ਲੋਕ ਕਿਤੇ ਡਰਨਾ ਬੰਦ ਹੀ ਨਾ ਕਰ ਦੇਣ। ਅਮੀਰ-ਏ-ਵਕਤ ਦੀ ਪਰੇਸ਼ਾਨੀ ਹੋਰ ਹੈ। ਕਵੀ ਦੀ ਹੋਰ। ਉਸ ਨੂੰ ਆਮ ਆਦਮੀ ਦੇ ਵਿਹਾਰ ਉੱਤੇ ਪਰੇਸ਼ਾਨੀ ਹੈ। ਗਿਲਾ ਹੈ ਆਪਣੇ ਸਮਿਆਂ ਉੱਤੇ:
ਹੁਣ ਤਾਂ ਬਸ, ਫੇਸ ਬੁਕ ਦਾ ਫੇਸ ਹੈ
ਟਵਿਟਰ ਹੈ- ਟਿਊਬ ਹੈ
ਅਤੇ ਐਪ-ਐਪ ਖੇਡਦੀ
ਇੰਟਰਨੈੱਟ ਦੀ ਰੇਸ ਹੈ।
ਉਹ ਦਿਨ ਹੋਰ ਹੁੰਦਾ ਸਨ, ਦੋਸਤ ਜਦ
ਦੋਸਤਾਂ ਦੀ ਸ਼ੈਲਫ਼ ’ਤੇ
ਸਜ ਜਾਇਆ ਕਰਦੇ ਸਨ
ਕਿਸੇ ਕਿਤਾਬ ਵਾਂਗ, ਅਰਥ ਆਕਾਰ ਹੋ।
ਉਹ ਨਹੀਂ ਚਾਹੁੰਦਾ ਕਿ ਬੰਦੇ ਝੱਟ ਟੁੱਟ ਭੁਰ ਜਾਣ ਵਾਲੇ ਕੱਚ ਦੇ ਟੁਕੜੇ ਬਣੇ ਰਹਿਣ। ਉਹ ਆਪ ਅਜਿਹੀ ਕਿਸੇ ਨਿਰਾਰਥਕ ਹੋਂਦ ਤੋਂ ਇਨਕਾਰੀ ਹੈ। ਆਪ ਸਾਰਥਕ ਤਸਵੀਰ ਘੜਣ ਲਈ ਯਤਨਸ਼ੀਲ ਹੈ:
ਮੈਂ ਤਾਂ ਖ਼ੁਦ ਇਕ ਸ਼ਬਦ ਦਾ ਆਕਾਰ ਹਾਂ
ਅਰਥ ਦਾ ਸਾਕਾਰ ਹਾਂ
ਪਲ-ਪਲ ਹਰ ਪਲ ਇਕ ਨਵੀਂ ਤਸਵੀਰ ਘੜਦਾ
ਦੂਰ ਤਕ ਫੈਲਿਆ ਬਸ ਨੀਲਾ ਆਕਾਸ਼ ਹਾਂ
ਮੈਂ ਕੋਈ ਕੱਚ ਦਾ ਟੁਕੜਾ ਨਹੀਂ
ਜਿਸ ਵਿਚ ਤੁਸੀਂ ਜੋ ਮਰਜ਼ੀ ਤਸਵੀਰ ਸਜਾਓਗੇ।
ਸੱਤਾਧਾਰੀਆਂ ਵੱਲੋਂ ਮਨਮਰਜ਼ੀ ਦੀ ਤਸਵੀਰ ਜੜਣ ਦੇ ਵਿਹਾਰ ਨਾਲ ਅਸਹਿਮਤ ਹੈ ਉਹ! ਇਸ ਅਸਹਿਮਤੀ ਦੀ ਇਕ ਹੋਰ ਸੂਖ਼ਮ ਸ਼ੇਡ ਮੀ-ਟੂ ਵਾਲੀਆਂ ਨਾਰੀਆਂ ਦੀ ਦ੍ਰਿੜ੍ਹਤਾ ਵੱਲ ਇੰਜ ਸੰਕੇਤ ਕਰਦੀ ਹੈ:
ਤੇਰੀ ਨਜ਼ਰ ਤੋਂ, ਮੇਰੀ ਨਜ਼ਰ ਦੇ ਅੱਧ ਤਕ
ਤੇਰਾ ਹਦੂਦ ਹੈ।
ਉਸ ਤੋਂ ਅੱਗੇ, ਮੇਰਾ, ਬਸ ਮੇਰਾ ਹੀ ਵਜੂਦ ਹੈ।
ਮੀ-ਟੂ, ਨੋਅ ਨੋਅ – ਨੋਅ ਨੋਅ।
ਸੱਤਾਧਾਰੀਆਂ ਦੇ ਭਾਸ਼ਣਾਂ ਦੀ ਕਾਗਜ਼ੀ ਤਰੱਕੀ ਅਤੇ ਸਵੱਛਤਾ ਉੱਤੇ ਉਸ ਦਾ ਵਿਅੰਗ ਵੇਖੋ:
ਪਿੰਡ ਮੇਰੇ ਦੇ ਛੱਪੜ ਵਿਚ
ਸੁੱਕ ਗਏ ਪਾਣੀ ਦੀ ਪੈੜ
‘ਤਰੱਕੀ’ ਦੀ ਨਿਸ਼ਾਨੀ ਹੈ
‘ਸਵੱਛਤਾ’ ਦੇ ਪੈਰੀਂ
ਰੁਲਦੀ ਗੰਦਗੀ-ਗਿਲਾਨੀ ਹੈ।
ਅਜੀਬ ਹਾਲਾਤ ਹਨ। ਦੇਸ਼, ਦੇਸ਼ਵਾਸੀਆਂ ਅਤੇ ਸੱਤਾ ਦਾ ਰਿਸ਼ਤਾ ਅਸਲੋਂ ਉਲਟ-ਪੁਲਟ ਗਿਆ ਹੈ। ਧਰਤੀ ਤਾਂ ਅਜੇ ਵੀ ਮਾਂ ਹੈ ਅਤੇ ਬੰਦੇ ਰੁੱਖ, ਪਰ ਸੱਤਾ ਦੇ ਮਾਲਕ ਗਿੱਧਾਂ ਵਾਲਾ ਵਿਹਾਰ ਕਰਨ ਲੱਗੇ ਹਨ। ਪਰ ਗਿੱਧਾਂ ਸਿਰਫ਼ ਮੰਡਰਾ ਸਕਦੀਆਂ ਹਨ, ਧਰਤ/ਆਕਾਸ਼ ਦੇ ਮਾਲਕ ਬੰਦੇ ਹੁੰਦੇ ਹਨ। ਰੁੱਖ ਹੁੰਦੇ ਹਨ:
ਰੁੱਖ ਜਦ ਫੁਟਦਾ ਉਗਦਾ ਅਤੇ ਵਧਦਾ ਹੈ
ਤਾਂ ਉਸ ਦੇ ਪੈਰਾਂ ਹੇਠਲੀ ਧਰਤ
ਉਸ ਦੀ ਆਪਣੀ ਥਾਂ ਹੋ ਜਾਂਦੀ ਹੈ,
ਉਸ ਦੀ ਆਪਣੀ ਮਾਂ
ਅਤੇ ਉਸ ਦੀ ਛਤ ਛਤਰੀ ਦੇ ਉਪਰ ਦਾ ਆਕਾਸ਼
ਉਸ ਦਾ ਆਪਣਾ ਹੁੰਦਾ ਹੈ।
ਗਿੱਧਾਂ ਸਿਰਫ਼ ਮੰਡਰਾ ਹੀ ਸਕਦੀਆਂ ਹਨ
ਗਿੱਧਾ ਕਿਉਂਕਿ ਕਦੇ ਵੀ ਆਕਾਸ਼ ਨਹੀਂ ਹੁੰਦੀਆਂ
ਅਸਹਿਮਤੀ ਦੇ ਇਸ ਪ੍ਰਵਚਨ ਦੇ ਸਿਰਜਕ ਨੇ ਆਮ ਆਦਮੀ ਦੇ ਸੰਘ ਵਿਚ ਸੁੱਕੇ ਰੁਕੇ ਬੋਲਾਂ ਨੂੰ ਅਤੇ ਟੁੱਕੀਆਂ ਜੀਭਾਂ ਵਾਲੀਆਂ ਕਲਮਾਂ ਦੀ ਮੁੱਕੀ ਸਿਆਹੀ ਨੂੰ ਜ਼ਬਾਨ ਦਿੱਤੀ ਹੈ। ਆਪਣੇ ਆਪ ਨੂੰ ਉਨ੍ਹਾਂ ਨਾਲ ਇਕਸੁਰ ਕਰਕੇ ਵੀ ਉਸ ਨੂੰ ਲੱਗਦਾ ਹੈ ਕਿ ਬਹੁਤ ਕੁਝ ਕਹਿਣਾ ਰਹਿ ਗਿਆ ਹੈ:
ਸੰਘ ’ਚ ਸੁਕਿਆ ਥੁੱਕ ਹੋਵੇ
ਜਾਂ ਕਲਮ ਕਿਸੇ ਵਿਚ
ਸੁੱਕ ਗਈ ਸਿਆਹੀ
ਅੱਖਰ-ਸ਼ਬਦ ਸਿਰਫ਼ ਕਿਆਸੇ ਹੀ ਜਾ ਸਕਦੇ ਹਨ
ਕਹੇ ਜਾਂ ਲਿਖੇ ਨਹੀਂ ਜਾ ਸਕਦੇ।
ਉਸ ਦੁਆਰਾ ਸਵੀਕਾਰੀ ਸੀਮਾ ਦੇ ਬਾਵਜੂਦ ਅਸਹਿਮਤੀ ਦਾ ਇਹ ਪ੍ਰਵਚਨ ਅਨੇਕ ਸੰਘਾਂ ਵਿਹ ਸੁੱਕੇ ਥੁੱਕ ਅਤੇ ਅਨੇਕ ਕਲਮਾਂ ਦੀ ਸੁੱਕੀ ਸਿਆਹੀ ਨੂੰ ਜ਼ਬਾਨ ਦੇਣ ਵਾਲਾ ਹੈ।


Comments Off on ਅਸਹਿਮਤੀ ਦਾ ਪ੍ਰਵਚਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.